ਰੇਲ ਮੰਤਰਾਲਾ
azadi ka amrit mahotsav

ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਭਾਰਤ ਮੰਡਪਮ ਵਿੱਚ 101 ਰੇਲਵੇ ਅਧਿਕਾਰੀਆਂ ਨੂੰ 69ਵੇਂ ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ 2024 ਅਤੇ ਵਿਭਿੰਨ ਸ਼੍ਰੇਣੀਆਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ 22 ਮੰਡਲਾਂ ਨੂੰ ਸ਼ੀਲਡ ਪ੍ਰਦਾਨ ਕੀਤੀ


ਕੇਂਦਰੀ ਮੰਤਰੀ ਨੇ ਭਾਰਤ ਵਿੱਚ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨ ਦੇ ਲਈ ਸੁਰੱਖਿਆ, ਰੱਖ-ਰਖਾਓ, ਗੁਣਵੱਤਾ ਅਤੇ ਸਿਖਲਾਈ ’ਤੇ ਤਿੰਨ ਗੁਣਾ ਵੱਧ ਧਿਆਨ ਦੇਣ ਦਾ ਸੱਦਾ ਦਿੱਤਾ

ਅਗਲੇ ਸਾਲ ਤੋਂ ਸ਼ਾਨਦਾਰ ਐੱਸਐੱਮਕਿਊਟੀ (ਸਭ ਤੋਂ ਵੱਧ ਸੁਰੱਖਿਅਤ, ਰੱਖ-ਰਖਾਓ, ਗੁਣਵੱਤਾ ਅਤੇ ਸਿਖਲਾਈ) ਅਭਿਆਸਾਂ ਦੇ ਮਾਧਿਅਮ ਰਾਹੀਂ ਰੇਲਵੇ ਦੇ ਕਾਰਜ ਸੱਭਿਆਚਾਰ ਵਿੱਚ ਉੱਦਮਤਾ ਲਿਆਉਣ ਦੇ ਲਈ ਸ਼ੀਲਡ ਦੇ ਨਾਲ-ਨਾਲ ਵਿੱਤੀ ਪੁਰਸਕਾਰ: ਸ਼੍ਰੀ ਵੈਸ਼ਣਵ

ਭਾਰਤੀ ਰੇਲਵੇ ਨਾ ਸਿਰਫ਼ ਮੌਜੂਦਾ ਮੰਗਾਂ ਨੂੰ ਪੂਰਾ ਕਰ ਰਹੀ ਹੈ, ਬਲਕਿ ਭਵਿੱਖ ਦੇ ਲਈ ਮਾਪਦੰਡ ਵੀ ਸਥਾਪਿਤ ਕਰ ਰਹੀ ਹੈ: ਚੇਅਰਮੈਨ ਅਤੇ ਸੀਈਓ, ਰੇਲਵੇ ਬੋਰਡ

Posted On: 21 DEC 2024 8:20PM by PIB Chandigarh

ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿਖੇ 101 ਰੇਲਵੇ ਅਧਿਕਾਰੀਆਂ ਨੂੰ 69ਵੇਂ ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ ਅਤੇ ਵਿਭਿੰਨ ਸ਼੍ਰੇਣੀਆਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ 22 ਮੰਡਲਾਂ ਨੂੰ ਸ਼ੀਲਡ ਪ੍ਰਦਾਨ ਕੀਤੀ। ਇਸ ਸਮਾਰੋਹ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ, ਰੇਲਵੇ ਬੋਰਡ ਦੇ ਮੈਂਬਰ ਅਤੇ ਵਿਭਿੰਨ ਰੇਲਵੇ ਮੰਡਲਾਂ ਅਤੇ ਉਤਪਾਦਨ ਇਕਾਈਆਂ ਦੇ ਜਨਰਲ ਮੈਨੇਜਰ ਮੌਜੂਦ ਰਹੇ ਸਨ।

