ਰੱਖਿਆ ਮੰਤਰਾਲਾ

ਆਈਸੀਜੀ ਨੇ ਕੇਰਲ ਤਟ ਕੋਲ ਫਸੇ ਭਾਰਤੀ ਮਛੇਰਿਆਂ ਦੀ ਕਿਸ਼ਤੀ ਨੂੰ 11 ਲੋਕਾਂ ਸਮੇਤ ਬਚਾਇਆ

Posted On: 17 JUL 2024 8:26PM by PIB Chandigarh

ਇੱਕ ਤਾਲਮੇਲ ਵਾਲੀ ਸਮੁੰਦਰੀ-ਹਵਾਈ ਕਾਰਵਾਈ ਵਿੱਚ ਭਾਰਤੀ ਤਟ ਰੱਖਿਅਕ ਦਲ (ਆਈਸੀਜੀ) ਨੇ 17 ਜੁਲਾਈ, 2024 ਨੂੰ ਭਾਰੀ ਮੀਂਹ ਅਤੇ ਚੁਣੌਤੀ ਭਰੇ ਮੌਸਮ ਦੀਆਂ ਸਥਿਤੀਆਂ ਦੇ ਦੌਰਾਨ ਕੇਰਲਾ ਦੇ ਕੋਚੀ ਤੋਂ ਲਗਭਗ 80 ਸਮੁੰਦਰੀ ਮੀਲ ਦੂਰ ਕਿਸ਼ਤੀ ’ਤੇ ਸਵਾਰ ਚਾਲਕ ਦਲ ਦੇ 11 ਮੈਂਬਰਾਂ ਨਾਲ ਫਸੀ ਹੋਈ ਮੱਛੀਆਂ ਫੜਨ ਵਾਲੀ ਇੱਕ ਕਿਸ਼ਤੀ (ਆਈਐੱਫਬੀ) ਆਸ਼ਨੀ ਨੂੰ ਸਫਲਤਾਪੂਰਵਕ ਬਚਾਅ ਲਿਆ। ਇਹ ਕਿਸ਼ਤੀ ਕੀਲ ਦੇ ਨੇੜੇ ਇੱਕ ਪਤਵਾਰ ਦੇ ਟੁੱਟਣ ਕਰਕੇ ਪਾਣੀ ਭਰਨ ਅਤੇ ਪ੍ਰੋਪਲਸ਼ਨ ਨਾ ਹੋਣ ਕਾਰਨ ਨਾਜ਼ੁਕ ਸਥਿਤੀ ਵਿੱਚ ਸੀ, ਜਿਸ ਕਾਰਨ ਚਾਲਕ ਦਲ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਗਿਆ ਸੀ।

ਸਮੁੰਦਰੀ ਨਿਗਰਾਨੀ 'ਤੇ ਤਾਇਨਾਤ ਇੱਕ ਆਈਸੀਜੀ ਡੌਰਨੀਅਰ ਜਹਾਜ਼ ਨੇ 16 ਜੁਲਾਈ, 2024 ਦੀ ਰਾਤ ਨੂੰ ਆਫ਼ਤ ਵਿੱਚ ਫਸੀ ਆਈਐੱਫਬੀ ਦੀ ਇਸ ਕਿਸ਼ਤੀ ਦਾ ਪਤਾ ਲਗਾਇਆ। ਗਸ਼ਤ ਕਰ ਰਹੇ ਆਈਸੀਜੀ ਜਹਾਜ਼ ਸਕਸ਼ਮ ਨੂੰ ਤੁਰੰਤ ਆਈਸੀਜੀ ਦੇ ਜ਼ਿਲ੍ਹਾ ਹੈੱਡਕੁਆਰਟਰ ਨੰਬਰ 4 (ਕੇਰਲਾ ਅਤੇ ਮਾਹੇ) ਵੱਲੋਂ ਕਿਸ਼ਤੀ ਦੀ ਸਹਾਇਤਾ ਲਈ ਮੋੜ ਦਿੱਤਾ ਗਿਆ ਸੀ। ਚਾਲਕ ਦਲ ਦੇ ਮੈਂਬਰਾਂ ਦੇ ਬਚਾਅ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣ ਲਈ, ਇੱਕ ਹੋਰ ਆਈਸੀਜੀ ਜਹਾਜ਼ ਅਭਿਨਵ ਨੂੰ ਇੱਕ ਉੱਨਤ ਹਲਕੇ ਹੈਲੀਕਾਪਟਰ ਨਾਲ ਤਾਇਨਾਤ ਕੀਤਾ ਗਿਆ।

ਆਈਸੀਜੀ ਦੀ ਇੱਕ ਤਕਨੀਕੀ ਟੀਮ ਆਫ਼ਤ ਵਿੱਚ ਫਸੀ ਕਿਸ਼ਤੀ ਤੱਕ ਪਹੁੰਚੀ ਅਤੇ ਕਿਸ਼ਤੀ ਵਿਚ ਪਾਣੀ ਭਰਨ ਤੋਂ ਰੋਕਣ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ। ਇਹ ਸਾਰੀ ਕਾਰਵਾਈ ਕਿਸ਼ਤੀ ਦੇ ਚਾਲਕ ਦਲ ਦੇ  ਸਾਰੇ ਮੈਂਬਰਾਂ ਅਤੇ ਕਿਸ਼ਤੀ ਨੂੰ ਬਚਾਉਣ ਨਾਲ ਸਮਾਪਤ ਹੋਈ।

ਬਾਅਦ ਵਿੱਚ ਕਿਸ਼ਤੀ ਨੂੰ ਮੱਛੀ ਪਾਲਣ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਕਾਰਵਾਈ ਨੇ ਇੱਕ ਵਾਰ ਫਿਰ ਦੇਸ਼ ਦੇ ਸਮੁੰਦਰੀ ਖੇਤਰਾਂ ਦੀ ਸੁਰੱਖਿਆ ਅਤੇ ਬਚਾਅ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਆਈਸੀਜੀ ਦੀ ਸਮਰਪਣ ਭਾਵਨਾ ਨੂੰ ਉਜਾਗਰ ਕੀਤਾ।

***************


 

ਏਬੀਬੀ/ਸਾਵੀ/ਕੇਬੀ



(Release ID: 2034031) Visitor Counter : 14