ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਵਿਸ਼ਵ ਟੀਕਾਕਰਣ ਸਪਤਾਹ ਦੇ ਮੌਕੇ 'ਤੇ ਰਾਸ਼ਟਰੀ ਜ਼ੀਰੋ ਖਸਰਾ-ਰੁਬੇਲਾ ਖ਼ਾਤਮਾ ਮੁਹਿੰਮ ਦੀ ਸ਼ੁਰੂਆਤ ਕੀਤੀ
ਖਸਰਾ-ਰੁਬੇਲਾ ਖ਼ਾਤਮਾ ਮੁਹਿੰਮ 2025-26 ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਟੀਕੇ ਦੀਆਂ ਦੋ ਖੁਰਾਕਾਂ ਦੇ ਕੇ ਉੱਚ ਗੁਣਵੱਤਾ ਵਾਲਾ ਜੀਵਨ ਪ੍ਰਦਾਨ ਕਰਨ ਲਈ 100% ਟੀਕਾਕਰਣ ਕਵਰੇਜ ਪ੍ਰਾਪਤ ਕਰਨ ਦਾ ਮੌਕਾ ਦਰਸਾਉਂਦੀ ਹੈ: ਸ਼੍ਰੀ ਜੇਪੀ ਨੱਡਾ
“ਦੇਸ਼ ਭਰ ਦੇ 332 ਜ਼ਿਲ੍ਹਿਆਂ ਵਿੱਚ ਜਨਵਰੀ-ਮਾਰਚ 2025 ਦੌਰਾਨ ਜ਼ੀਰੋ ਖਸਰਾ ਕੇਸ ਅਤੇ 487 ਜ਼ਿਲ੍ਹਿਆਂ ਵਿੱਚ ਜ਼ੀਰੋ ਰੁਬੇਲਾ ਕੇਸ ਦਰਜ ਹੋਏ ਹਨ ਜੋ ਕਿ ਐੱਮਆਰ ਖ਼ਾਤਮੇ ਦੇ ਟੀਚੇ ਵਿੱਚ ਪ੍ਰਾਪਤ ਪ੍ਰਗਤੀ ਨੂੰ ਦਰਸਾਉਂਦਾ ਹੈ”
“'ਐਕਟ ਨਾਓ' ਨੀਤੀ ਦੇ ਨਾਲ, ਸਾਨੂੰ ਪੋਲੀਓ ਅਤੇ ਮਾਂ ਅਤੇ ਨਵਜੰਮੇ ਟੈਟਨਸ ਖ਼ਾਤਮੇ ਵਾਂਗ ਐੱਮਆਰ ਦੇ ਖ਼ਾਤਮੇ ਨੂੰ ਲਕਸ਼ਿਤ ਕਰਨਾ ਹੋਵੇਗਾ, ਤਾਂ ਜੋ ਕੋਈ ਵੀ ਬੱਚਾ ਪਿੱਛੇ ਨਾ ਰਹੇ”
2024-25 ਦੇ ਐੱਚਐੱਮਆਈਐੱਸ ਡੇਟਾ ਦੇ ਅਨੁਸਾਰ, ਵਰਤਮਾਨ ਵਿੱਚ ਭਾਰਤ ਦਾ ਐੱਮਆਰ ਟੀਕਾਕਰਣ ਕਵਰੇਜ ਪਹਿਲੀ ਖੁਰਾਕ ਲਈ 93.7% ਅਤੇ ਦੂਜੀ ਖੁਰਾਕ ਲਈ 92.2% ਹੈ।
Posted On:
24 APR 2025 2:26PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਵਿਸ਼ਵ ਟੀਕਾਕਰਣ ਸਪਤਾਹ (24-30 ਅਪ੍ਰੈਲ) ਦੇ ਪਹਿਲੇ ਦਿਨ ਰਾਸ਼ਟਰੀ ਜ਼ੀਰੋ ਖਸਰਾ-ਰੁਬੇਲਾ ਖ਼ਾਤਮਾ ਮੁਹਿੰਮ 2025-26 ਦੀ ਵਰਚੁਅਲ ਸ਼ੁਰੂਆਤ ਕੀਤੀ, ਜੋ ਕਿ 2026 ਤੱਕ ਖਸਰਾ ਅਤੇ ਰੁਬੇਲਾ ਨੂੰ ਖ਼ਤਮ ਕਰਨ ਦੇ ਭਾਰਤ ਦੇ ਟੀਚੇ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਇਸ ਮੌਕੇ 'ਤੇ, ਕੇਂਦਰੀ ਸਿਹਤ ਮੰਤਰੀ ਨੇ ਭਾਈਚਾਰਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਬਹੁ-ਭਾਸ਼ਾਈ ਐੱਮਆਰ ਆਈਈਸੀ ਸਮੱਗਰੀ (ਪੋਸਟਰ, ਰੇਡੀਓ ਜਿੰਗਲ, ਐੱਮਆਰ ਐਲੀਮੀਨੇਸ਼ਨ ਅਤੇ ਅਧਿਕਾਰਤ U-WIN ਲਾਂਚ ਫਿਲਮ) ਜਾਰੀ ਕੀਤੀ। ਇਹ ਆਈਈਸੀ ਸਮੱਗਰੀ ਐੱਮਆਰ ਐਲੀਮੀਨੇਸ਼ਨ ਮੁਹਿੰਮ 2025-26 ਦੌਰਾਨ ਅਨੁਕੂਲਨ ਅਤੇ ਰੋਲਆਊਟ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵੀ ਸਾਂਝੀ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦੇ ਹੋਏ, ਸ਼੍ਰੀ ਜੇਪੀ ਨੱਡਾ ਨੇ ਕਿਹਾ ਕਿ, "ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਖਸਰਾ-ਰੁਬੇਲਾ ਖ਼ਾਤਮਾ ਮੁਹਿੰਮ 2025-26 ਦੀ ਸ਼ੁਰੂਆਤ 100% ਟੀਕਾਕਰਣ ਕਵਰੇਜ ਪ੍ਰਾਪਤ ਕਰਨ ਦਾ ਇੱਕ ਮੌਕਾ ਹੈ ਤਾਂ ਜੋ ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਟੀਕੇ ਦੀਆਂ ਦੋ ਖੁਰਾਕਾਂ ਦੇ ਕੇ ਉੱਚ ਗੁਣਵੱਤਾ ਵਾਲੀ ਜੀਵਨ ਸ਼ੈਲੀ ਪ੍ਰਦਾਨ ਕੀਤੀ ਜਾ ਸਕੇ।" ਸ਼੍ਰੀ ਨੱਡਾ ਨੇ ਜ਼ਿਕਰ ਕੀਤਾ ਕਿ ਇਹ ਬਿਮਾਰੀ ਇੱਕ ਬਹੁਤ ਹੀ ਛੂਤ ਵਾਲੀ ਪ੍ਰਕਿਰਤੀ ਦੀ ਹੈ ਜੋ ਨਾ ਸਿਰਫ਼ ਬੱਚਿਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਬਲਕਿ ਉਨ੍ਹਾਂ ਦੇ ਮਾਪਿਆਂ ਲਈ ਵੀ ਦੁੱਖ ਦਾ ਕਾਰਨ ਬਣਦੀ ਹੈ, ਸ਼੍ਰੀ ਨੱਡਾ ਨੇ ਇਹ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿ ਇੱਕ ਵੀ ਬੱਚਾ ਟੀਕਾਕਰਣ ਤੋਂ ਵੰਚਿਤ ਨਾ ਰਹੇ।
ਕੇਂਦਰੀ ਸਿਹਤ ਮੰਤਰੀ ਸ਼੍ਰੀ ਨੱਡਾ ਨੇ 2024 ਵਿੱਚ ਮੀਜ਼ਲਜ਼ ਐਂਡ ਰੂਬੇਲਾ ਪਾਰਟਨਰਸ਼ਿਪ ਵੱਲੋਂ ਵੱਕਾਰੀ ਮੀਜ਼ਲਜ਼ ਐਂਡ ਰੂਬੇਲਾ ਚੈਂਪੀਅਨ ਅਵਾਰਡ ਪ੍ਰਾਪਤ ਕਰਨ ਲਈ ਮੰਤਰਾਲੇ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਦੇਸ਼ ਦੇ 332 ਜ਼ਿਲ੍ਹਿਆਂ ਵਿੱਚ ਜਨਵਰੀ-ਮਾਰਚ 2025 ਦੌਰਾਨ ਜ਼ੀਰੋ ਖਸਰਾ ਕੇਸ ਦਰਜ ਹੋਏ ਹਨ ਅਤੇ 487 ਜ਼ਿਲ੍ਹਿਆਂ ਵਿੱਚ ਜ਼ੀਰੋ ਰੁਬੇਲਾ ਕੇਸ ਦਰਜ ਹੋਏ ਹਨ ਜੋ ਕਿ ਐੱਮਆਰ ਖ਼ਾਤਮੇ ਦੇ ਟੀਚੇ ਵਿੱਚ ਪ੍ਰਾਪਤ ਪ੍ਰਗਤੀ ਨੂੰ ਦਰਸਾਉਂਦਾ ਹੈ।"
