ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 11 ਅਗਸਤ ਨੂੰ ਦਿੱਲੀ ਵਿੱਚ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ 109 ਬੀਜਾਂ ਦੀਆਂ ਕਿਸਮਾਂ ਜਾਰੀ ਕਰਨਗੇ: ਸ੍ਰੀ ਸ਼ਿਵਰਾਜ ਸਿੰਘ ਚੌਹਾਨ
ਕਲੀਨ ਪਲਾਂਟ ਪ੍ਰੋਗਰਾਮ ਲਈ 1,700 ਕਰੋੜ ਰੁਪਏ ਮਨਜ਼ੂਰ, ਸਾਡੇ ਕੋਲ ਬਾਗ਼ਬਾਨੀ ਦੇ ਖੇਤਰ ਵਿੱਚ ਫ਼ਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇੱਕ ਪੂਰਾ ਸਿਸਟਮ ਹੈ, ਜਿਸ ਲਈ 9 ਕੇਂਦਰ ਬਣਾਏ ਜਾਣਗੇ: ਸ੍ਰੀ ਚੌਹਾਨ
Posted On:
10 AUG 2024 6:43PM by PIB Chandigarh
ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਭੋਪਾਲ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 11 ਅਗਸਤ, 2024 ਦੇ ਪ੍ਰੋਗਰਾਮ ਬਾਰੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ। ਸ੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਹੈ ਅਤੇ ਕਿਸਾਨ ਇਸਦੀ ਰੂਹ ਹਨ। ਅੱਜ ਖੇਤੀਬਾੜੀ ਸੈਕਟਰ ਲਗਭਗ 50% ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ। ਜੇਕਰ ਕਿਸਾਨ ਉਤਪਾਦਕ ਹੈ ਤਾਂ ਉਹ ਸਭ ਤੋਂ ਵੱਡਾ ਖਪਤਕਾਰ ਵੀ ਹੈ। ਕਿਸਾਨ ਕੁਝ ਖ਼ਰੀਦਦਾ ਹੈ ਅਤੇ ਇਸ ਨਾਲ ਜੀਡੀਪੀ ਵਧਦਾ ਹੈ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਸਭ ਤੋਂ ਵੱਡੀ ਤਰਜੀਹ ਕਿਸਾਨ ਹਨ। ਅਸੀਂ ਕਹਿੰਦੇ ਰਹੇ ਹਾਂ ਕਿ ਅਸੀਂ ਕਿਸਾਨਾਂ ਦੀ ਆਮਦਨ ਵਧਾਵਾਂਗੇ, ਖੇਤੀ ਸੈਕਟਰ ਨੂੰ ਮਜ਼ਬੂਤ ਕਰਾਂਗੇ ਅਤੇ ਆਮਦਨ ਵਧਾਉਣ ਦਾ ਰੋਡਮੈਪ ਹੈ-
1 - ਉਤਪਾਦਨ ਵਧਾਉਣਾ
2 - ਉਤਪਾਦਨ ਲਾਗਤ ਘਟਾਉਣਾ
3 - ਖੇਤੀ ਉਪਜਾਂ ਦਾ ਉਚਿੱਤ ਮੁੱਲ ਦੇਣਾ