ਪੁਰਸਕਾਰਾਂ ਅਤੇ ਸ਼ੀਲਡ ਪ੍ਰਦਾਨ ਕਰਨ ਤੋਂ ਬਾਅਦ ਮੌਜੂਦ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਬੇਮਿਸਾਲ ਕੰਮ ਅਤੇ ਯਤਨਾਂ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਭਾਰਤੀ ਰੇਲਵੇ ਵਿੱਚ ਹੋਈ ਪਰਿਵਰਤਨਸ਼ੀਲ ਪ੍ਰਗਤੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਨਿਰਮਾਣ ਦੀ ਤੇਜ਼ ਰਫ਼ਤਾਰ, ਕਸ਼ਮੀਰ ਤੋਂ ਕੰਨਿਆਕੁਮਾਰੀ ਰੇਲ ਲਿੰਕ ਵਰਗੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਲੰਬਿਤ ਉੱਤਰ-ਪੂਰਬੀ ਕਨੈਕਟੀਵਿਟੀ ਪਹਿਲਾਂ ’ਤੇ ਜ਼ੋਰ ਦਿੱਤਾ। 2025 ਤੱਕ 100 ਫੀਸਦੀ ਬਿਜਲੀਕਰਣ ਦੇ ਲਕਸ਼ ਦੇ ਨਾਲ ਬਿਜਲੀਕਰਣ ਦੇ ਯਤਨਾਂ ਵਿੱਚ ਤੇਜ਼ੀ ਆਈ ਹੈ, ਜਦਕਿ ਵੰਦੇ ਭਾਰਤ, ਨਮੋ ਭਾਰਤ ਅਤੇ ਮਾਲ ਢੁਆਈ ਕੌਰੀਡੋਰ ਵਰਗੇ ਪ੍ਰੋਜੈਕਟਾਂ ਨੇ ਰਫ਼ਤਾਰ ਫੜੀ ਹੈ। ਕਵਚ ਸੁਰੱਖਿਆ ਪ੍ਰਣਾਲੀਆਂ ਨੂੰ ਵੱਡੇ ਪੈਮਾਨੇ ’ਤੇ ਲਾਗੂ ਕੀਤਾ ਗਿਆ ਹੈ। ਸ਼੍ਰੀ ਵੈਸ਼ਣਵ ਨੇ ਸਟੇਸ਼ਨ ਦੇ ਪੁਨਰਵਿਕਾਸ ਵਿੱਚ ਜ਼ਿਕਰਯੋਗ ਪ੍ਰਗਤੀ, ਗੰਭੀਰ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਕਾਫ਼ੀ ਕਮੀ (345 ਤੋਂ 90 ਤੱਕ) ਅਤੇ ਸ਼ਿਕਾਇਤਾਂ ਤੋਂ ਮੁਕਤ ਕੁਸ਼ਲ ਭਰਤੀ ਪ੍ਰਕਿਰਿਆ, 1.5 ਲੱਖ ਅਸਾਮੀਆਂ ਭਰਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਨੇ ਪ੍ਰਸ਼ੰਸਾ ਹਾਸਲ ਕੀਤੀ ਹੈ, ਜਿਸ ਵਿੱਚ ਵਿਰੋਧੀ ਨੇਤਾਵਾਂ ਦੁਆਰਾ ਕੀਤੀ ਗਈ ਪ੍ਰਸ਼ੰਸਾ ਵੀ ਸ਼ਾਮਲ ਹੈ, ਅਤੇ ਇੱਕ ਨਵਾਂ ਸੁਪਰ ਐਪ ਜਲਦੀ ਹੀ ਯਾਤਰੀਆਂ ਦੇ ਅਨੁਭਵ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਾਲਾ ਹੈ।

ਸ਼੍ਰੀ ਵੈਸ਼ਣਵ ਨੇ ਸੁਰੱਖਿਆ, ਰੱਖ-ਰਖਾਓ, ਗੁਣਵੱਤਾ ਅਤੇ ਸਿਖਲਾਈ ਵਿੱਚ ਯਤਨਾਂ ਨੂੰ ਤਿੰਨ ਗੁਣਾ ਵਧਾਉਣ, ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਫੀਡਬੈਕ ਨੂੰ ਸ਼ਾਮਲ ਕਰਦੇ ਹੋਏ ਰੱਖ-ਰਖਾਓ ਵਿੱਚ ਨਵੀਨਤਾ ’ਤੇ ਅਹਿਮ ਰੂਪ ਨਾਲ ਧਿਆਨ ਦੇਣ ਦਾ ਐਲਾਨ ਕੀਤਾ, ਜਿਸ ਵਿੱਚ ਉਦਯੋਗਿਕ ਸਹਿਕਾਰਤਾ, ਉੱਨਤ ਨਿਰੀਖਣ ਪ੍ਰਣਾਲੀਆਂ ਅਤੇ ਅਧਿਕਾਰੀਆਂ ਅਤੇ ਤਕਨੀਸ਼ੀਅਨਾਂ ਦੇ ਲਈ ਬਿਹਤਰ ਸਿਖਲਾਈ ਸ਼ਾਮਲ ਹੈ। ਜ਼ੀਰੋ ਡੀਰੇਲਮੈਂਟ ਜ਼ੋਨ ਵਰਗੀਆਂ ਪਹਿਲਾਂ ਨੂੰ ਸ਼ੀਲਡ ਅਤੇ ਵਿੱਤੀ ਪੁਰਸਕਾਰਾਂ ਨਾਲ ਨਵਾਜ਼ੇ ਜਾਣ ਸਮੇਤ ਸੁਰੱਖਿਆ ਸਰਵਉੱਚ ਤਰਜੀਹ ਬਣੀ ਹੋਈ ਹੈ। ਉਨ੍ਹਾਂ ਨੇ ਸਥਾਈ ਵਿਕਾਸ ਸੁਨਿਸ਼ਚਿਤ ਕਰਨ ਦੇ ਲਈ ਆਧੁਨਿਕ ਤਕਨੀਕ, ਨੀਤੀਗਤ ਸੁਧਾਰਾਂ ਅਤੇ ਢਾਂਚਾਗਤ ਪਰਿਵਰਤਨਾਂ ਦੇ ਏਕੀਕਰਣ ’ਤੇ ਜ਼ੋਰ ਦਿੱਤਾ। “ਰਾਸ਼ਟਰ ਪ੍ਰਥਮ, ਸਦੈਵ ਪ੍ਰਥਮ” ਦੇ ਸਿਧਾਂਤ ’ਤੇ ਵਿਚਾਰ ਕਰਦੇ ਹੋਏ ਸ਼੍ਰੀ ਵੈਸ਼ਣਵ ਨੇ ਰੇਲਵੇ ਨੂੰ ਉੱਤਮਤਾ ਦਾ ਪ੍ਰਤੀਕ ਬਣਾਈ ਰੱਖਣ ਦੇ ਲਈ ਹਰੇਕ ਨਾਗਰਿਕ, ਖਾਸ ਤੌਰ ’ਤੇ ਪੱਛੜੇ ਲੋਕਾਂ ਦੀ ਕੁਸ਼ਲਤਾ ਅਤੇ ਦੇਖਭਾਲ ਦੇ ਨਾਲ ਸੇਵਾ ਕਰਦੇ ਹੋਏ ਬੇਮਿਸਾਲ ਟੀਮ ਵਰਕ ਅਤੇ ਅਣਥੱਕ ਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਗਲੇ ਸਾਲ ਤੋਂ ਸ਼ਾਨਦਾਰ ਐੱਸਐੱਮਕਿਊਟੀ (ਸਭ ਤੋਂ ਵੱਧ ਸੁਰੱਖਿਅਤ, ਰੱਖ-ਰਖਾਓ, ਗੁਣਵੱਤਾ ਅਤੇ ਸਿਖਲਾਈ) ਅਭਿਆਸਾਂ ਦੇ ਮਾਧਿਅਮ ਰਾਹੀਂ ਰੇਲਵੇ ਦੇ ਕਾਰਜ ਸੱਭਿਆਚਾਰ ਵਿੱਚ ਉੱਤਮਤਾ ਲਿਆਉਣ ਦੇ ਲਈ ਸ਼ੀਲਡ ਦੇ ਨਾਲ-ਨਾਲ ਵਿੱਤੀ ਪੁਰਸਕਾਰਾਂ ਦਾ ਵੀ ਐਲਾਨ ਕੀਤਾ।

ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਭਾਰਤ ਵਿੱਚ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਯਾਤਰਾ ਦੇ ਅਨੁਭਵ ਦੇ ਨਾਲ-ਨਾਲ ਸਸਤੀਆਂ ਰੇਲ ਸੇਵਾਵਾਂ ਪ੍ਰਦਾਨ ਕਰਨ ਦੀ ਭਾਰਤੀ ਰੇਲਵੇ ਦੀ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ। ਨਵੀਂ ਦਿੱਲੀ ਵਿੱਚ ਪ੍ਰਗਤੀ ਮੰਡਪਮ ਵਿਖੇ ਹਿੰਦੀ ਵਿੱਚ ਸਭਾ ਨੂੰ ਸੰਬੋਧਨ ਕਰਦੇ ਹੋਏ ਸੀਆਰਬੀ ਨੇ ਕਿਹਾ ਕਿ ਗਤੀ, ਆਰਾਮ ਅਤੇ ਸੁਰੱਖਿਆ ਦੇ ਸਿਧਾਂਤਾਂ ਵਿੱਚ ਉੱਤਮਤਾ ਸਾਡੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਯਾਤਰੀ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ ਅਤਿ-ਆਧੁਨਿਕ ਤਕਨੀਕ ਨੂੰ ਸ਼ਾਮਲ ਕਰ ਰਹੇ ਹਾਂ। ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਚੌਕਸੀ ਦਾ ਸੱਭਿਆਚਾਰ ਵਿਕਸਿਤ ਕਰਨ ਦੇ ਲਈ ਰੇਲਵੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ।

