ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਕਾਸ਼ਵਾਣੀ ਕੋਕਰਾਝਾਰ ਵਿੱਚ 10 ਕਿਲੋਵਾਟ ਐੱਫਐੱਮ ਟ੍ਰਾਂਸਮੀਟਰ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ
Posted On:
03 JAN 2025 7:04PM by PIB Chandigarh
ਆਕਾਸ਼ਵਾਣੀ ਕੇਂਦਰ ਕੋਕਰਾਝਾਰ ਵਿਖੇ ਅੱਜ 10 ਕਿਲੋਵਾਟ ਐੱਫਐੱਮ ਟ੍ਰਾਂਸਮੀਟਰ ਦਾ ਗੁਵਾਹਾਟੀ ਤੋਂ ਵਰਚੁਅਲੀ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਸੰਚਾਰ ਅਤੇ ਸੱਭਿਆਚਾਰਕ ਏਕੀਕਰਣ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਹੋਈ।
ਸਮਾਗਮ ਵਿੱਚ ਅਸਮ ਦੇ ਮਾਣਯੋਗ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰਿਆ, ਰੇਲਵੇ ਸੂਚਨਾ ਅਤੇ ਪ੍ਰਸਾਰਣ ਮੰਤਰੀ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਅਸਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਮੌਜੂਦ ਸਨ।
1999 ਵਿੱਚ ਸਥਾਪਿਤ ਆਕਾਸ਼ਵਾਣੀ ਕੋਕਰਾਝਾਰ, ਖੇਤਰ ਦੇ ਵਿਭਿੰਨ ਕਬਾਇਲੀ ਅਤੇ ਸੱਭਿਆਚਾਰਕ ਸਮੂਹਾਂ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਦੇਣ ਦਾ ਇੱਕ ਮੰਚ ਰਿਹਾ ਹੈ। ਇਸ ਸਟੇਸ਼ਨ ਨੇ ਸਥਾਨਕ ਭਾਸ਼ਾਵਾਂ ਵਿੱਚ ਐਜ਼ੂਕੇਸ਼ਨਲ, ਸੂਚਨਾਤਮਕ ਅਤੇ ਮਨੋਰੰਜਨ ਪ੍ਰੋਗਰਾਮਾਂ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
20 ਕਿਲੋਵਾਟ ਮੀਡੀਅਮ ਵੇਵ ਟ੍ਰਾਂਸਮੀਟਰ ਦੀ ਕਮੀਆਂ ਅਤੇ 2012 ਵਿੱਚ ਸਥਾਪਿਤ 100 ਵਾਟ ਐੱਫਐੱਮ ਟ੍ਰਾਂਸਮੀਟਰ ਦੀ ਸੀਮਿਤ ਰੇਂਜ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਹਾਈ-ਪਾਵਰ 10 ਕਿਲੋਵਾਟ ਐੱਫਐੱਮ ਟ੍ਰਾਂਸਮੀਟਰ ਦੀ ਸ਼ੁਰੂਆਤ ਇੱਕ ਪਰਿਵਰਤਨਕਾਰੀ ਵਿਕਾਸ ਹੈ।
