ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਆਈਆਈਪੀਏ ਦੇ ਦੱਖਣੀ ਖੇਤਰੀ ਕਾਨਫਰੰਸ ਦੀ ਸ਼ੁਰੂਆਤ ਕੀਤੀ, ਨਾਗਰਿਕ-ਕੇਂਦ੍ਰਿਤ ਡਿਜੀਟਲ ਸੁਧਾਰਾਂ 'ਤੇ ਜ਼ੋਰ ਦਿੱਤਾ
ਪਾਂਡੀਚੇਰੀ ਯੂਨੀਵਰਸਿਟੀ ਵਿਖੇ ਅਗਲੀ ਪੀੜ੍ਹੀ ਦੇ ਜਨਤਕ ਨੇਤਾਵਾਂ ਨੂੰ ਪ੍ਰੇਰਿਤ ਕਰਨ ਲਈ ਗਵਰਨੈਂਸ ਸੈੱਲ ਦੀ ਸ਼ੁਰੂਆਤ
ਸਵੈ-ਪ੍ਰਮਾਣੀਕਰਨ ਤੋਂ ਲੈ ਕੇ ਚਿਹਰੇ ਦੀ ਪਛਾਣ ਤੱਕ: ਡਾ. ਜਿਤੇਂਦਰ ਸਿੰਘ ਨੇ ਇੱਕ ਦਹਾਕੇ ਦੇ ਸ਼ਾਸਨ ਸੁਧਾਰਾਂ ਨੂੰ ਦਰਸਾਇਆ
Posted On:
30 JUN 2025 3:22PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਧਰਤੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਡਿਜੀਟਲ ਸ਼ਾਸਨ ਦੀ ਪਰਿਵਰਤਨਸ਼ੀਲ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ "ਘੱਟ ਤੋਂ ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ" ਤੋਂ ਨਾਗਰਿਕ-ਕੇਂਦ੍ਰਿਤ ਡਿਜੀਟਲ ਈਕੋ-ਸਿਸਟਮ ਵਿੱਚ ਤਬਦੀਲੀ ਦੇਸ਼ ਦੇ ਪ੍ਰਸ਼ਾਸਨਿਕ ਅਤੇ ਸਮਾਜਿਕ-ਆਰਥਿਕ ਸੁਧਾਰਾਂ ਲਈ ਬਹੁਤ ਮਹੱਤਵਪੂਰਨ ਹੈ।

ਪਾਂਡੀਚੇਰੀ ਯੂਨੀਵਰਸਿਟੀ ਵਿਖੇ ਇੰਡੀਅਨ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਦੇ ਦੱਖਣੀ ਖੇਤਰੀ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਪਿਛਲੇ ਦਹਾਕੇ ਵਿੱਚ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਨੇ ਨਾ ਸਿਰਫ਼ ਸੇਵਾ ਪ੍ਰਦਾਨ ਕਰਨ ਨੂੰ ਸੁਚਾਰੂ ਬਣਾਇਆ ਹੈ, ਸਗੋਂ ਵਿਸ਼ੇਸ਼ ਤੌਰ ‘ਤੇ ਦੂਰ-ਦੁਰਾਡੇ ਅਤੇ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਵੀ ਸਸ਼ਕਤ ਬਣਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਕਾਨਫਰੰਸ ਦਾ ਵਿਸ਼ਾ, "ਡਿਜੀਟਲ ਇੰਡੀਆ ਵਿੱਚ ਨਾਗਰਿਕਾਂ ਦਾ ਸਸ਼ਕਤੀਕਰਣ: ਪ੍ਰਸ਼ਾਸਕੀ, ਪ੍ਰਬੰਧਨ ਅਤੇ ਸੰਗਠਨਾਤਮਕ ਸੁਧਾਰ", ਸਮਾਵੇਸ਼ੀ ਵਿਕਾਸ ਲਈ ਟੈਕਨੋਲੋਜੀ ਦਾ ਲਾਭ ਉਠਾਉਣ 'ਤੇ ਵਧ ਰਹੀ ਰਾਸ਼ਟਰੀ ਸਹਿਮਤੀ ਨੂੰ ਦਰਸਾਉਂਦਾ ਹੈ।