4 - ਕੁਦਰਤੀ ਆਫ਼ਤ 'ਚ ਹੋਏ ਨੁਕਸਾਨ ਦਾ ਮੁਆਵਜ਼ਾ
5 - ਖੇਤੀਬਾੜੀ ਦੀ ਵਿਵਿਧਤਾ, ਨਾ ਸਿਰਫ਼ ਰਵਾਇਤੀ ਫ਼ਸਲਾਂ, ਫਲ, ਫੁੱਲ, ਮੈਡੀਸਿਨ, ਮਧੂ ਮੱਖੀ ਪਾਲਣ, ਮੁੱਲ ਵਾਧਾ, ਕੱਚੇ ਮਾਲ ਤੋਂ ਵੱਖ-ਵੱਖ ਚੀਜ਼ਾਂ ਬਣਾਉਣਾ ਅਤੇ
6 - ਕੁਦਰਤੀ ਖੇਤੀ।
ਅਸੀਂ ਮੋਦੀ ਜੀ ਦੀ ਅਗਵਾਈ 'ਚ ਇਨ੍ਹਾਂ 6 ਮਾਪਾਂ 'ਤੇ ਲਗਾਤਾਰ ਕੰਮ ਕਰ ਰਹੇ ਹਾਂ।
ਸ੍ਰੀ ਚੌਹਾਨ ਨੇ ਕਿਹਾ ਕਿ ਜੇਕਰ ਅਸੀਂ ਉਤਪਾਦਨ ਵਧਾਉਣਾ ਅਤੇ ਲਾਗਤ ਘਟਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੇ ਬੀਜਾਂ ਦੀ ਲੋੜ ਹੈ। ਜਲਵਾਯੂ ਤਬਦੀਲੀ ਕਾਰਨ ਧਰਤੀ ਦੀ ਸਤ੍ਹਾ ਦਾ ਤਾਪਮਾਨ ਵਧ ਰਿਹਾ ਹੈ। ਸਾਨੂੰ ਅਜਿਹੇ ਬੀਜ ਚਾਹੀਦੇ ਹਨ ਜੋ ਜਲਵਾਯੂ ਅਨੁਕੂਲ ਹੋਣ, ਸਹੀ ਝਾੜ ਦੇ ਸਕਣ, ਕੀਟਨਾਸ਼ਕਾਂ ਦੀ ਵਰਤੋਂ ਘੱਟ ਹੋਵੇ। ਬੀਜ ਪੈਦਾ ਕਰਨਾ, ਖੋਜ ਕਰਕੇ ਬੀਜ ਬਣਾਉਣਾ, ਇਹ ਕੰਮ ਬਹੁਤ ਜ਼ਰੂਰੀ ਹੈ। ਆਈਸੀਏਆਰ ਲਗਾਤਾਰ ਇਸ ਕੰਮ ਵਿੱਚ ਜੁਟਿਆ ਹੋਇਆ ਹੈ। ਹਾਲ ਹੀ ਵਿੱਚ 109 ਕਿਸਮਾਂ ਦੇ ਬੀਜ ਤਿਆਰ ਕੀਤੇ ਗਏ ਹਨ। ਅਨਾਜ ਦੀਆਂ 23, ਚੌਲਾਂ ਦੀਆਂ 9, ਕਣਕ ਦੀਆਂ 2, ਜੌਂ ਦੀ 1, ਮੱਕੀ ਦੀਆਂ 6, ਜੁਆਰ ਦੀ 1, ਬਾਜਰੇ ਦੀ 1, ਰਾਗੀ ਦੀ 1, ਛੀਨਾ ਦੀ 1, ਸਾਂਬਾ ਦੀ 1, ਤੁਅਰ ਦੀਆਂ 2, ਛੋਲਿਆਂ ਦੀਆਂ 2, ਦਾਲਾਂ ਦੀਆਂ 3, ਮਟਰ ਦੀ 1, ਮੂੰਗ ਦੀਆਂ 2, ਤੇਲ ਬੀਜਾਂ ਦੀਆਂ ਕੁੱਲ 7 ਕਿਸਮਾਂ, ਚਾਰੇ ਦੀਆਂ 7 ਕਿਸਮਾਂ, ਗੰਨੇ ਦੀਆਂ 7 ਕਿਸਮਾਂ, ਕਪਾਹ ਦੀਆਂ 5, ਜੂਟ ਦੀ 1, ਬਾਗ਼ਬਾਨੀ ਦੀਆਂ 40 ਕਿਸਮਾਂ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਖੋਜ ਕਰਕੇ ਚੌਲਾਂ ਦੀ ਅਜਿਹੀ ਕਿਸਮ ਵਿਕਸਿਤ ਕੀਤੀ ਹੈ, ਜੋ ਵੱਧ ਝਾੜ ਦਿੰਦੀ ਹੈ ਅਤੇ 20% ਘੱਟ ਪਾਣੀ ਦੀ ਲੋੜ ਹੁੰਦੀ ਹੈ। ਉਤਪਾਦਨ ਦੇ ਨਾਲ-ਨਾਲ ਕੀੜਿਆਂ ਦੀ ਲਾਗ ਨੂੰ ਘਟਾਉਣ ਲਈ ਵੀ ਯਤਨ ਕੀਤੇ ਗਏ ਹਨ।
