ਰੇਲ ਮੰਤਰਾਲਾ
ਜੀਆਰਪੀ ਪ੍ਰਮੁੱਖਾਂ ਦੇ ਛੇਵੀਂ ਆਲ ਇੰਡੀਆ ਕਾਨਫਰੰਸ ਵਿੱਚ ਭਾਰਤੀ ਰੇਲਵੇ ਵਿੱਚ ਕ੍ਰਾਈਮ ਕੰਟਰੋਲ ਲਈ ਏਕੀਕ੍ਰਿਤ ਰਾਸ਼ਟਰੀ ਰਣਨੀਤੀ ਦੀ ਪੁਸ਼ਟੀ ਕੀਤੀ ਗਈ
ਰੇਲ ਮਦਦ ਦੇ ਮਾਧਿਅਮ ਨਾਲ ਖੁਫੀਆ ਜਾਣਕਾਰੀ ਸਾਂਝਾ ਕਰਨ, ਤਾਲਮੇਲ ਸੰਚਾਲਨ ਅਤੇ ਐੱਫਆਈਆਰ ਏਕੀਕਰਣ ਨਾਲ ਯਾਤਰੀ ਸੁਰੱਖਿਆ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
ਸੰਮੇਲਨ ਵਿੱਚ ਅੰਤਰ-ਰਾਜੀ ਅਪਰਾਧ ਦਾ ਮੁਕਾਬਲਾ ਕਰਨ ਅਤੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਵਧਾਉਣ ਲਈ ਟੈਕਨੋਲੋਜੀ ਅਤੇ ਏਕੀਕ੍ਰਿਤ ਜੀਆਰਪੀ ਤਾਲਮੇਲ ਦਾ ਲਾਭ ਲੈਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ
ਆਰਪੀਐੱਫ ਡਾਇਰੈਕਟਰ ਜਨਰਲ ਨੇ ਰੇਲਵੇ ਯਾਤਰੀਆਂ ਦੀ ਸੁਰੱਖਿਆ ਅਤੇ ਰੇਲ ਯਾਤਰਾ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਰਾਜਾਂ ਵਿੱਚ ਆਰਪੀਐੱਫ-ਜੀਆਰਪੀ ਦੁਆਰਾ ਸਹਿਯੋਗੀ ਕਾਰਵਾਈ ਦਾ ਸੱਦਾ ਦਿੱਤਾ
Posted On:
22 JUN 2025 8:07PM by PIB Chandigarh
ਰੇਲਵੇ ਸੁਰੱਖਿਆ ਬਲ ਦੀ ਅਗਵਾਈ ਹੇਠ ਆਯੋਜਿਤ ਸਰਕਾਰੀ ਰੇਲਵੇ ਪੁਲਿਸ ਦੇ ਮੁਖੀਆਂ ਦੀ ਛੇਵੀਂ ਆਲ ਇੰਡੀਆ ਕਾਨਫਰੰਸ, ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਸਫਲਤਾਪੂਰਵਕ ਸਮਾਪਤ ਹੋਈ। ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਮਨੋਜ ਯਾਦਵ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਉੱਚ ਪੱਧਰੀ ਕਾਨਫਰੰਸ ਵਿੱਚ ਰੇਲਵੇ ਮੰਤਰਾਲੇ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀਜੀਪੀ, ਏਡੀਜੀਪੀ ਅਤੇ ਜੀਆਰਪੀ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਇਸ ਕਾਨਫਰੰਸ ਦੁਆਰਾ ਭਾਰਤੀ ਰੇਲਵੇ 'ਤੇ ਕ੍ਰਾਈਮ ਕੰਟਰੋਲ ਦੀਆਂ ਵਧਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਲੱਖਾਂ ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਵਿਧੀਆਂ ਨੂੰ ਮਜ਼ਬੂਤ ਕਰਨ ਲਈ ਇੱਕ ਠੋਸ ਯਤਨ ਸ਼ੁਰੂ ਕੀਤਾ ਗਿਆ। ਕਾਨਫਰੰਸ ਦੇ ਮੁੱਖ ਵਿਸ਼ੇ ਖੁਫੀਆ ਜਾਣਕਾਰੀ ਸਾਂਝੀ ਕਰਨ ਨੂੰ ਵਧਾਉਣਾ, ਸਾਂਝੀਆਂ ਸੰਚਾਲਨ ਰਣਨੀਤੀਆਂ ਤਿਆਰ ਕਰਨਾ ਅਤੇ ਅਪਰਾਧਿਕ ਤੱਤਾਂ ਦੀ ਬਦਲਦੀ ਕਾਰਜਪ੍ਰਣਾਲੀ ਦਾ ਮੁਕਾਬਲਾ ਕਰਨ ਲਈ ਅੰਤਰ-ਏਜੰਸੀ ਤਾਲਮੇਲ ਨੂੰ ਬਿਹਤਰ ਬਣਾਉਣਾ ਸੀ।

