ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਮੇਰਠ ਵਿੱਚ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਵਿਖੇ ਸ਼੍ਰੀ ਜਯੰਤ ਚੌਧਰੀ ਜਨ ਸ਼ਿਕਸ਼ਨ ਸੰਸਥਾਨ (ਜੇਐੱਸਐੱਸ) ਲਈ ਜ਼ੋਨਲ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ
ਹੁਨਰ ਇੱਕ ਸਰਟੀਫਿਕੇਟ ਤੋਂ ਵੱਧ ਹੈ, ਇਹ ਜੀਵਨ ਭਰ ਦੀ ਸਿੱਖਿਆ ਹੈ: ਸ਼੍ਰੀ ਜਯੰਤ ਚੌਧਰੀ
Posted On:
11 JUL 2024 9:20PM by PIB Chandigarh
ਸ਼੍ਰੀ ਜਯੰਤ ਚੌਧਰੀ, ਰਾਜ ਮੰਤਰੀ (ਸੁਤੰਤਰ ਚਾਰਜ), ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ), ਨੇ ਅੱਜ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਵਿੱਚ ਜਨ ਸ਼ਿਕਸ਼ਨ ਸੰਸਥਾਨ (JSS) ਲਈ ਇੱਕ ਜ਼ੋਨਲ ਕਾਨਫਰੰਸ ਨੂੰ ਸੰਬੋਧਨ ਕੀਤਾ।
ਇਸ ਦਾ ਉਦੇਸ਼ ਹੁਨਰ ਵਿਕਾਸ ਟ੍ਰੇਨਿੰਗ ਦੁਆਰਾ ਸਮਾਜਿਕ-ਆਰਥਿਕ ਤੌਰ 'ਤੇ ਪਿਛੜੇ ਸਮੂਹਾਂ ਵਿੱਚ ਸਵੈ-ਰੋਜ਼ਗਾਰ ਅਤੇ ਮਜ਼ਦੂਰੀ ਦੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਆਊਟਰੀਚ ਅਤੇ ਜੇਐੱਸਐੱਸ ਦੀ ਪ੍ਰਭਾਵਸ਼ੀਲਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਪਰੰਪਰਾਗਤ ਹੁਨਰਾਂ ਤੋਂ ਅੱਗੇ ਵਧਦੇ ਹੋਏ, ਕਾਨਫਰੰਸ ਨੇ ਭਵਿੱਖਵਾਦੀ, ਉਦਯੋਗ-ਸਬੰਧਿਤ ਹੁਨਰਾਂ ਦੀ ਸਾਰਥਕਤਾ ਅਤੇ ਵਿਕਾਸਸ਼ੀਲ ਨੌਕਰੀ ਬਜ਼ਾਰ ਲਈ ਵਿਅਕਤੀਆਂ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਮੰਤਰੀ ਨੇ ਦਿੱਲੀ ਅਤੇ ਯੂਪੀ ਤੋਂ ਜੇਐੱਸਐੱਸ ਦੇ ਉਮੀਦਵਾਰ ਦੁਆਰਾ ਬਣਾਏ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਅਤੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।
