ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ (ਆਈਸੀਏ-ICA) ਗਲੋਬਲ ਕੋਆਪਰੇਟਿਵ ਕਾਨਫਰੰਸ 2024 ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਯੂਨਾਇਟਿਡ ਨੇਸ਼ਨਸ ਇੰਟਰਨੈਸ਼ਨਲ ਈਅਰ ਆਵ੍ ਕੋਆਪਰੇਟਿਵਸ 2025 ਲਾਂਚ ਕੀਤਾ
ਪ੍ਰਧਾਨ ਮੰਤਰੀ ਨੇ ਸਹਿਕਾਰਤਾ ਅੰਦੋਲਨ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੇ ਪ੍ਰਤੀਕ ਦੇ ਰੂਪ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ
ਸਹਿਕਾਰਤਾ ਭਾਰਤ ਦੇ ਲਈ ਸੰਸਕ੍ਰਿਤੀ ਦਾ ਅਧਾਰ ਹੈ, ਜੀਵਨ ਪੱਧਤੀ ਹੈ: ਪ੍ਰਧਾਨ ਮੰਤਰੀ
ਭਾਰਤ ਵਿੱਚ ਸਹਿਕਾਰਤਾ ਨੇ ਵਿਚਾਰ ਤੋਂ ਅੰਦੋਲਨ, ਅੰਦੋਲਨ ਤੋਂ ਕ੍ਰਾਂਤੀ ਅਤੇ ਕ੍ਰਾਂਤੀ ਤੋਂ ਸਸ਼ਕਤੀਕਰਣ ਤੱਕ ਦਾ ਸਫ਼ਰ ਤੈ ਕੀਤਾ ਹੈ : ਪ੍ਰਧਾਨ ਮੰਤਰੀ
ਅਸੀਂ ਸਹਿਯੋਗ ਦੇ ਜ਼ਰੀਏ ਸਮ੍ਰਿੱਧੀ ਦੇ ਮੰਤਰ ਦਾ ਪਾਲਨ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਭਾਰਤ ਆਪਣੇ ਭਵਿੱਖ ਦੇ ਵਿਕਾਸ ਵਿੱਚ ਸਹਿਕਾਰਤਾ ਦੀ ਬੜੀ ਭੂਮਿਕਾ ਦੇਖਦਾ ਹੈ : ਪ੍ਰਧਾਨ ਮੰਤਰੀ
ਸਹਿਕਾਰਤਾ ਖੇਤਰ ਵਿੱਚ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ ਹੈ : ਪ੍ਰਧਾਨ ਮੰਤਰੀ
ਭਾਰਤ ਦਾ ਮੰਨਣਾ ਹੈ ਕਿ ਸਹਿਕਾਰਤਾ ਆਲਮੀ ਸਹਿਯੋਗ ਨੂੰ ਨਵੀਂ ਊਰਜਾ ਦੇ ਸਕਦੀ ਹੈ: ਪ੍ਰਧਾਨ ਮੰਤਰੀ
Posted On:
25 NOV 2024 6:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ (ਆਈਸੀਏ-ICA) ਗਲੋਬਲ ਕੋਆਪਰੇਟਿਵ ਕਾਨਫਰੰਸ 2024 ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਭੂਟਾਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਦਾਸ਼ੋ ਸ਼ੇਰਿੰਗ ਟੋਬਗੇ (His Excellency Dasho Tshering Tobgay), ਫਿਜੀ ਦੇ ਡਿਪਟੀ ਪ੍ਰਧਾਨ ਮੰਤਰੀ ਮਹਾਮਹਿਮ ਮਨੋਆ ਕਾਮਿਕਾਮਿਕਾ (His Excellency Manoa Kamikamica), ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਭਾਰਤ ਦੇ ਸੰਯੁਕਤ ਰਾਸ਼ਟਰ ਦੇ ਸਥਾਨਕ ਕੋਆਡੀਨੇਟਰ ਸ਼੍ਰੀ ਸ਼ੋਂਬੀ ਸ਼ਾਰਪ (Mr Shombi Sharp), ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ (ਆਈਸੀਏ-ICA) ਦੇ ਪ੍ਰੈਜ਼ੀਡੈਂਟ, ਸ਼੍ਰੀ ਏਰੀਅਲ ਗਵਾਰਕੋ (Mr. Ariel Guarco), ਵਿਭਿੰਨ ਦੇਸ਼ਾਂ ਦੇ ਪਤਵੰਤੇ ਵਿਅਕਤੀਆਂ ਅਤੇ ਹੋਰ ਮਹਿਲਾਵਾਂ ਤੇ ਪੁਰਸ਼ਾਂ ਦਾ ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ (ਆਈਸੀਏ-ICA) ਗਲੋਬਲ ਕੋਆਪਰੇਟਿਵ ਕਾਨਫਰੰਸ 2024 ਵਿੱਚ ਸੁਆਗਤ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਇਹ ਅਭਿਨੰਦਨ ਸਿਰਫ਼ ਉਨ੍ਹਾਂ ਦੀ ਤਰਫ਼ੋਂ ਨਹੀਂ ਬਲਕਿ ਹਜ਼ਾਰਾਂ ਕਿਸਾਨਾਂ, ਪਸ਼ੂਪਾਲਕਾਂ, ਮਛੇਰਿਆਂ, 8 ਲੱਖ ਤੋਂ ਅਧਿਕ ਸਹਿਕਾਰੀ ਸੁਸਾਇਟੀਆਂ ਅਤੇ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ 10 ਕਰੋੜ ਮਹਿਲਾਵਾਂ ਅਤੇ ਸਹਿਕਾਰਤਾ ਦੇ ਨਾਲ ਟੈਕਨੋਲੋਜੀ ਨੂੰ ਜੋੜਨ ਵਾਲੇ ਨੌਜਵਾਨਾਂ ਦੀ ਤਰਫ਼ੋਂ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਭਾਰਤ ਵਿੱਚ ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ ਦਾ ਆਲਮੀ ਸਹਿਕਾਰੀ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਸ ਲਈ ਭੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਸਹਿਕਾਰਤਾ ਅੰਦੋਲਨ ਦਾ ਵਿਸਤਾਰ ਹੋ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਭਾਰਤ ਦੀ ਸਹਿਕਾਰੀ ਯਾਤਰਾ ਦੇ ਭਵਿੱਖ ਨੂੰ ਆਲਮੀ ਸਹਿਕਾਰੀ ਸੰਮੇਲਨ ਤੋਂ ਜ਼ਰੂਰੀ ਅੰਤਰਦ੍ਰਿਸ਼ਟੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਲਦੇ ਵਿੱਚ ਆਲਮੀ ਸਹਿਕਾਰੀ ਅੰਦੋਲਨ ਨੂੰ ਭਾਰਤ ਦੇ ਸਹਿਕਾਰਤਾ ਦੇ ਸਮ੍ਰਿੱਧ ਅਨੁਭਵ ਨਾਲ 21ਵੀਂ ਸਦੀ ਦੀ ਨਵੀਂ ਭਾਵਨਾ ਅਤੇ ਨਵੀਨਤਮ ਉਪਕਰਣ ਪ੍ਰਾਪਤ ਹੋਣਗੇ। ਸ਼੍ਰੀ ਮੋਦੀ ਨੇ 2025 ਨੂੰ ਇੰਟਰਨੈਸ਼ਨਲ ਈਅਰ ਆਵ੍ ਕੋਆਪਰੇਟਿਵਸ ਐਲਾਨਣ ਦੇ ਲਈ ਸੰਯੁਕਤ ਰਾਸ਼ਟਰ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਸਦੀਆਂ ਪੁਰਾਣੀ ਸੰਸਕ੍ਰਿਤੀ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੁਨੀਆ ਦੇ ਲਈ ਸਹਿਕਾਰਤਾ ਇੱਕ ਮਾਡਲ ਹੈ, ਲੇਕਿਨ ਭਾਰਤ ਦੇ ਲਈ ਇਹ ਸੰਸਕ੍ਰਿਤੀ ਦਾ ਅਧਾਰ ਹੈ ਅਤੇ ਜੀਵਨ ਪੱਧਤੀ ਹੈ। ਸ਼੍ਰੀ ਮੋਦੀ ਨੇ ਭਾਰਤੀ ਧਰਮਗ੍ਰੰਥਾਂ ਵਿੱਚ ਉੱਲੇਖ ਕੀਤੇ ਵਿਆਖਿਆਨਾਂ ਦਾ ਭੀ ਉੱਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਵੇਦਾਂ ਵਿੱਚ ਕਿਹਾ ਗਿਆ ਹੈ, “ਸਾਨੂੰ ਸਭ ਨੂੰ ਇਕੱਠੇ ਚਲਣਾ ਚਾਹੀਦਾ ਹੈ ਅਤੇ ਇੱਕ ਸੁਰ ਵਿੱਚ ਬੋਲਣਾ ਚਾਹੀਦਾ ਹੈ, ਜਦਕਿ ਸਾਡੇ ਉਪਨਿਸ਼ਦ ਸਾਨੂੰ ਸ਼ਾਂਤੀਪੂਰਵਕ ਰਹਿਣ ਦੇ ਲਈ ਕਹਿੰਦੇ ਹਨ, ਸਾਨੂੰ ਸਹਿ-ਹੋਂਦਵ ਦਾ ਮਹੱਤਵ ਸਿਖਾਉਂਦੇ ਹਨ, ਇਹ ਇੱਕ ਅਜਿਹਾ ਭਾਵ ਹੈ, ਜੋ ਭਾਰਤੀ ਪਰਿਵਾਰਾਂ ਦਾ ਭੀ ਅਭਿੰਨ ਅੰਗ ਹੈ ਅਤੇ ਇਸੇ ਤਰ੍ਹਾਂ ਸਹਿਕਾਰਤਾ ਦੀ ਉਤਪਤੀ ਦਾ ਮੂਲ ਭੀ ਇਹੀ ਹੈ।”
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਪ੍ਰੇਰਣਾ ਭੀ ਸਹਿਕਾਰਤਾ ਤੋਂ ਹੀ ਮਿਲੀ ਸੀ ਅਤੇ ਇਸ ਨਾਲ ਨਾ ਕੇਵਲ ਆਰਥਿਕ ਸਸ਼ਕਤੀਕਰਣ ਹੋਇਆ ਬਲਕਿ ਸੁਤੰਤਰਤਾ ਸੈਨਾਨੀਆਂ ਨੂੰ ਇੱਕ ਸਮਾਜਿਕ ਮੰਚ ਭੀ ਮਿਲਿਆ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦੇ ਗ੍ਰਾਮ ਸਵਰਾਜ ਅੰਦੋਲਨ (Gram Swaraj movement) ਨੇ ਸਮੁਦਾਇਕ ਭਾਗੀਦਾਰੀ ਨੂੰ ਨਵੀਂ ਗਤੀ ਦਿੱਤੀ ਅਤੇ ਖਾਦੀ ਅਤੇ ਗ੍ਰਾਮ ਉਦਯੋਗ ਦੀਆਂ ਸਹਿਕਾਰਤਾਵਾਂ ਦੀ ਮਦਦ ਨਾਲ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ। ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਸਹਿਕਾਰਤਾ ਨੇ ਹੀ ਖਾਦੀ ਅਤੇ ਗ੍ਰਾਮ ਉਦਯੋਗ ਨੂੰ ਮੁਕਾਬਲੇਬਾਜ਼ੀ ਵਿੱਚ ਬੜੇ ਬ੍ਰਾਂਡਾਂ ਤੋਂ ਅੱਗੇ ਨਿਕਲਣ ਵਿੱਚ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਦੁੱਧ ਸਹਿਕਾਰੀ ਸਭਾਵਾਂ ਦਾ ਉਪਯੋਗ ਕਰਕੇ ਕਿਸਾਨਾਂ ਨੂੰ ਇਕਜੁੱਟ ਕੀਤਾ ਅਤੇ ਸੁਤੰਤਰਤਾ ਸੰਗ੍ਰਾਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਸਮੇਂ ਦਾ ਉਤਪਾਦ ਅਮੂਲ (AMUL) ਟੌਪ ਗਲੋਬਲ ਫੂਡ ਬ੍ਰਾਂਡਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਹਿਕਾਰਤਾ ਨੇ ਵਿਚਾਰ ਤੋਂ ਅੰਦੋਲਨ, ਅੰਦੋਲਨ ਤੋਂ ਕ੍ਰਾਂਤੀ ਅਤੇ ਕ੍ਰਾਂਤੀ ਤੋਂ ਸਸ਼ਕਤੀਕਰਣ ਤੱਕ ਦਾ ਸਫ਼ਰ ਤੈ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਸ਼ਾਸਨ ਨੂੰ ਸਹਿਕਾਰਤਾ ਦੇ ਨਾਲ ਜੋੜ ਕੇ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿੱਚ 8 ਲੱਖ ਸਹਿਕਾਰੀ ਕਮੇਟੀਆਂ ਹਨ, ਜਿਸ ਦਾ ਅਰਥ ਹੈ ਕਿ ਦੁਨੀਆ ਦੀ ਹਰ ਚੌਥੀ ਕਮੇਟੀ ਭਾਰਤ ਵਿੱਚ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸੰਖਿਆ ਜਿਤਨੀ ਹੀ ਵਿਵਧਤਾਪੂਰਨ ਹੈ, ਉਤਨੀ ਹੀ ਵਿਆਪਕ ਭੀ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਹਿਕਾਰੀ ਸਭਾਵਾਂ ਗ੍ਰਾਮੀਣ ਭਾਰਤ ਦੇ ਲਗਭਗ 98 ਪ੍ਰਤੀਸ਼ਤ ਹਿੱਸੇ ਨੂੰ ਕਵਰ ਕਰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਰੀਬ 30 ਕਰੋੜ ਲੋਕ, ਯਾਨੀ ਹਰ ਪੰਜ ਵਿੱਚੋਂ ਇੱਕ ਭਾਰਤੀ ਸਹਿਕਾਰੀ ਖੇਤਰ ਨਾਲ ਜੁੜਿਆ ਹੋਇਆ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਵਿੱਚ ਸ਼ਹਿਰੀ ਅਤੇ ਆਵਾਸੀ ਸਹਿਕਾਰੀ ਸਭਾਵਾਂ ਦਾ ਬਹੁਤ ਵਿਸਤਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਚੀਨੀ, ਖਾਦ, ਮੱਛੀ ਪਾਲਣ ਅਤੇ ਦੁੱਧ ਉਤਪਾਦਨ ਉਦਯੋਗਾਂ ਵਿੱਚ ਬਹੁਤ ਬੜੀ ਭੂਮਿਕਾ ਨਿਭਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਲਗਭਗ 2 ਲੱਖ (ਦੋ ਸੌ ਹਜ਼ਾਰ) ਆਵਾਸ ਸਹਿਕਾਰੀ ਸਭਾਵਾਂ ਹਨ। ਭਾਰਤ ਦੇ ਸਹਿਕਾਰੀ ਬੈਂਕਿੰਗ ਖੇਤਰ ਨੂੰ ਮਜ਼ਬੂਤ ਕਰਨ ਵਿੱਚ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਭਰ ਦੇ ਸਹਿਕਾਰੀ ਬੈਂਕਾਂ ਵਿੱਚ ਹੁਣ 12 ਲੱਖ ਕਰੋੜ ਰੁਪਏ ਤੋਂ ਅਧਿਕ ਜਮ੍ਹਾਂ ਹਨ, ਜੋ ਇਨ੍ਹਾਂ ਸੰਸਥਾਵਾਂ ਦੇ ਪ੍ਰਤੀ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸਹਿਕਾਰੀ ਬੈਂਕਿੰਗ ਪ੍ਰਣਾਲੀ ਨੂੰ ਵਧਾਉਣ ਦੇ ਲਈ ਕਈ ਸੁਧਾਰ ਲਾਗੂ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੂੰ ਭਾਰਤ ਰਿਜ਼ਰਵ ਬੈਂਕ (ਆਰਬੀਆਈ) ਦੇ ਦਾਇਰੇ ਵਿੱਚ ਲਿਆਉਣਾ ਅਤੇ ਜਮ੍ਹਾਂ ਬੀਮਾ ਕਵਰੇਜ ਨੂੰ ਵਧਾ ਕੇ ਪ੍ਰਤੀ ਜਮ੍ਹਾਕਰਤਾ 5 ਲੱਖ ਰੁਪਏ ਕਰਨਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਅਧਿਕ ਮੁਕਾਬਲੇਬਾਜ਼ੀ ਅਤੇ ਪਾਰਦਰਸ਼ਤਾ ਦੇ ਵਿਸਤਾਰ ‘ਤੇ ਭੀ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਭਾਰਤੀ ਸਹਿਕਾਰੀ ਬੈਂਕਾਂ ਨੂੰ ਅਧਿਕ ਸੁਰੱਖਿਅਤ ਤੇ ਕੁਸ਼ਲ ਵਿੱਤੀ ਸੰਸਥਾਨ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਮਿਲੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਭਵਿੱਖ ਦੇ ਵਿਕਾਸ ਵਿੱਚ ਸਹਿਕਾਰਤਾ ਦੀ ਬਹੁਤ ਬੜੀ ਭੂਮਿਕਾ ਦੇਖਦਾ ਹੈ ਅਤੇ ਇਸ ਲਈ, ਪਿਛਲੇ ਕੁਝ ਵਰ੍ਹਿਆਂ ਵਿੱਚ ਸਰਕਾਰ ਨੇ ਕਈ ਸੁਧਾਰਾਂ ਦੇ ਜ਼ਰੀਏ ਸਹਿਕਾਰਤਾ ਨਾਲ ਸਬੰਧਿਤ ਪੂਰੇ ਈਕੋਸਿਸਟਮ ਨੂੰ ਬਦਲਣ ਦਾ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਪ੍ਰਯਾਸ ਸਹਿਕਾਰੀ ਸਭਾਵਾਂ ਨੂੰ ਬਹੁਉਦੇਸ਼ੀ ਬਣਾਉਣਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਲਕਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਅਲੱਗ ਸਹਿਕਾਰਤਾ ਮੰਤਰਾਲਾ ਭੀ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਬਹੁਉਦੇਸ਼ੀ ਬਣਾਉਣ ਦੇ ਲਈ ਇੱਕ ਨਵਾਂ ਮਾਡਲ ਉਪਨਿਯਮ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਹਿਕਾਰੀ ਸਭਾਵਾਂ ਨੂੰ ਸੂਚਨਾ ਟੈਕਨੋਲੋਜੀ-ਸੂਖਮ ਈਕੋਸਿਸਟਮ ਨਾਲ ਜੋੜਿਆ ਹੈ, ਜਿੱਥੇ ਸਹਿਕਾਰੀ ਸਭਾਵਾਂ ਨੂੰ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਸਹਿਕਾਰੀ ਬੈਂਕਿੰਗ ਸੰਸਥਾਨਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਹਿਕਾਰੀ ਸਭਾਵਾਂ ਪਿੰਡਾਂ ਵਿੱਚ ਕਈ ਤਰ੍ਹਾਂ ਦੇ ਕਾਰਜਾਂ ਵਿੱਚ ਸ਼ਾਮਲ ਹਨ, ਜਿਵੇਂ ਭਾਰਤ ਵਿੱਚ ਕਿਸਾਨਾਂ ਨੂੰ ਸਥਾਨਕ ਸਮਾਧਾਨ ਪ੍ਰਦਾਨ ਕਰਨ ਵਾਲੇ ਕੇਂਦਰ ਚਲਾਉਣਾ, ਪੈਟ੍ਰੋਲ ਅਤੇ ਡੀਜਲ ਦੀਆਂ ਖੁਦਰਾ ਦੁਕਾਨਾਂ ਚਲਾਉਣਾ, ਜਲ ਪ੍ਰਬੰਧਨ ਦਾ ਕੰਮ ਦੇਖਣਾ ਅਤੇ ਸੌਰ ਪੈਨਲ ਲਗਾਉਣਾ। ਸ਼੍ਰੀ ਮੋਦੀ ਨੇ ਕਿਹਾ ਕਿ ਕਚਰੇ ਤੋਂ ਊਰਜਾ ਦੇ ਮੰਤਰ ਦੇ ਨਾਲ ਅੱਜ ਸਹਿਕਾਰੀ ਸਭਾਵਾਂ ਗੋਬਰਧਨ ਯੋਜਨਾ ਵਿੱਚ ਭੀ ਮਦਦ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਹੁਣ ਕੌਮਨ ਸਰਵਿਸ ਸੈਂਟਰ ਦੇ ਰੂਪ ਵਿੱਚ ਪਿੰਡਾਂ ਵਿੱਚ ਡਿਜੀਟਲ ਸੇਵਾਵਾਂ ਭੀ ਪ੍ਰਦਾਨ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਪ੍ਰਯਾਸ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੇ ਮੈਂਬਰਾਂ ਦੀ ਆਮਦਨ ਵਧਾਉਣਾ ਹੈ।
ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਇਸ ਤਰ੍ਹਾਂ ਦੇ ਪਿੰਡਾਂ ਵਿੱਚ 2 ਲੱਖ ਬਹੁਉਦੇਸ਼ੀ ਸਹਿਕਾਰੀ ਸਭਾਵਾਂ ਬਣਾ ਰਹੀ ਹੈ, ਜਿੱਥੇ ਹੁਣ ਤੱਕ ਕੋਈ ਸਭਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦਾ ਵਿਸਤਾਰ ਮੈਨੂਫੈਕਚਰਿੰਗ ਤੋਂ ਲੈ ਕੇ ਸੇਵਾ ਖੇਤਰ ਤੱਕ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਸਹਿਕਾਰੀ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਬੜੀ ਅਨਾਜ ਭੰਡਾਰਣ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਦੁਆਰਾ ਲਾਗੂ ਕੀਤੀ ਜਾ ਰਹੀ ਇਸ ਯੋਜਨਾ ਦੇ ਤਹਿਤ ਪੂਰੇ ਭਾਰਤ ਵਿੱਚ ਗੋਦਾਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕਿਸਾਨ ਅਪਣੀ ਫਸਲ ਰੱਖ ਸਕਦੇ ਹਨ ਅਤੇ ਇਸ ਪਹਿਲ ਨਾਲ ਛੋਟੇ ਕਿਸਾਨਾਂ ਨੂੰ ਸਭ ਤੋਂ ਅਧਿਕ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼-FPOs) ਦੇ ਗਠਨ ਦੇ ਜ਼ਰੀਏ ਛੋਟੇ ਕਿਸਾਨਾਂ ਨੂੰ ਸਹਿਯੋਗ ਦੇਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਛੋਟੇ ਕਿਸਾਨਾਂ ਨੂੰ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼-FPOs) ਵਿੱਚ ਸੰਗਠਿਤ ਕਰ ਰਹੇ ਹਾਂ ਅਤੇ ਇਨ੍ਹਾਂ ਸੰਗਠਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਜ਼ਰੂਰੀ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਸ਼੍ਰੀ ਮੋਦੀ ਨੇ ਇਸ ਤੱਥ ਦਾ ਉੱਲੇਖ ਕੀਤਾ ਕਿ ਲਗਭਗ 9000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼-FPOs) ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦਾ ਉਦੇਸ਼ ਖੇਤ ਤੋਂ ਲੈ ਕੇ ਰਸੋਈ ਅਤੇ ਬਜ਼ਾਰ ਤੱਕ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਲਈ ਇੱਕ ਮਜ਼ਬੂਤ ਸਪਲਾਈ ਅਤੇ ਵੈਲਿਊ ਚੇਨ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਪ੍ਰਯਾਸ ਖੇਤੀਬਾੜੀ ਉਤਪਾਦਾਂ ਦੇ ਲਈ ਇੱਕ ਨਿਰਵਿਘਨ ਲਿੰਕ ਬਣਾਉਣਾ ਹੈ, ਜਿਸ ਵਿੱਚ ਦਕਸ਼ਤਾ ਵਧਾਉਣ ਦੇ ਲਈ ਆਧੁਨਿਕ ਤਕਨੀਕ ਦਾ ਲਾਭ ਉਠਾਇਆ ਜਾ ਸਕੇ। ਪ੍ਰਧਾਨ ਮੰਤਰੀ ਨੇ ਇਨ੍ਹਾਂ ਸਹਿਕਾਰੀ ਸਭਾਵਾਂ ਦੀ ਪਹੁੰਚ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਿੱਚ ਡਿਜੀਟਲ ਪਲੈਟਫਾਰਮਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਹਿਕਾਰੀ ਸਭਾਵਾਂ ਨੂੰ ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ (ਓਐੱਨਡੀਸੀ-ONDC) ਜਿਹੇ ਪਬਲਿਕ ਈ-ਕਮਰਸ ਪਲੈਟਫਾਰਮਾਂ ਦੇ ਜ਼ਰੀਏ ਆਪਣੇ ਉਤਪਾਦਾਂ ਨੂੰ ਵੇਚਣ ਦੇ ਸਮਰੱਥ ਬਣਾ ਰਹੀ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਉਤਪਾਦ ਸਭ ਤੋਂ ਸਸਤੀਆਂ ਕੀਮਤਾਂ ‘ਤੇ ਸਿੱਧੇ ਉਪਭੋਗਕਰਤਾਵਾਂ ਤੱਕ ਪਹੁੰਚੇ।
ਸ਼੍ਰੀ ਮੋਦੀ ਨੇ ਸਹਿਕਾਰੀ ਸਭਾਵਾਂ ਨੂੰ ਆਪਣੀ ਬਜ਼ਾਰ ਉਪਸਥਿਤੀ ਦਾ ਵਿਸਤਾਰ ਕਰਨ ਦੇ ਲਈ ਇੱਕ ਨਵਾਂ ਚੈਨਲ ਪ੍ਰਦਾਨ ਕਰਨ ਦੇ ਲਈ ਸਰਕਾਰੀ ਈ-ਮਾਰਕਿਟਪਲੇਸ (GeM) ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਅਤੇ ਕਿਸਾਨਾਂ ਨੂੰ ਮੁਕਾਬਲੇਬਾਜ਼ ਬਣਾ ਕੇ ਡਿਜੀਟਲ ਅਰਥਵਿਵਸਥਾ ਵਿੱਚ ਅੱਗੇ ਵਧਾਉਣ ਦੇ ਲਈ ਜ਼ਰੂਰੀ ਉਪਕਰਣਾਂ ਦੇ ਨਾਲ ਸਸ਼ਕਤ ਕਰਨ ‘ਤੇ ਸਰਕਾਰ ਦੇ ਵਿਸ਼ੇਸ਼ ਧਿਆਨ ਦੇਣ ਨੂੰ ਦਰਸਾਉਂਦੀ ਹੈ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਇਸ ਸਦੀ ਦੇ ਆਲਮੀ ਵਿਕਾਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਇੱਕ ਪ੍ਰਮੁੱਖ ਕਾਰਕ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਦੇਸ਼ ਜਾਂ ਸਮਾਜ ਮਹਿਲਾਵਾਂ ਨੂੰ ਜਿਤਨੀ ਅਧਿਕ ਭਾਗੀਦਾਰੀ ਦੇਵੇਗਾ, ਉਹ ਉਤਨੀ ਹੀ ਤੇਜ਼ੀ ਨਾਲ ਵਿਕਾਸ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦਾ ਯੁਗ ਹੈ ਅਤੇ ਸਹਿਕਾਰੀ ਖੇਤਰੀ ਵਿੱਚ ਭੀ ਮਹਿਲਾਵਾਂ ਦੀ ਬੜੀ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਦੇਸ਼ ਦੀਆਂ ਮਹਿਲਾਵਾਂ ਦੀ ਭਾਗੀਦਾਰੀ 60 ਪ੍ਰਤੀਸ਼ਤ ਤੋਂ ਅਧਿਕ ਹੈ ਅਤੇ ਕਈ ਮਹਿਲਾ-ਅਗਵਾਈ ਵਾਲੀਆਂ ਸਹਿਕਾਰੀ ਸਭਾਵਾਂ ਭਾਰਤ ਦੇ ਸਹਿਕਾਰੀ ਖੇਤਰ ਦੀ ਤਾਕਤ ਬਣ ਚੁੱਕੀਆਂ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਪ੍ਰਯਾਸ ਸਹਿਕਾਰੀ ਸਭਾਵਾਂ ਦੇ ਪ੍ਰਬੰਧਨ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਇਸ ਦਿਸ਼ਾ ਵਿੱਚ ਬਹੁ-ਰਾਜ ਸਹਿਕਾਰੀ ਸਭਾ ਅਧਿਨਿਯਮ ਵਿੱਚ ਸੰਸ਼ੋਧਨ ਕੀਤਾ ਹੈ ਅਤੇ ਬਹੁ-ਰਾਜ ਸਹਿਕਾਰੀ ਸਭਾ ਦੇ ਬੋਰਡ ਵਿੱਚ ਮਹਿਲਾ ਡਾਇਰੈਕਟਰਾਂ ਦਾ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੰਚਿਤ ਵਰਗਾਂ ਦੀ ਭਾਗੀਦਾਰੀ ਅਤੇ ਸਭਾਵਾਂ ਨੂੰ ਅਧਿਕ ਸਮਾਵੇਸ਼ੀ ਬਣਾਉਣ ਦੇ ਲਈ ਰਿਜ਼ਰਵੇਸ਼ਨ ਭੀ ਦਿੱਤੀ ਗਈ ਹੈ।
ਸੈਲਫ ਹੈਲਪ ਗਰੁੱਪਾਂ ਦੇ ਰੂਪ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਜ਼ਰੀਏ ਮਹਿਲਾ ਸਸ਼ਕਤੀਕਰਣ ਦੇ ਵਿਆਪਕ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ 10 ਕਰੋੜ ਮਹਿਲਾ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਵਿੱਚ ਇਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ 9 ਲੱਖ ਕਰੋੜ ਰੁਪਏ ਜਾਂ 9 ਟ੍ਰਿਲੀਅਨ ਰੁਪਏ ਦਾ ਸਸਤਾ ਰਿਣ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਨੇ ਪਿੰਡਾਂ ਵਿੱਚ ਬਹੁਤ ਅਧਿਕ ਸੰਪਤੀ ਅਰਜਿਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਹਿਲਾ ਸਸ਼ਕਤੀਕਰਣ ਦੇ ਮੈਗਾ ਮਾਡਲ ਦੇ ਰੂਪ ਵਿੱਚ ਅਪਣਾਇਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ 21ਵੀਂ ਸਦੀ ਵਿੱਚ ਆਲਮੀ ਸਹਿਕਾਰੀ ਅੰਦੋਲਨ ਦੀ ਦਿਸ਼ਾ ਤੈ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਸਹਿਕਾਰੀ ਸਭਾਵਾਂ ਦੇ ਲਈ ਸਰਲ ਅਤੇ ਪਾਰਦਰਸ਼ੀ ਵਿੱਤ ਪੋਸ਼ਣ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਇੱਕ ਸਹਿਯੋਗਤਮਕ ਵਿੱਤੀ ਮਾਡਲ ਬਾਰੇ ਸੋਚਣਾ ਹੋਵੇਗਾ। ਉਨ੍ਹਾਂ ਨੇ ਛੋਟੀਆਂ ਤੇ ਆਰਥਿਕ ਤੌਰ ‘ਤੇ ਨਿਰਬਲ ਸਹਿਕਾਰੀ ਸਭਾਵਾਂ ਨੂੰ ਸਹਾਇਤਾ ਦੇਣ ਦੇ ਲਈ ਵਿੱਤੀ ਸੰਸਾਧਨਾਂ ਨੂੰ ਇੱਕਤਰ ਕਰਨ ਦੇ ਮਹੱਤਵ ‘ਤੇ ਬਲ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਂਝਾ ਵਿੱਤੀ ਮੰਚ ਬੜੇ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਅਤੇ ਸਹਿਕਾਰੀ ਸਭਾਵਾਂ ਨੂੰ ਰਿਣ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਖਰੀਦ, ਉਤਪਾਦਨ ਅਤੇ ਵੰਡ ਪ੍ਰਕਿਰਿਆਵਾਂ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈ ਕੇ ਸਪਲਾਈ ਚੇਨ ਨੂੰ ਵਧਾਉਣ ਵਿੱਚ ਸਹਿਕਾਰੀ ਸਭਾਵਾਂ ਦੀ ਸਮਰੱਥਾ ‘ਤੇ ਭੀ ਪ੍ਰਕਾਸ਼ ਪਾਇਆ।
ਸ਼੍ਰੀ ਮੋਦੀ ਨੇ ਦੁਨੀਆ ਭਰ ਵਿੱਚ ਸਹਿਕਾਰੀ ਸਭਾਵਾਂ ਨੂੰ ਵਿੱਤ ਪੋਸ਼ਿਤ ਕਰਨ ਦੇ ਸਮਰੱਥ ਆਲਮੀ ਵਿੱਤੀ ਸੰਸਥਾਨਾਂ ਦੇ ਨਿਰਮਾਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਆਈਸੀਏ (ICA) ਦੀ ਬੜੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਇਸ ਤੋਂ ਅੱਗੇ ਵਧਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀ ਮੌਜੂਦਾ ਸਥਿਤੀ ਸਹਿਕਾਰੀ ਅੰਦੋਲਨ ਦੇ ਲਈ ਇੱਕ ਬੜਾ ਅਵਸਰ ਪੇਸ਼ ਕਰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਹਿਕਾਰਤਾ ਨੂੰ ਦੁਨੀਆ ਵਿੱਚ ਅਖੰਡਤਾ ਅਤੇ ਆਪਸੀ ਸਨਮਾਨ ਦਾ ਝੰਡਾ ਬਰਦਾਰ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਨੀਤੀਆਂ ਵਿੱਚ ਇਨੋਵੇਸ਼ਨ ਲਿਆਉਣ ਅਤੇ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ। ਸਹਿਕਾਰਤਾ ਨੂੰ ਜਲਵਾਯੂ ਦੇ ਪ੍ਰਤੀ ਲਚੀਲਾ ਬਣਾਉਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਚੱਕਰੀ ਅਰਥਵਿਵਸਥਾ ਨਾਲ ਜੋੜਿਆ ਜਾਣਾ ਚਾਹੀਦਾ ਹੈ ਅਤੇ ਸਹਿਕਾਰਤਾ ਵਿੱਚ ਸਟਾਰਟ-ਅਪ ਨੂੰ ਹੁਲਾਰਾ ਦੇਣ ਦੀ ਤਤਕਾਲ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਭਾਰਤ ਦਾ ਮੰਨਣਾ ਹੈ ਕਿ ਸਹਿਕਾਰਤਾ ਆਲਮੀ ਸਹਿਯੋਗ ਨੂੰ ਨਵੀਂ ਊਰਜਾ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਗਲੋਬਲ ਸਾਊਥ ਦੇ ਦੇਸ਼ਾਂ ਨੂੰ, ਵਿਸ਼ੇਸ਼ ਤੌਰ ‘ਤੇ, ਉਸ ਤਰ੍ਹਾਂ ਦਾ ਵਾਧਾ ਹਾਸਲ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਲਈ ਅੱਜ ਸਹਿਕਾਰਤਾ ਦੇ ਅੰਤਰਰਾਸ਼ਟਰੀ ਸਹਿਯੋਗ ਦੇ ਲਈ ਨਵੇਂ ਤਰੀਕੇ ਖੋਜਣ ਦੀ ਜ਼ਰੂਰਤ ਹੈ ਅਤੇ ਅੱਜ ਦਾ ਆਲਮੀ ਸੰਮੇਲਨ ਬਹੁਤ ਮਦਦਗਾਰ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਸਮਾਵੇਸ਼ੀ ਵਿਕਾਸ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਅੱਜ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ ਅਤੇ ਸਾਡਾ ਲਕਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਇਸ ਵਿਕਾਸ ਦਾ ਲਾਭ ਸਭ ਤੋਂ ਗ਼ਰੀਬ ਵਿਅਕਤ ਤੱਕ ਪਹੁੰਚੇ। ਸ਼੍ਰੀ ਮੋਦੀ ਨੇ ਭਾਰਤ ਅਤੇ ਵਿਸ਼ਵ ਪੱਧਰ ‘ਤੇ ਵਿਕਾਸ ਨੂੰ ਮਾਨਵ-ਕ੍ਰੇਂਦਿਤ ਦ੍ਰਿਸ਼ਟੀਕੋਣ ਨਾਲ ਦੇਖਣ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਸਾਡੇ ਸਾਰੇ ਕਾਰਜਾਂ ਵਿੱਚ ਮਾਨਵ-ਕੇਂਦ੍ਰਿਤ ਭਾਵਨਾਵਾਂ ਪ੍ਰਬਲ ਹੋਣੀਆਂ ਚਾਹੀਦੀਆਂ ਹਨ। ਆਲਮੀ ਕੋਵਿਡ-19 ਸੰਕਟ ਦੇ ਦੌਰਾਨ ਭਾਰਤ ਦੀ ਪ੍ਰਤੀਕਿਰਿਆ ‘ਤੇ ਵਿਚਾਰ ਰੱਖਦੇ ਹੋਏ ਉਨ੍ਹਾਂ ਨੇ ਇਹ ਯਾਦ ਦਿਵਾਇਆ ਕਿ ਕਿਵੇਂ ਭਾਰਤ ਦੁਨੀਆ ਖਾਸ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਦੇ ਨਾਲ ਜ਼ਰੂਰੀ ਦਵਾਈਆਂ ਅਤੇ ਟੀਕੇ ਸਾਂਝੇ ਕਰਕੇ ਨਾਲ ਖੜ੍ਹਾ ਰਿਹਾ ਸੀ। ਪ੍ਰਧਾਨ ਮੰਤਰੀ ਨੇ ਸੰਕਟ ਦੇ ਸਮੇਂ ਵਿੱਚ ਕਰੁਣਾ ਅਤੇ ਇਕਜੁੱਟਤਾ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਅਜਿਹਾ ਸਮਾਂ ਰਿਹਾ ਹੈ ਜਦੋਂ ਆਰਥਿਕ ਤਰਕ ਨੇ ਸਥਿਤੀ ਦਾ ਲਾਭ ਉਠਾਉਣ ਦਾ ਸੁਝਾਅ ਦਿੱਤਾ ਹੋ ਸਕਦਾ ਹੈ, ਲੇਕਿਨ ਸਾਡੀ ਮਾਨਵਤਾ ਦੀ ਭਾਵਨਾ ਨੇ ਸਾਨੂੰ ਸੇਵਾ ਦਾ ਮਾਰਗ ਚੁਣਨ ਦੇ ਲਈ ਪ੍ਰੇਰਿਤ ਕੀਤਾ ਸੀ।
ਸ਼੍ਰੀ ਮੋਦੀ ਨੇ ਸਹਿਕਾਰਤਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਹ ਕੇਵਲ ਸੰਰਚਨਾ, ਨਿਯਮ ਤੇ ਰੈਗੂਲੇਸ਼ਨ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਨ੍ਹਾਂ ਤੋਂ ਸੰਸਥਾਵਾਂ ਬਣਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਦਾ ਅੱਗੇ ਵਿਕਾਸ ਅਤੇ ਵਿਸਤਾਰ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਦੀ ਭਾਵਨਾ ਸਭ ਤੋਂ ਮਹੱਤਵਪੂਰਨ ਹੈ ਅਤੇ ਇਹ ਸਹਿਕਾਰਤਾ ਦੀ ਭਾਵਨਾ ਇਸ ਅੰਦੋਲਨ ਦੀ ਜੀਵਨ ਸ਼ਕਤੀ ਹੈ ਅਤੇ ਸਹਿਕਾਰਤਾ ਦੀ ਸੰਸਕ੍ਰਿਤੀ ਤੋਂ ਆਉਂਦੀ ਹੈ। ਮਹਾਤਮਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਕਿ ਸਹਿਕਾਰਤਾ ਦੀ ਸਫ਼ਲਤਾ ਉਨ੍ਹਾਂ ਦੀ ਸੰਖਿਆ ‘ਤੇ ਨਹੀਂ ਬਲਕਿ ਉਨ੍ਹਾਂ ਦੇ ਮੈਂਬਰਾਂ ਦੇ ਨੈਤਿਕ ਵਿਕਾਸ ‘ਤੇ ਨਿਰਭਰ ਕਰਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਨੈਤਿਕਤਾ ਹੋਵੇਗੀ, ਤਾਂ ਮਾਨਵਤਾ ਦੇ ਹਿਤ ਵਿੱਚ ਸਹੀ ਨਿਰਣੇ ਲਏ ਜਾਣਗੇ। ਸੰਬੋਧਨ ਦਾ ਸਮਾਪਨ ਕਰਦੇ ਹੋਏ ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਵਿੱਚ ਇਸ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਨਿਰੰਤਰ ਕੰਮ ਕੀਤਾ ਜਾਵੇਗਾ।
ਪਿਛੋਕੜ
ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ (ਆਈਸੀਏ-ICA) ਗਲੋਬਲ ਕੋਆਪਰੇਟਿਵ ਕਾਨਫਰੰਸ ਅਤੇ ਆਈਸੀਏ ਜਨਰਲ ਅਸੈਂਬਲੀ (ICA General Assembly) ਦਾ ਆਯੋਜਨ ਭਾਰਤ ਵਿੱਚ ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ (ਆਈਸੀਏ-ICA) ਦੇ 130 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਇਹ ਗਲੋਬਲ ਕੋਆਪਰੇਟਿਵ ਕਾਨਫਰੰਸ ਆਲਮੀ ਸਹਿਕਾਰੀ ਅੰਦੋਲਨ ਦੇ ਲਈ ਮੋਹਰੀ ਸੰਸਥਾ ਹੈ। ਭਾਰਤੀ ਕਿਸਾਨ ਕਿਸਾਨ ਫਰਟੀਲਾਇਜ਼ਰ ਸਹਿਕਾਰੀ ਲਿਮਿਟਿਡ (IFFCO), ਦੁਆਰਾ ਆਈਸੀਏ ਅਤੇ ਭਾਰਤ ਸਰਕਾਰ ਅਤੇ ਭਾਰਤੀ ਸਹਿਕਾਰੀ ਸੰਸਥਾਵਾਂ ਅਮੂਲ (AMUL) ਅਤੇ ਕ੍ਰਿਭਕੋ (KRIBHCO) ਦੇ ਸਹਿਯੋਗ ਨਾਲ 25 ਤੋਂ 30 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ।
ਸੰਮੇਲਨ ਦਾ ਵਿਸ਼ਾ ‘ਸਹਿਕਾਰਤਾ ਸਾਰਿਆਂ ਦੇ ਲਈ ਸਮ੍ਰਿੱਧੀ ਦਾ ਨਿਰਮਾਣ ਕਰਦੀ ਹੈ’ ਅਤੇ ਇਹ ਭਾਰਤ ਸਰਕਾਰ ਦੇ ‘ਸਹਕਾਰ ਸੇ ਸਮ੍ਰਿੱਧੀ’ (“Sahkar Se Samriddhi”) (ਸਹਿਕਾਰਤਾ ਦੇ ਜ਼ਰੀਏ ਸਮ੍ਰਿੱਧੀ) ਦੇ ਵਿਜ਼ਨ ਨਾਲ ਮੇਲ ਖਾਂਦਾ ਹੈ। ਇਸ ਪ੍ਰੋਗਰਾਮ ਵਿੱਚ ਵਿਚਾਰ-ਵਟਾਂਦਰੇ, ਪੈਨਲ ਸੈਸ਼ਨ ਅਤੇ ਵਰਕਸ਼ਾਪਸ ਹੋਣਗੇ, ਜੋ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਪ੍ਰਾਪਤ ਕਰਨ ਵਿੱਚ ਦੁਨੀਆ ਭਰ ਵਿੱਚ ਸਹਿਕਾਰੀ ਸਭਾਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਅਵਸਰਾਂ ਨੂੰ ਵਿਸ਼ੇਸ਼ ਤੌਰ ’ਤੇ ਗ਼ਰੀਬੀ ਦੇ ਖ਼ਾਤਮੇ, ਲਿੰਗ ਸਮਾਨਤਾ ਅਤੇ ਟਿਕਾਊ ਆਰਥਿਕ ਵਿਕਾਸ ਜਿਹੇ ਖੇਤਰਾਂ ਵਿੱਚ ਗੱਲ ਕਰਨਗੇ।
ਪ੍ਰਧਾਨ ਮੰਤਰੀ ਨੇ ਯੂਐੱਨ ਇੰਟਰਨੈਸ਼ਨਲ ਈਅਰ ਆਵ੍ ਕੋਆਪਰੇਟਿਵਸ 2025 ਦੀ ਸ਼ੁਰੂਆਤ ਕੀਤੀ, ਜੋ ‘ਕੋਆਪਰੇਟਿਵਸ ਇੱਕ ਬਿਹਤਰ ਵਿਸ਼ਵ ਦਾ ਨਿਰਮਾਣ ਕਰਦੀਆਂ ਹਨ’ ਵਿਸ਼ਾ ਵਸਤੂ ’ਤੇ ਕੇਂਦ੍ਰਿਤ ਹੋਵੇਗਾ। ਇਹ ਸਮਾਜਿਕ ਸਮਾਵੇਸ਼ਨ, ਆਰਥਿਕ ਸਸ਼ਕਤੀਕਰਣ ਅਤੇ ਟਿਕਾਊ ਵਿਕਾਸ ਨੂੰ ਪ੍ਰੋਤਸਾਹਨ ਦੇਣ ਵਿੱਚ ਸਹਿਕਾਰੀ ਸਭਾਵਾਂ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਉਜਾਗਰ ਕਰੇਗਾ। ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਲਕਸ਼ ਸਹਿਕਾਰੀ ਸਭਾਵਾਂ ਨੂੰ ਟਿਕਾਊ ਵਿਕਾਸ ਦੇ ਮਹੱਤਵਪੂਰਨ ਚਾਲਕ ਦੇ ਰੂਪ ਵਿੱਚ ਮਾਨਤਾ ਦਿੰਦੇ ਹਨ, ਖਾਸ ਕਰਕੇ ਅਸਮਾਨਤਾ ਨੂੰ ਘੱਟ ਕਰਨ, ਵਧੀਆ ਕੰਮ ਨੂੰ ਪ੍ਰੋਤਸਾਹਨ ਦੇਣ ਅਤੇ ਗ਼ਰੀਬੀ ਨੂੰ ਘੱਟ ਕਰਨ ਵਿੱਚ। ਸਾਲ 2025 ਇੱਕ ਆਲਮੀ ਪਹਿਲ ਹੋਵੇਗੀ, ਜਿਸ ਦਾ ਉਦੇਸ਼ ਦੁਨੀਆ ਦੀਆਂ ਸਭ ਤੋਂ ਬੜੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਸਹਿਕਾਰੀ ਉੱਦਮਾਂ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਨਾ ਹੋਵੇਗਾ।
ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਇੱਕ ਯਾਦਗਾਰੀ ਡਾਕ ਟਿਕਟ ਭੀ ਜਾਰੀ ਕੀਤੀ, ਜੋ ਸਹਿਕਾਰਤਾ ਅੰਦੋਲਨ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਟਿਕਟ ਉੱਪਰ ਕਮਲ ਦਾ ਫੁੱਲ ਬਣਿਆ ਹੈ, ਜੋ ਸ਼ਾਂਤੀ, ਸ਼ਕਤੀ, ਲਚੀਲੇਪਣ ਅਤੇ ਵਿਕਾਸ ਦਾ ਪ੍ਰਤੀਕ ਹੈ, ਜੋ ਸਥਿਰਤਾ ਅਤੇ ਭਾਈਚਾਰਕ ਵਿਕਾਸ ਦੀਆਂ ਸਹਿਕਾਰੀ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਕਮਲ ਦੀਆਂ ਪੰਜ ਪੱਤੀਆਂ ਕੁਦਰਤ ਦੇ ਪੰਜ ਤੱਤਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ, ਜੋ ਵਾਤਾਵਰਣ, ਸਮਾਜਿਕ ਅਤੇ ਆਰਥਿਕ ਸਥਿਰਤਾ ਦੇ ਲਈ ਸਹਿਕਾਰੀ ਸਭਾਵਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ। ਡਿਜ਼ਾਈਨ ਵਿੱਚ ਖੇਤੀਬਾੜੀ, ਡੇਅਰੀ, ਮੱਛੀ ਪਾਲਣ, ਉਪਭੋਗਤਾ ਸਹਿਕਾਰੀ ਸਭਾਵਾਂ ਅਤੇ ਆਵਾਸ ਜਿਹੇ ਖੇਤਰਾਂ ਨੂੰ ਭੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਡ੍ਰੋਨ ਖੇਤੀਬਾੜੀ ਵਿੱਚ ਆਧੁਨਿਕ ਤਕਨੀਕ ਦੀ ਭੂਮਿਕਾ ਦਾ ਪ੍ਰਤੀਕ ਹੈ।
****
ਐੱਮਜੇਪੀਐੱਸ/ਐੱਸਆਰ/ਬੀਐੱਮ/ਆਰਟੀ
(Release ID: 2077807)
Visitor Counter : 35
Read this release in:
Telugu
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam