ਵਿੱਤ ਮੰਤਰਾਲਾ
ਪੈਨਸ਼ਨ 'ਤੇ ਪਹਿਲਾ ਅੰਤਰਰਾਸ਼ਟਰੀ ਖੋਜ ਸੰਮੇਲਨ (IRCP) 2025 ਵਿਸ਼ਵ ਬੈਂਕ ਅਤੇ ਮਾਹਿਰਾਂ ਸਮੇਤ ਗਲੋਬਲ ਲੀਡਰਸ ਦੀ ਭਾਗੀਦਾਰੀ ਨਾਲ ਸਮਾਪਤ ਹੋਇਆ
ਸਾਰਿਆਂ ਲਈ ਪੈਨਸ਼ਨ ਇੱਕ ਰਾਸ਼ਟਰੀ ਤਰਜੀਹ ਹੋਣੀ ਚਾਹੀਦੀ ਹੈ: ਸ਼੍ਰੀ ਪੰਕਜ ਚੌਧਰੀ
ਯੂਨੀਫਾਇਡ ਪੈਨਸ਼ਨ ਸਿਸਟਮ ਦੀ ਸ਼ੁਰੂਆਤ ਰਾਹੀਂ, ਅਸੀਂ ਸੁਰੱਖਿਅਤ ਰਿਟਾਇਰਮੈਂਟ ਲਈ ਇੱਕ ਮਜ਼ਬੂਤ ਨੀਂਹ ਬਣਾ ਰਹੇ ਹਾਂ: ਸਕੱਤਰ, ਡੀਐਫਐਸ
ਰਾਸ਼ਟਰੀ ਪੈਨਸ਼ਨ ਸਿਸਟਮ (ਐਨਪੀਐਸ) ਭਾਰਤ ਦੇ ਪੈਨਸ਼ਨ ਸੈਕਟਰ ਦੇ ਇੱਕ ਅਧਾਰ ਵਜੋਂ ਉਭਰਿਆ ਹੈ, ਜੋ ਲੱਖਾਂ ਲੋਕਾਂ ਲਈ ਵਿੱਤੀ ਸੁਰੱਖਿਆ ਨੂੰ ਉਤਸ਼ਾਹਿਤ ਕਰਦਾ ਹੈ: ਡਾ. ਦੀਪਕ ਮੋਹੰਤੀ
Posted On:
05 APR 2025 11:17AM by PIB Chandigarh
ਨਵੀਂ ਦਿੱਲੀ ਵਿੱਚ ਆਯੋਜਿਤ ਪੈਨਸ਼ਨ 'ਤੇ ਪਹਿਲਾ ਅੰਤਰਰਾਸ਼ਟਰੀ ਖੋਜ ਸੰਮੇਲਨ (IRCP) 2025 ਕੱਲ੍ਹ ਸਮਾਪਤ ਹੋਇਆ। ਇਸ ਦਾ ਉਦਘਾਟਨ 3 ਅਪ੍ਰੈਲ ਨੂੰ ਭਾਰਤ ਮੰਡਪਮ ਵਿਖੇ ਭਾਰਤ ਸਰਕਾਰ ਦੇ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਦੁਆਰਾ ਕੀਤਾ ਗਿਆ ਸੀ। ਦੋ ਦਿਨਾਂ ਇਸ ਸਮਾਗਮ ਦਾ ਆਯੋਜਨ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਦੁਆਰਾ ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ ਅਹਿਮਦਾਬਾਦ (IIMA) ਦੇ ਸਹਿਯੋਗ ਨਾਲ ਕੀਤਾ ਗਿਆ ਸੀ, ਤਾਕਿ ਭਾਰਤ ਦੀ ਮਜ਼ਬੂਤ ਬੁਢਾਪੇ ਦੀ ਆਮਦਨ ਸੁਰੱਖਿਆ ਦੀ ਯਾਤਰਾ ਵਿੱਚ ਇੱਕ ਇਤਿਹਾਸਕ ਮੀਲ ਬਣਾਇਆ ਜਾ ਸਕੇ।