ਸ਼੍ਰੀ ਨੱਡਾ ਨੇ ਆਈਡੀਐੱਸਪੀ ਨੂੰ ਸਰਗਰਮ ਰੱਖਣ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਸਾਨੂੰ ਐੱਮਆਰ ਦੇ ਖ਼ਾਤਮੇ ਨੂੰ ਉਸੇ ਤਰ੍ਹਾਂ ਨਿਸ਼ਾਨਾ ਬਣਾਉਣਾ ਹੋਵੇਗਾ ਜਿਵੇਂ ਪੋਲੀਓ ਅਤੇ ਮਾਂ ਅਤੇ ਨਵਜੰਮੇ ਟੈਟਨਸ ਦਾ ਖ਼ਾਤਮਾ ਪ੍ਰਾਪਤ ਕੀਤਾ ਗਿਆ ਸੀ।" ਉਨ੍ਹਾਂ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਧਿਆਨ ਦੇਣ, ਸੁਚੇਤ ਅਤੇ ਸਰਗਰਮ ਰਹਿਣ ਅਤੇ 'ਐਕਟ ਨਾਓ' ਨੀਤੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ।
ਸ਼੍ਰੀ ਨੱਡਾ ਨੇ ਰਾਜ ਮੰਤਰੀਆਂ ਅਤੇ ਮੁੱਖ ਮੈਡੀਕਲ ਅਧਿਕਾਰੀਆਂ ਨੂੰ ਜਨਤਕ ਅਤੇ ਪ੍ਰੈੱਸ ਮੀਟਿੰਗਾਂ ਕਰਨ ਦੀ ਅਪੀਲ ਵੀ ਕੀਤੀ ਜਿੱਥੇ ਲੋਕਾਂ ਨੂੰ ਸਰਗਰਮ ਜਨ ਭਾਗੀਦਾਰੀ ਰਾਹੀਂ ਟੀਕਾਕਰਣ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਜਾ ਸਕੇ । ਉਨ੍ਹਾਂ ਨੇ ਰਾਜਾਂ ਨੂੰ ਖਸਰਾ ਅਤੇ ਰੁਬੇਲਾ ਵਿਰੁੱਧ ਟੀਕਾਕਰਣ ਬਾਰੇ ਜਾਗਰੂਕਤਾ ਫੈਲਾਉਣ ਲਈ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ, ਸਥਾਨਕ ਅਤੇ ਪੰਚਾਇਤ ਮੁਖੀਆਂ ਦੀ ਸ਼ਮੂਲੀਅਤ ਵਾਲੀ ਭਾਗੀਦਾਰੀ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੇ ਫਰੰਟਲਾਈਨ ਵਰਕਰਾਂ ਨੂੰ ਦੂਰ-ਦੁਰਾਡੇ ਅਤੇ ਮੁਸ਼ਕਲ ਨਾਲ ਪਹੁੰਚਣ ਵਾਲੇ ਖੇਤਰਾਂ, ਝੁੱਗੀਆਂ-ਝੌਂਪੜੀਆਂ, ਪ੍ਰਵਾਸੀ ਆਬਾਦੀ, ਅਕਸਰ ਬਾਰ - ਬਾਰ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਤੱਕ ਪਹੁੰਚਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ, "ਸਾਨੂੰ 100% ਕਵਰੇਜ ਪ੍ਰਾਪਤ ਕਰਨ ਲਈ ਆਖਰੀ ਮੀਲ ਦੇ ਲੋਕਾਂ ਤੱਕ ਪਹੁੰਚਣਾ ਪਵੇਗਾ।" ਉਨ੍ਹਾਂ ਨੇ ਸਬੰਧਿਤ ਮੰਤਰਾਲਿਆਂ ਨਾਲ ਤਾਲਮੇਲ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਹ ਕਹਿ ਕੇ ਕੀਤੀ ਕਿ "ਜੇਕਰ ਅਸੀਂ ਅੱਜ ਤੋਂ ਹੋਰ ਕੰਮ ਕਰਾਂਗੇ, ਤਾਂ ਅਸੀਂ ਕੱਲ੍ਹ ਨੂੰ ਸਫਲਤਾ ਪ੍ਰਾਪਤ ਕਰ ਸਕਾਂਗੇ।"

ਪਿਛੋਕੜ:
ਖਸਰਾ ਅਤੇ ਰੁਬੇਲਾ ਬਹੁਤ ਜ਼ਿਆਦਾ ਛੂਤ ਵਾਲੀਆਂ ਵਾਇਰਲ ਬਿਮਾਰੀਆਂ ਹਨ ਜੋ ਗੰਭੀਰ ਬਿਮਾਰੀਆਂ, ਜੀਵਨ ਭਰ ਦੀਆਂ ਪੇਚੀਦਗੀਆਂ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ। ਆਪਣੀ ਉੱਚ ਸੰਕਰਮਣ ਦਰ ਦੇ ਕਾਰਨ, ਭਾਰਤ ਨੇ 2026 ਤੱਕ ਇਨ੍ਹਾਂ ਬਿਮਾਰੀਆਂ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਹੈ। ਯੂਨੀਵਰਸਲ ਇਮੀਊਨਾਈਜ਼ੇਸ਼ਨ ਪ੍ਰੋਗਰਾਮ (UIP) ਦੇ ਤਹਿਤ, ਖਸਰਾ-ਰੁਬੇਲਾ (MR) ਵੈਕਸੀਨ ਦੀਆਂ ਦੋ ਖੁਰਾਕਾਂ ਕ੍ਰਮਵਾਰ 9-12 ਮਹੀਨੇ ਅਤੇ 16-24 ਮਹੀਨੇ ਦੀ ਉਮਰ ਦੇ ਸਾਰੇ ਯੋਗ ਬੱਚਿਆਂ ਨੂੰ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਰਤਮਾਨ ਵਿੱਚ, ਭਾਰਤ ਦਾ MR ਟੀਕਾਕਰਣ ਕਵਰੇਜ ਪਹਿਲੀ ਖੁਰਾਕ (2024-25 HMIS ਡੇਟਾ) ਲਈ 93.7% ਅਤੇ ਦੂਜੀ ਖੁਰਾਕ ਲਈ 92.2% ਹੈ।
2024 ਵਿੱਚ, ਭਾਰਤ ਵਿੱਚ 2023 ਦੇ ਮੁਕਾਬਲੇ ਖਸਰਾ ਦੇ ਮਾਮਲਿਆਂ ਵਿੱਚ 73% ਦੀ ਸ਼ਾਨਦਾਰ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਰੁਬੇਲਾ ਦੇ ਮਾਮਲਿਆਂ ਵਿੱਚ 17% ਦੀ ਕਮੀ ਦਰਜ ਕੀਤੀ ਗਈ ਹੈ।
ਖਸਰਾ ਅਤੇ ਰੁਬੇਲਾ ਨੂੰ ਖ਼ਤਮ ਕਰਨ ਦੀ ਭਾਰਤ ਦੀ ਯੋਜਨਾ ਵਿੱਚ ਇੱਕ ਵਿਆਪਕ ਢਾਂਚਾ ਸ਼ਾਮਲ ਹੈ :
-
ਟੀਕਾਕਰਣ: ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਖਸਰਾ ਅਤੇ ਰੁਬੇਲਾ ਵਾਲੇ ਟੀਕਿਆਂ ਦੀਆਂ 2 ਖੁਰਾਕਾਂ ਨਾਲ 95% ਤੋਂ ਵੱਧ ਟੀਕਾਕਰਣ ਕਵਰੇਜ ਦੇ ਨਾਲ ਉੱਚ ਆਬਾਦੀ ਪ੍ਰਤੀਰੋਧਕ ਸ਼ਕਤੀ ਪ੍ਰਾਪਤ ਕਰੋ ਅਤੇ ਬਣਾਈ ਰੱਖੋ ।
