ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ ਵਿੱਚ 11,200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਜ਼ਿਲ੍ਹਾ ਅਦਾਲਤ ਤੋਂ ਸ੍ਵਰਗੇਟ ਦੇ ਪੁਣੇ ਮੈਟਰੋ ਸੈਕਸ਼ਨ ਦਾ ਉਦਘਾਟਨ ਕੀਤਾ

ਬਿਡਕਿਨ ਉਦਯੋਗਿਕ ਖੇਤਰ ਰਾਸ਼ਟਰ ਨੂੰ ਸਮਰਪਿਤ ਕੀਤਾ

ਸੋਲਾਪੁਰ ਹਵਾਈ ਅੱਡੇ ਦਾ ਉਦਘਾਟਨ ਕੀਤਾ

ਭਿਦੇਵਾੜਾ ਵਿਖੇ ਕ੍ਰਾਂਤੀਜਯੋਤੀ ਸਾਵਿਤ੍ਰੀਬਾਈ ਫੂਲੇ ਦੇ ਪਹਿਲੇ ਗਰਲਜ਼ ਸਕੂਲ ਲਈ ਯਾਦਗਾਰ ਦਾ ਨੀਂਹ ਪੱਥਰ ਰੱਖਿਆ

"ਮਹਾਰਾਸ਼ਟਰ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਸ਼ੁਰੂ ਹੋਣ ਨਾਲ ਸ਼ਹਿਰੀ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਲਈ 'ਈਜ਼ ਆਫ ਲਿਵਿੰਗ' ਵਿੱਚ ਅਹਿਮ ਵਾਧਾ ਹੋਵੇਗਾ"

"ਅਸੀਂ ਪੁਣੇ ਸ਼ਹਿਰ ਵਿੱਚ 'ਈਜ਼ ਆਫ ਲਿਵਿੰਗ' ਨੂੰ ਵਧਾਉਣ ਦੇ ਸਾਡੇ ਸੁਪਨੇ ਦੀ ਦਿਸ਼ਾ ਵਿੱਚ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ"

"ਸੋਲਾਪੁਰ ਨੂੰ ਸਿੱਧੀ ਏਅਰ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਹਵਾਈ ਅੱਡੇ ਨੂੰ ਅੱਪਗ੍ਰੇਡ ਕਰਨ ਦਾ ਕੰਮ ਪੂਰਾ ਹੋ ਗਿਆ ਹੈ"

"ਭਾਰਤ ਨੂੰ ਮਾਡਰਨ ਹੋਣਾ ਚਾਹੀਦਾ ਹੈ, ਭਾਰਤ ਨੂੰ ਮਾਡਰਨਾਈਜ਼ ਹੋਣਾ ਚਾਹੀਦਾ ਹੈ ਪਰ ਇਹ ਸਾਡੀਆਂ ਬੁਨਿਆਦੀ ਕਦਰਾਂ ਕੀਮਤਾਂ 'ਤੇ ਅਧਾਰਿਤ ਹੋਣਾ ਚਾਹੀਦਾ ਹੈ"

"ਸਾਵਿਤ੍ਰੀਬਾਈ ਫੂਲੇ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ, ਜੋ ਧੀਆਂ ਲਈ ਬੰਦ ਸਨ"

Posted On: 29 SEP 2024 2:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ ਵਿੱਚ 11,200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੋ ਦਿਨ ਪਹਿਲਾਂ ਖ਼ਰਾਬ ਮੌਸਮ ਕਾਰਨ ਪੁਣੇ ਵਿੱਚ ਆਪਣੇ ਸਮਾਗਮ ਨੂੰ ਰੱਦ ਕੀਤੇ ਜਾਣ ਨੂੰ ਯਾਦ ਕੀਤਾ ਅਤੇ ਅੱਜ ਦੇ ਵਰਚੁਅਲ ਸਮਾਗਮ ਦਾ ਸਿਹਰਾ ਟੈਕਨੋਲੋਜੀ ਨੂੰ ਦਿੰਦੇ ਹੋਏ ਕਿਹਾ ਕਿ ਮਹਾਨ ਸ਼ਖ਼ਸੀਅਤਾਂ ਦੀ ਪ੍ਰੇਰਨਾ ਦੀ ਇਹ ਧਰਤੀ ਮਹਾਰਾਸ਼ਟਰ ਦੇ ਵਿਕਾਸ ਦੇ ਇੱਕ ਨਵੇਂ ਅਧਿਆਏ ਦੀ ਗਵਾਹੀ ਭਰ ਰਹੀ ਹੈ। ਸ਼੍ਰੀ ਮੋਦੀ ਨੇ ਅੱਜ ਪੁਣੇ ਮੈਟਰੋ ਫੇਜ਼-1 ਦੇ ਸ੍ਵਰਗੇਟ-ਕਟਰਾਜ ਐਕਸਟੈਂਸ਼ਨ ਲਈ ਨੀਂਹ ਪੱਥਰ ਰੱਖਣ ਅਤੇ ਜ਼ਿਲ੍ਹਾ ਅਦਾਲਤ ਤੋਂ ਸ੍ਵਰਗੇਟ ਦੇ ਪੁਣੇ ਮੈਟਰੋ ਸੈਕਸ਼ਨ ਦੇ ਉਦਘਾਟਨ ਦਾ ਜ਼ਿਕਰ ਕੀਤਾ। ਉਨ੍ਹਾਂ ਭਿਦੇਵਾੜਾ ਵਿਖੇ ਕ੍ਰਾਂਤੀਜਯੋਤੀ ਸਾਵਿਤ੍ਰੀਬਾਈ ਫੂਲੇ ਦੇ ਪਹਿਲੇ ਗਰਲਜ਼ ਸਕੂਲ ਲਈ ਯਾਦਗਾਰ ਦਾ ਨੀਂਹ ਪੱਥਰ ਰੱਖਣ ਦਾ ਵੀ ਜ਼ਿਕਰ ਕੀਤਾ ਅਤੇ ਪੁਣੇ ਵਿੱਚ ਈਜ਼ ਆਫ ਲਿਵਿੰਗ ਨੂੰ ਵਧਾਉਣ ਵੱਲ ਤੇਜ਼ੀ ਨਾਲ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਸ਼ਹਿਰ ਨਾਲ ਸਿੱਧਾ ਹਵਾਈ ਸੰਪਰਕ ਸਥਾਪਿਤ ਕਰਨ ਲਈ ਸੋਲਾਪੁਰ ਹਵਾਈ ਅੱਡੇ ਦੇ ਉਦਘਾਟਨ ਦਾ ਜ਼ਿਕਰ ਕਰਦਿਆਂ ਕਿਹਾ, “ਭਗਵਾਨ ਵਿੱਠਲ ਦੇ ਸ਼ਰਧਾਲੂਆਂ ਨੂੰ ਵੀ ਅੱਜ ਇੱਕ ਵਿਸ਼ੇਸ਼ ਤੋਹਫ਼ਾ ਮਿਲਿਆ ਹੈ”। ਉਨ੍ਹਾਂ ਦੱਸਿਆ ਕਿ ਮੌਜੂਦਾ ਹਵਾਈ ਅੱਡੇ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਟਰਮੀਨਲ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ ਅਤੇ ਯਾਤਰੀਆਂ ਲਈ ਨਵੀਆਂ ਸੇਵਾਵਾਂ ਅਤੇ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਭਗਵਾਨ ਵਿੱਠਲ ਦੇ ਸ਼ਰਧਾਲੂਆਂ ਦੀ ਸਹੂਲਤ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਵਾਈ ਅੱਡਾ ਕਾਰੋਬਾਰਾਂ, ਉਦਯੋਗਾਂ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਦੇਵੇਗਾ ਅਤੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਲਈ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਪੁਣੇ ਵਰਗੇ ਸ਼ਹਿਰਾਂ ਨੂੰ ਤਰੱਕੀ ਅਤੇ ਸ਼ਹਿਰੀ ਵਿਕਾਸ ਦਾ ਕੇਂਦਰ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਟਿੱਪਣੀ ਕੀਤੀ, "ਅੱਜ, ਮਹਾਰਾਸ਼ਟਰ ਨੂੰ ਨਵੇਂ ਸੰਕਲਪਾਂ ਦੇ ਨਾਲ ਵੱਡੇ ਟੀਚਿਆਂ ਦੀ ਜ਼ਰੂਰਤ ਹੈ"। ਪੁਣੇ ਦੀ ਤਰੱਕੀ ਅਤੇ ਵਧਦੀ ਆਬਾਦੀ ਦੇ ਦਬਾਅ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਅਤੇ ਸਮਰੱਥਾ ਨੂੰ ਵਧਾਉਣ ਲਈ ਹੁਣ ਕਦਮ ਚੁੱਕਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮੌਜੂਦਾ ਰਾਜ ਸਰਕਾਰ ਪੁਣੇ ਦੇ ਜਨਤਕ ਟਰਾਂਸਪੋਰਟ ਦੇ ਆਧੁਨਿਕੀਕਰਣ ਅਤੇ ਸ਼ਹਿਰ ਦੇ ਵਿਸਤਾਰ ਦੇ ਨਾਲ ਸੰਪਰਕ ਨੂੰ ਹੁਲਾਰਾ ਦੇਣ ਦੀ ਪਹੁੰਚ ਨਾਲ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਪੁਣੇ ਮੈਟਰੋ ਬਾਰੇ ਚਰਚਾ 2008 ਵਿੱਚ ਸ਼ੁਰੂ ਹੋਈ ਸੀ ਪਰ ਇਸ ਦਾ ਨੀਂਹ ਪੱਥਰ 2016 ਵਿੱਚ ਰੱਖਿਆ ਗਿਆ ਸੀ ਜਦੋਂ ਉਨ੍ਹਾਂ ਦੀ ਸਰਕਾਰ ਦੁਆਰਾ ਤੁਰੰਤ ਫੈਸਲੇ ਲਏ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ, ਨਤੀਜੇ ਵਜੋਂ, ਅੱਜ ਪੁਣੇ ਮੈਟਰੋ ਦੀ ਗਤੀ ਵਧ ਰਹੀ ਹੈ ਅਤੇ ਵਿਸਤਾਰ ਹੋ ਰਿਹਾ ਹੈ। ਅੱਜ ਦੇ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਪਾਸੇ ਜ਼ਿਲ੍ਹਾ ਅਦਾਲਤ ਤੋਂ ਸ੍ਵਰਗੇਟ ਤੱਕ ਪੁਣੇ ਮੈਟਰੋ ਸੈਕਸ਼ਨ ਦਾ ਉਦਘਾਟਨ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ ਸ੍ਵਰਗੇਟ ਤੋਂ ਕਟਰਾਜ ਲਾਈਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਸਾਲ ਮਾਰਚ ਵਿੱਚ ਰੂਬੀ ਹਾਲ ਕਲੀਨਿਕ ਤੋਂ ਰਾਮਵਾੜੀ ਤੱਕ ਮੈਟਰੋ ਸੇਵਾ ਦੇ ਉਦਘਾਟਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਫੈਸਲੇ ਲੈਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਕਾਰਨ 2016 ਤੋਂ ਹੁਣ ਤੱਕ ਪੁਣੇ ਮੈਟਰੋ ਦੇ ਵਿਸਤਾਰ ਲਈ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੁਣੇ ਵਿੱਚ ਮੈਟਰੋ ਦਾ ਆਧੁਨਿਕ ਨੈੱਟਵਰਕ ਤਿਆਰ ਕੀਤਾ ਹੈ ਜਦਕਿ ਪਿਛਲੀ ਸਰਕਾਰ 8 ਸਾਲਾਂ ਵਿੱਚ ਸਿਰਫ਼ ਇੱਕ ਵੀ ਮੈਟਰੋ ਦਾ ਪਿੱਲਰ ਹੀ ਉਸਾਰ ਸਕੀ ਸੀ।

ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਵਿਕਾਸ-ਸੰਚਾਲਿਤ ਸ਼ਾਸਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਨਿਰੰਤਰਤਾ ਵਿੱਚ ਕੋਈ ਵੀ ਵਿਘਨ ਰਾਜ ਲਈ ਮਹੱਤਵਪੂਰਨ ਨੁਕਸਾਨ ਦਾ ਕਾਰਨ ਬਣਦਾ ਹੈ। ਉਨ੍ਹਾਂ ਮੈਟਰੋ ਪਹਿਲਕਦਮੀਆਂ ਤੋਂ ਲੈ ਕੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਅਤੇ ਕਿਸਾਨਾਂ ਲਈ ਮਹੱਤਵਪੂਰਨ ਸਿੰਚਾਈ ਪ੍ਰੋਜੈਕਟਾਂ, ਜੋ ਕਿ ਡਬਲ ਇੰਜਣ ਵਾਲੀ ਸਰਕਾਰ ਦੇ ਆਉਣ ਤੋਂ ਪਹਿਲਾਂ ਦੇਰੀ ਨਾਲ ਰੁਕੇ ਹੋਏ ਸਨ, ਦੇ ਵੱਖ-ਵੱਖ ਰੁਕੇ ਹੋਏ ਪ੍ਰੋਜੈਕਟਾਂ ਨੂੰ ਉਜਾਗਰ ਕੀਤਾ।

