ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਸੈਰੇਮਨੀ ਦੀ ਸ਼ੋਭਾ ਵਧਾਈ

Posted On: 12 MAR 2025 12:30PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (12 ਮਾਰਚ 2025) ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਸੈਰੇਮਨੀ ਦੀ ਸ਼ੋਭਾ ਵਧਾਈ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 140 ਵਰ੍ਹਿਆਂ ਵਿੱਚ ਪੰਜਾਬ ਯੂਨੀਵਰਸਿਟੀ ਉੱਚ ਸਿੱਖਿਆ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਵਿਕਸਿਤ ਹੋਈ ਹੈ। ਇਸ ਯੂਨੀਵਰਸਿਟੀ ਨੇ ਅਕਾਦਮਿਕ, ਖੇਡ, ਸੋਧ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਆਪਣੀ ਵਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਸ ਯੂਨੀਵਰਸਿਟੀ ਨੇ 17 ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟ੍ਰੌਫੀ ਜਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੂਨੀਵਰਸਿਟੀ ਦੇ ਐਥਲਿਟਾਂ ਦੇ ਸਮਰਪਣ ਅਤੇ ਦ੍ਰਿੜ ਸੰਕਲਪ ਦਾ ਪ੍ਰਮਾਣ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 2024 ਪੈਰਿਸ ਓਲੰਪਿਕਸ ਵਿੱਚ ਮੈਡਲ ਜਿੱਤ ਕੇ ਦੇਸ਼ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ। 

ਰਾਸ਼ਟਰਪਤੀ ਨੇ ਸਿੱਖਿਆ-ਉਦਯੋਗ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਨੀਤੀ ਨਿਰਮਾਤਾਵਾਂ ਨਾਲ ਯੂਨੀਵਰਸਿਟੀ ਉਦਯੋਗ ਸਬੰਧ ਅਤੇ ਭਵਿੱਖ ਦੀ ਤਿਆਰੀ ‘ਤੇ ਜ਼ਿਆਦਾ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਸ਼ਾ ਅਧਾਰਿਤ ਐਪਲੀਕੇਸ਼ਨ ਸਿੱਖਿਆ ਹੋਣੀ ਚਾਹੀਦੀ ਹੈ। ਸਿੱਖਿਆ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜੀਵਨ ਯਾਤਰਾ ਵਿੱਚ ਸਹਾਇਤਾ ਮਿਲਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਚੁਣੌਤੀਪੂਰਨ ਹੋਵੇਗਾ ਅਤੇ ਮੁਕਾਬਲੇ ਦੀ ਭਾਵਨਾ ਵਿੱਚ ਵਾਧਾ ਹੋਵੇਗਾ। ਇਸ ਲਈ ਇਹ ਮਹੱਤਵਪੂਰਨ ਹੈ ਕਿ ਹਰੇਕ ਵਿਦਿਆਰਥੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸਕਾਰਾਤਮਕ ਮਾਨਸਿਕਤਾ ਅਤੇ ਉੱਨਤ ਹੁਨਰ ਨਾਲ ਲੈਸ ਹੋਵੇ। ਉਭਰਦੀਆਂ ਟੈਕਨੋਲੋਜੀਆਂ ਦਾ ਗਿਆਨ ਪ੍ਰਾਪਤ ਕਰਨਾ ਅਤੇ ਉਨ੍ਹਾਂ ਦਾ ਨਿਰੰਤਰ ਵਿਕਾਸ ਕਰਦੇ ਹੋਏ ਉਨ੍ਹਾਂ ਦੀ ਉਚਿਤ ਵਰਤੋਂ ਕਰਨ ਦੀ ਸਮਰਥਾ ਸਫਲਤਾ ਦੇ ਲਈ ਜ਼ਰੂਰੀ ਹੋਵੇਗੀ। 

 

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਉਨ੍ਹਾਂ ਦੇ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੂੰ ਇਸ ਪ੍ਰਤਿਸ਼ਠਿਤ ਯੂਨੀਵਰਸਿਟੀ ਵਿੱਚ ਪੜ੍ਹਣ ਦਾ ਅਵਸਰ ਮਿਲਿਆ। ਇਸ ਯੂਨੀਵਰਸਿਟੀ ਨੇ ਸਮਾਜ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਨੋਬੇਲ ਪੁਰਸਕਾਰ ਜੇਤੂਆਂ ਤੋਂ ਲੈ ਕੇ ਵਿਭਿੰਨ ਖੇਤਰਾਂ ਵਿੱਚ ਬੇਮਿਸਾਲ ਯੋਗਦਾਨ ਦੇਣ ਵਾਲੀਆਂ ਕਈ ਮਹਾਨ ਸ਼ਖਸੀਅਤਾਂ ਦਿੱਤੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਵਿਰਾਸਤ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ। ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਯਤਨਾਂ ਅਤੇ ਦੂਰਦਰਸ਼ੀ ਸੋਚ ਰਾਹੀਂ ਸਮਾਜ, ਰਾਸ਼ਟਰ ਅਤੇ ਵਿਸ਼ਵ ਲਈ ਪ੍ਰਭਾਵੀ ਯੋਗਦਾਨ ਦੇ ਸਕਦੇ ਹਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

*****

 

ਐੱਮਜੇਪੀਐੱਸ/ਐੱਸਆਰ/ਬੀਐੱਮ 


(Release ID: 2110737) Visitor Counter : 49