ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰ ਸਰਕਾਰ ਨੇ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ ਦਰਾਂ ਵਧਾਈਆਂ
Posted On:
26 SEP 2024 6:17PM by PIB Chandigarh
ਕੇਂਦਰ ਸਰਕਾਰ ਨੇ ਮਜ਼ਦੂਰਾਂ, ਖਾਸ ਤੌਰ ’ਤੇ ਗੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਸਹਾਇਤਾ ਦੇਣ ਦੇ ਉਦੇਸ਼ ਨਾਲ਼ ਇੱਕ ਅਹਿਮ ਕਦਮ ਚੁੱਕਦਿਆਂ ਬਦਲਾਅ ਪੂਰਨ ਮਹਿੰਗਾਈ ਭੱਤੇ (ਵੀਡੀਏ) ਵਿੱਚ ਸੋਧ ਕਰਕੇ ਘੱਟੋ-ਘੱਟ ਮਜ਼ਦੂਰੀ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਉਦੇਸ਼ ਮਜ਼ਦੂਰਾਂ ਨੂੰ ਜ਼ਿੰਦਗੀ ਜਿਉਣ ਲਈ ਵੱਧਦੀ ਲਾਗਤ ਦਾ ਸਾਹਮਣਾ ਕਰਨ ਵਿੱਚ ਮਦਦ ਕਰਨਾ ਹੈ।
ਕੇਂਦਰੀ ਖੇਤਰ ਦੇ ਅਦਾਰਿਆਂ ਅੰਦਰ ਇਮਾਰਤ ਉਸਾਰੀ, ਮਾਲ ਦੀ ਢੋਆ-ਢੁਆਈ, ਚੌਕੀਦਾਰੀ ਜਾਂ ਪਹਿਰੇਦਾਰੀ, ਝਾੜੂ ਮਾਰਨ, ਸਫ਼ਾਈ, ਘਰ ਦੀ ਦੇਖਭਾਲ ਕਰਨ, ਖਾਣ ਅਤੇ ਖੇਤੀਬਾੜੀ ਸਣੇ ਵੱਖੋ ਵੱਖ ਖੇਤਰਾਂ ਵਿੱਚ ਲੱਗੇ ਮਜ਼ਦੂਰਾਂ ਨੂੰ ਸੋਧੀਆਂ ਮਜ਼ਦੂਰੀ ਦਰਾਂ ਨਾਲ਼ ਲਾਭ ਹੋਵੇਗਾ। ਨਵੀਆਂ ਮਜ਼ਦੂਰੀ ਦਰਾਂ 1 ਅਕਤੂਬਰ 2024 ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਮਜ਼ਦੂਰੀ ਦਰਾਂ ਵਿੱਚ ਆਖਰੀ ਸੋਧ ਅਪ੍ਰੈਲ 2024 ਵਿੱਚ ਕੀਤੀ ਗਈ ਸੀ।
ਘੱਟੋ-ਘੱਟ ਮਜ਼ਦੂਰੀ ਦਰਾਂ ਨੂੰ ਹੁਨਰ ਦੇ ਆਧਾਰ ’ਤੇ ਸ਼੍ਰੇਣੀਬੱਧ ਕੀਤਾ ਜਾਂਦਾ ਹੈ – ਗੈਰ-ਹੁਨਰਮੰਦ, ਮੱਧਮ-ਹੁਨਰਮੰਦ, ਹੁਨਰਮੰਦ ਅਤੇ ਉੱਚ ਹੁਨਰਮੰਦ ਅਤੇ ਨਾਲ਼ ਹੀ ਇਨ੍ਹਾਂ ਨੂੰ ਭੂਗੋਲਿਕ ਖੇਤਰ ਏ, ਬੀ ਅਤੇ ਸੀ ਦੇ ਆਧਾਰ ’ਤੇ ਵੰਡਿਆ ਜਾਂਦਾ ਹੈ।
