ਪੰਚਾਇਤੀ ਰਾਜ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਬਿਹਾਰ ਵਿੱਚ ਪੰਚਾਇਤੀ ਰਾਜ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੁਧਾਰਾਂ ਦੇ ਇੱਕ ਦਹਾਕੇ ਦੀ ਸ਼ਲਾਘਾ ਕੀਤੀ
ਪਿਛਲੇ 10 ਵਰ੍ਹਿਆਂ ਵਿੱਚ ਗ੍ਰਾਮ ਪੰਚਾਇਤਾਂ ਲਈ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਵਿੱਚ ਸੱਤ ਗੁਣਾ ਵਾਧਾ ਹੋਇਆ ਹੈ; ਪੰਚਾਇਤ ਪ੍ਰਤੀਨਿਧੀਆਂ ਨੂੰ ਪ੍ਰਮੁੱਖ ਸੰਸਥਾਵਾਂ ਵਿੱਚ ਟ੍ਰੇਂਡ ਕੀਤਾ ਜਾ ਰਿਹਾ ਹੈ: ਸ਼੍ਰੀ ਰਾਜੀਵ ਰੰਜਨ ਸਿੰਘ
ਕੇਂਦਰ ਨੇ 6 ਪੰਚਾਇਤਾਂ, 3 ਸੰਸਥਾਵਾਂ ਨੂੰ ਪੁਰਸਕਾਰ ਦਿੱਤਾ; ਮੋਤੀਪੁਰ (ਬਿਹਾਰ), ਦਾਵਾ ਐੱਸ (Dawwa S) (ਮਹਾਰਾਸ਼ਟਰ) ਅਤੇ ਹੱਟਬਦਰਾ (Hatbadra) (ਓੜੀਸ਼ਾ) ਦੀਆਂ ਮਹਿਲਾ ਸਰਪੰਚਾਂ ਨੇ ਸਭ ਤੋਂ ਵੱਧ ਧਿਆਨ ਖਿੱਚਿਆ
Posted On:
24 APR 2025 6:45PM by PIB Chandigarh
ਰਾਸ਼ਟਰੀ ਪੰਚਾਇਤੀ ਰਾਜ ਦਿਵਸ, 24 ਅਪ੍ਰੈਲ 2025 ਦੇ ਮੌਕੇ 'ਤੇ, ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਲੋਹਨਾ ਉੱਤਰ ਗ੍ਰਾਮ ਪੰਚਾਇਤ ਵਿਖੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਰਿਮਾਮਈ ਹਾਜ਼ਰੀ ਵਿੱਚ ਇੱਕ ਇਤਿਹਾਸਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਰਾਸ਼ਟਰੀ ਸਮਾਰੋਹ ਵਿੱਚ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈਜ਼) ਦੇ ਚੁਣੇ ਹੋਏ ਪ੍ਰਤੀਨਿਧੀਆਂ, ਕਈ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਅਤੇ ਸਥਾਨਕ ਨਿਵਾਸੀਆਂ ਦੀ ਜ਼ਿਕਰਯੋਗ ਮੌਜੂਦਗੀ ਦੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮੌਕੇ ‘ਤੇ 13,480 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ/ਨੀਂਹ ਪੱਥਰ ਰੱਖਿਆ। ਇਹ ਪਹਿਲਕਦਮੀਆਂ ਘਰ, ਗ੍ਰਾਮੀਣ ਵਿਕਾਸ, ਬਿਜਲੀ, ਆਵਾਜਾਈ ਅਤੇ ਕਨੈਕਟਿਵਿਟੀ ਸਮੇਤ ਮੁੱਖ ਖੇਤਰਾਂ ਵਿੱਚ ਫੈਲੀਆਂ ਹੋਈਆਂ ਸਨ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਗ੍ਰਾਮੀਣ ਪਰਿਵਰਤਨ ਦੇ ਪਿੱਛੇ ਪ੍ਰੇਰਕ ਸ਼ਕਤੀ ਵਜੋਂ ਪੰਚਾਇਤਾਂ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਗ੍ਰਾਮ ਪੰਚਾਇਤ ਦੀ ਧਰਤੀ ਤੋਂ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਗ੍ਰਾਮ ਸਵਰਾਜ ਦੀ ਭਾਵਨਾ ਅਤੇ ਇੱਕ ਵਿਕਸਿਤ ਅਤੇ ਸਮਾਵੇਸ਼ੀ ਭਾਰਤ ਦੇ ਨਿਰਮਾਣ ਵਿੱਚ ਪੰਚਾਇਤਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਕੇਂਦਰੀ ਪੰਚਾਇਤੀ ਰਾਜ ਮੰਤਰੀ, ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਪਿਛਲੇ ਦਹਾਕੇ ਦੌਰਾਨ ਪੂਰੇ ਭਾਰਤ ਵਿੱਚ ਪੰਚਾਇਤਾਂ ਦੁਆਰਾ ਦੇਖੇ ਗਏ ਬਦਲਾਅ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਈ-ਗ੍ਰਾਮਸਵਰਾਜ ਜਿਹੇ ਡਿਜੀਟਲ ਸਾਧਨਾਂ ਨੇ ਸਥਾਨਕ ਸਵੈ-ਸ਼ਾਸਨਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ, ਕੁਸ਼ਲਤਾ, ਪਾਰਦਰਸ਼ਤਾ ਅਤੇ ਗ੍ਰਾਮੀਣ ਭਾਰਤ ਵਿੱਚ ਰਹਿਣ ਦੀ ਸੌਖ ਨੂੰ ਵਧਾਇਆ ਹੈ। ਕੇਂਦਰੀ ਮੰਤਰੀ ਨੇ ਪਿਛਲੇ ਦਸ ਵਰ੍ਹਿਆਂ ਵਿੱਚ 13ਵੇਂ ਵਿੱਤ ਕਮਿਸ਼ਨ ਦੇ ਮੁਕਾਬਲੇ ਪੀਆਰਆਈਜ਼ ਨੂੰ ਵਿੱਤੀ ਵੰਡ ਵਿੱਚ ਹੋਏ ਮਹੱਤਵਪੂਰਨ ਵਾਧੇ ਨੂੰ ਰੇਖਾਂਕਿਤ ਕੀਤਾ ਜੋ ਕਿ ਲਗਭਗ ਸੱਤ ਗੁਣਾ ਜ਼ਿਆਦਾ ਹੈ।
ਸ਼੍ਰੀ ਰਾਜੀਵ ਰੰਜਨ ਸਿੰਘ ਨੇ ਕਿਹਾ, "ਅਸਲ ਵਿੱਚ ਵਿਕਸਿਤ ਭਾਰਤ ਦੀ ਕਲਪਨਾ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਇਸ ਦੇ ਪਿੰਡ ਅਤੇ ਪੰਚਾਇਤਾਂ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਜਾਂਦੀਆਂ।" ਇਸ ਸਮਾਗਮ ਵਿੱਚ ਬਿਹਾਰ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਅਤੇ ਕਈ ਕੇਂਦਰੀ ਮੰਤਰੀਆਂ, ਜਨ ਪ੍ਰਤੀਨਿਧੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਵੀ ਸ਼ਾਮਲ ਸਨ।
ਆਪਣੇ ਸੰਬੋਧਨ ਵਿੱਚ, ਕੇਂਦਰੀ ਪੰਚਾਇਤੀ ਰਾਜ ਮੰਤਰੀ ਨੇ ਪਿਛਲੇ ਇੱਕ ਦਹਾਕੇ ਦੌਰਾਨ ਪੰਚਾਇਤੀ ਰਾਜ ਸੰਸਥਾਵਾਂ ਦੇ ਸਸ਼ਕਤੀਕਰਣ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਪਰਿਵਰਤਨਸ਼ੀਲ ਪ੍ਰਗਤੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪੰਚਾਇਤਾਂ ਨੂੰ ਫੰਡ ਵੰਡ ਵਿੱਚ ਸੱਤ ਗੁਣਾ ਵਾਧਾ, ਪਾਰਦਰਸ਼ਤਾ ਵਧਾਉਣ ਲਈ ਈ-ਗ੍ਰਾਮ ਸਵਰਾਜ ਪੋਰਟਲ ਵਰਗੀਆਂ ਪ੍ਰਗਤੀਆਂ, ਪੰਚਾਇਤ ਪੱਧਰ 'ਤੇ ਮੌਸਮ ਦੀ ਭਵਿੱਖਬਾਣੀ ਅਤੇ ਆਈਆਈਐੱਮ ਵਰਗੇ ਵੱਕਾਰੀ ਸੰਸਥਾਨਾਂ ਵਿੱਚ ਟ੍ਰੇਨਿੰਗ ਰਾਹੀਂ ਲੀਡਰਸ਼ਿਪ ਡਿਵਲਪਮੈਂਟ ਬਾਰੇ ਚਾਨਣਾ ਪਾਇਆ। ਕੇਂਦਰੀ ਮੰਤਰੀ ਨੇ ਟੀਚਾਬੱਧ ਹੁਨਰ ਵਿਕਾਸ ਪਹਿਲਕਦਮੀਆਂ ਰਾਹੀਂ ਪੰਚਾਇਤਾਂ ਵਿੱਚ ਮਹਿਲਾ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ ਦਿੱਤਾ। ਸ਼੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਗ੍ਰਾਮ ਪੰਚਾਇਤ ਤੋਂ ਰਾਸ਼ਟਰ ਨੂੰ ਸੰਬੋਧਨ ਕਰਨ ਦਾ ਫੈਸਲਾ ਜ਼ਮੀਨੀ ਪੱਧਰ 'ਤੇ ਲੋਕਤੰਤਰ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਲੋਹਨਾ ਉੱਤਰ ਵਿਖੇ ਰਾਸ਼ਟਰੀ ਜਸ਼ਨ ਨੂੰ ਭਾਰਤ ਦੀ ਇੱਕ ਸਵੈ-ਨਿਰਭਰ, ਸਮਾਵੇਸ਼ੀ ਅਤੇ ਟਿਕਾਊ ਪੇਂਡੂ ਸ਼ਾਸਨ ਪ੍ਰਣਾਲੀ ਵੱਲ ਯਾਤਰਾ ਵਿੱਚ ਇੱਕ ਇਤਿਹਾਸਕ ਪਲ ਦੱਸਿਆ – ਅਸਲ ਵਿੱਚ ਵਿਕਸਿਤ ਭਾਰਤ ਲਈ ਇੱਕ ਠੋਸ ਨੀਂਹ।
ਇਸ ਸਮਾਗਮ ਦਾ ਇੱਕ ਮੁੱਖ ਆਕਰਸ਼ਣ ਕਲਾਈਮੇਟ ਐਕਸ਼ਨ ਸਪੈਸ਼ਲ ਪੰਚਾਇਤ ਅਵਾਰਡ (CASPA), ਆਤਮ ਨਿਰਭਰ ਪੰਚਾਇਤ ਸਪੈਸ਼ਲ ਅਵਾਰਡ (ANPSA), ਅਤੇ ਪੰਚਾਇਤ ਕਸ਼ਮਤਾ ਨਿਰਮਾਣ ਸਰਵੋਤਮ ਸੰਸਥਾਨ ਪੁਰਸਕਾਰ (PKNSSP), ਜਲਵਾਯੂ ਕਾਰਵਾਈ ਵਿੱਚ ਮਿਸਾਲੀ ਯੋਗਦਾਨ ਨੂੰ ਮਾਨਤਾ (CASPA), ਆਤਮ-ਨਿਰਭਰਤਾ (ANPSA), ਅਤੇ ਸਮਰੱਥਾ ਬਿਲਡਿੰਗ (PKNSSP) ਵਿੱਚ ਮਿਸਾਲੀ ਯੋਗਦਾਨ ਨੂੰ ਮਾਨਤਾ ਦਿੰਦੇ ਹਨ। 8 ਰਾਜਾਂ ਦੀਆਂ ਕੁੱਲ 6 ਗ੍ਰਾਮ ਪੰਚਾਇਤਾਂ ਅਤੇ 3 ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਖਾਸ ਤੌਰ 'ਤੇ, 3 ਪੁਰਸਕਾਰ ਜੇਤੂ ਪੰਚਾਇਤਾਂ – ਮੋਤੀਪੁਰ (ਬਿਹਾਰ), ਦਾਵਾ ਐੱਸ (Dawwa S)(ਮਹਾਰਾਸ਼ਟਰ), ਅਤੇ ਹੱਟਬਦਰਾ (Hatbadra) (ਓਡੀਸ਼ਾ) ਦੀ ਅਗਵਾਈ ਮਹਿਲਾ ਸਰਪੰਚਾਂ ਦੁਆਰਾ ਕੀਤੀ ਜਾਂਦੀ ਹੈ, ਜੋ ਸਥਾਨਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹਿਲਾ ਲੀਡਰਸ਼ਿਪ ਦੀ ਭੂਮਿਕਾ ਦੀ ਉਦਾਹਰਣ ਦਿੰਦੀਆਂ ਹਨ।
****
ਅਦਿਤੀ ਅਗਰਵਾਲ/ਏਕੇ
(Release ID: 2124279)