ਇਸ ਪਲੈਟਫਾਰਮ ਨੇ ਨੀਤੀ ਨਿਰਮਾਤਾ, ਵਿਦਵਾਨਾਂ, ਉਦਯੋਗ ਜਗਤ ਦੇ ਨੇਤਾਵਾਂ ਅਤੇ ਅੰਤਰਰਾਸ਼ਟਰੀ ਮਾਹਿਰਾਂ ਨੂੰ ਪੈਨਸ਼ਨ ਸੁਧਾਰਾਂ, ਰਿਟਾਇਰਮੈਂਟ ਲਈ ਵਿੱਤੀ ਤਿਆਰੀ, ਅਤੇ ਬਜ਼ੁਰਗ ਆਬਾਦੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਵੀਨਤਾਕਾਰੀ ਰਣਨੀਤੀਆਂ ਦੀ ਵਿਕਸਿਤ ਗਤੀਸ਼ੀਲਤਾ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਪਲੈਟਫਾਰਮ ‘ਤੇ ਆਉਣ।
ਭਾਰਤ ਦੇ ਜਨਸੰਖਿਆ ਦ੍ਰਿਸ਼ਟੀਕੋਣ ਵਿੱਚ ਇੱਕ ਵੱਡੀ ਤਬਦੀਲੀ ਨੂੰ ਉਜਾਗਰ ਕਰਦੇ ਹੋਏ, ਇਸ ਦੀ ਬਜ਼ੁਰਗ ਆਬਾਦੀ ਲਈ ਇੱਕ ਸਨਮਾਨਜਨਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤੁਰੰਤ ਅਤੇ ਸਮਾਵੇਸ਼ੀ ਪੈਨਸ਼ਨ ਸੁਧਾਰਾਂ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ, ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਆਪਣੇ ਮੁੱਖ ਭਾਸਣ ਵਿੱਚ ਕਿਹਾ ਕਿ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦਾ ਜਨਸੰਖਿਆ ਦ੍ਰਿਸ਼ਟੀਕੋਣ ਤੇਜ਼ੀ ਨਾਲ ਬਦਲ ਰਿਹਾ ਹੈ। 2050 ਤੱਕ, ਪੰਜ ਵਿੱਚੋਂ ਇੱਕ ਭਾਰਤੀ 60 ਸਾਲ ਤੋਂ ਵੱਧ ਉਮਰ ਦਾ ਹੋਵੇਗਾ, ਅਤੇ 2047 ਤੱਕ, ਬਜ਼ੁਰਗ ਬੱਚਿਆਂ ਨਾਲੋਂ ਵੱਧ ਹੋਣਗੇ। ਸਦੀ ਦੇ ਅੱਧ ਤੱਕ ਆਬਾਦੀ ਦੇ 19 ਪ੍ਰਤੀਸ਼ਤ ਬਜ਼ੁਰਗ ਹੋਣ ਦਾ ਅਨੁਮਾਨ ਹੈ - ਮੁੱਖ ਤੌਰ 'ਤੇ ਮਹਿਲਾਵਾਂ ਹੋਣਗੀਆਂ - ਸਮਾਵੇਸ਼ੀ ਪੈਨਸ਼ਨ ਸਕੀਮਾਂ ਰਾਹੀਂ ਵਿੱਤੀ ਸੁਤੰਤਰਤਾ ਨੂੰ ਸੁਰੱਖਿਅਤ ਕਰਨਾ ਸਿਰਫ਼ ਇੱਕ ਟੀਚਾ ਨਹੀਂ ਹੈ, ਸਗੋਂ ਦੇਸ਼ ਲਈ ਇੱਕ ਮਹੱਤਵਪੂਰਨ ਜ਼ਰੂਰਤ ਹੈ। 'ਸਾਰਿਆਂ ਲਈ ਪੈਨਸ਼ਨ' ਇੱਕ ਰਾਸ਼ਟਰੀ ਤਰਜੀਹ ਬਣਨੀ ਚਾਹੀਦੀ ਹੈ, ਜਿਸ ਲਈ ਸਾਡੀ ਬਜ਼ੁਰਗ ਆਬਾਦੀ ਲਈ ਇੱਕ ਸਨਮਾਨਜਨਕ ਅਤੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਨੀਤੀਗਤ ਕਾਰਵਾਈ ਦੀ ਜ਼ਰੂਰਤ ਹੁੰਦੀ ਹੈ।