ਪ੍ਰਧਾਨ ਮੰਤਰੀ ਨੇ ਬਿਡਕਿਨ ਉਦਯੋਗਿਕ ਖੇਤਰ ਬਾਰੇ ਗੱਲ ਕੀਤੀ, ਜੋ ਕਿ ਉਸ ਸਮੇਂ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੇ ਕਾਰਜਕਾਲ ਦੌਰਾਨ ਸੰਕਲਪਿਤ ਔਰਿਕ ਸਿਟੀ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਦਿੱਲੀ-ਮੁੰਬਈ ਇੰਡਸਟ੍ਰੀਅਲ ਕੌਰੀਡੋਰ 'ਤੇ ਸਥਿਤ ਇਸ ਪ੍ਰੋਜੈਕਟ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਡਬਲ ਇੰਜਣ ਵਾਲੀ ਸਰਕਾਰ ਦੀ ਅਗਵਾਈ ਹੇਠ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ। ਸ਼੍ਰੀ ਮੋਦੀ ਨੇ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਲਿਆਉਣ ਦੀ ਇਸ ਦੀ ਸੰਭਾਵਨਾ ਨੂੰ ਉਜਾਗਰ ਕਰਦੇ ਹੋਏ, ਬਿਡਕਿਨ ਉਦਯੋਗਿਕ ਨੋਡ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "8,000 ਏਕੜ ਵਿੱਚ ਬਿਡਕਿਨ ਉਦਯੋਗਿਕ ਖੇਤਰ ਦੇ ਵਿਕਾਸ ਨਾਲ, ਹਜ਼ਾਰਾਂ ਕਰੋੜਾਂ ਦਾ ਨਿਵੇਸ਼ ਮਹਾਰਾਸ਼ਟਰ ਵਿੱਚ ਆਵੇਗਾ, ਹਜ਼ਾਰਾਂ ਨੌਜਵਾਨਾਂ ਲਈ ਨੌਕਰੀਆਂ ਪੈਦਾ ਹੋਣਗੀਆਂ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਵੇਸ਼ ਰਾਹੀਂ ਨੌਕਰੀਆਂ ਪੈਦਾ ਕਰਨ ਦਾ ਮੰਤਰ ਅੱਜ ਮਹਾਰਾਸ਼ਟਰ ਵਿੱਚ ਨੌਜਵਾਨਾਂ ਦੀ ਵੱਡੀ ਤਾਕਤ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਦੁਹਰਾਇਆ ਕਿ ਆਧੁਨਿਕੀਕਰਣ ਦੇਸ਼ ਦੀਆਂ ਬੁਨਿਆਦੀ ਕਦਰਾਂ ਕੀਮਤਾਂ 'ਤੇ ਅਧਾਰਿਤ ਹੋਣਾ ਚਾਹੀਦਾ ਹੈ ਅਤੇ ਜ਼ੋਰ ਦਿੱਤਾ ਕਿ ਭਾਰਤ ਆਪਣੀ ਸਮ੍ਰਿੱਧ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਆਧੁਨਿਕੀਕਰਣ ਅਤੇ ਵਿਕਾਸ ਕਰੇਗਾ। ਉਨ੍ਹਾਂ ਕਿਹਾ ਕਿ ਭਵਿੱਖ ਲਈ ਤਿਆਰ ਬੁਨਿਆਦੀ ਢਾਂਚਾ ਅਤੇ ਵਿਕਾਸ ਦੇ ਲਾਭ ਹਰ ਵਰਗ ਤੱਕ ਪਹੁੰਚਣਾ ਮਹਾਰਾਸ਼ਟਰ ਲਈ ਬਰਾਬਰ ਮਹੱਤਵਪੂਰਨ ਹਨ ਅਤੇ ਇਹ ਰੇਖਾਂਕਿਤ ਕੀਤਾ ਕਿ ਇਹ ਉਦੋਂ ਹਕੀਕਤ ਬਣ ਸਕਦਾ ਹੈ ਜਦੋਂ ਸਮਾਜ ਦਾ ਹਰ ਵਰਗ ਦੇਸ਼ ਦੇ ਵਿਕਾਸ ਵਿੱਚ ਹਿੱਸਾ ਲੈਂਦਾ ਹੈ।