-
ਨਿਗਰਾਨੀ : ਖਸਰਾ ਅਤੇ ਰੁਬੇਲਾ ਲਈ ਇੱਕ ਸੰਵੇਦਨਸ਼ੀਲ ਅਤੇ ਸਮੇਂ ਸਿਰ ਕੇਸ-ਅਧਾਰਿਤ ਨਿਗਰਾਨੀ ਪ੍ਰਣਾਲੀ ਬਣਾਈ ਰੱਖੋ।
-
ਪ੍ਰਕੋਪ : ਖਸਰਾ ਅਤੇ ਰੁਬੇਲਾ ਦੇ ਪ੍ਰਕੋਪ ਲਈ ਢੁਕਵੀਂ ਤਿਆਰੀ ਅਤੇ ਸਮੇਂ ਸਿਰ ਪ੍ਰਤੀਕਿਰਿਆ ਯਕੀਨੀ ਬਣਾਓ।
-
ਸੰਪਰਕ: ਉਪਰੋਕਤ ਰਣਨੀਤਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਹਿਯੋਗ ਅਤੇ ਸੰਪਰਕਾਂ ਨੂੰ ਮਜ਼ਬੂਤ ਕਰੋ।
-
ਟੀਕਾਕਰਣ ਲਈ ਮੰਗ ਪੈਦਾ ਕਰਨਾ: ਟੀਕਾਕਰਣ ਦੀ ਝਿਜਕ ਨੂੰ ਦੂਰ ਕਰਨ ਅਤੇ ਕਵਰੇਜ ਵਧਾਉਣ ਲਈ ਟੀਕਾਕਰਣ ਨਾ ਕਰਵਾਉਣ ਦੇ ਜੋਖਮਾਂ ਨੂੰ ਘਟਾਉਣ ਅਤੇ ਐੱਮਆਰ ਟੀਕੇ ਨਾਲ ਸਬੰਧਿਤ ਮਿੱਥਾਂ ਨੂੰ ਦੂਰ ਕਰਨ ਲਈ ਕੇਂਦ੍ਰਿਤ ਜਨਤਕ ਜਾਗਰੂਕਤਾ ਮੁਹਿੰਮਾਂ।
ਖਸਰਾ ਅਤੇ ਰੁਬੇਲਾ ਦੀ ਰੋਕਥਾਮ ਵਿੱਚ ਦੇਸ਼ ਦੇ ਬੇਮਿਸਾਲ ਯਤਨਾਂ ਦੇ ਸਨਮਾਨ ਵਿੱਚ, ਭਾਰਤ ਨੂੰ 6 ਮਾਰਚ, 2024 ਨੂੰ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਨ ਰੈੱਡ ਕਰਾਸ ਹੈੱਡਕੁਆਰਟਰ ਵਿਖੇ ਖਸਰਾ ਅਤੇ ਰੁਬੇਲਾ ਭਾਈਵਾਲੀ ਦੁਆਰਾ ਵੱਕਾਰੀ ਖਸਰਾ ਅਤੇ ਰੁਬੇਲਾ ਚੈਂਪੀਅਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਯੂਨੀਵਰਸਲ ਟੀਕਾਕਰਣ ਪ੍ਰੋਗਰਾਮ (UIP) ਦੇ ਤਹਿਤ, ਭਾਰਤ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ ਚਲਾਉਂਦਾ ਹੈ - ਜੋ ਕਿ ਸਾਲਾਨਾ 2.9 ਕਰੋੜ ਗਰਭਵਤੀ ਔਰਤਾਂ ਅਤੇ 2.6 ਕਰੋੜ ਨਵਜੰਮੇ ਬੱਚਿਆਂ ਤੱਕ ਪਹੁੰਚਦਾ ਹੈ। ਇਹ 12 ਟੀਕੇ ਦੁਆਰਾ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ (VPDs) ਜਿਵੇਂ ਕਿ ਪੋਲੀਓ, ਖਸਰਾ, ਰੁਬੇਲਾ, ਡਿਪਥੀਰੀਆ, ਟੈਟਨਸ, ਰੋਟਾਵਾਇਰਸ ਦਸਤ, ਹੈਪੇਟਾਈਟਸ ਬੀ ਆਦਿ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੇ ਗਏ ਟੀਕਾਕਰਣ ਲਈ U-WIN ਡਿਜੀਟਲ ਪਲੈਟਫਾਰਮ ਦੀ ਵਰਤੋਂ ਦੇਸ਼ ਭਰ ਵਿੱਚ ਟੀਕਾਕਰਣ ਸਮਾਗਮਾਂ ਨੂੰ ਰਿਕਾਰਡ ਕਰਨ, ਟੀਕਾਕਰਣ ਸਰਟੀਫਿਕੇਟ ਤਿਆਰ ਕਰਨ ਅਤੇ ਟੀਕਾਕਰਣ ਲਈ ਮੁਲਾਕਾਤ ਬੁੱਕ ਕਰਨ ਲਈ ਵਿਆਪਕ ਤੌਰ 'ਤੇ ਕੀਤੀ ਜਾ ਰਹੀ ਹੈ।
ਭਾਰਤ ਦਾ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਰ ਨੂੰ ਘਟਾਉਣ ਅਤੇ ਛੂਤ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। 2014 ਤੋਂ 2020 ਤੱਕ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ 1,000 ਜੀਵਿਤ ਜਨਮਾਂ ਵਿੱਚ 45 ਤੋਂ ਘਟ ਕੇ 32 ਹੋ ਗਈ (ਨਮੂਨਾ ਰਜਿਸਟ੍ਰੇਸ਼ਨ ਪ੍ਰਣਾਲੀ - 2020)। 2014 ਤੋਂ, ਯੂਆਈਪੀ ਦੇ ਤਹਿਤ, ਐੱਮਆਰ ਵੈਕਸੀਨ ਸਮੇਤ 6 ਤੋਂ ਵੱਧ ਨਵੇਂ ਟੀਕੇ ਜਾਰੀ ਕੀਤੇ ਗਏ ਹਨ।

ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ; ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡੀਜੀ ਡਾ. ਰਾਜੀਵ ਬਹਿਲ; ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਐੱਨਐੱਚਐੱਮ) ਸ਼੍ਰੀਮਤੀ ਅਰਾਧਨਾ ਪਟਨਾਇਕ; ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀਮਤੀ ਮੀਰਾ ਸ਼੍ਰੀਵਾਸਤਵ, ਵਧੀਕ ਕਮਿਸ਼ਨਰ (ਟੀਕਾਕਰਣ), ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ (ਸਿਹਤ), ਮਿਸ਼ਨ ਡਾਇਰੈਕਟਰ (ਐੱਨਐੱਚਐੱਮ) ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜ ਟੀਕਾਕਰਣ ਅਧਿਕਾਰੀ ਇਸ ਵਰਚੁਅਲ ਲਾਂਚ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
*****
ਐਮ.ਵੀ
(Release ID: 2124305)