ਅੰਮ੍ਰਿਤ ਭਾਰਤ ਸਟੇਸ਼ਨ ਵਰਗੇ ਪ੍ਰੋਜੈਕਟ ਲਿਫਟਾਂ, ਐਸਕੇਲੇਟਰਾਂ ਅਤੇ ਦਿਵਿਯਾਂਗਜਨਾਂ ਦੇ ਅਨੁਕੂਲ ਬੁਨਿਆਦੀ ਢਾਂਚੇ ਸਮੇਤ ਵਿਸ਼ਵ ਪੱਧਰੀ ਸਹੂਲਤਾਂ ਨਾਲ ਸਟੇਸ਼ਨਾਂ ਨੂੰ ਬਦਲ ਰਹੇ ਹਨ। ਸ਼੍ਰੀ ਕੁਮਾਰ ਨੇ ਰੇਲਵੇ ਦੇ ਅੰਦਰ ਬੇਮਿਸਾਲ ਟੀਮ ਵਰਕ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਆਪਣੇ ਸੰਚਾਲਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਕਰਾਰ ਦਿੱਤਾ ਅਤੇ ਵੱਡੇ ਪੱਧਰ ’ਤੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਸੱਚੀ ਅਗਵਾਈ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕਰਦੇ ਹੋਏ ਉਨ੍ਹਾਂ ਨੇ ਭਵਿੱਖ ਦੇ ਮਾਪਦੰਡ ਨਿਰਧਾਰਿਤ ਕਰਦੇ ਹੋਏ ਸਮਕਾਲੀ ਮੰਗਾਂ ਨੂੰ ਪੂਰਾ ਕਰਨ ਦੇ ਲਈ ਆਧੁਨਿਕੀਕਰਣ ਅਤੇ ਸੁਰੱਖਿਆ ਦੇ ਰੇਲਵੇ ਦੇ ਮਿਸ਼ਨ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਰੇਲਵੇ ਨਿਰਵਿਘਨ ਗਤੀ, ਆਧੁਨਿਕੀਕਰਣ ਅਤੇ ਭਾਰਤ ਦੇ ਲੋਕਾਂ ਦੀ ਸੇਵਾ ਦੇ ਪ੍ਰਤੀ ਸਮਰਪਣ ਦੇ ਮਾਧਿਅਮ ਦੁਆਰਾ ਉੱਤਮਤਾ ਅਤੇ ਪ੍ਰਗਤੀ ਦਾ ਪ੍ਰਤੀਕ ਹੈ।

ਭਾਰਤੀ ਰੇਲਵੇ ਦੁਆਰਾ ਹਰ ਸਾਲ ਆਪਣੇ ਕਰਮਚਾਰੀਆਂ ਨੂੰ ਵੱਕਾਰੀ ਰੇਲਵੇ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ। ਇਹ ਪੁਰਸਕਾਰ ਦੋ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ, ਵਿਅਕਤੀਗਤ ਪੁਰਸਕਾਰ, ਨਾਲ ਹੀ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਰੇਲਵੇ ਮੰਡਲ ਨੂੰ ਸ਼ੀਲਡ ਪ੍ਰਦਾਨ ਕੀਤੀ ਜਾਂਦੀ ਹੈ। ਵਿਅਕਤੀਗਤ ਪੁਰਸਕਾਰ ਭਾਰਤੀ ਰੇਲਵੇ ਨੂੰ ਵਧੇਰੇ ਕੁਸ਼ਲ, ਸੁਰੱਖਿਅਤ ਅਤੇ ਯਾਤਰੀ-ਅਨੁਕੂਲ ਸੰਗਠਨ ਬਣਾਉਣ ਦੀ ਦਿਸ਼ਾ ਵਿੱਚ ਰੇਲਵੇ ਕਰਮਚਾਰੀਆਂ ਦੇ ਸਮਰਪਣ, ਸਖ਼ਤ ਮਿਹਨਤ ਅਤੇ ਅਸਾਧਾਰਣ ਯੋਗਦਾਨ ਦੀ ਸ਼ਲਾਘਾ ਕਰਨ ਅਤੇ ਜਸ਼ਨ ਮਨਾਉਣ ਦੇ ਮੰਚ ਵਜੋਂ ਕੰਮ ਕਰਦੇ ਹਨ। ਵਿਭਿੰਨ ਸ਼੍ਰੇਣੀਆਂ ਵਿੱਚ ਸ਼ੀਲਡ ਪੁਰਸਕਾਰ ਭਾਰਤੀ ਰੇਲਵੇ ਦੇ ਸਮੁੱਚੇ ਪ੍ਰਦਰਸ਼ਨ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਉਪਲਬਧੀਆਂ ਅਤੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਦਾਨ ਕੀਤੇ ਜਾਂਦੇ ਹਨ।

************

ਐੱਮਜੀ/ ਕੇਸੀ/ ਆਰਕੇ


(Release ID: 2087728) Visitor Counter : 32