ਇਸ ਸੋਧ ਤੋਂ ਬਾਅਦ, ਗੈਰ-ਹੁਨਰਮੰਦ ਕਾਰਜ ਖੇਤਰ ਜਿਵੇਂ ਉਸਾਰੀ, ਝਾੜੂ ਮਾਰਨ, ਸਫ਼ਾਈ, ਮਾਲ ਦੀ ਢੋਆ-ਢੁਆਈ ਵਿੱਚ ਮਜ਼ਦੂਰਾਂ ਦੇ ਲਈ “ਏ” ਵਿੱਚ ਘੱਟੋ-ਘੱਟ ਮਜ਼ਦੂਰੀ ਦਰ 783 ਰੁਪਏ ਪ੍ਰਤੀ ਦਿਨ (20,358 ਰੁਪਏ ਪ੍ਰਤੀ ਮਹੀਨਾ) ਹੋਵੇਗੀ, ਅਰਧ-ਹੁਨਰਮੰਦ ਦੇ ਲਈ 868 ਰੁਪਏ ਪ੍ਰਤੀ ਦਿਨ (22,568 ਰੁਪਏ ਪ੍ਰਤੀ ਮਹੀਨਾ) ਹੋਵੇਗੀ। ਇਸ ਤੋਂ ਇਲਾਵਾ, ਹੁਨਰਮੰਦ ਮੁਲਾਜ਼ਮ, ਕਲਰਕ ਅਤੇ ਬਿਨ੍ਹਾਂ ਹਥਿਆਰ ਵਾਲੇ ਚੌਕੀਦਾਰ ਜਾਂ ਪਹਿਰੇਦਾਰ ਦੇ ਲਈ 954 ਰੁਪਏ ਪ੍ਰਤੀ ਦਿਨ (24,804 ਰੁਪਏ ਪ੍ਰਤੀ ਮਹੀਨਾ) ਅਤੇ ਉੱਚ ਹੁਨਰਮੰਦ ਅਤੇ ਹਥਿਆਰ ਦੇ ਨਾਲ਼ ਚੌਕੀਦਾਰ ਜਾਂ ਪਹਿਰੇਦਾਰ ਦੇ ਲਈ 1,035 ਰੁਪਏ ਪ੍ਰਤੀ ਦਿਨ (26,910 ਰੁਪਏ ਪ੍ਰਤੀ ਮਹੀਨਾ) ਹੋਵੇਗੀ।
ਕੇਂਦਰ ਸਰਕਾਰ ਉਦਯੋਗਿਕ ਮਜ਼ਦੂਰਾਂ ਲਈ ਉਪਭੋਗਤਾ ਮੁੱਲ ਸੂਚਕਾਂਕ ਵਿੱਚ ਛੇ ਮਹੀਨਿਆਂ ਦੇ ਔਸਤ ਵਾਧੇ ਦੇ ਆਧਾਰ ’ਤੇ ਸਾਲ ਵਿੱਚ ਦੋ ਵਾਰ ਬਦਲਾਅ ਪੂਰਨ ਮਹਿੰਗਾਈ ਭੱਤੇ ਨੂੰ ਸੋਧਦੀ ਹੈ, ਜੋ 1 ਅਪ੍ਰੈਲ ਅਤੇ 1 ਅਕਤੂਬਰ ਤੋਂ ਲਾਗੂ ਹੁੰਦੀਆਂ ਹਨ।
ਵੱਖੋ ਵੱਖ ਤਰ੍ਹਾਂ ਦੇ ਕੰਮ, ਸ਼੍ਰੇਣੀਆਂ ਅਤੇ ਖੇਤਰ ਦੇ ਮੁਤਾਬਕ ਘੱਟੋ-ਘੱਟ ਮਜ਼ਦੂਰੀ ਦਰਾਂ ਦੇ ਸੰਬੰਧ ਵਿੱਚ ਵਿਸਥਾਰਤ ਜਾਣਕਾਰੀ ਭਾਰਤ ਸਰਕਾਰ ਦੇ ਪ੍ਰਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਦੀ ਵੈੱਬਸਾਈਟ (clc.gov.in) ’ਤੇ ਉਪਲਬਧ ਹੈ।
************
ਹਿਮਾਂਸ਼ੂ ਪਾਠਕ
(Release ID: 2060237)
Visitor Counter : 99