ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਖੁਰਾਕ ਵਸਤੂਆਂ ਵਿੱਚ ਕੀਟਨਾਸ਼ਕ ਰਹਿੰਦ-ਖੂੰਹਦ ‘ਤੇ ਐੱਫਐੱਸਐੱਸਏਆਈ ਦੁਆਰਾ ਆਯੋਜਿਤ ਪਹਿਲੇ ਨੈਸ਼ਨਲ ਸਟੇਕਹੋਲਡਰ ਕੰਸਲਟੇਸ਼ਨ ਦਾ ਉਦਘਾਟਨ ਕੀਤਾ; ਚੰਗੀਆਂ ਖੇਤੀਬਾੜੀ ਵਿਧੀਆਂ ਅਤੇ ਸਹਿਯੋਗਾਤਮਕ ਯਤਨਾਂ ਦਾ ਸਮਰਥਨ ਕੀਤਾ
ਕੀਟਨਾਸ਼ਕਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਮੂਹਿਕ ਯਤਨ ਮਹੱਤਵਪੂਰਨ: ਸ਼੍ਰੀ ਪ੍ਰਤਾਪਰਾਓ ਜਾਧਵ
Posted On:
13 FEB 2025 5:30PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਗਣਪਤਰਾਓ ਜਾਧਵ ਨੇ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਦੁਆਰਾ ਖੁਰਾਕ ਵਸਤੂਆਂ ਵਿੱਚ ਕੀਟਨਾਸ਼ਕ ਰਹਿੰਦ-ਖੂੰਹਦ ਦੀ ਨਿਗਰਾਨੀ ਵਿੱਚ ਚੁਣੌਤੀਆਂ ‘ਤੇ ਆਯੋਜਿਤ ਨੈਸ਼ਨਲ ਸਟੇਕਹੋਲਡਰ ਕੰਸਲਟੇਸ਼ਨ ਦਾ ਉਦਘਾਟਨ ਕੀਤਾ। ਸ਼੍ਰੀ ਜਾਧਵ ਨੇ ਖੁਰਾਕ ਪਦਾਰਥਾਂ ਵਿੱਚ ਕੀਟਨਾਸ਼ਕ ਰਹਿੰਦ-ਖੂੰਹਦ ਦੀ ਸਖ਼ਤ ਨਿਗਰਾਨੀ ਲਈ ਇੱਕ ਰਾਸ਼ਟਰਵਿਆਪੀ ਰਣਨੀਤੀ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਸਾਰੇ ਹਿਤਧਾਰਕਾਂ ਨੂੰ ਖੁਰਾਕ ਸੁਰੱਖਿਆ ਅਤੇ ਸਥਿਰਤਾ ਲਈ ਸਰਵੋਤਮ ਵਿਧੀਆਂ ਨੂੰ ਹੁਲਾਰਾ ਦੇਣ ਵਿੱਚ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਕੀਟਨਾਸ਼ਕਾਂ ‘ਤੇ ਹਿਤਧਾਰਕਾਂ ਦੇ ਨਾਲ ਇਹ ਸਲਾਹ, ਟਿਕਾਊ ਪੈਕੇਜਿੰਗ, ਨਿਊਟ੍ਰਾਸਿਊਟੀਕਲਸ, ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਆਦਿ ਜਿਹੇ ਉਭਰਦੇ ਮੁੱਦਿਆਂ ‘ਤੇ ਇਸ ਤਰ੍ਹਾਂ ਦੇ ਸਲਾਹ-ਮਸ਼ਵਰਿਆਂ ਦੀ ਲੜੀ ਵਿੱਚ ਪਹਿਲਾ ਹੈ। ਕੇਂਦਰੀ ਮੰਤਰੀ ਨੇ ਹਿਤਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਐੱਫਐੱਸਐੱਸਏਆਈ ਦੀ ਪਹਿਲ ਦੀ ਸ਼ਲਾਘਾ ਕੀਤੀ ਅਤੇ ਕੀਟਨਾਸ਼ਕ ਨਿਗਰਾਨੀ ਵਿੱਚ ਮੌਜੂਦਾ ਵਿਧੀਆਂ ਦੀ ਸਮੀਖਿਆ ਕਰਨ ਅਤੇ ਕੀਟਨਾਸ਼ਕ ਰਹਿੰਦ-ਖੂੰਹਦਾਂ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਇੱਕ ਮਜ਼ਬੂਤ ਪ੍ਰਣਾਲੀ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ।
ਉਨ੍ਹਾਂ ਨੇ ਲੱਖਾਂ ਲੋਕਾਂ ਦੀ ਆਜੀਵਿਕਾ ਨੂੰ ਬਣਾਏ ਰੱਖਣ ਅਤੇ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਖੇਤੀਬਾੜੀ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਸ਼੍ਰੀ ਜਾਧਵ ਨੇ ਕਿਹਾ ਕਿ ਅੱਜ ਦੇ ਕਿਸਾਨ ਨਵੀਂ ਤਕਨੀਕ ਦੇ ਉਪਯੋਗ ਦੇ ਪ੍ਰਤੀ ਵਧੇਰੇ ਅਨੁਕੂਲ ਹਨ, ਇਸ ਲਈ ਉਨ੍ਹਾਂ ਨੂੰ ਕੀਟਨਾਸ਼ਕਾਂ ਦੇ ਉਪਯੋਗ ਅਤੇ ਚੰਗੀਆਂ ਖੇਤੀਬਾੜੀ ਵਿਧੀਆਂ (ਜੀਏਪੀ) ਬਾਰੇ ਸਿੱਖਿਅਤ ਕਰਨਾ ਅਸਾਨ ਹੈ। ਉਨ੍ਹਾ ਨੇ ਖੁਰਾਕ ਵਸਤੂਆਂ ਵਿੱਚ ਕੀਟਨਾਸ਼ਕ ਰਹਿੰਦ-ਖੂੰਹਦ ਨੂੰ ਘੱਟ ਕਰਨ ਲਈ ਇੱਕ ਠੋਸ ਕਾਰਜ ਯੋਜਨਾ ਤਿਆਰ ਕਰਨ ਲਈ ਸਾਰੇ ਹਿਤਧਾਰਕਾਂ ਨੂੰ ਸਹਿਯੋਗਾਤਮਕ ਯਤਨਾਂ ‘ਤੇ ਜ਼ੋਰ ਦਿੱਤਾ।
ਸ਼੍ਰੀ ਜਾਧਵ ਨੇ ਇਹ ਵੀ ਕਿਹਾ ਕਿ ਇਹ ਸਲਾਹ-ਮਸ਼ਵਰਾ ਸੰਮੇਲਨ ਇਸ ਦਿਸ਼ਾ ਵਿੱਚ ਵਿਆਪਕ ਪਾੜੇ ਦੀ ਪਹਿਚਾਣ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ, ਜਿਸ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕਦਾ ਹੈ ਅਤੇ ਵਿਚਾਰ-ਵਟਾਂਦਰਾ ਕਰਕੇ ਖੁਰਾਕ ਸੁਰੱਖਿਆ ਦੀ ਇੱਕ ਮਜ਼ਬੂਤ ਪ੍ਰਣਾਲੀ ਵਿਕਸਿਤ ਕੀਤੀ ਜਾ ਸਕਦੀ ਹੈ। ਇਸ ਪ੍ਰਕਾਰ ਖੁਰਾਕ ਵਸਤੂਆਂ ਨੂੰ ਕੀਟਨਾਸ਼ਕ ਰਹਿੰਦ-ਖੂੰਹਦ ਤੋਂ ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਖੁਰਾਕ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਐੱਫਐੱਸਐੱਸਏਆਈ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਕੇਂਦਰੀ ਸਿਹਤ ਸਕੱਤਰ, ਸੁਸ਼੍ਰੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਇਸ ਮੁੱਦੇ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਪਬਲਿਕ ਹੈਲਥ ਲਈ ਮਹੱਤਵਪੂਰਨ ਜੋਖਮ ਪੈਦਾ ਕਰਦੀ ਹੈ। ਉਨ੍ਹਾਂ ਨੇ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਕੀਟਨਾਸ਼ਕਾਂ ਦੇ ਉਪਯੋਗ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਵਿਅਕਤੀ ਨੂੰ ਸੁਰੱਖਿਅਤ ਭੋਜਨ ਉਪਲਬਧ ਹੋਵੇ। ਉਨ੍ਹਾਂ ਨੇ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਕਾਰਵਾਈ ਯੋਗ ਰਣਨੀਤੀਆਂ ਦੇ ਵਿਕਾਸ ਦਾ ਸਮਰਥਨ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਲਾਹ ਦਾ ਪ੍ਰਾਥਮਿਕ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਵਿਅਕਤੀ ਸੁਰੱਖਿਅਤ ਅਤੇ ਸਵਸਥ ਭੋਜਨ ਦਾ ਆਨੰਦ ਲੈ ਸਕੇ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਬਜ਼ਾਰ ਵਿੱਚ ਨਕਲੀ ਕੀਟਨਾਸ਼ਕਾਂ ਦੇ ਮੁੱਦੇ ਨੂੰ ਉਜਾਗਰ ਕੀਤਾ ਅਤੇ ਉਪਭੋਗਤਾ ਸਿਹਤ ਦੀ ਰੱਖਿਆ ਲਈ ਕੀਟਨਾਸ਼ਕਾਂ ਦੇ ਵਿਵੇਕਪੂਰਣ ਉਪਯੋਗ ‘ਤੇ ਜ਼ੋਰ ਦਿੱਤਾ।
ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰਾਲੇ ਦੇ ਸਕੱਤਰ ਸ਼੍ਰੀ ਸੁਬ੍ਰਤ ਗੁਪਤਾ ਨੇ ਕੀਟਨਾਸ਼ਕਾਂ ਨਾਲ ਸਬੰਧਿਤ ਚੁਣੌਤੀਆਂ ਨਾਲ ਨਿਪਟਣ ਲਈ ਫੂਡ ਵੈਲਿਊ ਚੇਨ ਵਿੱਚ ਸਾਰੇ ਹਿਤਧਾਰਕਾਂ ਦਰਮਿਆਨ ਸਹਿਯੋਗ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ, “ਕੀਟਨਾਸ਼ਕ ਨਾ ਕੇਵਲ ਸਾਡੀ ਸਿਹਤ ‘ਤੇ ਪ੍ਰਤੀਕੂਲ ਅਸਰ ਪਾਉਂਦੇ ਹਨ, ਬਲਕਿ ਵਪਾਰ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।”
