ਰੇਲ ਮੰਤਰਾਲਾ
ਆਮ ਬਜਟ ਵਿੱਚ ਵਿੱਤ ਵਰ੍ਹੇ 2024-25 ਦੌਰਾਨ ਰੇਲਵੇ ਦੇ ਪੂੰਜੀਗਤ ਖਰਚ ਲਈ 2,62,200 ਕਰੋੜ ਰੁਪਏ ਦੀ ਰਿਕਾਰਡ ਵੰਡ
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਰੇਲਵੇ ਲਈ ਰਿਕਾਰਡ ਵੰਡ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਪ੍ਰਤੀ ਆਭਾਰ ਵਿਅਕਤ ਕੀਤਾ
ਇਸ ਰਿਕਾਰਡ ਵੰਡ ਦੀ ਇੱਕ ਮਹੱਤਵਪੂਰਨ ਫੰਡ ਰੇਲਵੇ ਦੀ ਸੁਰੱਖਿਆ ਸਬੰਧੀ ਗਤੀਵਿਧੀਆਂ ਲਈ ਨਿਰਧਾਰਿਤ ਕੀਤੀ ਗਈ ਹੈ: ਸ਼੍ਰੀ ਅਸ਼ਵਿਨੀ ਵੈਸ਼ਣਵ
ਬਜਟ, ਸਮਾਵੇਸ਼ੀ ਵਿਕਾਸ ‘ਤੇ ਕੇਂਦ੍ਰਿਤ ਆਰਥਿਕ ਨੀਤੀਆਂ ਦੀ ਨਿਰੰਤਰਤਾ ਦੇ ਰੂਪ ਵਿੱਚ ਹੈ: ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ
Posted On:
23 JUL 2024 8:52PM by PIB Chandigarh
ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਤੇ ਇਲੈਕਟ੍ਰੋਨਿਕ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਅਰਥਵਿਵਸਥਾ ਅੱਜ ਪਹਿਲੇ ਦੀ ਤੁਲਨਾ ਵਿੱਚ ਵਧੇਰੇ ਸਹਿਣਯੋਗ ਅਤੇ ਮਜ਼ਬੂਤ ਸਥਿਤੀ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਅਰਥਵਿਵਸਥਾ ਕਲਿਆਣਕਾਰੀ, ਵਿੱਤੀ ਸੂਝ-ਬੂਝ, ਪੂੰਜੀ ਨਿਵੇਸ਼ ਅਤੇ ਨਿਰਮਾਣ ਖੇਤਰ ਵਿੱਚ ਨਿਵੇਸ਼ ਦਾ ਇੱਕ ਸੁਮੇਲ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਦੁਆਰਾ ਅੱਜ ਪੇਸ਼ ਕੀਤਾ ਗਿਆ ਬਜਟ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮਾਵੇਸ਼ੀ ਵਿਕਾਸ ‘ਤੇ ਕੇਂਦ੍ਰਿਤ ਆਰਥਿਕ ਨੀਤੀਆਂ ਦੀ ਨਿਰੰਤਰਤਾ ਦੇ ਰੂਪ ਵਿੱਚ ਹੈ, ਜੋ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਇਸ ਸਰਕਾਰ ਦਾ ਮੁੱਖ ਅਧਾਰ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੇ ਰੇਲਵੇ ਨੂੰ ਵਿਸ਼ਵ ਪੱਧਰੀ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕੀਤਾ। ਵਿੱਤ ਵਰ੍ਹੇ 2024-25 ਦੌਰਾਨ ਸਰਕਾਰ ਨੇ ਰੇਲਵੇ ਲਈ ਰਿਕਾਰਡ 2,62,200 ਕਰੋੜ ਰੁਪਏ ਦੇ ਪੂੰਜੀਗਤ ਖਰਚ ਦੀ ਵੰਡ ਕੀਤੀ ਹੈ। 2024-25 ਦੌਰਾਨ ਰੇਲਵੇ ਦੇ ਲਈ ਗ੍ਰੋਸ ਬਜਟਰੀ ਸਪੋਰਟ 2,52,200 ਕਰੋੜ ਰੁਪਏ ਹੈ।