ਪ੍ਰਧਾਨ ਮੰਤਰੀ ਨੇ ਸਮਾਜਿਕ ਪਰਿਵਰਤਨ ਵਿੱਚ ਮਹਿਲਾਵਾਂ ਦੀ ਅਗਵਾਈ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਮਹਾਰਾਸ਼ਟਰ ਦੀ ਮਹਿਲਾ ਸਸ਼ਕਤੀਕਰਣ ਦੀ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕੀਤੀ, ਖਾਸ ਤੌਰ 'ਤੇ ਸਾਵਿਤ੍ਰੀਬਾਈ ਫੂਲੇ ਦੇ ਯਤਨਾਂ, ਜਿਨ੍ਹਾਂ ਨੇ ਲੜਕੀਆਂ ਦਾ ਪਹਿਲਾ ਸਕੂਲ ਖੋਲ੍ਹ ਕੇ ਮਹਿਲਾਵਾਂ ਦੀ ਸਿੱਖਿਆ ਲਈ ਅੰਦੋਲਨ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਸਾਵਿਤ੍ਰੀਬਾਈ ਫੂਲੇ ਮੈਮੋਰੀਅਲ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ਇੱਕ ਹੁਨਰ ਵਿਕਾਸ ਕੇਂਦਰ, ਇੱਕ ਲਾਇਬ੍ਰੇਰੀ ਅਤੇ ਹੋਰ ਜ਼ਰੂਰੀ ਸਹੂਲਤਾਂ ਸ਼ਾਮਲ ਹੋਣਗੀਆਂ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਯਾਦਗਾਰ ਸਮਾਜਿਕ ਸੁਧਾਰ ਅੰਦੋਲਨ ਲਈ ਇੱਕ ਸਥਾਈ ਸ਼ਰਧਾਂਜਲੀ ਵਜੋਂ ਕੰਮ ਕਰੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ।

