ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਵਿੱਚ 47 ਥਾਵਾਂ ‘ਤੇ ਇਕੱਠੇ ਆਯੋਜਿਤ ਰੋਜ਼ਗਾਰ ਮੇਲੇ ਦੇ 15ਵੇਂ ਐਡੀਸ਼ਨ ਦੇ ਪ੍ਰਤੀਭਾਗੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ
ਕਈ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਦਿੱਤੇ
प्रविष्टि तिथि:
26 APR 2025 8:50PM by PIB Chandigarh
ਪੂਰੇ ਭਾਰਤ ਵਿੱਚ ਰੋਜ਼ਗਾਰ ਦੇ ਅਵਸਰਾਂ ਨੂੰ ਬਿਹਤਰ ਕਰਨ ਪ੍ਰਤੀ ਸਮਰਪਿਤ ਇੱਕ ਪ੍ਰਮੁੱਖ ਪਹਿਲ, ਰੋਜ਼ਗਾਰ ਮੇਲੇ ਦਾ 15ਵਾਂ ਐਡੀਸ਼ਨ, 26 ਅਪ੍ਰੈਲ, 2025 ਨੂੰ ਆਯੋਜਿਤ ਕੀਤਾ ਗਿਆ।
ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਈ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਦਿੱਤੇ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਵਿਸ਼ੇ ‘ਤੇ ਜ਼ੋਰ ਦਿੱਤਾ ਕਿ ਯੁਵਾ ਬਿਨਾ ਸ਼ੱਕ ਕਿਸੇ ਵੀ ਰਾਸ਼ਟਰ ਦੀ ਪ੍ਰਗਤੀ ਅਤੇ ਪ੍ਰਤਿਸ਼ਠਾ ਦਾ ਅਧਾਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਯੁਵਾ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਸਰਗਰਮ ਤੌਰ ‘ਤੇ ਜੁੜੇ ਹੁੰਦੇ ਹਨ, ਉਹ ਦੇਸ਼ ਨਾ ਸਿਰਫ ਵਿਕਾਸ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵਧਦੇ ਹਨ, ਸਗੋਂ ਆਲਮੀ ਮੰਚ ‘ਤੇ ਇੱਕ ਵੱਖਰੀ ਅਤੇ ਸਨਮਾਨਿਤ ਪਹਿਚਾਣ ਵੀ ਬਣਾਉਂਦੇ ਹਨ। ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਸਕਿਲ ਇੰਡੀਆ, ਮੇਕ ਇਨ ਇੰਡੀਆ ਅਤੇ ਡਿਜੀਟਲ ਇੰਡੀਆ ਜਿਹੀਆਂ ਕਈ ਮਿਸ਼ਨ-ਸੰਚਾਲਿਤ ਪਹਿਲਕਦਮੀਆਂ ‘ਤੇ ਆਪਣੀ ਗੱਲ ਕਹੀ, ਜਿਨ੍ਹਾਂ ਦਾ ਉਦੇਸ਼ ਭਰਪੂਰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ।

ਉਨ੍ਹਾਂ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਇੱਕ ਮਾਰਗਦਰਸ਼ਕ ਮੰਤਰ ਦਿੱਤਾ – ‘ਨਾਗਰਿਕ ਪਰਮੋ ਧਰਮ’ – ਅਤੇ ਉਨ੍ਹਾਂ ਨਾਲ ਇਸ ਨੂੰ ਜੀਵਨ ਭਰ ਦੇ ਸਿਧਾਂਤ ਦੇ ਤੌਰ ‘ਤੇ ਅਪਣਾਉਣ ਦੀ ਤਾਕੀਦ ਕੀਤੀ। ਆਪਣੇ ਸੰਬੋਧਨ ਦੇ ਸਮਾਪਨ ‘ਤੇ ਪ੍ਰਧਾਨ ਮੰਤਰੀ ਨੇ ਸਾਰੇ ਚੁਣੇ ਹੋਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਕੇਂਦਰੀ ਰੇਲਵੇ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਰਾਜ ਮੰਤਰੀ ਡਾ. ਜਿਤੇਂਦਰ ਕੁਮਾਰ ਨੇ 25 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੱਜ ਕੁੱਲ 185 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲੇ, ਜਿਨ੍ਹਾਂ ਵਿੱਚ 31 ਮਹਿਲਾਵਾਂ ਵੀ ਸ਼ਾਮਲ ਹਨ। ਹੁਣ ਤੱਕ, ਰੋਜ਼ਗਾਰ ਮੇਲਾ ਪਹਿਲ ਨੇ ਦਸ ਲੱਖ ਤੋਂ ਵੱਧ ਯੁਵਾ ਪੇਸ਼ੇਵਰਾਂ ਨੂੰ ਜਨਤਕ ਸੇਵਾ ਵਿੱਚ ਸ਼ਾਮਲ ਹੋਣ ਵਿੱਚ ਮਦਦ ਕੀਤੀ ਹੈ, ਜੋ ਆਪਣੀਆਂ ਉਮੀਦਾਂ ਨੂੰ ਸਾਰਥਕ ਕਰੀਅਰ ਵਿੱਚ ਬਦਲਣ ਦੇ ਲਈ ਉਤਪ੍ਰੇਰਕ ਦੇ ਤੌਰ ‘ਤੇ ਕੰਮ ਕਰ ਰਿਹਾ ਹੈ।
ਨਿਯੁਕਤ ਕੀਤੇ ਗਏ ਨਵੇਂ ਲੋਕ ਪ੍ਰਸ਼ਾਸਨਿਕ ਅਤੇ ਤਕਨੀਕੀ ਅਹੁਦਿਆਂ ਤੋਂ ਲੈ ਕੇ ਖੇਤਰ-ਪੱਧਰੀ ਲਾਗੂਕਰਨ ਅਹੁਦਿਆਂ ਤੱਕ ਤਮਾਮ ਭੂਮਿਕਾ ਸੰਭਾਲਣਗੇ, ਜੋ ਸਰਕਾਰੀ ਕਾਰਜਾਂ ਦੇ ਵਿਆਪਕ ਦਾਇਰੇ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਨਿਯੁਕਤੀਆਂ ਨਾਲ ਜਨਤਕ ਸੇਵਾਵਾਂ ਦੀ ਪਹੁੰਚ ਵਿੱਚ ਜ਼ਿਕਰਯੋਗ ਵਾਧਾ, ਸ਼ਾਸਨ ਦੇ ਪਰਿਣਾਮਾਂ ਵਿੱਚ ਸੁਧਾਰ ਅਤੇ ਸਰਕਾਰੀ ਕਰਮਚਾਰੀਆਂ ਵਿੱਚ ਨਵੀਂ ਊਰਜਾ ਅਤੇ ਇਨੋਵੇਸ਼ਨ ਲਿਆਉਣ ਦੀ ਉਮੀਦ ਹੈ। ਨਾ ਕੇਵਲ ਰੋਜ਼ਗਾਰ ਸਿਰਜਣ, ਸਗੋਂ ਇਸ ਦੇ ਨਾਲ ਪੇਸ਼ੇਵਰ ਪ੍ਰਗਤੀ ਦੇ ਅਵਸਰ ਪੈਦਾ ਕਰਨ ਦੇ ਉਦੇਸ਼ ਨਾਲ, ਰੋਜ਼ਗਾਰ ਮੇਲਾ ਵਿਕਸਿਤ ਭਾਰਤ @2047 ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ - ਇੱਕ ਭਵਿੱਖ ਦੇ ਲਈ ਤਿਆਰ ਭਾਰਤ, ਜੋ ਰੋਜ਼ਗਾਰ, ਸਸ਼ਕਤੀਕਰਣ ਅਤੇ ਕੁਸ਼ਲਤਾ ਦੇ ਥੰਮ੍ਹਾਂ ‘ਤੇ ਬਣਾਇਆ ਗਿਆ ਹੈ।
ਦੇਸ਼ ਭਰ ਵਿੱਚ 47 ਥਾਵਾਂ ‘ਤੇ ਇਕੱਠੇ ਆਯੋਜਿਤ ਇਸ ਰੋਜ਼ਗਾਰ ਮੇਲੇ ਵਿੱਚ ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਵੱਡੇ ਪੈਮਾਨੇ ‘ਤੇ ਭਰਤੀਆਂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਦੇਸ਼ ਭਰ ਦੇ ਇਹ ਸਾਰੇ 47 ਸਥਾਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੇਲੇ ਨਾਲ ਜੁੜੇ।
ਦਿੱਲੀ ਵਿੱਚ ਸੀਬੀਆਈਸੀ ਵੱਲੋਂ ਆਯੋਜਿਤ ਰੋਜ਼ਗਾਰ ਮੇਲਾ ਰਾਸ਼ਟਰੀ ਮੀਡੀਆ ਕੇਂਦਰ, ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਅਵਸਰ ‘ਤੇ ਮੁੱਖ ਮਹਿਮਾਨ, ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਅਤੇ ਟੈਕਨੋਲੋਜੀ ਮੰਤਰੀ, ਮੁੱਖ ਮਹਿਮਾਨ ਡਾ. ਜਿਤੇਂਦਰ ਕੁਮਾਰ, ਰਾਜ ਮੰਤਰੀ (ਸੁਤੰਤਰ ਚਾਰਜ), ਸੁਸ਼੍ਰੀ ਰਚਨਾ ਸ਼ਾਹ, ਸਕੱਤਰ, ਡੀਓਪੀਟੀ, ਸ਼੍ਰੀ ਸੰਜੈ ਕੁਮਾਰ ਅਗਰਵਾਲ, ਚੇਅਰਮੈਨ, ਸੀਬੀਆਈਸੀ, ਦੇ ਨਾਲ ਹੋਰ ਪਤਵੰਤੇ ਮੌਜੂਦ ਸਨ।