ਕਾਨਫਰੰਸ ਵਿੱਚ ਯਾਤਰੀਆਂ ਨੂੰ ਚੋਰਾਂ ਅਤੇ ਧੋਖੇਬਾਜ਼ਾਂ ਦੀਆਂ ਆਮ ਚਾਲਾਂ ਅਤੇ ਜਾਲ ਬਾਰੇ ਜਾਗਰੂਕ ਕਰਨ ਲਈ ਯਾਤਰੀ ਜਾਗਰੂਕਤਾ ਮੁਹਿੰਮਾਂ ਨੂੰ ਤੇਜ਼ ਕਰਨ 'ਤੇ ਚਰਚਾ ਕੀਤੀ ਗਈ। ਕਾਨਫਰੰਸ ਵਿੱਚ ਰੇਲ ਮਦਦ ਪੋਰਟਲ 'ਤੇ ਦਰਜ ਯਾਤਰੀਆਂ ਦੀ ਸੰਪਤੀ ਚੋਰੀ ਦੀਆਂ ਸ਼ਿਕਾਇਤਾਂ ਨੂੰ ਰਸਮੀ ਐੱਫਆਈਆਰ ਵਿੱਚ ਬਦਲਣ 'ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਨਾਲ ਅਪਰਾਧੀਆਂ ਦਾ ਪਤਾ ਲਗਾਉਣ ਦੀ ਦਰ ਵਿੱਚ ਵਾਧਾ ਹੋਵੇਗਾ ਅਤੇ ਵਾਰ-ਵਾਰ ਅਪਰਾਧ ਕਰਨ ਤੋਂ ਰੋਕਿਆ ਜਾ ਸਕੇਗਾ।
ਯਾਤਰੀਆਂ ਦੀਆਂ ਕੀਮਤੀ ਚੀਜ਼ਾਂ ਚੋਰੀ ਕਰਨ ਵਿੱਚ ਸ਼ਾਮਲ ਸੰਗਠਿਤ ਅੰਤਰ-ਰਾਜੀ ਅਪਰਾਧਿਕ ਨੈੱਟਵਰਕਾਂ ਨੂੰ ਖਤਮ ਕਰਨ ਲਈ ਸਰਗਰਮ ਨਿਗਰਾਨੀ, ਰਾਜਾਂ ਵਿੱਚ ਤਾਲਮੇਲ ਸੰਚਾਲਨ ਅਤੇ ਚਿਹਰੇ ਦੀ ਪਛਾਣ ਪ੍ਰਣਾਲੀਆਂ ਸਮੇਤ ਟੈਕਨੋਲੋਜੀ ਦੇ ਸਭ ਤੋਂ ਵਧੀਆ ਤਰੀਕਿਆਂ ਦਾ ਲਾਭ ਲੈਣ 'ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਜੀਆਰਪੀ ਇਕਾਈਆਂ ਦਰਮਿਆਨ ਇੱਕ ਏਕੀਕ੍ਰਿਤ ਪ੍ਰਤੀਕਿਰਿਆ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਤਾਂ ਜੋ ਅਧਿਕਾਰ ਖੇਤਰ ਦੇ ਪਾੜੇ ਨੂੰ ਖਤਮ ਕੀਤਾ ਜਾ ਸਕੇ ਜਿਸ ਦਾ ਫਾਇਦਾ ਅਕਸਰ ਅਪਰਾਧੀ ਚੁੱਕਦੇ ਹਨ।
ਕਾਨਫਰੰਸ ਵਿੱਚ ਮਹਿਲਾ ਯਾਤਰੀਆਂ ‘ਤੇ ਵਧ ਰਹੇ ਅਪਰਾਧਾਂ ਵੱਲ ਵਿਸ਼ੇਸ਼ ਜ਼ੋਰ ਦਿੱਤਾ ਗਿਆ ਅਤੇ ਭਾਗੀਦਾਰਾਂ ਨੇ ਵਿਸ਼ੇਸ਼ ਗਸ਼ਤ, ਸਟੇਸ਼ਨਾਂ ਅਤੇ ਕੋਚਾਂ 'ਤੇ ਸੀਸੀਟੀਵੀ ਕੈਮਰਿਆਂ ਅਤੇ ਮਹਿਲਾ ਯਾਤਰੀਆਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵਧਾਉਣ ਲਈ ਮੇਰੀ ਸਹੇਲੀ ਟੀਮਾਂ (Meri Saheli teams) ਦੀ ਤੈਨਾਤੀ ਸਮੇਤ ਕਈ ਉਪਾਵਾਂ 'ਤੇ ਸਹਿਮਤੀ ਪ੍ਰਗਟਾਈ।
ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਸਮਗਲਰਾਂ ਦੁਆਰਾ ਰੇਲਵੇ ਪਰਿਸਰਾਂ ਦੀ ਦੁਰਵਰਤੋਂ 'ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਤੀਬਰ ਜਾਂਚ ਅਤੇ ਤੁਰੰਤ ਖੁਫੀਆ ਸੂਚਨਾਵਾਂ ਰਾਹੀਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੀਆਂ ਰਣਨੀਤੀਆਂ ‘ਤੇ ਚਰਚਾ ਕੀਤੀ ਗਈ। ਇੰਟੈਲੀਜੈਂਸ ਬਿਊਰੋ ਦੁਆਰਾ ਇੱਕ ਮਹੱਤਵਪੂਰਨ ਪੇਸ਼ਕਾਰੀ ਵਿੱਚ ਸੰਵੇਦਨਸ਼ੀਲ ਰੇਲਵੇ ਸਥਾਪਨਾਵਾਂ ਲਈ ਸੰਭਾਵੀ ਅੱਤਵਾਦੀ ਖਤਰਿਆਂ ਅਤੇ ਨਿਰਬਲਤਾ ਮੁਲਾਂਕਣ ਅਤੇ ਮਜ਼ਬੂਤ ਸੁਰੱਖਿਆ ਪ੍ਰੋਟੋਕੋਲ ਦੀ ਤੁਰੰਤ ਜ਼ਰੂਰਤ ‘ਤੇ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ, ਰੇਲਵੇ ਪਰਿਸਰਾਂ ਵਿੱਚ ਬਾਲ ਸੁਰੱਖਿਆ ਦੇ ਮੁੱਦੇ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਤਸਕਰੀ ਅਤੇ ਸ਼ੋਸ਼ਣ ਤੋਂ ਬਚਾਏ ਜਾ ਰਹੇ ਕਮਜ਼ੋਰ ਬੱਚਿਆਂ ਦੀ ਸਮੇਂ ਸਿਰ ਪਹਿਚਾਣ ਅਤੇ ਪੁਨਰਵਾਸ ਲਈ ਵਿਧੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਕਾਨਫਰੰਸ ਦੀ ਸਮਾਪਤੀ ‘ਤੇ, ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਮਨੋਜ ਯਾਦਵ ਨੇ ਕਿਹਾ ਕਿ "ਵਿਸ਼ਾਲ ਭਾਰਤੀ ਰੇਲਵੇ 'ਤੇ ਅਪਰਾਧ ‘ਤੇ ਨਿਯੰਤਰਣ ਕਿਸੇ ਇੱਕ ਏਜੰਸੀ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਹ ਇੱਕ ਸਮੂਹਿਕ ਮਿਸ਼ਨ ਹੈ, ਜਿਸ ਲਈ ਤਾਲਮੇਲ ਅਤੇ ਸਾਂਝੀ ਖੁਫੀਆ ਜਾਣਕਾਰੀ ਦੀ ਜ਼ਰੂਰਤ ਹੈ। ਅੱਜ ਪੂਰੇ ਦੇਸ਼ ਵਿੱਚ ਜੀਆਰਪੀ ਅਤੇ ਆਰਪੀਐੱਫ ਲੀਡਰਸ਼ਿਪ ਦੁਆਰਾ ਦਿਖਾਇਆ ਗਿਆ ਸੰਕਲਪ ਰੇਲਵੇ ਯਾਤਰਾ ਨੂੰ ਸੁਰੱਖਿਅਤ ਅਤੇ ਅਪਰਾਧਿਕ ਤੱਤਾਂ ਦੇ ਖ਼ਤਰੇ ਤੋਂ ਮੁਕਤ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੈ। ਅਸੀਂ ਹਰ ਯਾਤਰੀ, ਹਰ ਬੱਚੇ ਅਤੇ ਆਪਣੇ ਰੇਲਵੇ ਨੈੱਟਵਰਕ ਦੇ ਹਰ ਕੋਨੇ ਨੂੰ ਨੁਕਸਾਨ ਤੋਂ ਬਚਾਉਣ ਦੇ ਆਪਣੇ ਯਤਨਾਂ ਵਿੱਚ ਇਕਜੁੱਟ ਹਾਂ।"
ਕਾਨਫਰੰਸ ਨੇ ਭਾਰਤੀ ਰੇਲਵੇ ਨੂੰ ਅਪਰਾਧ ਲਈ ਜ਼ੀਰੋ ਟੌਲਰੈਂਸ ਜ਼ੋਨ ਵਿੱਚ ਬਦਲਣ ਅਤੇ ਰਾਸ਼ਟਰ ਦੀ ਜੀਵਨ ਰੇਖਾ ਦੇ ਰੂਪ ਵਿੱਚ ਇਸ ਦੀ ਸਥਿਤੀ ਦੀ ਰੱਖਿਆ ਕਰਨ ਲਈ ਆਰਪੀਐੱਫ ਅਤੇ ਜੀਆਰਪੀ ਬਲਾਂ ਦੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਗਈ।
****
ਧਰਮੇਂਦਰ ਤਿਵਾਰੀ/ਸ਼ਤਰੂੰਜੈ ਕੁਮਾਰ
(Release ID: 2138849)