ਪ੍ਰਧਾਨ ਮੰਤਰੀ ਨੇ ਅਜ਼ਾਦੀ ਤੋਂ ਪਹਿਲਾਂ ਦੇ ਭਾਰਤ ਵਿੱਚ ਮਹਿਲਾਵਾਂ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ, ਖਾਸ ਤੌਰ 'ਤੇ ਸਿੱਖਿਆ ਤੱਕ ਪਹੁੰਚ ਵਿੱਚ ਅਤੇ ਮਹਿਲਾਵਾਂ ਲਈ ਸਿੱਖਿਆ ਦੇ ਦਰਵਾਜ਼ੇ ਖੋਲ੍ਹਣ ਲਈ ਸਾਵਿਤ੍ਰੀਬਾਈ ਫੂਲੇ ਵਰਗੇ ਦੂਰਅੰਦੇਸ਼ੀ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਆਜ਼ਾਦੀ ਮਿਲਣ ਦੇ ਬਾਵਜੂਦ, ਦੇਸ਼ ਨੇ ਅਤੀਤ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਮਿਟਾਉਣ ਲਈ ਸੰਘਰਸ਼ ਕੀਤਾ ਅਤੇ ਪਿਛਲੀਆਂ ਸਰਕਾਰਾਂ ਵੱਲ ਧਿਆਨ ਦਿੱਤਾ ਜਿਨ੍ਹਾਂ ਨੇ ਕਈ ਖੇਤਰਾਂ ਵਿੱਚ ਮਹਿਲਾਵਾਂ ਦੀ ਪਹੁੰਚ ਨੂੰ ਸੀਮਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਪਖਾਨਿਆਂ ਵਰਗੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਲੜਕੀਆਂ ਦੀ ਸਕੂਲ ਛੱਡਣ ਦੀ ਦਰ ਉੱਚੀ ਹੋਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੈਨਿਕ ਸਕੂਲਾਂ ਵਿੱਚ ਮਹਿਲਾਵਾਂ ਦੇ ਦਾਖਲੇ ਅਤੇ ਹਥਿਆਰਬੰਦ ਬਲਾਂ ਵਿੱਚ ਭੂਮਿਕਾਵਾਂ ਸਮੇਤ ਪੁਰਾਣੀਆਂ ਪ੍ਰਣਾਲੀਆਂ ਨੂੰ ਬਦਲਿਆ ਹੈ ਅਤੇ ਗਰਭਵਤੀ ਮਹਿਲਾਵਾਂ ਨੂੰ ਕੰਮ ਛੱਡਣ ਦੇ ਮੁੱਦੇ ਨੂੰ ਵੀ ਹੱਲ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਆਨ ਦੇ ਮਹੱਤਵਪੂਰਨ ਪ੍ਰਭਾਵਾਂ ਦੀ ਰੂਪ ਰੇਖਾ ਦੱਸੀ ਅਤੇ ਕਿਹਾ ਕਿ ਇਸ ਦੇ ਸਭ ਤੋਂ ਵੱਧ ਲਾਭਪਾਤਰੀ ਧੀਆਂ ਅਤੇ ਮਹਿਲਾਵਾਂ ਹਨ, ਜਿਨ੍ਹਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਕਰਨ ਦੀ ਮੁਸ਼ਕਲ ਤੋਂ ਮੁਕਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਸਕੂਲ ਦੇ ਸਵੱਛਤਾ ਸੁਧਾਰਾਂ ਨੇ ਲੜਕੀਆਂ ਦੀ ਸਕੂਲ ਛੱਡਣ ਦੀ ਦਰ ਨੂੰ ਘਟਾ ਦਿੱਤਾ ਹੈ। ਸ਼੍ਰੀ ਮੋਦੀ ਨੇ ਮਹਿਲਾਵਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨਾਂ ਅਤੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਵੀ ਜ਼ਿਕਰ ਕੀਤਾ ਜੋ ਭਾਰਤ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਮਹਿਲਾਵਾਂ ਦੀ ਅਗਵਾਈ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ, “ਜਦੋਂ ਹਰ ਖੇਤਰ ਦਾ ਦਰਵਾਜ਼ਾ ਸਾਡੀਆਂ ਧੀਆਂ ਲਈ ਖੁੱਲ੍ਹਦਾ ਹੈ, ਤਦ ਹੀ ਦੇਸ਼ ਲਈ ਤਰੱਕੀ ਦੇ ਅਸਲ ਦਰਵਾਜ਼ੇ ਖੁੱਲ੍ਹਦੇ ਹਨ।” ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਵਿਤ੍ਰੀਬਾਈ ਫੂਲੇ ਸਮਾਰਕ ਇਨ੍ਹਾਂ ਸੰਕਲਪਾਂ ਅਤੇ ਮਹਿਲਾ ਸਸ਼ਕਤੀਕਰਣ ਦੀ ਮੁਹਿੰਮ ਨੂੰ ਹੋਰ ਊਰਜਾ ਦੇਵੇਗਾ।

ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵਿਕਾਸ ਵੱਲ ਸੇਧ ਦੇਣ ਵਿੱਚ ਮਹਾਰਾਸ਼ਟਰ ਦੀ ਅਹਿਮ ਭੂਮਿਕਾ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ ਅਤੇ ਕਿਹਾ, "ਅਸੀਂ ਮਿਲ ਕੇ 'ਵਿਕਸਿਤ ਮਹਾਰਾਸ਼ਟਰ, ਵਿਕਸਿਤ ਭਾਰਤ' ਦੇ ਇਸ ਟੀਚੇ ਨੂੰ ਪ੍ਰਾਪਤ ਕਰਾਂਗੇ।

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀ.ਪੀ ਰਾਧਾਕ੍ਰਿਸ਼ਣਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ ਅਤੇ ਸ਼੍ਰੀ ਅਜੀਤ ਪਵਾਰ ਅਤੇ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਅਦਾਲਤ ਤੋਂ ਸ੍ਵਰਗੇਟ ਦੇ ਪੁਣੇ ਮੈਟਰੋ ਸੈਕਸ਼ਨ ਦਾ ਉਦਘਾਟਨ ਕੀਤਾ ਜੋ ਪੁਣੇ ਮੈਟਰੋ ਰੇਲ ਪ੍ਰੋਜੈਕਟ (ਫੇਜ਼-1) ਦੇ ਮੁਕੰਮਲ ਹੋਣ ਦੀ ਨਿਸ਼ਾਨਦੇਹੀ ਕਰੇਗਾ। ਜ਼ਿਲ੍ਹਾ ਕਚਹਿਰੀ ਤੋਂ ਸ੍ਵਰਗੇਟ ਵਿਚਕਾਰ ਜ਼ਮੀਨਦੋਜ਼ ਸੈਕਸ਼ਨ ਦੀ ਲਾਗਤ ਲਗਭਗ 1,810 ਕਰੋੜ ਰੁਪਏ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਲਗਭਗ 2,955 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਪੁਣੇ ਮੈਟਰੋ ਫੇਜ਼-1 ਦੇ ਸ੍ਵਰਗੇਟ-ਕਟਰਾਜ ਐਕਸਟੈਂਸ਼ਨ ਦਾ ਨੀਂਹ ਪੱਥਰ ਰੱਖਿਆ। ਲਗਭਗ 5.46 ਕਿਲੋਮੀਟਰ ਦਾ ਇਹ ਦੱਖਣੀ ਵਿਸਤਾਰ ਤਿੰਨ ਸਟੇਸ਼ਨਾਂ ਅਰਥਾਤ ਮਾਰਕੀਟ ਯਾਰਡ, ਪਦਮਾਵਤੀ ਅਤੇ ਕਟਰਾਜ ਦੇ ਨਾਲ ਪੂਰੀ ਤਰ੍ਹਾਂ ਭੂਮੀਗਤ ਹਨ।