ਇੱਥੇ ਕੁੱਲ 185 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ, ਜਿਸ ਨਾਲ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ, ਰੈਵੇਨਿਊ ਵਿਭਾਗ, ਉੱਚ ਸਿੱਖਿਆ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਅਤੇ ਵਿਦੇਸ਼ ਮੰਤਰਾਲੇ ਸਹਿਤ ਹੋਰ ਪ੍ਰਮੁੱਖ ਖੇਤਰਾਂ ਵਿੱਚ ਨਿਯੁਕਤ ਕੀਤਾ ਗਿਆ – ਜਿਸ ਨਾਲ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਮਜ਼ਬੂਤੀ ਮਿਲੀ ਅਤੇ ਲੋਕ ਸੇਵਕਾਂ ਦੀ ਅਗਲੀ ਪੀੜ੍ਹੀ ਨੂੰ ਸਸ਼ਕਤ ਵੀ ਕੀਤਾ ਗਿਆ।
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ, ਆਪਣੀ ਪ੍ਰਸੰਨਤਾ ਵਿਅਕਤ ਕੀਤੀ। ਆਪਣੇ ਸੰਬੋਧਨ ਵਿੱਚ, ਮੰਤਰੀ ਨੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਯੁਵਾ ਨਾਗਰਿਕਾਂ ਨੂੰ ਆਤਮਨਿਰਭਰ ਅਤੇ ਭਵਿੱਖ ਦੇ ਲਈ ਤਿਆਰ ਕਰਨ ਵਿੱਚ ਸਮਰੱਥ ਬਣਾਉਣ ਵਾਲੇ ਅਵਸਰਾਂ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ‘ਰਾਸ਼ਟਰ ਪ੍ਰਥਮ, ਸਦੈਵ ਪ੍ਰਥਮ’ ਜਨਤਕ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਲਈ ਸਮਰਪਿਤ ਆਪਣੇ ਕਰੀਅਰ ਦੌਰਾਨ ਇੱਕ ਦਿਸ਼ਾ-ਨਿਰਦੇਸ਼ ਦੇ ਰੂਪ ਵਿੱਚ – ਰਾਸ਼ਟਰ ਨੂੰ ਹਮੇਸ਼ਾ ਪਹਿਲਾਂ ਰੱਖਣਾ- ਦੇ ਮਾਰਗਦਰਸ਼ਕ ਸਿਧਾਂਤ ਨੂੰ ਅਪਣਾਉਣ ਦੀ ਤਾਕੀਦ ਕੀਤੀ।
ਆਪਣੇ ਸੁਆਗਤੀ ਭਾਸ਼ਣ ਵਿੱਚ ਡਾ. ਜਿਤੇਂਦਰ ਕੁਮਾਰ ਨੇ ਰੋਜ਼ਗਾਰ ਮੇਲੇ ਦੇ 15ਵੇਂ ਐਡੀਸ਼ਨ ਵਿੱਚ ਜ਼ਿਕਰਯੋਗ ਸਮਾਵੇਸ਼ਿਤਾ ‘ਤੇ ਚਾਨਣਾ ਪਾਇਆ, ਜਿਸ ਦੇ ਤਹਿਤ 51000 ਤੋਂ ਵੱਧ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਵੀਆਂ ਭਰਤੀਆਂ ਵਿੱਚ ਲਗਭਗ 28% ਮਹਿਲਾਵਾਂ ਹਨ, ਲਗਭਗ 26.4% ਹੋਰ ਪਿਛੜੇ ਵਰਗ (ਓਬੀਸੀ) ਤੋਂ ਹਨ, ਲਗਭਗ 13.9% ਅਨੁਸੂਚਿਤ ਜਾਤੀ (ਐੱਸਸੀ) ਤੋਂ ਹਨ, ਅਤੇ 7.8% ਅਨੁਸੂਚਿਤ ਜਨਜਾਤੀ (ਐੱਸਟੀ) ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅੰਕੜੇ ਸਰਕਾਰ ਦੀਆਂ ਭਰਤੀ ਪ੍ਰਕਿਰਿਆਵਾਂ ਵਿੱਚ ਵਿਭਿੰਨਤਾ, ਸਮਾਨਤਾ ਅਤੇ ਸਮਾਨ ਅਵਸਰ ਯਕੀਨੀ ਬਣਾਉਣ ਦੀ ਨਿਰੰਤਰ ਪ੍ਰਤੀਬੱਧਤਾ ਦਾ ਪ੍ਰਮਾਣ ਹਨ।
****
ਐੱਨਬੀ/ਕੇਐੱਮਐੱਨ
(रिलीज़ आईडी: 2125009)
आगंतुक पटल : 17