ਐੱਫਐੱਸਐੱਸਏਆਈ ਦੇ ਸੀਈਓ ਸ਼੍ਰੀ ਜੀ ਕਮਲਾ ਵਰਧਨ ਰਾਓ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਸਖ਼ਤ ਨਿਗਰਾਨੀ ਅਤੇ ਰੈਗੂਲੇਟਰੀ ਉਪਾਵਾਂ ਰਾਹੀਂ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਐੱਫਐੱਸਐੱਸਏਆਈ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ, “ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਕੇ, ਅਸੀਂ ਨਾ ਕੇਵਲ ਪਬਲਿਕ ਹੈਲਥ ਬਲਕਿ ਆਪਣੇ ਵਾਤਾਵਰਣ, ਆਪਣੇ ਕਿਸਾਨਾਂ ਦੀ ਆਜੀਵਿਕਾ ਅਤੇ ਅੰਤਰਰਾਸ਼ਟਰੀ ਵਪਾਰ ਦੇ ਭਵਿੱਖ ਦੀ ਵੀ ਰੱਖਿਆ ਕਰਦੇ ਹਾਂ।
ਇਸ ਸਲਾਹ-ਮਸ਼ਵਰੇ ਦੇ ਨਤੀਜੇ ਅੱਜ ਦੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਲੈਂਡਸਕੇਪ ਦੀਆਂ ਰੁਕਾਵਟਾਂ ਨੂੰ ਦਰਸਾਉਣ ਵਾਲੀ ਵਧੇਰੇ ਪ੍ਰਭਾਵਸ਼ਾਲੀ ਨੀਤੀਆਂ ਅਤੇ ਰੈਗੂਲੇਟਰੀਆਂ ਦਾ ਅਧਾਰ ਬਣਨਗੇ।” ਉਨ੍ਹਾਂ ਨੇ ਕਿਹਾ ਕਿ ਇਸ ਸਲਾਹ-ਮਸ਼ਵਰੇ ਤੋਂ ਪ੍ਰਾਪਤ ਅੰਤਰਦ੍ਰਿਸ਼ਟੀ (ਸੂਝ) ਅਤੇ ਸਿਫਾਰਿਸ਼ਾਂ ਕੀਟਨਾਸ਼ਕ ਰਹਿੰਦ-ਖੂੰਹਦ ਦੀ ਨਿਗਰਾਨੀ ਵਿੱਚ ਸੁਧਾਰ ਅਤੇ ਪੂਰੇ ਭਾਰਤ ਵਿੱਚ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਵਧੇਰੇ ਮਜ਼ਬੂਤ ਨੀਤੀਆਂ ਅਤੇ ਕਾਰਜ ਯੋਜਨਾਵਾਂ ਦੇ ਵਿਕਾਸ ਵਿੱਚ ਯੋਗਦਾਨ ਦੇਣਗੀਆਂ।
ਕੀਟਨਾਸ਼ਕ ਰਹਿੰਦ-ਖੂੰਹਦਾਂ ‘ਤੇ ਨੈਸ਼ਨਲ ਸਟੇਕਹੋਲਡਰ ਕੰਸਲਟੇਸ਼ਨ ਕੀਟਨਾਸ਼ਕ ਦੇ ਉਪਯੋਗ ਦੀ ਨਿਗਰਾਨੀ ਅਤੇ ਰੈਗੂਲੇਟਰੀ ਪਾਲਣਾ ਸੁਨਿਸ਼ਚਿਤ ਕਰਨ ਵਿੱਚ ਚੁਣੌਤੀਆਂ ਦਾ ਸਮਾਧਾਨ ਕਰਕੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਤਾਲਮੇਲ ਦ੍ਰਿਸ਼ਟੀਕੋਣ ਦੀ ਜ਼ਰੂਰਤ ਨੂੰ ਪਹਿਚਾਣਦੇ ਹੋਏ ਐੱਫਐੱਸਐੱਸਏਆਈ ਨੇ ਨਿਗਰਾਨੀ ਵਧਾਉਣ, ਸੁਰੱਖਿਆ ਮਾਪਦੰਡਾਂ ਨੂੰ ਲਾਗੂ ਕਰਨ ਅਤੇ ਖੁਰਾਕ ਪਦਾਰਥਾਂ ਵਿੱਚ ਰਸਾਇਣਿਕ ਰਹਿੰਦ-ਖੂੰਹਦਾਂ ਨਾਲ ਜੁੜੇ ਸਿਹਤ ਜੋਖਮਾਂ ਨੂੰ ਘੱਟ ਕਰਨ ਲਈ ਇਹ ਸਲਾਹ-ਮਸ਼ਵਰਾ ਆਯੋਜਿਤ ਕੀਤਾ। ਇਹ ਸਲਾਹ-ਮਸ਼ਵਰਾ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠੇ ਲਿਆ ਕੇ, ਸਰਵੋਤਮ ਵਿਧੀਆਂ, ਉਭਰਦੇ ਜੋਖਮਾਂ ਅਤੇ ਬਾਇਓ-ਕੀਟਨਾਸ਼ਕਾਂ ਅਤੇ ਸ਼ੁੱਧ ਐਪਲੀਕੇਸ਼ਨ ਜਿਹੇ ਨਵੀਨਤਾਕਾਰੀ ਸਮਾਧਾਨਾਂ ‘ਤੇ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। ਕਿਉਂਕਿ ਭਾਰਤ ਆਲਮੀ ਸੁਰੱਖਿਆ ਮਾਪਦੰਡਾਂ ਨੂੰ ਅਪਣਾਉਂਦਾ ਹੈ, ਇਸ ਲਈ ਇਹ ਚਰਚਾ ਜਨਤਕ ਸਿਹਤ ਦੀ ਸੁਰੱਖਿਆ ਅਤੇ ਟਿਕਾਊ ਖੇਤੀਬਾੜੀ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਹੈ।
ਇਸ ਪ੍ਰੋਗਰਾਮ ਵਿੱਚ ਸਰਕਾਰੀ ਅਧਿਕਾਰੀਆਂ, ਵਿਗਿਆਨਿਕ ਮਾਹਿਰਾਂ, ਰੈਗੂਲੇਟਰੀ ਸੰਸਥਾਵਾਂ, ਰਾਸ਼ਟਰੀ ਸੰਸਥਾਵਾਂ, ਉਦਯੋਗ ਸੰਘਾਂ, ਕਿਸਾਨ ਸੰਗਠਨਾਂ, ਉਪਭੋਗਤਾ ਸੰਘਾਂ ਅਤੇ ਕੀਟਨਾਸ਼ਕ ਨਿਰਮਾਤਾ ਸੰਘਾਂ ਦੇ ਪ੍ਰਤੀਨਿਧੀਆਂ ਸਮੇਤ ਪ੍ਰਮੁੱਖ ਹਿਤਧਾਰਕਾਂ ਨੂੰ ਰਣਨੀਤੀਆਂ ‘ਤੇ ਵਿਚਾਰ-ਵਟਾਦਰਾਂ ਕਰਨ ਅਤੇ ਕੀਮਤੀ ਸੂਝ ਦਾ ਅਦਾਨ-ਪ੍ਰਦਾਨ ਕਰਨ ਲਈ ਇਕੱਠੇ ਲਿਆਂਦਾ ਗਿਆ ਹੈ, ਜਿਸ ਨਾਲ ਠੋਸ ਕਾਰਜ ਯੋਜਨਾਵਾਂ ਤਿਆਰ ਕਰਨ ਵਿੱਚ ਮਦਦ ਮਿਲੇਗੀ।
ਸਲਾਹ-ਮਸ਼ਵਰੇ ਵਿੱਚ ਇੱਕ ਤਕਨੀਕੀ ਸੈਸ਼ਨ ਦੇ ਬਾਅਦ “ਖੁਰਾਕ ਵਸਤੂਆਂ ਵਿੱਚ ਕੀਟਨਾਸ਼ਕ ਰਹਿੰਦ-ਖੂੰਹਦਾਂ ਦੀ ਨਿਗਰਾਨੀ ਵਿੱਚ ਗਲੋਬਲ ਰੈਗੂਲੇਟਰੀ ਫ੍ਰੇਮਵਰਕ ਅਤੇ ਰਾਸ਼ਟਰੀ ਪੱਧਰ ਦੀਆਂ ਚੁਣੌਤੀਆਂ” ‘ਤੇ ਇੱਕ ਪੈਨਲ ਚਰਚਾ ਹੋਈ। ਪੈਨਲ ਵਿੱਚ ਕੀਟਨਾਸ਼ਕ ਰਹਿੰਦ-ਖੂੰਹਦਾਂ ‘ਤੇ ਸੰਯੁਕਤ ਐੱਫਏਓ/ਡਬਲਿਊਐੱਚਓ ਮੀਟਿੰਗ (ਏਐੱਮਪੀਆਰ), ਐੱਫਏਓ, ਆਈਸੀਏਆਰ, ਸੀਆਈਬੀਐਂਡਆਰਸੀ ਅਤੇ ਕੀਟਨਾਸ਼ਕ ਰਹਿੰਦ-ਖੂੰਹਦਾਂ ’ਤੇ ਐੱਫਐੱਸਐੱਸਏਆਈ ਦੇ ਵਿਗਿਆਨਿਕ ਪੈਨਲ ਦੇ ਮਾਹਿਰ ਸ਼ਾਮਲ ਸਨ।