ਇਸ ਤੋਂ ਪਹਿਲਾਂ, 2023-24 ਵਿੱਚ ਗ੍ਰੋਸ ਬਜਟਰੀ ਸਪੋਰਟ 2,40,200 ਕਰੋੜ ਰੁਪਏ ਸੀ, ਜੋ ਕਿ 2013-14 ਵਿੱਚ ਕੇਵਲ 28,174 ਕਰੋੜ ਰੁਪਏ ਸੀ। ਪੂੰਜੀਗਤ ਖਰਚ ਦੇ ਸਿੱਟੇ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੇ ਹਨ, ਕਿਉਂਕਿ ਭਾਰਤੀ ਰੇਲਵੇ ਨੇ ਵਿੱਤ ਵਰ੍ਹੇ 2023-24 ਵਿੱਚ 1588 ਮੀਟ੍ਰਿਕ ਟਨ ਦਾ ਬੇਮਿਸਾਲ ਸਭ ਤੋਂ ਵੱਧ ਮਾਲ ਢੁਆਈ ਹਾਸਲ ਕੀਤੀ ਹੈ, ਜੋ ਕਿ 2014-15 ਵਿੱਚ 1095 ਮੀਟ੍ਰਿਕ ਟਨ ਸੀ ਅਤੇ ਰੇਲਵੇ 2030 ਤੱਕ 3,000 ਮੀਟ੍ਰਿਕ ਟਨ ਦੇ ਲਕਸ਼ ਵੱਲ ਵਧ ਰਿਹਾ ਹੈ। ਰੇਲਵੇ ਨੇ 2023-24 ਵਿੱਚ 2,56,093 ਕਰੋੜ ਰੁਪਏ ਦੀ ਸਰਵਕਾਲੀ ਸਭ ਤੋਂ ਵੱਧ ਕੁੱਲ ਪ੍ਰਾਪਤੀਆਂ ਹਾਸਲ ਕੀਤੀਆਂ ਅਤੇ ਪੂੰਜੀਗਤ ਖਰਚ ਦੇ ਪੂਰਕ ਲਈ 3,260 ਕਰੋੜ ਰੁਪਏ ਦਾ ਨੈੱਟ ਰੈਵੇਨਿਊ ਅਰਜਿਤ ਕੀਤਾ।
ਬਾਅਦ ਵਿੱਚ, ਦਿਨ ਵਿੱਚ ਇੱਕ ਪ੍ਰੈੱਸ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, “ਮੈਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਰੇਲਵੇ ਲਈ 2,62,200 ਕਰੋੜ ਰੁਪਏ ਦੀ ਰਿਕਾਰਡ ਵੰਡ ਲਈ ਧੰਨਵਾਦ ਕਰਦਾ ਹਾਂ। ਰੇਲਵੇ ਵਿੱਚ ਸੁਰੱਖਿਆ ਸਬੰਧੀ ਗਤੀਵਿਧੀਆਂ ਲਈ ਇੱਕ ਮਹੱਤਵਪੂਰਨ ਫੰਡ ਨਿਰਧਾਰਿਤ ਕੀਤਾ ਗਿਆ ਹੈ। ਇਸ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ, ਰੇਲਵੇ ਨੂੰ ਨਿਰੰਤਰ ਹੁਲਾਰਾ ਮਿਲ ਰਿਹਾ ਹੈ।
ਰੇਲਵੇ ਨੇ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਵੀ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਪਿਛਲੇ 10 ਵਰ੍ਹਿਆਂ ਵਿੱਚ, ਰੇਲਵੇ ਨੇ 31,180 ਟ੍ਰੈਕ ਕਿਲੋਮੀਟਰ ਚਾਲੂ ਕੀਤੇ। ਟ੍ਰੈਕ ਵਿਛਾਉਣ ਦੀ ਗਤੀ 2014-15 ਵਿੱਚ 4 ਕਿਲੋਮੀਟਰ ਪ੍ਰਤੀ ਦਿਨ ਤੋਂ ਵਧ ਕੇ 2023-24 ਵਿੱਚ 14.54 ਕਿਲੋਮੀਟਰ ਪ੍ਰਤੀਦਿਨ ਹੋ ਗਈ। 2014-2024 ਦੌਰਾਨ, ਭਾਰਤੀ ਰੇਲਵੇ ਨੇ 41,655 ਰੂਟ ਕਿਲੋਮੀਟਰ (ਆਰਕੇਐੱਮ) ਦਾ ਇਲੈਕਟ੍ਰੀਫਾਇਡ ਕੀਤਾ ਹੈ, ਜਦਕਿ 2014 ਤੱਕ ਕੇਵਲ 21,413 ਰੂਟ ਕਿਲੋਮੀਟਰ ਦਾ ਇਲੈਕਟ੍ਰੀਫਾਇਡ ਕੀਤਾ ਗਿਆ ਸੀ।