ਨਵਾਂ ਉਦਘਾਟਨ ਕੀਤਾ ਟ੍ਰਾਂਸਮੀਟਰ 70 ਕਿਲੋਮੀਟਰ ਦੇ ਦਾਇਰੇ ਵਿੱਚ ਉੱਚ ਗੁਣਵੱਤਾ ਵਾਲੇ ਐੱਫਐੱਮ ਪ੍ਰਸਾਰਣ ਪ੍ਰਦਾਨ ਕਰੇਗਾ ਅਤੇ ਕੋਕਰਾਝਾਰ ਅਤੇ ਧੁਬਰੀ (Dhubri), ਬੋਂਗਾਈਗਾਂਓਂ (Bongaigaon) ਅਤੇ ਚਿਰਾਂਗ (Chirang) ਦੇ ਆਸ-ਪਾਸ ਦੇ ਜ਼ਿਲ੍ਹੁਆਂ ਦੇ 30 ਲੱਖ ਤੋਂ ਵੱਧ ਨਿਵਾਸੀਆਂ ਤੱਕ ਆਪਣੀ ਪਹੁੰਚ ਦਾ ਵਿਸਤਾਰ ਕਰੇਗਾ। ਟ੍ਰਾਂਸਮੀਟਰ ਨਾਲ ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਆਕਾਸ਼ਵਾਣੀ ਕੋਕਰਾਝਾਰ ਕਿਸਾਨਾਂ, ਨੌਜਵਾਨਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਵਧੇਰੇ ਪ੍ਰਭਾਵੀ ਢੰਗ ਨਾਲ ਜੁੜ ਸਕੇ, ਅਤੇ ਇੱਕ ਰਾਸ਼ਟਰੀ ਜਨਤਕ ਪ੍ਰਸਾਰਕ ਵਜੋਂ ਆਪਣੀ ਭੂਮਿਕਾ ਨਿਭਾ ਸਕੇ।
ਆਕਾਸ਼ਵਾਣੀ ਕੋਕਰਾਝਾਰ ਹੁਣ ਬੋਡੋ ਲੋਕ ਸੰਗੀਤ, ਰਾਜਬੋਂਗਸ਼ੀ ਗੀਤਾਂ (Rajbongshi songs) ਅਤੇ ਹੋਰ ਕਬਾਇਲੀ ਧੁਨਾਂ ਵਾਲੇ ਪ੍ਰੋਗਰਾਮਾਂ ਦੇ ਪ੍ਰਸਾਰਣ ਵਿੱਚ ਵਾਧੇ ਦੇ ਨਾਲ ਆਪਣੇ ਸੱਭਿਆਚਾਰਕ ਸੰਭਾਲ਼ ਪ੍ਰਯਾਸਾਂ ਨੂੰ ਮਜ਼ਬੂਤ ਕਰੇਗਾ।
ਬੋਡੋਲੈਂਡ ਪ੍ਰਾਦੇਸ਼ਿਕ ਕੌਂਸਲ ਦੇ ਮੁੱਖ ਕਾਰਜਕਾਰੀ ਮੈਂਬਰ ਸ਼੍ਰੀ ਪ੍ਰਮੋਦ ਬੋਰੋ, ਇਸ ਪ੍ਰੋਗਰਾਮ ਵਿੱਚ ਵਰਚੁਅਲੀ ਸ਼ਾਮਲ ਹੋਏ। ਉਨ੍ਹਾਂ ਨੇ ਕੋਕਰਾਝਾਰ ਅਤੇ ਬੋਡੋਲੈਂਡ ਪ੍ਰਾਦੇਸ਼ਿਕ ਖੇਤਰ ਦੇ ਲੋਕਾਂ ਵੱਲੋਂ ਆਭਾਰ ਵਿਅਕਤ ਕੀਤਾ ਅਤੇ ਕੋਕਰਾਝਾਰ ਵਿੱਚ ਖੇਤਰੀ ਆਕਾਸ਼ਵਾਣੀ ਰੇਡੀਓ ਕੇਂਦਰ ਨੂੰ ਉੱਨਤ ਕਰਨ ਦੇ ਬੋਡੋ ਸਰੋਤਿਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਬੇਨਤੀ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਅਤੇ ਸ਼੍ਰੀ ਵੈਸ਼ਣਵ ਦਾ ਧੰਨਵਾਦ ਕੀਤਾ।
ਇਸ ਮੌਕੇ ਆਕਾਸ਼ਵਾਣੀ ਦੀ ਡਾਇਰੈਕਟਰ ਜਨਰਲ, ਸ਼੍ਰੀਮਤੀ ਪ੍ਰਗਿਆ ਪਾਲੀਵਾਲ ਗੌੜ ਅਤੇ ਆਕਾਸ਼ਵਾਣੀ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
************
ਕੇਐੱਸਵਾਈ/ਪੀਜੀ/ਬੀਐੱਮ
(Release ID: 2090346)
Visitor Counter : 8