ਵਿੱਤ ਮੰਤਰਾਲਾ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਏਆਈਆਈਬੀ ਦੇ ਬੋਰਡ ਆਫ਼ ਡਾਇਰੈਕਟਰਜ਼ ਨਾਲ ਮੁਲਾਕਾਤ ਕੀਤੀ
Posted On:
11 NOV 2024 7:58PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦੇ ਵਫ਼ਦ ਨਾਲ ਮੀਟਿੰਗ ਕੀਤੀ, ਜਿਸ ਵਿੱਚ ਬੋਰਡ ਸਮੂਹ ਦੇ ਦੌਰੇ ਲਈ ਭਾਰਤ ਆਏ 9 ਵਿਭਿੰਨ ਖੇਤਰਾਂ ਦੇ ਏਆਈਆਈਬੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ 11 ਅਧਿਕਾਰੀ, ਏਆਈਆਈਬੀ ਪ੍ਰਬੰਧਨ ਦੇ ਸੀਨੀਅਰ ਪ੍ਰਤੀਨਿਧੀ ਅਤੇ ਏਆਈਆਈਬੀ ਕਰਮਚਾਰੀ ਸ਼ਾਮਲ ਸਨ।
ਏਆਈਆਈਬੀ ਬੋਰਡ ਦੀ ਭਾਰਤ ਯਾਤਰਾ ਦਾ ਮੁੱਖ ਉਦੇਸ਼ ਬੋਰਡ ਆਫ਼ ਡਾਇਰੈਕਟਰਜ਼ ਨੂੰ ਏਆਈਆਈਬੀ ਦੇ ਆਪਣੇ ਮੈਂਬਰ ਦੇਸ਼ਾਂ ਵਿੱਚ ਚਲ ਰਹੇ ਅਤੇ ਪ੍ਰਸਤਾਵਿਤ ਨਿਵੇਸ਼ਾਂ ਬਾਰੇ ਸਮੁੱਚੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਸਰਕਾਰ, ਨਿਜੀ ਖੇਤਰ ਅਤੇ ਹੋਰ ਹਿਤਧਾਰਕਾਂ ਨਾਲ ਜੁੜਨ ਦਾ ਅਵਸਰ ਉਪਲਬਧ ਕਰਵਾਉਣਾ ਹੈ।
ਪਿਛਲੇ ਨੌਂ ਵਰ੍ਹਿਆਂ ਵਿੱਚ ਏਆਈਆਈਬੀ ਦੀ ਜ਼ਿਕਰਯੋਗ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਭਾਰਤ ਦੇ ਮਜ਼ਬੂਤ ਮੈਕਰੋ-ਇਕਨੌਮਿਕ ਫੰਡਾਮੈਂਟਲ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਸ਼ਕਤੀ ਦੇ ਸਿਰਜਣ ਅਤੇ ਦੋਹਨ ਵਿੱਚ ਪ੍ਰਦਰਸ਼ਿਤ ਹੋਏ ਇਸ ਦੀ ਅਗਵਾਈ ਬਾਰੇ ਦੱਸਿਆ। ਕੇਂਦਰੀ ਵਿੱਤ ਮੰਤਰੀ, ਜੋ ਏਆਈਆਈਬੀ ਬੋਰਡ ਦੇ ਗਵਰਨਰ ਵੀ ਹਨ, ਨੇ ਕਿਹਾ ਕਿ ਏਆਈਆਈਬੀ ਨੂੰ ਜਲਵਾਯੂ ਅਨੁਕੂਲਨ ਅਤੇ ਲਚਲੇਪਣ, ਬੁਨਿਆਦੀ ਢਾਂਚੇ ਦੇ ਵਿਕਾਸ, ਊਰਜਾ ਸੁਰੱਖਿਆ, ਸ਼ਹਿਰੀ ਵਿਕਾਸ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਆਪਣੇ ਨਿਵੇਸ਼ ਨੂੰ ਵਿਆਪਕ ਬਣਾਉਣਾ ਚਾਹੀਦਾ ਹੈ ਅਤੇ ਭਾਰਤ ਦੀ ਅਗਲੀ ਪੀੜ੍ਹੀ ਦੇ ਸੁਧਾਰਾਂ ਲਈ ਸਮਰਥਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਏਆਈਆਈਬੀ ਦੇ ਪ੍ਰੋਜੈਕਟ ਨੂੰ ਆਕਾਰ ਦੇਣ ਅਤੇ ਲਾਗੂਕਰਨ ਵਿੱਚ ਵਿੱਤ ਪਲੱਸ ਅਤੇ ਬਜਟ ਪਲੱਸ ਤੱਤਾਂ ਨੂੰ ਲਗਾਤਾਰ ਸ਼ਾਮਲ ਕਰਨ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਡਿਜੀਟਲ ਪਰਿਵਰਤਨ ਦੇ ਸਬੰਧ ਵਿੱਚ ਭਾਰਤ ਦਾ ਅਨੁਭਵ ਸਮਾਵੇਸ਼ੀ ਵਿਕਾਸ ਲਈ ਡਿਜੀਟਲ ਸਮਾਧਾਨਾਂ ਦਾ ਲਾਭ ਉਠਾਉਣ ਦੇ ਇਛੁੱਕ ਹੋਰ ਦੇਸ਼ਾਂ ਲਈ ਇੱਕ ਮਾਡਲ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ ਅਤੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਦਾ ਸਮ੍ਰਿੱਧ ਅਨੁਭਵ ਵੀ ਇਸ ਦੀ ਉਦਾਹਰਣ ਹੈ, ਜੋ ਕਈ ਕਮਜ਼ੋਰ ਅਰਥਵਿਵਸਥਾਵਾਂ ਲਈ ਉਪਯੋਗੀ ਹੋ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਨੇ ਇਸ ਤੱਥ ‘ਤੇ ਜ਼ੋਰ ਦਿੱਤਾ ਕਿ ਭਾਰਤ ਕੋਲ ਖੇਤਰੀ ਸਰਵੋਤਮ ਤੌਰ ਤਰੀਕਿਆਂ ਦੇ ਸੰਦਰਭ ਵਿੱਚ ਬਹੁਤ ਕੁਝ ਦੇਣ ਨੂੰ ਹੈ ਅਤੇ ਏਆਈਆਈਬੀ ਨੂੰ ਭਾਰਤ ਤੋਂ ਹੋਰ ਸਮਾਨ ਸਥਿਤੀ ਵਾਲੇ ਦੇਸ਼ਾਂ ਨੂੰ ਗਿਆਨ ਅਤੇ ਟੈਕਨੋਲੋਜੀ ਦੇ ਟ੍ਰਾਂਸਫਰ ਦੀ ਸੁਵਿਧਾ ਲਈ ਇੱਕ ਸੰਸਥਾਗਤ ਵਿਧੀ ਵਿਕਸਿਤ ਕਰਨੀ ਚਾਹੀਦੀ ਹੈ।
ਸ਼੍ਰੀਮਤੀ ਸੀਤਾਰਮਣ ਨੇ ਅੱਗੇ ਸੁਝਾਅ ਦਿੱਤਾ ਕਿ ਏਆਈਆਈਬੀ ਨੂੰ ਨਵੀਨ ਵਿੱਤੀ ਸਾਧਨਾਂ ਅਤੇ ਮਾਡਲਾਂ ਦੇ ਅਧਿਕ ਪ੍ਰਾਵਧਾਨ ਲਈ ਪ੍ਰਯਾਸ ਕਰਨਾ ਚਾਹੀਦਾ ਹੈ ਅਤੇ ਨਿਜੀ ਪੂੰਜੀ ਜੁਟਾਉਣ ਲਈ ਆਪਣੇ ਪ੍ਰਯਾਸਾਂ ਨੂੰ ਵਧਾਉਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਨੇ ਏਆਈਆਈਬੀ ਨੂੰ ਇਸ ਸੰਬਧ ਵਿੱਚ ਭਾਰਤ ਦੇ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਭਾਰਤ ਏਆਈਆਈਬੀ ਦੇ ਲਈ ਨਵੀਨਤਾਕਾਰੀ ਵਿੱਤਪੋਸ਼ਣ ਮਾਡਲ ਅਤੇ ਟੈਕਨੋਲੋਜੀਆਂ ਦੇ ਸੰਚਾਲਨ ਲਈ ਇੱਕ ਸਹਾਇਕ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ।
ਕੇਂਦਰੀ ਵਿੱਤ ਮੰਤਰੀ ਨੇ ਏਆਈਆਈਬੀ ਨੂੰ ਭਾਰਤ ਦੀ ਜੀ-20 ਪ੍ਰਧਾਨਗੀ ਦੇ ਤਹਿਤ ਸਥਾਪਿਤ ਸੁਤੰਤਰ ਮਾਹਿਰ ਸਮੂਹ ਦੀਆਂ ਸਿਫਾਰਿਸ਼ਾਂ ਦੇ ਅਨੁਰੂਪ ਐੱਮਡੀਬੀ ਨੂੰ ਮਜ਼ਬੂਤ ਬਣਾਉਣ ਅਤੇ ਸੁਧਾਰਨ ਲਈ ਚਲ ਰਹੇ ਕੰਮਾਂ ਵਿੱਚ ਹਿੱਸਾ ਲੈਣਾ ਜਾਰੀ ਰੱਖਣ ਲਈ ਪ੍ਰੋਤਸਾਹਿਤ ਕੀਤਾ, ਜਿਸ ਵਿੱਚ ਐੱਮਡੀਬੀ ਦੇ ਅਧਿਕ ਪ੍ਰਭਾਵ ਅਤੇ ਵਿਆਪਕ ਪੱਧਰ ‘ਤੇ ਇੱਕ ਪ੍ਰਣਾਲੀ ਦੇ ਰੂਪ ਵਿੱਚ ਮਿਲ ਕੇ ਕੰਮ ਕਰਨ ਦਾ ਸੱਦਾ ਵੀ ਸ਼ਾਮਲ ਹੈ।
ਸ਼੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਭਾਰਤ ਐੱਮਡੀਬੀ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਲਈ ਪ੍ਰਤੀਬੱਧ ਹੈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਐੱਮਡੀਬੀ ਸਮਕਾਲੀ ਚੁਣੌਤੀਆਂ ਦਾ ਸਮਾਧਾਨ ਕਰਨ ਲਈ ‘ਉਦੇਸ਼ ਦੇ ਅਨੁਕੂਲ’ ਹੋਵੇ, ਨਾਲ ਹੀ ਵਿਸ਼ੇਸ਼ ਤੌਰ ‘ਤੇ ਘੱਟ ਆਮਦਨ ਵਾਲੇ ਦੇਸ਼ਾਂ (ਐੱਲਆਈਸੀ) ਸਮੇਤ ਸਾਰੇ ਮੈਂਬਰਾਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸਮਾਵੇਸ਼ੀ ਅਤੇ ਜਵਾਬਦੇਹੀ ਬਣੇ ਰਹਿਣ।
ਮੀਟਿੰਗ ਤੋਂ ਪਹਿਲਾਂ, ਵਫ਼ਦ ਨੇ ਏਸ਼ਿਆਈ ਵਿਕਾਸ ਬੈਂਕ (ਏਡੀਬੀ), ਏਆਈਆਈਬੀ ਅਤੇ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਦੁਆਰਾ ਵਿੱਤ ਪੋਸ਼ਿਤ ਖੇਤਰੀ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ) ਪ੍ਰੋਜੈਕਟ ਦਾ ਦੌਰਾ ਕੀਤਾ। ਵਫ਼ਦ ਬੰਗਲੁਰੂ ਵਿੱਚ ਹੋਰ ਪ੍ਰੋਜੈਕਟ ਸਥਾਨਾਂ ਦਾ ਵੀ ਦੌਰਾ ਕਰੇਗਾ ਅਤੇ ਟੈਕਨੋਲੋਜੀ ਸੈਕਟਰ ਦੇ ਮੋਹਰੀ ਪ੍ਰਤੀਨਿਧੀਆਂ ਨਾਲ ਗੱਲਬਾਤ ਕਰੇਗਾ।
ਵਫ਼ਦ ਨੇ ਭਾਰਤ ਦੀਆਂ ਹੋਰ ਬਹੁ-ਪੱਖੀ ਅਤੇ ਦੁਵੱਲੀ ਏਜੰਸੀਆਂ ਅਤੇ ਪ੍ਰੋਜੈਕਟ ਲਾਗੂਕਰਨ ਏਜੰਸੀਆਂ ਦੇ ਨਾਲ ਇੱਕ ਗੋਲਮੇਜ਼ ਚਰਚਾ ਵਿੱਚ ਵੀ ਹਿੱਸਾ ਲਿਆ, ਤਾਕਿ ਭਾਰਤ ਦੀਆਂ ਵਿਕਾਸ ਪ੍ਰਾਥਮਿਕਤਾਵਾਂ, ਨਿਵੇਸ਼ ਲੈਂਡਸਕੇਪ ਅਤੇ ਸੰਚਾਲਨ ਚੁਣੌਤੀਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸੂਚਨਾਵਾਂ ਅਤੇ ਅਨੁਭਵਾਂ ਦੇ ਮਜ਼ਬੂਤ ਅਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ ਅਤੇ ਨਾਲ ਹੀ ਸਹਿਯੋਗ ਅਤੇ ਨਿਵੇਸ਼ ਲਈ ਅੱਗੇ ਦੇ ਅਵਸਰਾਂ ਦੀ ਖੋਜ ਕੀਤੀ ਜਾ ਸਕੇ।
****
ਐੱਨਬੀ/ਕੇਐੱਮਐੱਨ
(Release ID: 2072763)
Visitor Counter : 12