ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਕੌਟਿਲਯ ਆਰਥਿਕ ਕਨਕਲੇਵ ਦੇ ਤੀਸਰੇ ਐਡੀਸ਼ਨ ਨੂੰ ਸੰਬੋਧਨ ਕੀਤਾ
ਅੱਜ ਭਾਰਤ ਸਭ ਤੋਂ ਵੱਧ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ: ਪ੍ਰਧਾਨ ਮੰਤਰੀ
ਸਰਕਾਰ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਮੰਤਰ ‘ਤੇ ਚਲ ਰਹੀ ਹੈ : ਪ੍ਰਧਾਨ ਮੰਤਰੀ
ਸਰਕਾਰ ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਸੰਰਚਨਾਤਮਕ ਸੁਧਾਰ ਕਰਨ ਲਈ ਪ੍ਰਤੀਬੱਧ ਹੈ : ਪ੍ਰਧਾਨ ਮੰਤਰੀ
ਭਾਰਤ ਵਿੱਚ ਵਿਕਾਸ ਦੇ ਨਾਲ-ਨਾਲ ਸਮਾਵੇਸ਼ਨ ਵੀ ਹੋ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਨੇ 'ਪ੍ਰਕਿਰਿਆਤਮਕ ਸੁਧਾਰਾਂ' ਨੂੰ ਸਰਕਾਰ ਦੀਆਂ ਨਿਰੰਤਰ ਗਤੀਵਿਧੀਆਂ ਦਾ ਹਿੱਸਾ ਬਣਾਇਆ ਹੈ: ਪ੍ਰਧਾਨ ਮੰਤਰੀ
ਅੱਜ, ਭਾਰਤ ਏਆਈ ਅਤੇ ਸੈਮੀਕੰਡਕਟਰ ਜਿਹੀਆਂ ਕ੍ਰਿਟੀਕਲ ਟੈਕਨੋਲੋਜੀਆਂ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ: ਪੀਐੱਮ
ਨੌਜਵਾਨਾਂ ਦੀ ਸਕਿੱਲਿੰਗ ਅਤੇ ਇਨਟਰਨਸ਼ਿਪ ਲਈ ਸਪੈਸ਼ਲ ਪੈਕੇਜ : ਪੀਐੱਮ
Posted On:
04 OCT 2024 7:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਕੌਟਿਲਯ ਆਰਥਿਕ ਕਨਕਲੇਵ ਨੂੰ ਸੰਬੋਧਨ ਕੀਤਾ। ਵਿੱਤ ਮੰਤਰਾਲੇ ਦੇ ਸਹਿਯੋਗ ਨਾਲ ਇੰਸਟੀਟਿਊਟ ਆਫ ਇਕੋਨੋਮਿਕ ਗ੍ਰੋਥ ਦੁਆਰਾ ਆਯੋਜਿਤ, ਕੌਟਿਲਯ ਆਰਥਿਕ ਕਨਕਲੇਵ ਹਰਿਤ ਬਦਲਾਅ ਦਾ ਵਿੱਤ ਪੋਸ਼ਣ, ਭੂ-ਆਰਥਿਕ ਵਿਖੰਡਨ ਅਤੇ ਵਿਕਾਸ ਦੇ ਲਈ ਉਸ ਦੇ ਨਿਹਿਤ ਅਤੇ ਦ੍ਰਿੜ੍ਹਤਾ ਕਾਇਮ ਰੱਖਣ ਲਈ ਨੀਤੀਗਤ ਕਾਰਵਾਈ ਦੇ ਸਿਧਾਂਤਾਂ ਵਰਗੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕਰੇਗਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੌਟਿਲਯ ਆਰਥਿਕ ਕਨਕਲੇਵ ਦੇ ਤੀਸਰੇ ਐਡੀਸ਼ਨ ਵਿੱਚ ਮੌਜੂਦ ਹੋਣ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਸ ਕਨਕਲੇਵ ਵਿੱਚ ਅਗਲੇ ਤਿੰਨ ਦਿਨ੍ਹਾਂ ਦੌਰਾਨ ਕਈ ਸੈਸ਼ਨ ਹੋਣਗੇ ਜਿੱਥੇ ਅਰਥਵਿਵਸਥਾ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਕੀਤੀ ਜਾਏਗੀ। ਸ਼੍ਰੀ ਮੋਦੀ ਨੇ ਭਰੋਸਾ ਜਤਾਇਆ ਕਿ ਇਹ ਚਰਚਾਵਾਂ ਭਾਰਤ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਸਹਾਇਕ ਸਾਬਿਤ ਹੋਣਗੀਆਂ।
ਇਸ ਗੱਲ ਦਾ ਜ਼ਿਕਰ ਕਰਦਿਆਂ ਇਸ ਕਨਕਲੇਵ ਦਾ ਆਯੋਜਨ ਅਜਿਹੇ ਸਮੇਂ ਵਿੱਚ ਕੀਤਾ ਜਾ ਰਿਹਾ ਹੈ ਜਦੋਂ ਦੁਨੀਆ ਦੇ ਪ੍ਰਮੁੱਖ ਖੇਤਰ ਯੁੱਧ ਵਿੱਚ ਲਗੇ ਹੋਏ ਹਨ, ਪ੍ਰਧਾਨ ਮੰਤਰੀ ਨੇ ਆਲਮੀ ਅਰਥਵਿਵਸਥਾ ਦੇ ਲਈ, ਵਿਸ਼ੇਸ਼ ਤੌਰ ‘ਤੇ ਊਰਜਾ ਸੁਰੱਖਿਆ ਦੇ ਸੰਦਰਭ ਵਿੱਚ, ਇਨਾਂ ਖੇਤਰਾਂ ਦੀ ਮਹੱਤਤਾ ਵਿੱਚ ਵਾਧੇ ਉੱਪਰ ਚਾਨਣਾ ਪਾਉਂਦਿਆ ਕਿਹਾ, ‘ਇੰਨੀ ਭਿਆਨਕ ਆਲਮੀ ਅਨਿਸ਼ਚਿਤਤਾ ਦਰਮਿਆਨ, ਅਸੀਂ ਇੱਥੇ ਭਾਰਤੀ ਯੁਗ ਬਾਰੇ ਚਰਚਾ ਕਰ ਰਹੇ ਹਾਂ।’ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਅੱਜ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ।’ ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਭਾਰਤ ਸਕਲ ਘਰੇਲੂ ਉਤਪਾਦ (ਜੀਡੀਪੀ) ਦੇ ਮਾਮਲੇ ਵਿੱਚ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਅੱਜ, ਭਾਰਤ ਗਲੋਬਲ ਫਿਨਟੈਕ ਨੂੰ ਅਪਣਾਉਣ ਦੀ ਦਰ ਦੇ ਨਾਲ-ਨਾਲ ਸਮਾਰਟਫੋਨ ਡੇਟਾ ਉਪਭੋਗ ਦੇ ਮਾਮਲੇ ਵਿੱਚ ਵੀ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਕਿਹਾ ਕਿ ਇੰਟਰਨੈੱਟ ਉਪਯੋਗਕਰਤਾਵਾਂ ਦੇ ਮਾਮਲੇ ਵਿੱਚ ਭਾਰਤ ਜਿੱਥੇ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ, ਉੱਥੇ ਹੀ ਅਸਲ ਸਮੇਂ ਵਿੱਚ ਦੁਨੀਆ ਦਾ ਲਗਭਗ ਅੱਧਾ ਡਿਜੀਟਲ ਲੈਣ-ਦੇਣ ਭਾਰਤ ਵਿੱਚ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮੌਜੂਦਾ ਸਮੇਂ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਇਕੋਸਿਸਟਮ ਹੈ ਅਤੇ ਅਖੁੱਟ ਊਰਜਾ ਸਮਰੱਥਾ ਦੇ ਮਾਮਲੇ ਵਿੱਚ ਵੀ ਉਹ ਚੌਥੇ ਨੰਬਰ ‘ਤੇ ਹੈ। ਮੈਨੂਫੈਕਚਰਿੰਗ ਦੇ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਅਤੇ ਦੋਪਹੀਆ ਵਾਹਨਾਂ ਅਤੇ ਟ੍ਰੈਕਟਰਾਂ ਦਾ ਸਭ ਤੋਂ ਵੱਡਾ ਨਿਰਮਾਤਾ ਹੈ। ਸ਼੍ਰੀ ਮੋਦੀ ਨੇ ਜੋ਼ਰ ਦੇ ਕੇ ਕਿਹਾ, ‘ਭਾਰਤ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਹੈ।’ ਉਨ੍ਹਾਂ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਭਾਰਤ ਦੇ ਕੋਲ ਦੁਨੀਆ ਵਿੱਚ ਵਿਗਿਆਨਿਕਾਂ ਅਤੇ ਟੈਕਨੀਸ਼ੀਅਨਜ਼ ਦਾ ਤੀਜਾ ਸਭ ਤੋਂ ਵੱਡਾ ਸਮੂਹ ਹੈ ਅਤੇ ਭਾਵੇਂ ਉਹ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਮਾਮਲਾ ਹੋਵੇ, ਭਾਰਤ ਸਪਸ਼ਟ ਤੌਰ ‘ਤੇ ਇੱਕ ਬਿਹਤਰ ਸਥਿਤੀ ਵਿੱਚ ਹੈ ।
ਪ੍ਰਧਾਨ ਮੰਤਰੀ ਨੇ ਕਿਹਾ, ‘ਸਰਕਾਰ ਰਿਫੌਰਮ, ਪਰਫੌਰਮ ਅਤੇ ਟ੍ਰਾਂਸਫੌਰਮ ਦੇ ਮੰਤਰ ‘ਤੇ ਚਲ ਰਹੀ ਹੈ ਅਤੇ ਦੇਸ਼ ਨੂੰ ਅੱਗੇ ਵਧਾਉਣ ਲਈ ਨਿਰੰਤਰ ਫੈਸਲੇ ਲੈ ਰਹੀ ਹੈ।’ ਉਨਾਂ ਨੇ ਇਸ ਦੇ ਪ੍ਰਭਾਵ ਦਾ ਕ੍ਰੈਡਿਟ 60 ਵਰ੍ਹੇ ਦੇ ਬਾਅਦ ਲਗਾਤਾਰ ਤੀਜੀ ਵਾਰ ਸਰਕਾਰ ਦੀ ਮੁੜ ਚੋਣ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦਾ ਜੀਵਨ ਚੰਗੇ ਲਈ ਬਦਲਦਾ ਹੈ, ਤਾਂ ਉਨ੍ਹਾਂ ਨੂੰ ਦੇਸ਼ ਦੇ ਸਹੀ ਰਸਤੇ ‘ਤੇ ਅੱਗੇ ਵਧਣ ਦਾ ਭਰੋਸਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਵਨਾ ਭਾਰਤ ਦੇ ਲੋਕਾਂ ਦੇ ਜਨਾਦੇਸ਼ ਵਿੱਚ ਦਿਖਾਈ ਦਿੰਦੀ ਹੈ ਅਤੇ 140 ਕਰੋੜ ਦੇਸ਼ਵਾਸੀਆਂ ਦਾ ਇਹ ਭਰੋਸਾ ਇਸ ਸਰਕਾਰ ਦੀ ਸਭ ਤੋਂ ਵੱਡੀ ਸੰਪਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਨੂੰ ਵਿਕਸਿਤ ਬਣਾਉਣ ਲਈ ਸੰਰਚਨਾਤਕਮ ਸੁਧਾਰ ਕਰਨ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਅਤੇ ਤੀਜੇ ਕਾਰਜਕਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਕੀਤੇ ਗਏ ਕਾਰਜਾਂ ਉੱਪਰ ਚਾਨਣਾ ਪਾਇਆ।
ਉਨ੍ਹਾਂ ਨੇ ਸਾਹਸਿਕ ਨੀਤੀਗਤ ਬਦਲਾਅ, ਨੌਕਰੀਆਂ ਅਤੇ ਕੌਸ਼ਲ ਦੇ ਪ੍ਰਤੀ ਮਜ਼ਬੂਤ ਪ੍ਰਤੀਬੱਧਤਾ, ਟਿਕਾਊ ਵਿਕਾਸ ਅਤੇ ਇਨੋਵੇਸ਼ਨ ‘ਤੇ ਧਿਆਨ, ਆਧੁਨਿਕ ਬੁਨਿਆਦੀ ਢਾਂਚੇ, ਬਿਹਤਰ ਜੀਵਨ ਪੱਧਰ ਅਤੇ ਤੇਜ਼ ਵਿਕਾਸ ਦੀ ਨਿਰੰਤਰਤਾ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਪਹਿਲੇ ਤਿੰਨ ਮਹੀਨਿਆਂ ਦੀਆਂ ਸਾਡੀਆਂ ਨੀਤੀਆਂ ਦਾ ਪ੍ਰਤੀਬਿੰਬ ਹੈ। ’ ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ 15 ਟ੍ਰਿਲੀਅਨ ਜਾਂ 15 ਲੱਖ ਕਰੋੜ ਰੁਪਏ ਤੋਂ ਵੱਧ ਦੇ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਕਿਹਾ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਦੇ ਕਈ ਵੱਖ-ਵੱਖ ਪ੍ਰੋਜੈਕਟਾਂ ਉੱਪਰ ਕੰਮ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਦੇਸ਼ ਵਿੱਚ 12 ਉਦਯੋਗਿਕ ਨੋਡਸ ਦਾ ਨਿਰਮਾਣ ਅਤੇ ਤਿੰਨ ਕਰੋੜ ਨਵੇਂ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਸ਼ਾਮਲ ਹੈ।
ਸ਼੍ਰੀ ਮੋਦੀ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਭਾਰਤ ਦੀ ਸਮਾਵੇਸ਼ੀ ਭਾਵਨਾ, ਭਾਰਤ ਦੀ ਵਿਕਾਸ ਗਾਥਾ ਦਾ ਇੱਕ ਹੋਰ ਜ਼ਿਕਰਯੋਗ ਕਾਰਕ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਵਿਕਾਸ ਦੇ ਨਾਲ ਅਸਮਾਨਤਾ ਵਧਦੀ ਹੈ, ਪਰੰਤੂ ਇਸ ਦੇ ਉਲਟ, ਯਾਨੀ ਭਾਰਤ ਵਿੱਚ ਵਿਕਾਸ ਦੇ ਨਾਲ ਸਮਾਵੇਸ਼ ਵੀ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਸਿੱਟੇ ਵਜੋਂ, ਪਿਛਲੇ ਦਹਾਕੇ ਵਿੱਚ 25 ਕਰੋੜ ਜਾਂ 250 ਮਿਲੀਅਨ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਤੇਜ਼ ਗਤੀ ਦੇ ਨਾਲ, ਸਰਕਾਰ ਇਹ ਵੀ ਸੁਨਿਸ਼ਚਿਤ ਕਰ ਰਹੀ ਹੈ ਕਿ ਅਸਮਾਨਤਾ ਘੱਟ ਹੋਵੇ ਅਤੇ ਵਿਕਾਸ ਦਾ ਲਾਭ ਸਾਰਿਆਂ ਤੱਕ ਪੁੱਜੇ।
ਭਾਰਤ ਦੇ ਵਿਕਾਸ ਨਾਲ ਸਬੰਧਿਤ ਅੱਜ ਦੀਆਂ ਭਵਿੱਖਬਾਣੀਆਂ ਉੱਪਰ ਚਾਨਣਾ ਪਾਉਂਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਭਰੋਸਾ ਉਸ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ, ਜਿਸ ਦਿਸ਼ਾ ਵਿੱਚ ਭਾਰਤ ਅੱਗੇ ਵਧ ਰਿਹਾ ਹੈ ਅਤੇ ਇਸ ਦੀ ਪੁਸ਼ਟੀ ਪਿਛਲੇ ਕੁਝ ਹਫਤਿਆਂ ਅਤੇ ਮਹੀਨਿਆਂ ਦੇ ਅੰਕੜਿਆਂ ਤੋਂ ਵੀ ਕੀਤੀ ਜਾ ਸਕਦੀ ਹੈ। ਭਾਰਤ ਦੀ ਅਰਥਵਿਵਸਥਾ ਨੇ ਪਿਛਲੇ ਸਾਲ ਹਰ ਭਵਿੱਖਬਾਣੀ ਤੋਂ ਬਿਹਤਰ ਪ੍ਰਦਰਸ਼ਨ ਕੀਤਾ- ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੰਸਥਾਨਾਂ, ਭਾਵੇਂ ਉਹ ਵਰਲਡ ਬੈਂਕ ਹੋਵੇ, IMF ਹੋਵੇ ਜਾਂ ਫਿਰ ਮੂਡੀਜ਼ (Moody's) ਹੋਵੇ, ਨੇ ਭਾਰਤ ਨਾਲ ਸਬੰਧਿਤ ਆਪਣੇ ਪੂਰਵਅਨੁਮਾਨਾਂ ਨੂੰ ਬਿਹਤਰ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, ‘ਇਹ ਸਾਰੇ ਸੰਸਥਾਨ ਕਹਿ ਰਹੇ ਹਨ ਕਿ ਆਲਮੀ ਅਨਿਸ਼ਚਿਤਤਾ ਦੇ ਬਾਵਜੂਦ, ਭਾਰਤ ਸੱਤ ਤੋਂ ਵੱਧ ਦੀ ਦਰ ਨਾਲ ਵਿਕਾਸ ਕਰਨਾ ਜਾਰੀ ਰੱਖੇਗਾ। ਹਾਲਾਂਕਿ, ਸਾਨੂੰ ਭਾਰਤੀਆਂ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕਰੇਗਾ।’
ਭਾਰਤ ਦੇ ਇਸ ਆਤਮਵਿਸ਼ਵਾਸ ਦੇ ਪਿੱਛੇ ਕੁਝ ਠੋਸ ਕਾਰਨਾਂ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂਫੈਕਚਰਿੰਗ ਹੋਵੇ ਜਾਂ ਸੇਵਾ ਖੇਤਰ, ਅੱਜ ਦੁਨੀਆ ਭਾਰਤ ਨੂੰ ਨਿਵੇਸ਼ ਲਈ ਪਸੰਦੀਦਾ ਦੇਸ਼ ਮੰਨ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਸੰਜੋਗ ਨਹੀਂ, ਸਗੋਂ ਪਿਛਲੇ 10 ਵਰ੍ਹੇ ਵਿੱਚ ਕੀਤੇ ਗਏ ਵੱਡੇ ਸੁਧਾਰਾਂ ਦਾ ਸਿੱਟਾ ਹੈ, ਜਿਸ ਨੇ ਭਾਰਤ ਦੇ ਵਿਆਪਕ ਆਰਥਿਕ ਮੂਲਭੂਤ ਘਟਕਾਂ ਨੂੰ ਬਦਲ ਦਿੱਤਾ ਹੈ। ਸੁਧਾਰਾਂ ਦਾ ਉਦਾਹਰਣ ਦਿੰਦਿਆ ਸ਼੍ਰੀ ਮੋਦੀ ਨੇ ਕਿਹਾ ਕਿ ਬੈਂਕਿੰਗ ਸੁਧਾਰਾਂ ਨੇ ਨਾ ਸਿਰਫ ਬੈਂਕਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ, ਸਗੋਂ ਉਨ੍ਹਾਂ ਦੀ ਕਰਜਾ ਦੇਣ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ, ਜੀਐੱਸਟੀ ਨੇ ਵੱਖ-ਵੱਖ ਕੇਂਦਰੀ ਅਤੇ ਰਾਜ ਇਨਡਾਇਰੈਕਟ ਟੈਕਸਾਂ ਨੂੰ ਏਕੀਕ੍ਰਿਤ ਕੀਤਾ ਹੈ, ਜਦਕਿ ਇਨਸੌਲਵੈਂਸੀ ਅਤੇ ਬੈਂਕਰਪਸੀ ਕੋਡ (ਆਈ ਬੀ ਸੀ) ਨੇ ਜ਼ਿੰਮੇਵਾਰੀ, ਵਸੂਲੀ ਅਤੇ ਸਮਾਧਾਨ ਦਾ ਨਵਾਂ ਕ੍ਰੈਡਿਟ ਕਲਚਰ ਵਿਕਸਿਤ ਕੀਤਾ ਹੈ। ਕਿ ਭਾਰਤ ਨੇ ਪ੍ਰਾਈਵੇਟ ਕੰਪਨੀਆਂ ਅਤੇ ਭਾਰਤ ਦੇ ਯੁਵਾ ਉਦਮੀਆਂ ਦੇ ਲਈ ਮਾਈਨਜ਼, ਡਿਫੈਂਸ, ਸਪੇਸ, ਵਰਗੇ ਕਈ ਖੇਤਰਾਂ ਨੂੰ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਲਮੀ ਨਿਵੇਸ਼ਕਾਂ ਲਈ ਲੋੜੀਂਦੇ ਮੌਕੇ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ ਐੱਫਡੀਆਈ ਨੀਤੀ ਨੂੰ ਉਦਾਰ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਲੌਜਿਸਟਿਕਸ ਲਾਗਤ ਅਤੇ ਸਮੇਂ ਨੂੰ ਘੱਟ ਕਰਨ ਲਈ ਆਧੁਨਿਕ ਬੁਨਿਆਦੀ ਢਾਂਚੇ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਬੁਨਿਆਦੀ ਢਾਂਚੇ ਦੇ ਖੇਤਰ ਲਈ ਨਿਵੇਸ਼ ਵਿੱਚ ਬੇਮਿਸਾਲ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਨੇ 'ਪ੍ਰਕਿਰਿਆ ਸੁਧਾਰਾਂ' ਨੂੰ ਸਰਕਾਰ ਦੀਆਂ ਟਿਕਾਊ ਗਤੀਵਿਧੀਆਂ ਦਾ ਹਿੱਸਾ ਬਣਾਇਆ ਹੈ।’ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ 40,000 ਤੋਂ ਵੱਧ ਅਨੁਪਾਲਨਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਕੰਪਨੀ ਐਕਟ ਨੂੰ ਅਪਰਾਧਮੁਕਤ ਕਰ ਦਿੱਤਾ ਹੈ। ਉਨ੍ਹਾਂ ਨੇ ਦਰਜਨਾਂ ਪ੍ਰਾਵਧਾਨਾਂ ਵਿੱਚ ਸੁਧਾਰ ਦੀ ਉਦਾਹਰਣ ਦਿੱਤੀ, ਜੋ ਵਪਾਰ ਨੂੰ ਮੁਸ਼ਕਲ ਬਣਾਉਂਦੇ ਸਨ ਅਤੇ ਕੰਪਨੀ ਸ਼ੁਰੂ ਕਰਨ ਅਤੇ ਬੰਦ ਕਰਨ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਦੇ ਲਈ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਰਾਜ ਪੱਧਰ ‘ਤੇ ਪ੍ਰਕਿਰਿਆ ਸੁਧਾਰਾਂ ਵਿੱਚ ਤੇਜ਼ੀ ਲਿਆਉਣ ਲਈ ਪ੍ਰੋਤਸਾਹਿਤ ਕਰਨ ‘ਤੇ ਵੀ ਜੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਉਤਪਾਦਨ ਨਾਲ ਜੁੜੇ ਹੋਏ ਪ੍ਰੋਤਸਾਹਨਾਂ ਦੇ ਪ੍ਰਭਾਵ ਉੱਪਰ ਚਾਨਣਾ ਪਾਇਆ, ਜੋ ਅੱਜ ਕਈ ਖੇਤਰਾਂ ਵਿੱਚ ਭਾਰਤ ਦੇ ਮੈਨੂਫੈਕਚਰਿੰਗ ਨੂੰ ਗਤੀ ਦੇ ਰਹੇ ਹਨ। ਪਿਛਲੇ 3 ਵਰ੍ਹੇ ਵਿੱਚ ਇਸ ਦੇ ਪ੍ਰਭਾਵ ‘ਤੇ ਚਾਨਣਾ ਪਾਉਂਦਿਆ, ਪ੍ਰਧਾਨ ਮੰਤਰੀ ਨੇ ਲਗਭਗ 1.25 ਟ੍ਰਿਲੀਅਨ ਜਾਂ 1.25 ਲੱਖ ਕਰੋੜ ਰੁਪਏ ਦੇ ਨਿਵੇਸ਼ ਬਾਰੇ ਦੱਸਿਆ, ਜਿਸ ਨਾਲ ਲਗਭਗ 11 ਟ੍ਰਿਲੀਅਨ ਜਾਂ 11 ਲੱਖ ਕਰੋੜ ਰੁਪਏ ਦਾ ਉਤਪਾਦਨ ਹੋਇਆ ਅਤੇ ਵਿਕਰੀ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਪੁਲਾੜ ਅਤੇ ਰੱਖਿਆ ਖੇਤਰ ਨੂੰ ਹਾਲ ਹੀ ਵਿੱਚ ਖੋਲ੍ਹਿਆ ਗਿਆ ਹੈ। ਉਨ੍ਹਾਂ ਨੇ ਇਨ੍ਹਾਂ ਦੇ ਸ਼ਾਨਦਾਰ ਵਿਕਾਸ ਉੱਪਰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪੁਲਾੜ ਖੇਤਰ ਵਿੱਚ 200 ਤੋਂ ਵੱਧ ਸਟਾਰਟਅੱਪਸ ਸ਼ੁਰੂ ਹੋ ਚੁਕੇ ਹਨ, ਜਦੋਂਕਿ ਭਾਰਤ ਦੇ ਕੁੱਲ ਡਿਫੈਂਸ ਮੈਨੂਫੈਕਚਰਿੰਗ ਯੋਗਦਾਨ ਦਾ 20 ਫੀਸਦੀ ਹੁਣ ਪ੍ਰਾਈਵੇਟ ਡਿਫੈਂਸ ਕੰਪਨੀਆਂ ਤੋਂ ਆ ਰਿਹਾ ਹੈ। ਇਲੈਕਟ੍ਰੋਨਿਕਸ ਖੇਤਰ ਦੀ ਵਿਕਾਸ ਗਾਥਾ ‘ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 10 ਸਾਲ ਪਹਿਲਾਂ ਤੱਕ ਭਾਰਤ ਜ਼ਿਆਦਾਤਰ ਮੋਬਾਈਲ ਫੋਨ ਦਾ ਵੱਡਾ ਆਯਾਤਕ ਸੀ, ਜਦੋਂਕਿ ਅੱਜ ਦੇਸ਼ ਵਿੱਚ 33 ਕਰੋੜ ਤੋਂ ਵੱਧ ਮੋਬਾਈਲ ਫੋਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਸਾਰੇ ਖੇਤਰਾਂ ਵਿੱਚ ਨਿਵੇਸ਼ਕਾਂ ਲਈ ਆਪਣੇ ਨਿਵੇਸ਼ ‘ਤੇ ਉੱਚ ਆਮਦਨ ਹਾਸਲ ਕਰਨ ਦੇ ਬਿਹਤਰੀਨ ਮੌਕੇ ਮੌਜੂਦ ਹਨ।
ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਸੈਮੀਕੰਡਕਟਰ ਜਿਹੀਆਂ ਮਹੱਤਵਪੂਰਨ ਤਕਨੀਕਾਂ ‘ਤੇ ਭਾਰਤ ਦੇ ਧਿਆਨ ਕੇਂਦ੍ਰਿਤ ਕਰਨ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਦੋਨਾਂ ਖੇਤਰਾਂ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦਾ ਏਆਈ ਮਿਸ਼ਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਖੋਜ ਅਤੇ ਕੌਸ਼ਲ ਦੋਨਾਂ ਨੂੰ ਵਧਾਏਗਾ। ਇੰਡੀਆ ਸੈਮੀਕੰਡਕਟਰ ਮਿਸ਼ਨ ਬਾਰੇ, ਸ਼੍ਰੀ ਮੋਦੀ ਨੇ ਦੱਸਿਆ ਕਿ 1.5 ਟ੍ਰਿਲੀਅਨ ਰੁਪਏ ਜਾਂ ਡੇਢ ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਬਹੁਤ ਜਲਦੀ ਭਾਰਤ ਦੇ 5 ਸੈਮੀਕੰਡਕਟਰ ਪਲਾਂਟ ਦੁਨੀਆ ਦੇ ਹਰ ਕੋਨੇ ਵਿੱਚ ਮੇਡ ਇਨ ਇੰਡੀਆ ਚਿੱਪਸ ਪਹੁੰਚਾਉਣਾ ਸ਼ੁਰੂ ਕਰ ਦੇਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਦੁਨੀਆ ਵਿੱਚ ਸਭ ਤੋਂ ਵੱਡੀ ਬੌਧਿਕ ਸ਼ਕਤੀ ਦੇ ਸਰੋਤ ਵਜੋਂ ਉੱਭਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਮੌਜੂਦਾ ਸਮੇਂ 1700 ਤੋਂ ਵੱਧ ਆਲਮੀ ਸਮਰੱਥਾ ਕੇਂਦਰ ਸੰਚਾਲਿਤ ਹਨ ਜਿਨ੍ਹਾਂ ‘ਚੋਂ 2 ਮਿਲੀਅਨ ਤੋਂ ਵੱਧ ਉੱਚ ਕੁਸ਼ਲ ਭਾਰਤੀ ਪੇਸ਼ੇਵਰ ਕਾਰਜਸ਼ੀਲ ਹਨ। ਸ਼੍ਰੀ ਮੋਦੀ ਨੇ ਸਿੱਖਿਆ , ਇਨੋਵੇਸ਼ਨ, ਸਕਿੱਲ ਅਤੇ ਰਿਸਰਚ ‘ਤੇ ਜ਼ੋਰ ਦੇ ਕੇ ਭਾਰਤ ਦੇ ਡੈਮੋਗ੍ਰਾਫਿਕ ਲਾਭ ਦੀ ਵਰਤੋਂ ਕਰਨ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ। ਉਨ੍ਹਾਂ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਹੋਏ ਪ੍ਰਮੁੱਖ ਸੁਧਾਰਾਂ ਉੱਪਰ ਚਾਨਣਾ ਪਾਇਆ ਅਤੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਹਰ ਹਫਤੇ ਇੱਕ ਨਵੀਂ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਅਤੇ ਹਰ ਦਿਨ ਦੋ ਨਵੇਂ ਕਾਲਜ ਖੋਲ੍ਹੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 10 ਵਰ੍ਹੇ ਵਿੱਚ ਸਾਡੇ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਦੁੱਗਣੀ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਸਰਕਾਰ ਨਾ ਸਿਰਫ ਸਿੱਖਿਆ ਅਦਾਰਿਆਂ ਦੀ ਸੰਖਿਆ ਵਿੱਚ ਵਾਧਾ ਕਰ ਰਹੀ ਹੈ, ਸਗੋਂ ਗੁਣਵੱਤਾ ਦੇ ਪੱਧਰ ਨੂੰ ਵੀ ਬਿਹਤਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਭਾਰਤੀ ਸੰਸਥਾਵਾਂ ਦੀ ਸੰਖਿਆ ਤਿੰਨ ਗੁਣਾ ਹੋ ਗਈ ਹੈ, ਜੋ ਕਿ ਅਕੈਡਮਿਕ ਐਕਸਪੀਰੀਅੰਸ ‘ਤੇ ਦੇਸ਼ ਦੇ ਵਧਦੇ ਜ਼ੋਰ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਕਰੋੜਾਂ ਨੌਜਵਾਨਾਂ ਲਈ ਸਕਿੱਲ ਅਤੇ ਇਨਟਰਨਸ਼ਿਪ ਲਈ ਇੱਕ ਸਪੈਸ਼ਲ ਪੈਕੇਜ ਦਾ ਵੀ ਜ਼ਿਕਰ ਕੀਤਾ। ਪੀਐੱਮ ਇਨਟਰਨਸ਼ਿਪ ਸਕੀਮ ਦੇ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੱਕ ਕਰੋੜ ਯੁਵਾ ਭਾਰਤੀਆਂ ਨੂੰ ਪ੍ਰਮੁੱਖ ਕੰਪਨੀਆਂ ਵਿੱਚ ਅਸਲ ਦੁਨੀਆ ਦਾ ਤਜ਼ਰਬਾ ਹਾਸਲ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਯੋਜਨਾ ਦੇ ਪਹਿਲੇ ਦਿਨ 111 ਕੰਪਨੀਆਂ ਦੇ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਇਆ, ਜਿਸ ਨਾਲ ਉਦਯੋਗ ਦੀ ਉਤਸ਼ਾਹਜਨਕ ਪ੍ਰਤੀਕਿਰਿਆ ਦਾ ਪਤਾ ਲਗਦਾ ਹੈ। ਭਾਰਤ ਦੇ ਖੋਜ ਸਬੰਧੀ ਈਕੋਸਿਸਟਮ ਦਾ ਜ਼ਿਕਰ ਕਰਦਿਆਂ ,ਸ਼੍ਰੀ ਮੋਦੀ ਨੇ ਇਸ ਗੱਲ ਉੱਪਰ ਚਾਨਣਾ ਪਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਖੋਜ ਦੇ ਸਿੱਟੇ ਅਤੇ ਪੇਟੈਂਟ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ, ਗਲੋਬਲ ਇਨੋਵੇਸ਼ਨ ਇੰਡੈਕਸ ਰੈਂਕਿੰਗ ਵਿੱਚ ਭਾਰਤ ਦੀ ਰੈਂਕਿੰਗ 81ਵੇਂ ਤੋ 39ਵੇਂ ਨੰਬਰ ‘ਤੇ ਪਹੁੰਚ ਗਈ ਹੈ। ਇਸ ਗੱਲ ਉੱਪਰ ਜ਼ੋਰ ਦਿੰਦੇ ਹੋਏ ਕਿ ਭਾਰਤ ਨੂੰ ਇੱਥੇ ਤੋਂ ਅੱਗੇ ਵਧਣਾ ਹੈ, ਸ਼੍ਰੀ ਮੋਦੀ ਨੇ ਇਸ ਗੱਲ ‘ ਤੇ ਚਾਨਣਾ ਪਾਇਆ ਕਿ ਭਾਰਤ ਦੇ ਖੋਜ ਸਬੰਧੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇੱਕ ਟ੍ਰਿਲੀਅਨ ਰੁਪਏ ਦਾ ਰਿਸਰਚ ਫੰਡ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ, ਅੱਜ ਜਦੋਂ ਵਾਤਾਵਰਣ ਅਨੁਕੂਲ ਨੌਕਰੀਆਂ ਅਤੇ ਟਿਕਾਊ ਭਵਿੱਖ ਦੀ ਗੱਲ ਆਉਂਦੀ ਹੈ, ਤਾਂ ਦੁਨੀਆ ਭਾਰਤ ਵੱਲ ਬਹੁਤ ਉਮੀਦਾਂ ਨਾਲ ਦੇਖਦੀ ਹੈ। ਭਾਰਤ ਦੀ ਜੀ20 ਪ੍ਰਧਾਨਗੀ ਦੀ ਸਫਲਤਾ ਦਾ ਹਵਾਲਾ ਦਿੰਦਿਆ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮਿਟ ਤੋਂ ਉੱਭਰਦੀ ਹੋਈ ਗ੍ਰੀਨ ਟ੍ਰਾਂਜਿਸ਼ਨ ਦਾ ਜ਼ਿਕਰ ਕੀਤਾ ਅਤੇ ਸਮਿਟ ਦੌਰਾਨ ਬਾਇਓ ਫਿਊਲ ਗਠਬੰਧਨ ਸ਼ੁਰੂ ਕਰਨ ਦੀ ਭਾਰਤ ਦੀ ਪਹਿਲ ਦਾ ਮਾਣ ਨਾਲ ਐਲਾਨ ਕੀਤਾ, ਜਿਸ ਨੂੰ ਮੈਂਬਰ ਦੇਸ਼ਾਂ ਤੋਂ ਵਿਆਪਕ ਸਮਰਥਨ ਮਿਲਿਆ। ਉਨ੍ਹਾਂ ਨੇ ਇਸ ਦਹਾਕੇ ਦੇ ਅੰਤ ਤੱਕ 5 ਮਿਲੀਅਨ ਟਨ ਗ੍ਰੀਨ ਹਾਈਡ੍ਰੋਜਨ ਪ੍ਰੋਡਕਸ਼ਨ ਦੇ ਭਾਰਤ ਦੇ ਮਹੱਤਵਆਕਾਂਖੀ ਟੀਚੇ ‘ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਛੋਟੇ ਪੱਧਰ ‘ਤੇ ਸੋਲਰ ਪਾਵਰ ਉਤਪਾਦਨ ਨੂੰ ਵਧਾਉਣ ਲਈ ਭਾਰਤ ਦੀ ਪ੍ਰਤੀਬੱਧਤਾ ‘ਤੇ ਵੀ ਚਾਨਣਾ ਪਾਇਆ ਅਤੇ ਪੀਐੱਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਦਾ ਜਿਕਰ ਕੀਤਾ, ਜੋ ਸਰਕਾਰ ਦੁਆਰਾ ਵਿੱਤ ਪੋਸ਼ਿਤ ਇੱਕ ਰੂਫਟੌਪ ਸੋਲਰ ਪਹਿਲ ਹੈ, ਜਿਸ ਵਿੱਚ ਪਹਿਲਾਂ ਤੋਂ ਹੀ 13 ਮਿਲੀਅਨ ਜਾਂ 1 ਕਰੋੜ 30 ਲੱਖ ਤੋਂ ਵੱਧ ਪਰਿਵਾਰ ਰਜਿਸਟਰਡ ਹਨ। ਉਨ੍ਹਾਂ ਨੇ ਕਿਹਾ, ‘ਇਹ ਯੋਜਨਾ ਨਾ ਸਿਰਫ ਵੱਡੇ ਪੈਮਾਨੇ ‘ਤੇ ਹੈ, ਸਗੋਂ ਇੱਕ ਵਿੱਚ ਕ੍ਰਾਂਤੀਕਾਰੀ ਪਹਿਲ ਹੈ, ਜੋ ਕਿ ਹਰ ਪਰਿਵਾਰ ਨੂੰ ਸੋਲਰ ਪਾਵਰ ਉਤਪਾਦਕ ਦੇ ਰੂਪ ਵਿੱਚ ਬਦਲ ਰਹੀ ਹੈ।’ ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਪਰਿਵਾਰਾਂ ਨੂੰ ਹਰ ਵਰ੍ਹੇ ਔਸਤਨ 25,000 ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ, ਨਾਲ ਹੀ ਉਤਪਾਦਿਤ ਹਰੇਕ ਤਿੰਨ ਕਿਲੋਵਾਟ ਸੋਲਰ ਊਰਜਾ ਦੇ ਲਈ 50-60 ਟਨ ਕਾਰਬਨ ਡਾਈਔਕਸਾਈਡ ਨਿਕਾਸੀ ਨੂੰ ਰੋਕਣ ਵਿੱਚ ਵੀ ਸਹਾਇਤਾ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਕੁਸ਼ਲ ਨੌਜਵਾਨਾਂ ਦੀ ਇੱਕ ਵੱਡੀ ਫੌਜ ਤਿਆਰ ਹੋਵੇਗੀ ਜਿਸ ਨਾਲ ਕਰੀਬ 17 ਲੱਖ ਨੌਕਰੀਆਂ ਪੈਦਾ ਹੋਣਗੀਆਂ ਜਿਸ ਨਾਲ ਨਿਵੇਸ਼ ਦੇ ਨਵੇਂ ਮੌਕੇ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਅਰਥਵਿਵਸਥਾ ਵੱਡੇ ਬਦਲਾਵਾਂ ਵਿੱਚੋਂ ਲੰਘ ਰਹੀ ਹੈ ਅਤੇ ਮਜ਼ਬੂਤ ਆਰਥਿਕ ਬੁਨਿਆਦੀ ਸਿਧਾਂਤਾਂ ਦੇ ਅਧਾਰ ‘ਤੇ ਟਿਕਾਊ ਉੱਚ ਵਿਕਾਸ ਦੇ ਰਾਹ ‘ਤੇ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, ‘ਅੱਜ ਭਾਰਤ ਨਾ ਸਿਰਫ ਟੌਪ ‘ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ ਸਗੋਂ ਉੱਥੇ ਕਾਇਮ ਰਹਿਣ ਲਈ ਸਖਤ ਮਿਹਨਤ ਵੀ ਕਰ ਰਿਹਾ ਹੈ।’ ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਲੋੜੀਂਦਾ ਫੀਡਬੈਕ, ਖਾਸ ਕਰਕੇ ਕੀ ਕਰੀਏ ਅਤੇ ਕੀ ਨਾ ਕਰੀਏ, ਦਾ ਸਰਕਾਰੀ ਸੰਸਥਾਵਾਂ ਵਿੱਚ ਪਾਲਨ ਕੀਤਾ ਜਾਂਦਾ ਹੈ। ਅਤੇ ਨੀਤੀ ਅਤੇ ਸ਼ਾਸਨ ਦਾ ਹਿੱਸਾ ਬਣਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਉਦਯੋਗਪਤੀਆਂ ਦੇ ਮਹੱਤਵ, ਮੁਹਾਰਤ ਅਤੇ ਤਜ਼ਰਬੇ ‘ਤੇ ਚਾਨਣਾ ਪਾਉਂਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਉਨ੍ਹਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਇੰਸਟੀਟਿਊਟ ਆਫ ਇਕੋਨੌਮਕ ਗ੍ਰੋਥ ਦੇ ਪ੍ਰਧਾਨ ਸ਼੍ਰੀ ਐੱਨ ਕੇ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਉਨ੍ਹਾਂ ਦੇ ਪ੍ਰਯਾਸਾਂ ਲਈ ਧੰਨਵਾਦ ਕੀਤਾ।
ਇਸ ਮੌਕੇ ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਇੰਸਟੀਟਿਊਟ ਆਫ ਇਕੋਨੌਮਿਕ ਗ੍ਰੋਥ ਦੇ ਪ੍ਰਧਾਨ ਸ਼੍ਰੀ ਐੱਨ ਕੇ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਤੀਜਾ ਕੌਟਿਲਯ ਆਰਥਿਕ ਕਨਕਲੇਵ 4 ਤੋਂ 6 ਅਕਤੂਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤੀ ਅਰਥਵਿਵਸਥਾ ਅਤੇ ਗਲੋਬਲ ਸਾਊਥ ਦੀਆਂ ਅਰਥਵਿਵਸਥਾਵਾਂ ਦੇ ਸਾਹਮਣੇ ਆਉਣ ਵਾਲੇ ਕੁਝ ਸਭ ਤੋਂ ਮਹੱਤਵਪੂਰਨ ਮੁੱਦਿਆਂ ਉੱਪਰ ਭਾਰਤੀ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਅਤੇ ਨੀਤੀ ਨਿਰਮਾਤਾਵਾਂ ਦੁਆਰਾ ਚਰਚਾ ਕੀਤੀ ਜਾਵੇਗੀ। ਕਨਕਲੇਵ ਵਿੱਚ ਦੁਨੀਆ ਭਰ ਤੋਂ ਵਕਤਾ ਹਿੱਸਾ ਲੈਣਗੇ।
*****
ਐੱਮਜੇਪੀਐੱਸ/ਐੱਸਆਰ/ਟੀਐੱਸ
(Release ID: 2062626)
Visitor Counter : 25
Read this release in:
Odia
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam