ਕੋਲਾ ਮੰਤਰਾਲਾ

ਕੋਲਾ ਮੰਤਰਾਲਾ ਕੋਲੇ ਦੀ ਢੁਕਵੀਂ ਅਤੇ ਸਸਤੀ ਉਪਲਬਧਤਾ ਯਕੀਨੀ ਬਣਾਉਣ ਲਈ ਵਚਨਬੱਧ


ਕੋਲਾ ਉਤਪਾਦਨ ਵਿੱਚ ਸਾਲ ਦਰ ਸਾਲ 10.70% ਦਾ ਮਜ਼ਬੂਤ ਵਾਧਾ ਵੇਖਿਆ ਗਿਆ

Posted On: 24 JUL 2024 11:24AM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਨਿਰਧਾਰਿਤ ਮਾਰਗਦਰਸ਼ਕ ਸਿਧਾਂਤਾਂ "ਰਾਸ਼ਟਰ ਦੇ ਨਾਲ ਇੱਕ ਸਮੁੱਚੀ ਪਹੁੰਚ ਦੇ ਰੂਪ ਵਿੱਚ ਕੰਮ ਕਰਨ ਦੇ ਦ੍ਰਿਸ਼ਟੀਕੋਣ" ਦੇ ਅਨੁਸਾਰ ਕੋਲਾ ਮੰਤਰਾਲਾ- ਰੇਲ ਮੰਤਰਾਲਾ, ਬਿਜਲੀ ਮੰਤਰਾਲਾ ਅਤੇ ਹੋਰ ਸਬੰਧਤ ਮੰਤਰਾਲਿਆਂ ਦੇ ਨਾਲ ਤਾਲਮੇਲ ਕਾਇਮ ਕਰਦਿਆਂ ਬਿਜਲੀ ਅਤੇ ਖਾਦ ਦੇ ਖੇਤਰਾਂ  ਲਈ ਅਧਿਸੂਚਿਤ ਕੀਮਤਾਂ 'ਤੇ ਕੋਲੇ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਹ ਪਹਿਲਕਦਮੀ ਗ਼ੈਰ-ਨਿਯਮਿਤ ਖੇਤਰਾਂ ਤੱਕ ਵੀ ਵਿਸਥਾਰਤ ਹੈ, ਜਿਨ੍ਹਾਂ ਵਿੱਚ ਸਟੀਲ, ਸੀਮਿੰਟ, ਪੇਪਰ ਅਤੇ ਸਪੰਜ ਆਇਰਨ ਸ਼ਾਮਲ ਹਨ, ਜੋ ਦੇਸ਼ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹਨ।

ਵਿੱਤੀ ਸਾਲ 2024-25 ਲਈ ਮੰਤਰਾਲੇ ਨੇ 1,080 ਮੀਟਰਕ ਟਨ ਦਾ ਅਭਿਲਾਸ਼ੀ ਕੋਲਾ ਉਤਪਾਦਨ ਟੀਚਾ ਰੱਖਿਆ ਹੈ। 19.07.24 ਤੱਕ ਕੋਲਾ ਉਤਪਾਦਨ 294.20 ਮੀਟਰਕ ਟਨ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10.70% ਦੀ ਮਜ਼ਬੂਤ ਵਿਕਾਸ ਦਰ ਨੂੰ ਦਰਸਾਉਂਦਾ ਹੈ, ਜੋ 265.77 ਮੀਟਰਿਕ ਟਨ ਸੀ। ਇਹ ਸਕਾਰਾਤਮਕ ਰੁਝਾਨ ਟਿਕਾਊ ਆਰਥਿਕ ਵਿਕਾਸ 'ਤੇ ਧਿਆਨ ਕੇਂਦਰਿਤ ਕਰਦੇ ਹੋਇਆਂ ਵੱਖ-ਵੱਖ ਖੇਤਰਾਂ ਦੀਆਂ ਊਰਜਾ ਮੰਗਾਂ ਨੂੰ ਪੂਰਾ ਕਰਨ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਕੋਲਾ ਭੇਜਣ ਦੇ ਸੰਦਰਭ ਵਿੱਚ 19.07.24 ਤੱਕ ਮੰਤਰਾਲੇ ਨੇ 311.48 ਮੀਟਰਕ ਟਨ ਕੋਲਾ ਸਫਲਤਾਪੂਰਵਕ ਭੇਜਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 8.49% ਦੀ ਵਾਧਾ ਦਰ ਹਾਸਲ ਕਰਦਾ ਹੈ, ਜੋ  287.12 ਮੀਟਰਿਕ ਟਨ ਸੀ। ਕੋਲਾ ਭੇਜਣ ਦੀ ਦਰ ਵਿੱਚ ਇਹ ਵਾਧਾ ਨਾ ਸਿਰਫ ਮੁੱਖ ਉਦਯੋਗਾਂ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਂਦਾ ਹੈ ਬਲਕਿ ਊਰਜਾ ਬਾਜ਼ਾਰ ਦੀ ਸਮੁੱਚੀ ਸਥਿਰਤਾ ਵਿੱਚ ਵੀ ਯੋਗਦਾਨ ਪਾਉਂਦਾ ਹੈ। ਕੋਲਾ ਮੰਤਰਾਲਾ ਇਹ ਸੁਨਿਸ਼ਚਿਤ ਕਰਨ ਲਈ ਸਮਰਪਿਤ ਹੈ ਕਿ ਕੋਲਾ ਅਰਥਵਿਵਸਥਾ ਦੇ ਸਾਰੇ ਖੇਤਰਾਂ ਲਈ ਇੱਕ ਕਿਫਾਇਤੀ ਅਤੇ ਪਹੁੰਚਯੋਗ ਸਰੋਤ ਬਣਿਆ ਰਹੇ, ਜਿਸ ਨਾਲ ਵਿਕਾਸ ਅਤੇ ਵਿਕਾਸ ਪ੍ਰਤੀ ਰਾਸ਼ਟਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਕੋਲੇ ਦੀ ਇੱਕ ਸਥਿਰ ਅਤੇ ਭਰੋਸੇਮੰਦ ਸਪਲਾਈ ਨੂੰ ਕਾਇਮ ਰੱਖਣ ਦਾ ਮੰਤਰਾਲੇ ਦਾ ਉਦੇਸ਼ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਮੁੱਖ ਆਰਥਿਕ ਖੇਤਰਾਂ ਦੀ ਸਹਾਇਤਾ ਕਰਨਾ ਹੈ।  ਇਹਨਾਂ ਰਣਨੀਤਕ ਪਹਿਲਕਦਮੀਆਂ ਦੇ ਜ਼ਰੀਏ ਕੋਲਾ ਮੰਤਰਾਲਾ ਕੋਲੇ ’ਤੇ ਨਿਰਭਰ ਉਦਯੋਗਾਂ ਲਈ ਕੋਲੇ ਦੀ ਢੁਕਵੀਂ ਅਤੇ ਕਿਫ਼ਾਇਤੀ ਸਪਲਾਈ ਦੀ ਉਪਲਬਧਤਾ ਨੂੰ ਯਕੀਨੀ ਬਣਾਉਂਦਿਆਂ ਭਾਰਤ ਦੀ ਆਰਥਿਕ ਤਰੱਕੀ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ। 

************

ਬੀਵਾਈ/ਐੱਸਟੀ 



(Release ID: 2036999) Visitor Counter : 28