ਮੁੱਖ ਚਰਚਾਵਾਂ ਵਿੱਚ ਰਾਸ਼ਟਰੀ ਨਿਗਰਾਨੀ ਪ੍ਰੋਗਰਾਮਾਂ ਦੇ ਵਿਸਤਾਰ, ਲੈਬ ਸਮਰੱਥਾਵਾਂ ਨੂੰ ਵਧਾਉਣ, ਭਾਰਤ ਦੀ ਵਿਸ਼ੇਸ਼ ਖੇਤੀਬਾੜੀ ਅਤੇ ਵਾਤਾਵਰਣਿਕ ਸਥਿਤੀਆਂ ‘ਤੇ ਵਿਚਾਰ ਕਰਦੇ ਹੋਏ ਕੋਡੈਕਸ ਐਲੀਮੈਂਟੇਰੀਅਸ ਜਿਹੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਭਾਰਤ ਦੀਆਂ ਵੱਧ ਤੋਂ ਵੱਧ ਰਹਿੰਦ-ਖੂੰਹਦ ਸੀਮਾਵਾਂ (ਐੱਮਆਰਐੱਲ) ਨੂੰ ਇਕਸਾਰ ਕਰਨ ‘ਤੇ ਜ਼ੋਰ ਦਿੱਤਾ ਗਿਆ। ਦੁਪਹਿਰ ਦੇ ਸੈਸ਼ਨ ਵਿੱਚ ਖੇਤੀਬਾੜੀ, ਫੂਡ ਪ੍ਰੋਸੈੱਸਿੰਗ ਅਤੇ ਉਪਭੋਗਤਾ ਸੰਗਠਨਾਂ ਦੇ ਹਿਤਧਾਰਕਾਂ ਦੇ ਨਾਲ ਇੱਕ ਖੁੱਲ੍ਹੇ ਮੰਚ ‘ਤੇ ਹਿਤਧਾਰਕ ਪੱਧਰੀ ਚਰਚਾ ਹੋਈ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਚਿੰਤਾਵਾਂ ਅਤੇ ਸਿਫਾਰਿਸ਼ਾਂ ਨੂੰ ਵਿਅਕਤ ਕੀਤਾ। ਸਲਾਹ-ਮਸ਼ਵਰੇ ਦੌਰਾਨ ਚੁੱਕੇ ਗਏ ਪ੍ਰਮੁੱਖ ਮੁੱਦਾਂ ਵਿੱਚ ਪ੍ਰਭਾਵਸ਼ਾਲੀ ਕੀਟਨਾਸ਼ਕ ਰਹਿੰਦ-ਖੂੰਹਦ ਨਿਗਰਾਨੀ ਨੂੰ ਲਾਗੂ ਕਰਨ ਵਿੱਚ ਚੁਣੌਤੀਆਂ, ਭਾਰਤ ਦੀਆਂ ਵੱਧ ਤੋਂ ਵੱਧ ਰਹਿੰਦ-ਖੂੰਹਦ ਸੀਮਾਵਾਂ (ਐੱਮਆਰਐੱਲ) ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਤਾਲਮੇਲ ਸਥਾਪਿਤ ਕਰਨ ਦੀ ਜ਼ਰੂਰਤ ਅਤੇ ਔਫ-ਲੇਬਲ ਅਤੇ ਬਹੁਤ ਜ਼ਿਆਦਾ ਕੀਟਨਾਸ਼ਕ ਉਪਯੋਗ ‘ਤੇ ਚਿੰਤਾਵਾਂ ਸ਼ਾਮਲ ਸਨ। ਕਿਸਾਨਾਂ ਦੀ ਸਿੱਖਿਆ ਅਤੇ ਜਾਗਰੂਕਤਾ ਵਧਾਉਣ, ਡਿਜੀਟਲ ਤੌਰ ‘ਤੇ ਪਤਾ ਲਗਾਉਣ ਦੀ ਯੋਗਤਾ ਸਬੰਧੀ ਪ੍ਰੋਗਰਾਮ ਸ਼ੁਰੂ ਕਰਨ, ਸਿਹਤ ਜੋਖਮਾਂ ਅਤੇ ਵਪਾਰ ਰੁਕਾਵਟਾਂ ਨੂੰ ਘੱਟ ਕਰਨ ਲਈ ਬਾਇਓ-ਕੀਟਨਾਸ਼ਕਾਂ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ (ਆਈਪੀਐੱਮ) ਜਿਹੇ ਟਿਕਾਊ ਵਿਕਲਪਾਂ ਨੂੰ ਹੁਲਾਰਾ ਦੇਣ ‘ਤੇ ਵੀ ਜ਼ੋਰ ਦਿੱਤਾ ਗਿਆ।
****
ਐੱਮਵੀ
(Release ID: 2103256)
Visitor Counter : 53