ਸ੍ਰੀ ਚੌਹਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 11 ਅਗਸਤ, 2024 ਨੂੰ ਪੂਸਾ, ਦਿੱਲੀ ਵਿੱਚ ਫ਼ਸਲਾਂ ਦੀਆਂ 109 ਕਿਸਮਾਂ ਜਾਰੀ ਕਰਨਗੇ। ਵੱਖ-ਵੱਖ ਖੇਤੀ-ਜਲਵਾਯੂ ਖੇਤਰਾਂ ਲਈ ਵੱਖ-ਵੱਖ ਕਿਸਮਾਂ ਹਨ। ਖੇਤਰ ਵਿਸ਼ੇਸ਼ ਫ਼ਸਲਾਂ ਲਈ ਬੀਜ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ। ਰਿਲੀਜ਼ ਦਾ ਕੋਈ ਵੱਡਾ ਪ੍ਰੋਗਰਾਮ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਖੇਤਾਂ ਵਿੱਚ ਜਾ ਕੇ ਫ਼ਸਲਾਂ ਜਾਰੀ ਕਰਨਗੇ। ਕੱਲ੍ਹ ਪ੍ਰਧਾਨ ਮੰਤਰੀ ਆਈਸੀਏਆਰ ਦੇ ਖੇਤਾਂ ਦਾ ਦੌਰਾ ਕਰਨਗੇ ਅਤੇ ਤਿੰਨ ਥਾਵਾਂ 'ਤੇ ਬੀਜ ਦੀਆਂ ਕਿਸਮਾਂ ਜਾਰੀ ਕਰਨਗੇ।
ਸ੍ਰੀ ਚੌਹਾਨ ਨੇ ਕਿਹਾ ਕਿ ਪ੍ਰਯੋਗਸ਼ਾਲਾ ਤੋਂ ਲੈ ਕੇ ਜ਼ਮੀਨ ਤੱਕ ਵਿਗਿਆਨ ਸਿੱਧੇ ਕਿਸਾਨ ਤੱਕ ਪਹੁੰਚਣਾ ਚਾਹੀਦਾ ਹੈ, ਖੋਜ ਦੇ ਲਾਭ ਕਿਸਾਨ ਤੱਕ ਪਹੁੰਚਣੇ ਚਾਹੀਦੇ ਹਨ। ਸਭ ਕੁਝ ਨੂੰ ਇੱਕ ਹੀ ਥਾਂ 'ਤੇ ਰੱਖਣ ਦਾ ਯਤਨ ਕੀਤਾ ਗਿਆ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਯੂ.ਪੀ.ਏ. ਸਰਕਾਰ ਵੇਲੇ ਖੇਤੀਬਾੜੀ ਦਾ ਬਜਟ ਜੋ 27 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੁੰਦਾ ਸੀ, ਹੁਣ ਇਹ ਸਹਾਇਕ ਸੈਕਟਰਾਂ ਸਮੇਤ 1.52 ਲੱਖ ਕਰੋੜ ਰੁਪਏ ਹੈ। ਪਿਛਲੇ ਸਾਲ ਖਾਦਾਂ 'ਤੇ 1 ਲੱਖ 95 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਇਸ ਸਾਲ 1 ਲੱਖ 70 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦੀ ਵਿਵਸਥਾ ਹੈ ਪਰ ਜੇਕਰ ਖਪਤ ਵਧੇਗੀ ਤਾਂ ਇਹ ਵੀ ਵਧੇਗੀ।