ਆਪਣੇ ਸੰਬੋਧਨ ਵਿੱਚ ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਸ਼੍ਰੀ ਨਾਗਰਾਜੂ ਮੱਦੀਰਾਲਾ, ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦਾ ਪੈਨਸ਼ਨ ਢਾਂਚਾ ਪਰਿਵਰਤਨ ਦੇ ਇੱਕ ਮਹੱਤਵਪੂਰਨ ਪਲ 'ਤੇ ਖੜ੍ਹਾ ਹੈ ਅਤੇ ਯੂਨੀਫਾਇਡ ਪੈਨਸ਼ਨ ਸਿਸਟਮ ਦੀ ਸ਼ੁਰੂਆਤ ਅਤੇ ਕਵਰੇਜ਼ ਨੂੰ ਵਧਾਉਣ ਦੇ ਯਤਨਾਂ ਰਾਹੀਂ, ਅਸੀਂ ਸੁਰੱਖਿਅਤ ਰਿਟਾਇਰਮੈਂਟ ਲਈ ਇੱਕ ਮਜ਼ਬੂਤ ਨੀਂਹ ਬਣਾ ਰਹੇ ਹਾਂ। ਯੂਪੀਐਸ ਸੇਵਾਮੁਕਤੀ ਤੋਂ ਪਹਿਲਾਂ ਪਿਛਲੇ 12 ਮਹੀਨਿਆਂ ਵਿੱਚ ਪ੍ਰਾਪਤ ਕੀਤੀ ਗਈ ਔਸਤ ਮੂਲ ਤਨਖਾਹ ਦੇ 50 ਪ੍ਰਤੀਸ਼ਤ ਦੀ ਯਕੀਨੀ ਪੈਨਸ਼ਨ ਪ੍ਰਦਾਨ ਕਰਦਾ ਹੈ। ਭਾਰਤ ਦੀਆਂ ਪੈਨਸ਼ਨ ਸੰਪੱਤੀਆਂ, ਜੋ ਕਿ ਜੀਡੀਪੀ ਦਾ ਲਗਭਗ 17 ਪ੍ਰਤੀਸ਼ਤ ਬਣਦੀਆਂ ਹਨ, ਓਈਸੀਡੀ ਔਸਤ ਤੋਂ ਬਹੁਤ ਘੱਟ ਹਨ, ਜਿੱਥੇ ਉਹ ਆਮ ਤੌਰ 'ਤੇ 80 ਪ੍ਰਤੀਸ਼ਤ ਤੋਂ ਵੱਧ ਹੁੰਦੀਆਂ ਹਨ, ਜੋ ਕਿ ਰਿਟਾਇਰਮੈਂਟ ਦੀ ਤਿਆਰੀ ਵਿੱਚ ਇੱਕ ਸਪਸ਼ਟ ਅਸਮਾਨਤਾ ਨੂੰ ਦਰਸਾਉਂਦੀਆਂ ਹਨ।

ਵਿਸ਼ੇਸ਼ ਮਹਿਮਾਨਾਂ, ਵਿਸ਼ਵਵਿਆਪੀ ਵਿਚਾਰਵਾਨਾਂ ਅਤੇ ਉਦਯੋਗ ਜਗਤ ਦੇ ਹਿੱਸੇਦਾਰਾਂ ਦਾ ਸਵਾਗਤ ਕਰਦੇ ਹੋਏ , ਪੀਐਫਆਰਡੀਏ ਦੇ ਚੇਅਰਪਰਸਨ ਡਾ. ਦੀਪਕ ਮੋਹੰਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐਨਪੀਐਸ) ਭਾਰਤ ਦੇ ਪੈਨਸ਼ਨ ਖੇਤਰ ਦੇ ਇੱਕ ਅਧਾਰ ਵਜੋਂ ਉੱਭਰੀ ਹੈ, ਜੋ ਲੱਖਾਂ ਲੋਕਾਂ ਲਈ ਵਿੱਤੀ ਸੁਰੱਖਿਆ ਨੂੰ ਉਤਸ਼ਾਹਿਤ ਕਰਦੀ ਹੈ, ਇਸ ਵਿੱਚ 14.4 ਲੱਖ ਕਰੋੜ ਰੁਪਏ ਦਾ ਇਕੱਠਾ ਹੋਇਆ ਫੰਡ ਅਤੇ ਐਨਪੀਐਸ ਅਤੇ ਏਪੀਵਾਈ ਅਧੀਨ 8.4 ਕਰੋੜ ਗਾਹਕ ਹਨ। ਜਿਵੇਂ ਕਿ ਅਸੀਂ ਟੈਕਨੋਲੋਜੀ-ਅਧਾਰਿਤ ਪਹਿਲਕਦਮੀਆਂ ਅਤੇ ਨਵੀਨਤਾਕਾਰੀ ਨੀਤੀ ਸਮਾਧਾਨਾਂ ਨੂੰ ਅਪਣਾਉਂਦੇ ਹਾਂ, ਸਾਡਾ ਧਿਆਨ ਕਵਰੇਜ਼ ਨੂੰ ਵਧਾਉਣ, ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਪੈਨਸ਼ਨ-ਸੰਮਲਿਤ ਸਮਾਜ ਬਣਾਉਣ 'ਤੇ ਰਹਿੰਦਾ ਹੈ।
ਭਾਰਤ ਮੰਡਪਮ ਵਿਖੇ ਪੈਨਸ਼ਨ 'ਤੇ ਪਹਿਲੇ ਅੰਤਰਰਾਸ਼ਟਰੀ ਖੋਜ ਸੰਮੇਲਨ (IRCP) 2025 ਦਾ ਉਦਘਾਟਨੀ ਦਿਨ ਸ਼ਾਨਦਾਰ ਸਫਲਤਾ ਵਾਲਾ ਰਿਹਾ, ਜਿਸ ਵਿੱਚ ਤਿੰਨ ਗਤੀਸ਼ੀਲ ਪੈਨਲ ਚਰਚਾਵਾਂ ਹੋਈਆਂ। ਇਨ੍ਹਾਂ ਪੈਨਲ ਚਰਚਾਵਾਂ ਨੇ ਆਪਣੀ ਡੂੰਘਾਈ ਅਤੇ ਵਿਭਿੰਨਤਾ ਨਾਲ ਹਾਜ਼ਰ ਲੋਕਾਂ ਨੂੰ ਮੋਹਿਤ ਕਰ ਦਿੱਤਾ।
"ਭਵਿੱਖ ਲਈ ਪੈਨਸ਼ਨ: ਲਚਕੀਲਾ ਬੁਢਾਪਾ ਆਮਦਨ ਸੁਰੱਖਿਆ ਦਾ ਨਿਰਮਾਣ" ਸਿਰਲੇਖ ਵਾਲੇ ਪਹਿਲੇ ਸੈਸ਼ਨ ਵਿੱਚ ਮਾਹਿਰਾਂ ਨੇ ਪੈਨਸ਼ਨ ਕਵਰੇਜ਼ ਵਧਾਉਣ, ਇੱਕ ਟਿਕਾਊ ਪੈਨਸ਼ਨ ਪ੍ਰਣਾਲੀ ਦੇ ਨਿਰਮਾਣ ਅਤੇ ਗੈਰ-ਰਸਮੀ ਖੇਤਰ ਅਤੇ ਗਿਗ ਅਰਥਵਿਵਸਥਾ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਨ ਵਿੱਚ ਦਰਪੇਸ਼ ਚੁਣੌਤੀਆਂ ਲਈ ਵੱਖ-ਵੱਖ ਦੇਸ਼ਾਂ ਦੁਆਰਾ ਅਪਣਾਈਆਂ ਗਈਆਂ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੈਨਲ ਦਾ ਸੰਚਾਲਨ 16ਵੇਂ ਵਿੱਤ ਕਮਿਸ਼ਨ ਦੇ ਮੈਂਬਰ ਸੋਮਯਾ ਕਾਂਤੀ ਘੋਸ਼, ਦੁਆਰਾ ਕੀਤਾ ਗਿਆ ਸੀ ਅਤੇ ਇਸ ਨੂੰ ਪੀਐਫਆਰਡੀਏ ਦੇ ਚੇਅਰਪਰਸਨ ਡਾ. ਦੀਪਕ ਮੋਹੰਤੀ, ਦੱਖਣੀ ਅਫਰੀਕਾ ਦੇ ਐਫਐਸਸੀਏ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਐਸਟ੍ਰਿਡ ਲੁਡਿਨ, ਨਾਈਜੀਰੀਆ ਦੇ ਪੇਨਕੌਮ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਓਮੋਲੋਲਾ ਓਲੋਵੋਰਾਨ, ਅਤੇ ਡੀ3ਪੀ ਗਲੋਬਲ ਦੇ ਸੀਈਓ ਸ਼੍ਰੀ ਵਿਲੀਅਮ ਪ੍ਰਾਈਸ ਦੁਆਰਾ ਸੰਬੋਧਨ ਕੀਤਾ ਗਿਆ ਸੀ।