ਇਸ ਵਰ੍ਹੇ ਦੇ ਬਜਟ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਾਧੂ ਧਨਰਾਸ਼ੀ ਦੀ ਵੰਡ ਕੀਤੀ ਗਈ ਹੈ। ਇਸ ਧਨਰਾਸ਼ੀ ਨਾਲ ਮਹੱਤਵਪੂਰਨ ਬਿੰਦੂਆਂ ‘ਤੇ ਇੰਡਸਟਰੀਅਲ ਕਲਸਟਰ: ਵਿਸ਼ਾਖਾਪਟਨਮ-ਚੇਨੱਈ ਇੰਡਸਟਰੀਅਲ ਕੌਰੀਡੋਰ ‘ਤੇ ਕੋੱਪਾਰਥੀ (Kopparthy), ਆਂਧਰ ਪ੍ਰਦੇਸ਼ ਵਿੱਚ ਹੈਦਰਾਬਾਦ-ਬੈਂਗਲੁਰੂ ਇੰਸਟਰੀਅਲ ਕੌਰੀਡੋਰ ‘ਤੇ ਓਰਵਾਕਲ (Orvakal) ਅਤੇ ਬਿਹਾਰ ਵਿੱਚ ਅੰਮ੍ਰਿਤਸਰ-ਕੋਲਕਾਤਾ ਇੰਡਸਟਰੀਅਲ ਕੌਰੀਡੋਰ ‘ਤੇ ਗਯਾ-ਦੇ ਵਿਕਾਸ ਲਈ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਕੀਤੀ ਜਾਵੇਗੀ। ਇਸ ਕਦਮ ਦਾ ਉਦੇਸ਼ ਭਾਰਤ ਦੇ ਪੂਰਬੀ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨਾ ਹੈ।
ਰੇਲਵੇ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਵਾਂ ਦ੍ਰਿਸ਼ਟੀਕੋਣ ਅਪਣਾਇਆ ਹੈ। ਮਲਟੀ-ਮਾਡਲ ਕਨੈਕਟੀਵਿਟੀ ਨੂੰ ਸਮਰੱਥ ਬਣਾਉਣ ਲਈ ਪੀਐੱਮ ਗਤੀ ਸ਼ਕਤੀ ਮਿਸ਼ਨ ਦੇ ਤਹਿਤ ਤਿੰਨ ਆਰਥਿਕ ਰੇਲਵੇ ਕੌਰੀਡੋਰਸ-ਐਨਰਜੀ, ਮਿਨਰਲ ਅਤੇ ਸੀਮੇਂਟ ਕੌਰੀਡੋਰਸ (192 ਕੌਰੀਡੋਰਸ), ਪੋਰਟ ਕਨੈਕਟੀਵਿਟੀ ਕੌਰੀਡੋਰਸ (42 ਪ੍ਰੋਜੈਕਟਸ) ਅਤੇ ਉੱਚ ਟ੍ਰੈਫਿਕ ਘਣਤਾ ਵਾਲੇ ਕੌਰੀਡੋਰਸ (200 ਪ੍ਰੋਜੈਕਟਸ) ਦੀ ਪਹਿਚਾਣ ਕੀਤੀ ਗਈ ਹੈ। ਸਮਰੱਥਾ ਵਾਧਾ, ਉੱਚ ਘਣਤਾ ਵਾਲੇ ਨੈੱਟਵਰਕ ਦੇ ਭੀੜ-ਭੜੱਕੇ ਨੂੰ ਘੱਟ ਕਰਨਾ, ਦੇਸ਼ ਵਿੱਚ ਲੌਜਿਸਟਿਕਸ ਲਾਗਤ ਵਿੱਚ ਕਮੀ ਲਿਆਉਣਾ, ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣਾ ਅਤੇ ਉਨ੍ਹਾਂ ਦੀ ਸੁਰੱਖਿਆ ਸਰਕਾਰ ਲਈ ਪ੍ਰਾਥਮਿਕਤਾ ਵਾਲੇ ਖੇਤਰ ਬਣੇ ਹੋਏ ਹਨ।
*****
ਪੀਪੀਜੀ/ਕੇਐੱਸ/ਐੱਸਕੇ
(Release ID: 2036301)
Visitor Counter : 57