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਛਤਰਪਤੀ ਸੰਭਾਜੀਨਗਰ ਤੋਂ 20 ਕਿਲੋਮੀਟਰ ਦੱਖਣ ਵਿੱਚ ਸਥਿਤ, ਭਾਰਤ ਸਰਕਾਰ ਦੇ ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਪ੍ਰੋਗਰਾਮ ਦੇ ਤਹਿਤ 7,855 ਏਕੜ ਵਿੱਚ ਫੈਲੇ ਇੱਕ ਪਰਿਵਰਤਨਸ਼ੀਲ ਪ੍ਰੋਜੈਕਟ ਨੂੰ ਬਿਡਕਿਨ ਉਦਯੋਗਿਕ ਖੇਤਰ, ਰਾਸ਼ਟਰ ਨੂੰ ਸਮਰਪਿਤ ਕੀਤਾ। ਦਿੱਲੀ ਮੁੰਬਈ ਇੰਡਸਟ੍ਰੀਅਲ ਕੌਰੀਡੋਰ ਦੇ ਤਹਿਤ ਵਿਕਸਿਤ ਕੀਤਾ ਗਿਆ ਇਹ ਪ੍ਰੋਜੈਕਟ ਮਰਾਠਵਾੜਾ ਖੇਤਰ ਵਿੱਚ ਇੱਕ ਜੀਵੰਤ ਆਰਥਿਕ ਹੱਬ ਵਜੋਂ ਅਪਾਰ ਸੰਭਾਵਨਾਵਾਂ ਰੱਖਦਾ ਹੈ। ਕੇਂਦਰ ਸਰਕਾਰ ਨੇ 3 ਪੜਾਵਾਂ ਵਿੱਚ ਵਿਕਾਸ ਲਈ 6,400 ਕਰੋੜ ਰੁਪਏ ਦੀ ਸਮੁੱਚੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਸੋਲਾਪੁਰ ਹਵਾਈ ਅੱਡੇ ਦਾ ਵੀ ਉਦਘਾਟਨ ਕੀਤਾ ਜੋ ਕਿ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ, ਸੋਲਾਪੁਰ ਨੂੰ ਸੈਲਾਨੀਆਂ, ਵਪਾਰਕ ਯਾਤਰੀਆਂ ਅਤੇ ਨਿਵੇਸ਼ਕਾਂ ਲਈ ਵਧੇਰੇ ਪਹੁੰਚਯੋਗ ਬਣਾਵੇਗਾ। ਸੋਲਾਪੁਰ ਦੀ ਮੌਜੂਦਾ ਟਰਮੀਨਲ ਬਿਲਡਿੰਗ ਨੂੰ ਹਰ ਸਾਲ ਲਗਭਗ 4.1 ਲੱਖ ਯਾਤਰੀਆਂ ਦੀ ਸੇਵਾ ਲਈ ਨਵਾਂ ਰੂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਭਿਦੇਵਾੜਾ ਵਿਖੇ ਕ੍ਰਾਂਤੀਜਯੋਤੀ ਸਾਵਿਤ੍ਰੀਬਾਈ ਫੂਲੇ ਦੇ ਪਹਿਲੇ ਗਰਲਜ਼ ਸਕੂਲ ਲਈ ਯਾਦਗਾਰ ਦਾ ਨੀਂਹ ਪੱਥਰ ਰੱਖਿਆ।

****

ਐੱਮਜੇਪੀਐੱਸ/ਟੀਐੱਸ 


(Release ID: 2060179) Visitor Counter : 33