ਇਸ ਤੋਂ ਬਾਅਦ "ਪੈਨਸ਼ਨ ਇੰਡਸਟਰੀ ਵਿੱਚ ਨਵੇਂ ਅਤੇ ਨਵੀਨਤਾਕਾਰੀ ਨਿਵੇਸ਼ ਅਭਿਆਸਾਂ 'ਤੇ ਗਲੋਬਲ ਸਬਕ" ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰਤ ਦੇ ਪੈਨਸ਼ਨ ਖੇਤਰ ਨੂੰ ਪ੍ਰੇਰਿਤ ਕਰਨ ਲਈ ਨਵੀਨਤਾਕਾਰੀ ਨਿਵੇਸ਼ ਵਿਧੀਆਂ, ਉਤਪਾਦ ਡਿਜ਼ਾਈਨ ਲਈ ਪਹੁੰਚ ਅਤੇ ਅੰਤਰਰਾਸ਼ਟਰੀ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕੀਤਾ ਗਿਆ। ਸੈਸ਼ਨ ਦਾ ਸੰਚਾਲਨ ਆਈਆਈਐਮ ਅਹਿਮਦਾਬਾਦ ਦੇ ਡਾਇਰੈਕਟਰ ਪ੍ਰੋ. ਅਭਿਮਾਨ ਦਾਸ ਦੁਆਰਾ ਕੀਤਾ ਗਿਆ। ਵਿਸ਼ਵ ਬੈਂਕ ਦੇ ਸੀਨੀਅਰ ਵਿੱਤੀ ਖੇਤਰ ਮਾਹਿਰ ਸ਼੍ਰੀ ਤੁਸ਼ਾਰ ਅਰੋੜਾ ਦੁਆਰਾ ਸਹਿ-ਸੰਚਾਲਨ ਕੀਤਾ ਗਿਆ ਅਤੇ ਸ਼੍ਰੀ ਬ੍ਰਾਇਨ ਐਮ. ਮਿਲਰ, ਵੈਨਗਾਰਡ, ਡਾ. ਪਾਲ ਯੂ, ਡਾਇਰੈਕਟਰ, ਐਮਪੀਐਫਐਸਏ, ਹਾਂਗ ਕਾਂਗ, ਚੀਨ, ਸ਼੍ਰੀ ਵਿਲੀਅਮ ਪ੍ਰਾਈਸ, ਸੀਈਓ, ਡੀ3ਪੀ ਗਲੋਬਲ, ਪ੍ਰੋਫੈਸਰ ਪ੍ਰਾਚੀ ਮਿਸ਼ਰਾ, ਡਾਇਰੈਕਟਰ ਅਤੇ ਮੁਖੀ, ਅਸ਼ੋਕਾ ਆਈਜ਼ੈਕ ਸੈਂਟਰ ਫਾਰ ਪਬਲਿਕ ਪਾਲਿਸੀ ਅਤੇ ਸ਼੍ਰੀ ਆਰ. ਮਾਰਕ ਡੇਵਿਸ, ਸੀਨੀਅਰ ਵਿੱਤੀ ਖੇਤਰ ਮਾਹਰ, ਵਿਸ਼ਵ ਬੈਂਕ ਦੁਆਰਾ ਸੰਬੋਧਨ ਕੀਤਾ ਗਿਆ।
ਪਹਿਲੇ ਦਿਨ ਦੀ ਸਮਾਪਤੀ "ਪੈਨਸ਼ਨ ਉਤਪਾਦਾਂ ਦੇ ਰੈਗੂਲੇਟਰੀ ਤਾਲਮੇਲ ਅਤੇ ਵਿਕਾਸ ਲਈ ਪੈਨਸ਼ਨ ਫੋਰਮ" ਨਾਲ ਹੋਈ, ਜਿੱਥੇ ਰੈਗੂਲੇਟਰਾਂ ਅਤੇ ਸਰਕਾਰ ਦੇ ਇੱਕ ਪੈਨਲ ਨੇ ਭਾਰਤ ਵਿੱਚ ਪੈਨਸ਼ਨ ਉਤਪਾਦਾਂ ਦੇ ਵਾਧੇ ਅਤੇ ਪਹੁੰਚਯੋਗਤਾ ਨੂੰ ਅੱਗੇ ਵਧਾਉਣ ਲਈ ਰੈਗੂਲੇਟਰਾਂ ਵਿੱਚ ਪੈਨਸ਼ਨ ਉਤਪਾਦਾਂ ਲਈ ਨੀਤੀਆਂ ਨੂੰ ਇਕਜੁੱਟ ਕਰਨ ਅਤੇ ਨਵੀਨਤਾਕਾਰੀ ਰਣਨੀਤੀਆਂ 'ਤੇ ਚਰਚਾ ਕੀਤੀ। ਸੈਸ਼ਨ ਦਾ ਸੰਚਾਲਨ ਡਾ. ਐਮ.ਐਸ. ਸਾਹੂ, ਸਾਬਕਾ ਚੇਅਰਮੈਨ, ਆਈ.ਬੀ.ਬੀ.ਆਈ. ਦੁਆਰਾ ਕੀਤਾ ਗਿਆ ਸੀ ਅਤੇ ਇਸ ਨੂੰ ਸ਼੍ਰੀ ਪੰਕਜ ਸ਼ਰਮਾ, ਸੰਯੁਕਤ ਸਕੱਤਰ, ਡੀ.ਐਫ.ਐਸ., ਸ਼੍ਰੀ ਰਮੇਸ਼ ਕ੍ਰਿਸ਼ਨਾਮੂਰਤੀ, ਸੀ.ਈ.ਓ., ਈ.ਪੀ.ਐਫ.ਓ., ਸ਼੍ਰੀ ਅਮਰਜੀਤ ਸਿੰਘ, ਮੈਂਬਰ, ਸੇਬੀ, ਸ਼੍ਰੀ ਰਾਜੇ ਕੁਮਾਰ ਸਿਨਹਾ, ਹੋਲ ਟਾਈਮ (whole time) ਮੈਂਬਰ, ਆਈ.ਆਰ.ਡੀ.ਏ.ਆਈ., ਡਾ. ਮਨੋਜ ਆਨੰਦ, ਹੋਲ ਟਾਈਮ ਮੈਂਬਰ (ਵਿੱਤ), ਪੀ.ਐਫ.ਆਰ.ਡੀ.ਏ., ਅਤੇ ਹੋਰ ਸਤਿਕਾਰਤ ਸੰਗਠਨਾਂ ਨੇ ਆਪਣੀ ਮੁਹਾਰਤ ਨਾਲ ਵਿਚਾਰ-ਵਟਾਂਦਰੇ ਨੂੰ ਇੰਟਰੈਕਟਿਵ ਬਣਾਇਆ। ਪਹਿਲੇ ਦਿਨ ਪੈਨਸ਼ਨ ਖੇਤਰ 'ਤੇ ਵਿਸ਼ਵਵਿਆਪੀ ਸੂਝ ਮਿਲੀ।
ਦੂਜੇ ਦਿਨ, ਜੋ ਕਿ 4 ਅਪ੍ਰੈਲ, 2025 ਨੂੰ ਨਿਰਧਾਰਿਤ ਕੀਤਾ ਗਿਆ ਸੀ, ਵਿੱਚ ਪੈਨਸ਼ਨ ਪ੍ਰਣਾਲੀਆਂ 'ਤੇ ਨਵੀਨਤਾਕਾਰੀ ਅਧਿਐਨਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਖੋਜ ਪੱਤਰ ਪੇਸ਼ਕਾਰੀਆਂ ਦੀ ਇੱਕ ਲੜੀ ਦੇ ਨਾਲ ਉੱਚ ਪੱਧਰੀ ਭਾਸ਼ਣ ਹੋਇਆ। ਸਮਾਪਤੀ ਵਾਲੇ ਦਿਨ ਦੋ ਵਾਧੂ ਪੈਨਲ ਚਰਚਾਵਾਂ ਸ਼ਾਮਲ ਸਨ।
ਪਹਿਲੀ ਪੈਨਲ ਚਰਚਾ "ਟਿਕਾਊ ਰਿਟਾਇਰਮੈਂਟ ਯੋਜਨਾਬੰਦੀ ਲਈ ਵਿੱਤੀ ਸਾਖਰਤਾ ਨੂੰ ਉਤਸ਼ਾਹਿਤ ਕਰਨਾ" 'ਤੇ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਸਤਿਕਾਰਤ ਵਿਦਵਾਨਾਂ ਦੁਆਰਾ ਕੇਂਦ੍ਰਿਤ ਸੀ। ਖੋਜੇ ਗਏ ਮੁੱਖ ਵਿਸ਼ਿਆਂ ਵਿੱਚ ਨਿਰੰਤਰਤਾ ਨੂੰ ਯਕੀਨੀ ਬਣਾਉਂਦੇ ਹੋਏ ਕਵਰੇਜ਼ ਨੂੰ ਵਧਾਉਣ ਦੀਆਂ ਰਣਨੀਤੀਆਂ, ਜਨਸੰਖਿਆ ਰੁਝਾਨਾਂ ਨੂੰ ਬਦਲਣਾ, ਸਮਾਜਿਕ ਦਬਾਅ ਅਤੇ ਲਿੰਗ ਪੱਖਪਾਤ, ਰਾਸ਼ਟਰੀ ਸਿੱਖਿਆ ਨੀਤੀ (NEP) ਦੇ ਤਹਿਤ ਸਕੂਲ ਪਾਠਕ੍ਰਮ ਵਿੱਚ ਵਿੱਤੀ ਸਾਖਰਤਾ ਕੋਰਸਾਂ ਨੂੰ ਏਕੀਕ੍ਰਿਤ ਕਰਨਾ, ਵੱਖ-ਵੱਖ ਆਬਾਦੀ ਵਰਗਾਂ ਲਈ ਇੱਕ ਨਿਸ਼ਾਨਾਬੱਧ ਪਹੁੰਚ ਅਪਣਾਉਣੀ, ਅਤੇ ਪ੍ਰਭਾਵਕ ਮਾਰਕੀਟਿੰਗ ਰਣਨੀਤੀਆਂ ਦਾ ਲਾਭ ਚੁੱਕਣਾ ਸ਼ਾਮਲ ਸੀ। ਸੈਸ਼ਨ ਦਾ ਸੰਚਾਲਨ ਸ਼੍ਰੀਮਤੀ ਮਮਤਾ ਸ਼ੰਕਰ, WTM, PFRDA ਦੁਆਰਾ ਕੀਤਾ ਗਿਆ ਅਤੇ ਇਸ ਨੂੰ ਪ੍ਰੋਫੈਸਰ ਸਿਮਰਤ ਕੌਰ, ਪ੍ਰਿੰਸੀਪਲ, SRCC, ਡਾ. ਅਰਵਿੰਦ ਸਹਾਏ, ਡਾਇਰੈਕਟਰ, MDI, ਡਾ. ਪਵਨ ਕੁਮਾਰ ਸਿੰਘ, ਡਾਇਰੈਕਟਰ, ਆਈਆਈਐਮ ਤਿਰੂਚਿਰਾਪੱਲੀ, ਡਾ. ਅਸ਼ੋਕ ਬੈਨਰਜੀ, ਡਾਇਰੈਕਟਰ, ਆਈਆਈਐਮ ਉਦੈਪੁਰ, ਡਾ. ਭੀਮਰਾਇਆ ਮੇਤਰੀ, ਡਾਇਰੈਕਟਰ, ਆਈਆਈਐਮ ਨਾਗਪੁਰ, ਸ਼੍ਰੀ ਐਸ ਕਾਰਤੀਕੇਯਨ, ਡਾਇਰੈਕਟਰ, ਡੀਐਫਐਸ, ਵਿੱਤ ਮੰਤਰਾਲੇ ਦੁਆਰਾ ਸੰਬੋਧਨ ਕੀਤਾ ਗਿਆ।
ਦੂਜੇ ਸੈਸ਼ਨ ਦਾ ਉਦੇਸ਼ 'ਜੋਖਮ ਅਤੇ ਵਾਪਸੀ 'ਤੇ ਕੇਂਦ੍ਰਿਤ ਪੈਨਸ਼ਨ ਫੰਡ ਨਿਵੇਸ਼' 'ਤੇ ਚਰਚਾ ਕਰਨਾ ਸੀ। ਜਿਸ ਦਾ ਉਦੇਸ਼ ਪੈਨਸ਼ਨ ਫੰਡਾਂ ਦੁਆਰਾ ਪੋਰਟਫੋਲੀਓ ਦੇ ਜੋਖਮ-ਵਾਪਸੀ ਸੰਤੁਲਨ ਨੂੰ ਬਣਾਈ ਰੱਖਦੇ ਹੋਏ ਲੰਬੇ ਸਮੇਂ ਦੀਆਂ ਪੈਨਸ਼ਨ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਰਣਨੀਤੀਆਂ ਦੀ ਪਛਾਣ ਕਰਨ 'ਤੇ ਕੇਂਦ੍ਰਿਤ ਸੀ। ਮੁੱਖ ਵਿਚਾਰਾਂ ਵਿੱਚ ਸੰਪੱਤੀ ਵੰਡ ਨੂੰ ਅਨੁਕੂਲ ਬਣਾਉਣਾ, ਨਿਵੇਸ਼ਾਂ ਵਿੱਚ ਵਿਭਿੰਨਤਾ ਲਿਆਉਣਾ, ਤਣਾਅ-ਜਾਂਚ, ਨਿਵੇਸ਼ ਫੈਸਲੇ ਲੈਣ ਵਿੱਚ AI/ML ਦੇ ਸੰਭਾਵੀ ਪ੍ਰਭਾਵ ਅਤੇ ਵਿਕਾਸ ਸੰਭਾਵਨਾ ਨਾਲ ਸਮਝੌਤਾ ਕੀਤੇ ਬਿਨਾ ਭਵਿੱਖ ਦੇ ਭੁਗਤਾਨਾਂ ਨਾਲ ਨਕਦ ਪ੍ਰਵਾਹ ਨੂੰ ਇਕਸਾਰ ਕਰਨ ਲਈ ਦੇਣਦਾਰੀ-ਅਧਾਰਿਤ ਨਿਵੇਸ਼ ਪਹੁੰਚਾਂ ਨੂੰ ਸ਼ਾਮਲ ਕਰਨਾ ਸੀ। ਸੈਸ਼ਨ ਦਾ ਸੰਚਾਲਨ ਪ੍ਰੋਫੈਸਰ ਵੀ.ਰਵੀ. ਅੰਸ਼ੁਮਨ, ਆਈਆਈਐਮ ਬੰਗਲੌਰ ਦੁਆਰਾ ਕੀਤਾ ਗਿਆ ਸੀ ਅਤੇ ਪ੍ਰੋਫੈਸਰ ਐਸਵੀਡੀ ਨਾਗੇਸ਼ਵਰ ਰਾਓ, ਮੁਖੀ, ਐਸਓਐਮ, ਆਈਆਈਟੀ ਬੰਬੇ, ਪ੍ਰੋਫੈਸਰ ਰੂਪਮੰਜਰੀ ਸਿਨਹਾ ਰੇਅ, ਮੈਨੇਜਮੈਂਟ ਡਿਵੈਲਪਮੈਂਟ ਇੰਸਟੀਟਿਊਟ, ਗੁੜਗਾਓਂ ਅਤੇ ਸ਼੍ਰੀ ਵਿਵੇਕ ਅਈਅਰ, ਗ੍ਰਾਂਟ ਥੋਰਨਟਨ ਭਾਰਤ ਐਲਐਲਪੀ ਦੁਆਰਾ ਸੰਬੋਧਨ ਕੀਤਾ ਗਿਆ ਸੀ।
ਪੈਨਲ ਚਰਚਾ ਤੋਂ ਬਾਅਦ ਪੁਰਸਕਾਰ ਸਮਾਰੋਹ ਹੋਇਆ ਅਤੇ ਸ਼੍ਰੀ ਰਾਜਨ ਰਾਜੂ, ਇਨਵੈਸਪਰ ਪ੍ਰਾਈਵੇਟ ਲਿਮਟਿਡ ਅਤੇ ਸ਼੍ਰੀ ਰਵੀ ਸਰਾਓਗੀ, ਸਮਸਥਿਤੀ ਐਡਵਾਈਜ਼ਰਸ ਇੰਡੀਆ (Samasthiti Advisors India ) ਅਤੇ ਸ਼੍ਰੀਮਤੀ ਪੰਖੁੜੀ ਸਿਨਹਾ ਅਤੇ ਲੋਕਾਨੰਦਾ ਰੈੱਡੀ ਇਰਾਲਾ, ਹੈਦਰਾਬਾਦ ਯੂਨੀਵਰਸਿਟੀ ਨੂੰ ਸਭ ਤੋਂ ਵਧੀਆ ਖੋਜ ਪੱਤਰਾਂ ਲਈ ਵਿਵੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਇੱਕ ਯਾਦਗਾਰੀ ਨੋਟ 'ਤੇ ਸਮਾਪਤ ਹੋਇਆ, ਜਿਸ ਵਿੱਚ ਪੀਐਫਆਰਡੀਏ ਦੀ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੁਮੀਤ ਕੌਰ ਕਪੂਰ ਦੁਆਰਾ ਕਾਨਫਰੰਸ ਤੋਂ ਪ੍ਰਾਪਤ ਚਰਚਾਵਾਂ ਅਤੇ ਸਿੱਖਿਆਵਾਂ ਨੂੰ ਉਜਾਗਰ ਕੀਤਾ ਗਿਆ। ਪੀਐਫਆਰਡੀਏ ਦੇ ਮੁੱਖ ਜਨਰਲ ਮੈਨੇਜਰ ਸ਼੍ਰੀ ਪੀ ਅਰੁਮੁਗਰੰਗਰਾਜਨ ਦੁਆਰਾ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਸਤਿਕਾਰਯੋਗ ਬੁਲਾਰਿਆਂ, ਪੈਨਲਿਸਟਾਂ, ਖੋਜਕਰਤਾਵਾਂ ਅਤੇ ਭਾਗੀਦਾਰਾਂ ਦਾ ਉਨ੍ਹਾਂ ਦੀਆਂ ਕੀਮਤੀ ਸੂਝ ਅਤੇ ਯੋਗਦਾਨਾਂ ਲਈ ਧੰਨਵਾਦ ਕੀਤਾ, ਜਿਸ ਨਾਲ ਇਹ ਸਮਾਗਮ ਦੀ ਸਫਲਤਾਪੂਰਵਕ ਸਮਾਪਤੀ ਹੋਈ।
*****
ਐੱਨਬੀ/ਏਡੀ
(Release ID: 2119435)
Visitor Counter : 5