ਆਈਆਈਪੀਏ ਪੁਡੂਚੇਰੀ ਖੇਤਰੀ ਸ਼ਾਖਾ ਅਤੇ ਪਾਂਡੀਚੇਰੀ ਯੂਨੀਵਰਸਿਟੀ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਇਸ ਸਮਾਗਮ ਵਿੱਚ ਯੂਨੀਵਰਸਿਟੀ ਵਿਖੇ ਇੱਕ ਗਵਰਨੈਂਸ ਸੈੱਲ ਦੀ ਸ਼ੁਰੂਆਤ ਵੀ ਹੋਈ। ਇਸ ਦੂਰਦਰਸ਼ੀ ਪਹਿਲ ਦਾ ਉਦੇਸ਼ ਨੌਜਵਾਨ ਮਨਾਂ ਨੂੰ ਸ਼ਾਸਨ, ਸੁਧਾਰ ਅਤੇ ਰਾਸ਼ਟਰ ਨਿਰਮਾਣ ਨਾਲ ਸਾਰਥਕ ਤੌਰ 'ਤੇ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਹੈ। ਡਾ. ਜਿਤੇਂਦਰ ਸਿੰਘ ਨੇ ਇਸ ਪਹਿਲ ਨੂੰ "ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਵਿੱਚ ਪੁੱਛਗਿੱਛ ਕਰਨ, ਜਨਤਕ ਸੇਵਾ ਅਤੇ ਨੈਤਿਕ ਅਗਵਾਈ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੈਟਫਾਰਮ" ਦੱਸਿਆ।
ਡਾ. ਜਿਤੇਂਦਰ ਸਿੰਘ ਨੇ 2014 ਤੋਂ ਸ਼ੁਰੂ ਕੀਤੀਆਂ ਗਈਆਂ ਕਈ ਪ੍ਰਸ਼ਾਸਕੀ ਕਾਢਾਂ ਵੱਲ ਧਿਆਨ ਆਕਰਸ਼ਿਤ ਕੀਤਾ, ਜਿਨ੍ਹਾਂ ਵਿੱਚ ਡਿਜੀਲੌਕਰ, ਉਮੰਗ, ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਅਤੇ ਜੇਏਐੱਮ ਟ੍ਰਿਨਿਟੀ (ਜਨ ਧਨ-ਆਧਾਰ-ਮੋਬਾਈਲ) ਸ਼ਾਮਲ ਹਨ ਅਤੇ ਉਨ੍ਹਾਂ ਨੇ ਦਫਤਰੀ ਪ੍ਰਕਿਰਿਆਵਾਂ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਅਤੇ ਪਾਰਦਰਸ਼ਤਾ ਵਧਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨਾਲ ਜਾਣੂ ਕਰਵਾਇਆ।" ਉਨ੍ਹਾਂ ਕਿਹਾ, “ਇਹ ਸੁਧਾਰ ਸਿਰਫ ਪ੍ਰਸ਼ਾਸਕੀ ਸੁਧਾਰ ਨਹੀਂ ਹਨ – ਸਗੋਂ ਇਨ੍ਹਾਂ ਦੇ ਵੱਡੇ ਪੱਧਰ ‘ਤੇ ਸਮਾਜਿਕ-ਆਰਥਿਕ ਨਤੀਜੇ ਹਨ।" ਉਨ੍ਹਾਂ ਨੇ ਨੋਟਰਾਈਜ਼ਡ ਵੈਰੀਫਿਕੇਸ਼ਨ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਵਰਗੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ਸਵੈ-ਜਾਂਚ ਨੂੰ ਬਦਲਿਆ ਜਾ ਰਿਹਾ ਹੈ, ਜੋ ਸੀਨੀਅਰ ਨਾਗਰਿਕਾਂ ਨੂੰ ਪੈਨਸ਼ਨ ਪ੍ਰਾਪਤ ਕਰਨ ਲਈ ਸਰੀਰਕ ਤੌਰ 'ਤੇ ਮੌਜੂਦ ਹੋ ਕੇ ਆਪਣੀ ਹੋਂਦ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ।
ਆਪਣੇ ਸੰਬੋਧਨ ਵਿੱਚ, ਡਾ. ਜਿਤੇਂਦਰ ਸਿੰਘ ਨੇ ਕਿਹਾ, ਬਾਇਓਮੈਟ੍ਰਿਕ ਅਤੇ ਚਿਹਰਾ-ਪਛਾਣ-ਅਧਾਰਿਤ ਪਛਾਣ ਪ੍ਰਣਾਲੀਆਂ ਵਰਗੇ ਸੁਧਾਰ ਮਨੁੱਖੀ ਸ਼ਾਸਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ "ਇਹ ਸਿਰਫ਼ ਟੈਕਨੋਲੋਜੀ ਨੂੰ ਅਪਣਾਉਣ ਬਾਰੇ ਨਹੀਂ ਹੈ, ਸਗੋਂ ਹਰ ਭਾਰਤੀ ਲਈ ਮਾਣ ਅਤੇ ਜੀਵਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਲਾਗੂ ਕਰਨ ਬਾਰੇ ਹੈ।"

ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਯੋਜਨਾਵਾਂ ਦਾ ਹਵਾਲਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਜ਼ੋਰ ਦਿੱਤਾ ਕਿ ਕਿਵੇਂ ਡਿਜੀਟਲ ਸਾਧਨਾਂ ਨੇ ਸਿਹਤ ਸੰਭਾਲ ਅਤੇ ਆਵਾਸ ਤੱਕ ਪਹੁੰਚ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ "ਭਾਰਤ ਇਕਲੌਤਾ ਦੇਸ਼ ਹੈ ਜਿੱਥੇ ਤੁਸੀਂ ਪਹਿਲਾਂ ਤੋਂ ਮੌਜੂਦ ਬਿਮਾਰੀ ਲਈ ਬੀਮਾ ਪ੍ਰਾਪਤ ਕਰ ਸਕਦੇ ਹੋ। ਇਹ ਸਾਡੇ ਨਾਗਰਿਕ-ਪਹਿਲਾਂ ਦੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ।"
ਸਿੱਖਿਆ ਦੇ ਵਿਸ਼ੇ 'ਤੇ, ਡਾ. ਜਿਤੇਂਦਰ ਸਿੰਘ ਨੇ "ਵੰਨ ਨੇਸ਼ਨ, ਵੰਨ ਸਬਸਕ੍ਰਿਪਸ਼ਨ" ਪਹਿਲ ਦਾ ਹਵਾਲਾ ਦਿੱਤਾ, ਜੋ ਭਾਰਤ ਭਰ ਦੇ ਖੋਜਕਰਤਾਵਾਂ ਨੂੰ ਚੋਟੀ ਦੇ ਆਲਮੀ ਰਸਾਲਿਆਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਇਸ ਨੂੰ ਗਿਆਨ ਦੇ ਲੋਕਤੰਤਰੀਕਰਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਕਿਹਾ ਕਿ "ਨਵੇਂ ਡਿਜੀਟਲ ਈਕੋ-ਸਿਸਟਮ ਨੇ ਭੂਗੋਲ ਤੋਂ ਪਰ੍ਹੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਜਾਣਕਾਰੀ ਦੇ ਪਾੜੇ ਨੂੰ ਪੂਰਾ ਕੀਤਾ ਹੈ।"
ਡਾ. ਜਿਤੇਂਦਰ ਸਿੰਘ ਨੇ ਵਿਸ਼ਵ ਪੱਧਰ 'ਤੇ ਭਾਰਤ ਦੇ ਵਧਦੇ ਰੁਤਬੇ ਬਾਰੇ ਗੱਲ ਕੀਤੀ, ਜਿਸ ਵਿੱਚ ਗਲੋਬਲ ਇਨੋਵੇਸ਼ਨ ਇੰਡੈਕਸ, ਸਟਾਰਟਅੱਪ ਰੈਂਕਿੰਗ ਅਤੇ ਪੇਟੈਂਟ ਫਾਈਲਿੰਗ ਵਰਗੇ ਮੁੱਖ ਸੂਚਕਾਂ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ, "ਅਰਥਵਿਵਸਥਾ ਦੇ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ 10ਵੇਂ ਸਥਾਨ ਤੋਂ, ਅਸੀਂ ਹੁਣ ਚੌਥੇ ਸਥਾਨ 'ਤੇ ਹਾਂ ਅਤੇ 2027 ਤੱਕ ਤੀਜੇ ਸਥਾਨ 'ਤੇ ਪਹੁੰਚਣ ਦੀ ਰਾਹ 'ਤੇ ਅਗ੍ਰਸਰ ਹਾਂ।"
"ਵਿਕਸਿਤ ਭਾਰਤ 2047" ਲਈ ਤਿਆਰੀ ਕਰਨ ਦਾ ਸੱਦਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਅਕਾਦਮਿਕ, ਪ੍ਰਸ਼ਾਸਨ ਅਤੇ ਨਿਜੀ ਖੇਤਰ ਦਰਮਿਆਨ ਵਧੇਰੇ ਸਹਿਯੋਗ ਦੀ ਅਪੀਲ ਕੀਤੀ। ਡਾ. ਸਿੰਘ ਨੇ ਕਿਹਾ, "ਡਿਜੀਟਲ ਇੰਡੀਆ ਹੁਣ ਇੱਕ ਪਹਿਲ ਨਹੀਂ ਹੈ - ਇਹ ਇਸ ਦੇਸ਼ ਵਿੱਚ ਸ਼ਾਸਨ ਦਾ ਡਿਫੌਲਟ ਓਪਰੇਟਿੰਗ ਸਿਸਟਮ ਹੈ।" ਉਨ੍ਹਾਂ ਅੱਗੇ ਕਿਹਾ, "ਅਗਲਾ ਪੜਾਅ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਸੀਂ ਸਮੁੰਦਰਾਂ ਤੋਂ ਬਾਹਰੀ ਪੁਲਾੜ ਤੱਕ ਆਪਣੇ ਅਣਪਛਾਤੇ ਸਰੋਤਾਂ ਨੂੰ ਕਿਵੇਂ ਅਣਲੌਕ ਕਰਦੇ ਹਾਂ।”

ਇਸ ਸਮਾਗਮ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਟਿਊਟ ਆਫ਼ ਯੂਥ ਡਿਵੈਲਪਮੈਂਟ, ਚੰਡੀਗੜ੍ਹ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਡੀਨ (ਵਿਦਿਆਰਥੀ ਭਲਾਈ) ਡਾ. ਟੀ. ਗੋਪੀਨਾਥ ਦੁਆਰਾ ਲਿਖੀ ਕਿਤਾਬ "ਡਿਜੀਟਲ ਗਵਰਨੈਂਸ ਇਨ ਇੰਡੀਆ - ਟ੍ਰਾਂਸਫਾਰਮਿੰਗ ਪਬਲਿਕ ਸਰਵਿਸ ਡਿਲੀਵਰੀ" ਜਾਰੀ ਕੀਤੀ। ਉਨ੍ਹਾਂ ਨੇ ਸੇਵਾਮੁਕਤ ਆਈਏਐੱਸ ਅਧਿਕਾਰੀ ਵੱਲਵਨ (Vallavan) ਨੂੰ ਲੋਕ ਪ੍ਰਸ਼ਾਸਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਵੀ ਕੀਤਾ।
ਇਸ ਸਮਾਗਮ ਵਿੱਚ 350 ਤੋਂ ਵੱਧ ਹਾਜ਼ਰੀਨ ਸ਼ਾਮਲ ਹੋਏ, ਜਿਨ੍ਹਾਂ ਵਿੱਚ ਦੇਸ਼ ਭਰ ਦੇ ਸੀਨੀਅਰ ਨੌਕਰਸ਼ਾਹਾਂ, ਅਧਿਆਪਕ, ਰਿਸਰਚ ਸਕਾਲਰਜ਼, ਵਿਦਿਆਰਥੀ ਅਤੇ ਉਦਯੋਗ ਪੇਸ਼ੇਵਰ ਸ਼ਾਮਲ ਸਨ। ਆਈਆਈਪੀਏ ਦੀਆਂ ਦੱਖਣੀ ਖੇਤਰੀ ਸ਼ਾਖਾਵਾਂ – ਤਮਿਲ ਨਾਡੂ, ਕੇਰਲ, ਕਰਨਾਟਕ, ਆਂਧਰ ਪ੍ਰਦੇਸ਼ ਅਤੇ ਪੁਡੂਚੇਰੀ - ਦੇ ਡੈਲੀਗੇਟਸ ਨੇ ਵੀ ਹਿੱਸਾ ਲਿਆ। 80 ਤੋਂ ਵੱਧ ਅਕਾਦਮਿਕ ਪੇਪਰਜ਼ ਪੇਸ਼ ਕੀਤੇ ਗਏ, ਜੋ ਸਮਕਾਲੀ ਸ਼ਾਸਨ ਮੁੱਦਿਆਂ ਨਾਲ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦੇ ਹਨ।
ਇਸ ਸਮਾਗਮ ਵਿੱਚ ਪਾਂਡੀਚੇਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪੀ. ਪ੍ਰਕਾਸ਼ ਬਾਬੂ, ਪੁਡੂਚੇਰੀ ਸਰਕਾਰ ਦੇ ਮੁੱਖ ਸਕੱਤਰ ਡਾ. ਸ਼ਰਤ ਚੌਹਾਨ, ਆਈਆਈਪੀਏ ਦੇ ਡਾਇਰੈਕਟਰ ਜਨਰਲ ਸੁਰੇਂਦਰ ਨਾਥ ਤ੍ਰਿਪਾਠੀ, ਆਈਆਈਪੀਏ ਦੇ ਰਜਿਸਟਰਾਰ ਅਮਿਤਾਭ ਰੰਜਨ, ਡੀਨ ਅਕਾਦਮਿਕ ਡਾ. ਅਸ਼ੋਕ ਦਾਸ ਆਦਿ ਪਤਵੰਤੇ ਹਾਜ਼ਰ ਸਨ।
************
ਐੱਨਕੇਆਰ/ਪੀਐੱਸਐੱਮ
(Release ID: 2141076)