ਸ੍ਰੀ ਚੌਹਾਨ ਨੇ ਕਿਹਾ ਕਿ ਇਸ ਸਾਲ 2,625 ਕਰੋੜ ਦਾ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ, ਕਿਉਂਕਿ ਅੰਤਰਰਾਸ਼ਟਰੀ ਹਾਲਾਤ ਕਾਰਨ ਖਾਦ ਦੇ ਜਹਾਜ਼ਾਂ ਨੂੰ ਚੱਕਰ ਲਗਾ ਕੇ ਆਉਣਾ ਪੈਂਦਾ ਹੈ। ਇਸ ਵਿੱਚ ਵੀ ਸਮਾਂ ਲੱਗਦਾ ਹੈ, ਇਹ ਬੋਝ ਕਿਸਾਨ 'ਤੇ ਨਾ ਪਵੇ, ਇਸ ਲਈ ਇਹ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਅੱਗੇ ਕਿਹਾ ਕਿ ਖੇਤੀਬਾੜੀ ਵਿੱਚ ਸਿੰਚਾਈ ਮਹੱਤਵਪੂਰਨ ਹੈ, ਇਸ ਦੇ ਲਈ ਜਲਸ਼ਕਤੀ ਮੰਤਰਾਲੇ ਦਾ ਬਜਟ ਹੈ, ਇਹ ਖੇਤਾਂ ਦੇ ਪਾਣੀ ਲਈ ਵੀ ਹੈ।
ਸ੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਵਿੱਚ ਬੇਮਿਸਾਲ ਵਿਵਸਥਾ ਕੀਤੀ ਗਈ ਹੈ। ਮੰਤਰੀ ਮੰਡਲ ਨੇ ਪੇਂਡੂ ਖੇਤਰਾਂ ਵਿੱਚ ਗ਼ਰੀਬਾਂ ਲਈ 2 ਕਰੋੜ ਘਰ ਬਣਾਉਣ ਦਾ ਉਪਬੰਧ ਕੀਤਾ ਹੈ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਬਾਗ਼ਬਾਨੀ ਵੀ ਮਹੱਤਵਪੂਰਨ ਹੈ। ਫ਼ਲਾਂ ਦੇ ਪੌਦੇ ਬੀਜਾਂ ਤੋਂ ਨਹੀਂ, ਸਗੋਂ ਕਟਿੰਗਜ਼ ਤੋਂ ਬਣਾਏ ਜਾਂਦੇ ਹਨ। ਜੇਕਰ ਅਸਲੀ ਕਟਿੰਗ ਵਿੱਚ ਵਾਇਰਸ ਹੋਵੇ ਤਾਂ ਇਹ ਵਾਇਰਸ ਦੂਜੀਆਂ ਕਟਿੰਗਾਂ ਵਿੱਚ ਵੀ ਫੈਲਦਾ ਹੈ। ਇਸ ਦੇ ਲਈ ਕਲੀਨ ਪਲਾਂਟ ਪ੍ਰੋਗਰਾਮ ਲਈ 1700 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਸਾਡੇ ਕੋਲ ਬਾਗ਼ਬਾਨੀ ਦੇ ਖੇਤਰ ਵਿੱਚ ਫ਼ਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇੱਕ ਪੂਰੀ ਪ੍ਰਣਾਲੀ ਹੈ, ਇਸਦੇ ਲਈ 9 ਕੇਂਦਰ ਬਣਾਏ ਜਾਣਗੇ। ਸ੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਲਈ ਯਤਨ ਕੀਤੇ ਜਾ ਰਹੇ ਹਨ।
***************
ਐੱਸਐੱਸ
(Release ID: 2044567)
Visitor Counter : 46