ਜਨ ਸ਼ਿਕਸ਼ਨ ਸੰਸਥਾਨ (ਜੇਐੱਸਐੱਸ) ਸਕੀਮ, ਅਸਲ ਵਿੱਚ 1967 ਵਿੱਚ ਸ਼੍ਰਮਿਕ ਵਿਦਿਆਪੀਠ (ਐੱਸਵੀਪੀ) ਦੇ ਰੂਪ ਵਿੱਚ ਸ਼ੁਰੂ ਕੀਤੀ ਗਈ, ਇੱਕ ਪਰਿਵਰਤਨਸ਼ੀਲ ਪਹਿਲਕਦਮੀ ਹੈ ਜੋ ਰਜਿਸਟਰਡ ਸੋਸਾਇਟੀਆਂ (ਐੱਨਜੀਓਜ਼) ਦੁਆਰਾ ਭਾਰਤ ਸਰਕਾਰ ਵੱਲੋਂ ਪੂਰੀ ਫੰਡਿੰਗ ਨਾਲ ਹੁਨਰ ਟ੍ਰੇਨਿੰਗ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਹ ਪਾਇਨੀਅਰਿੰਗ ਸਕੀਮ ਗੈਰ-ਸਾਹਿਤਕਾਰਾਂ, ਨਵ-ਸਾਖਰਾਂ, ਮੁੱਢਲੀ ਸਿੱਖਿਆ ਵਾਲੇ ਵਿਅਕਤੀਆਂ, ਅਤੇ 15-45 ਸਾਲ ਦੀ ਉਮਰ ਦੇ 12ਵੀਂ ਜਮਾਤ ਤੱਕ ਸਕੂਲ ਛੱਡਣ ਵਾਲਿਆਂ ਨੂੰ ਲਕਸ਼ਿਤ ਕਰਦੀ ਹੈ। ਲਚਕਦਾਰ, ਕਿਫਾਇਤੀ ਅਤੇ ਪਹੁੰਚਯੋਗ ਹੁਨਰ ਟ੍ਰੇਨਿੰਗ ਦੀ ਪੇਸ਼ਕਸ਼ ਕਰਕੇ, ਜੇਐੱਸਐੱਸਜ਼ ਮਹਿਲਾਵਾਂ, ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ), ਹੋਰ ਪਿਛੜੀਆਂ ਸ਼੍ਰੇਣੀਆਂ (ਓਬੀਸੀਜ਼), ਘੱਟ ਗਿਣਤੀਆਂ, ਅਤੇ ਸਮਾਜ ਦੇ ਹੋਰ ਵਾਂਝੇ ਸਮੂਹਾਂ ਲਈ ਜੀਵਨ ਰੇਖਾ ਬਣ ਗਈ ਹੈ।
ਵਰਤਮਾਨ ਵਿੱਚ, 26 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 290 ਤੋਂ ਵੱਧ ਜੇਐੱਸਐੱਸ ਕੰਮ ਕਰ ਰਹੇ ਹਨ, ਜਿਸ ਵਿੱਚ 47 ਉੱਤਰ ਪ੍ਰਦੇਸ਼ (ਯੂਪੀ) ਅਤੇ 3 ਦਿੱਲੀ ਵਿੱਚ ਹਨ। ਜੁਲਾਈ 2018 ਵਿੱਚ ਸਿੱਖਿਆ ਮੰਤਰਾਲੇ (ਪਹਿਲਾਂ ਐੱਮਐੱਚਆਰਡੀ) ਤੋਂ ਐੱਮਐੱਸਡੀਈ ਨੂੰ ਸਕੀਮ ਦੇ ਤਬਾਦਲੇ ਤੋਂ ਲੈ ਕੇ, ਕੁੱਲ 26.37 ਲੱਖ ਲਾਭਾਰਥੀਆਂ ਨੂੰ ਜੇਐੱਸਐੱਸ ਸਕੀਮ ਅਧੀਨ ਟ੍ਰੇਨਿੰਗ ਦਿੱਤੀ ਗਈ ਹੈ। ਯੋਗ ਲਾਭਾਰਥੀਆਂ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਝੁੱਗੀਆਂ ਵਿੱਚ ਵਿਦਿਅਕ ਤੌਰ 'ਤੇ ਵਾਂਝੇ ਅਤੇ ਆਰਥਿਕ ਤੌਰ 'ਤੇ ਪਿਛੜੇ ਸਮੂਹ ਸ਼ਾਮਲ ਹੁੰਦੇ ਹਨ। ਸਕੀਮ ਦੇ ਮੁੱਖ ਉਦੇਸ਼ਾਂ ਦੇ ਅਨੁਸਾਰ, ਬਹੁਤ ਸਾਰੀਆਂ ਟ੍ਰੇਨਿੰਗ ਪ੍ਰਾਪਤ ਲਾਭਾਰਥੀਆਂ 21.63 ਲੱਖ (82.02%) ਮਹਿਲਾਵਾਂ ਹਨ।
ਪ੍ਰਗਤੀ 'ਤੇ ਬੋਲਦੇ ਹੋਏ, ਸ਼੍ਰੀ ਜਯੰਤ ਚੌਧਰੀ, ਰਾਜ ਮੰਤਰੀ (ਸੁਤੰਤਰ ਚਾਰਜ), ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਕਿਹਾ ਕਿ ਮੰਤਰਾਲਾ ਨੌਜਵਾਨਾਂ ਲਈ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਸਮਰਪਿਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਨ ਸ਼ਿਕਸ਼ਨ ਸੰਸਥਾਨ ਦੇ ਤਹਿਤ, ਇਸ ਦਾ ਉਦੇਸ਼ ਸਮਰੱਥਾ ਨਿਰਮਾਣ ਨੂੰ ਵਧਾਉਣਾ ਅਤੇ ਘੱਟ ਆਮਦਨ ਵਾਲੇ ਸਮੂਹਾਂ ਵਿੱਚ ਹੁਨਰ ਵਿਕਾਸ ਦੇ ਮੌਕਿਆਂ ਦਾ ਵਿਸਤਾਰ ਕਰਨਾ ਹੈ। ਵੱਖ-ਵੱਖ ਖੇਤਰਾਂ ਵਿੱਚ ਹੁਨਰਮੰਦ ਕਰਮਚਾਰੀਆਂ ਦੇ ਪਾੜੇ ਨੂੰ ਪਛਾਣਨ ਅਤੇ ਇੱਕ ਪੁਲ਼ ਨਿਰਮਾਤਾ ਵਜੋਂ ਕੰਮ ਕਰਨ, ਪ੍ਰਤਿਭਾ ਨੂੰ ਮੌਕਿਆਂ ਨਾਲ ਜੋੜਨ ਲਈ ਜਨ ਸ਼ਿਕਸ਼ਨ ਸੰਸਥਾਨ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੀਲਿੰਗ, ਰੀ-ਸਕੀਲਿੰਗ ਅਤੇ ਅੱਪ-ਸਕੀਲਿੰਗ ਦੀ ਪ੍ਰਕਿਰਿਆ ਨਿਜੀ ਅਤੇ ਆਰਥਿਕ ਵਿਕਾਸ ਲਈ ਜ਼ਰੂਰੀ ਹੈ।
ਸ਼੍ਰੀ ਜਯੰਤ ਚੌਧਰੀ ਨੇ ਇਹ ਵੀ ਦੱਸਿਆ ਕਿ ਪੀਐੱਮਕੇਵੀਵਾਈ ਯੋਜਨਾ ਦਾ ਪਹਿਲਾਂ ਹੀ ਮੇਰਠ ਦੇ 97,000 ਤੋਂ ਵੱਧ ਲੋਕਾਂ ਅਤੇ ਪੂਰੇ ਭਾਰਤ ਵਿੱਚ 1.4 ਕਰੋੜ ਲੋਕਾਂ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਐੱਨਏਪੀਐੱਸ (ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ (NAPS)) ਅਪ੍ਰੈਂਟਿਸਸ਼ਿਪ ਪ੍ਰੋਗਰਾਮ ਲਗਾਤਾਰ ਵਿਕਸਿਤ ਹੋ ਰਹੀਆਂ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੁਨਰ ਨੂੰ ਵਧਾਉਣ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਸ਼੍ਰੀ ਅਤੁਲ ਕੁਮਾਰ ਤਿਵਾਰੀ, ਸਕੱਤਰ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ, ਭਾਰਤ ਸਰਕਾਰ, ਨੇ ਭਾਰਤ ਵਿੱਚ ਘੱਟ ਆਮਦਨ ਵਾਲੇ ਭਾਈਚਾਰਿਆਂ ਦੇ ਸਸ਼ਕਤੀਕਰਣ ਵਿੱਚ ਜੇਐੱਸਐੱਸ ਦੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਜ਼ਬੂਤ ਕਮਿਊਨਿਟੀ ਕਨੈਕਸ਼ਨਾਂ ਰਾਹੀਂ, ਜੇਐੱਸਐੱਸ ਨੌਜਵਾਨਾਂ, ਖਾਸ ਤੌਰ 'ਤੇ ਮਹਿਲਾਵਾਂ ਨੂੰ ਉਦਯੋਗ-ਸਬੰਧਿਤ ਹੁਨਰ ਜਿਵੇਂ ਕਿ ਮਾਰਕੀਟਿੰਗ ਵਿੱਚ ਟ੍ਰੇਨਿੰਗ ਦੇ ਰਿਹਾ ਹੈ ਤਾਂ ਜੋ ਨਾ ਸਿਰਫ਼ ਉਨ੍ਹਾਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਇਆ ਜਾ ਸਕੇ, ਸਗੋਂ ਉਨ੍ਹਾਂ ਦੇ ਸਮੁੱਚੇ ਸਸ਼ਕਤੀਕਰਣ ਨੂੰ ਵੀ ਬਣਾਇਆ ਜਾ ਸਕੇ। ਉਨ੍ਹਾਂ ਨੇ ਇਸ ਅਨਮੋਲ ਕੰਮ ਨੂੰ ਜਾਰੀ ਰੱਖਣ ਅਤੇ ਰੋਜ਼ੀ-ਰੋਟੀ ਦੇ ਮਜ਼ਬੂਤ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ।
ਸ਼੍ਰੀ ਕਪਿਲ ਦੇਵ ਅਗਰਵਾਲ, ਰਾਜ ਮੰਤਰੀ (ਸੁਤੰਤਰ ਚਾਰਜ), ਵੋਕੇਸ਼ਨਲ ਸਿੱਖਿਆ ਅਤੇ ਹੁਨਰ ਵਿਕਾਸ ਵਿਭਾਗ, ਯੂਪੀ ਸਰਕਾਰ ਮੁਜ਼ੱਫਰਨਗਰ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਨੇ ਕਿਹਾ ਕਿ ਹੁਨਰ ਵਿਕਾਸ 'ਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦਾ ਧਿਆਨ ਅਟਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਲਗਾਤਾਰ ਰਾਸ਼ਟਰ ਦੇ ਵਿਕਾਸ ਵਿੱਚ ਹੁਨਰ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਨੇ ਕਿੱਤਾਮੁਖੀ ਟ੍ਰੇਨਿੰਗ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਅਤੇ ਹਰੇਕ ਨੂੰ ਸੈਕੰਡਰੀ ਸਿੱਖਿਆ ਤੋਂ ਲੈ ਕੇ ਉੱਚ ਡਿਗਰੀਆਂ ਤੱਕ ਇਸ ਨੂੰ ਅਪਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਘੱਟ ਆਮਦਨ ਵਾਲੇ ਸਮੂਹਾਂ ਨੂੰ ਹੁਨਰ ਉਪਲਬਧ ਕਰਾਉਣ ਵਿੱਚ ਜੇਐੱਸਐੱਸਜ਼ ਦੇ ਵਧੀਆ ਕੰਮ ਦੀ ਵੀ ਸ਼ਲਾਘਾ ਕੀਤੀ ਅਤੇ ਕਾਮਨਾ ਕੀਤੀ ਕਿ ਨੌਜਵਾਨ ਪੀੜ੍ਹੀ ਕਿੱਤਾਮੁਖੀ ਪੜ੍ਹਾਈ ਅਪਣਾਉਣ ਅਤੇ ਇੱਕ ਚੰਗੇ ਕੱਲ੍ਹ ਲਈ ਨੌਕਰੀ ਲੱਭਣ ਵਾਲਿਆਂ ਵਿੱਚੋਂ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ।
ਜੇਐੱਸਐੱਸ ਸਕੀਮ ਦੀ ਇੱਕ ਮੁੱਖ ਤਾਕਤ ਇਸ ਦੇ ਕਮਿਊਨਿਟੀ ਕਨੈਕਟ ਅਤੇ ਸਥਾਨਕ ਪ੍ਰਸ਼ਾਸਨ, ਪਿੰਡ ਦੇ ਕਾਰਜਕਰਤਾਵਾਂ ਅਤੇ ਹੋਰ ਹਿੱਸੇਦਾਰਾਂ ਦੀ ਸ਼ਮੂਲੀਅਤ ਵਿੱਚ ਹੈ। ਇਹ ਬੁਨਿਆਦੀ ਢਾਂਚੇ, ਸਰੋਤਾਂ ਅਤੇ ਲਾਭਾਰਥੀਆਂ ਦੀ ਪ੍ਰਭਾਵਸ਼ਾਲੀ ਲਾਮਬੰਦੀ ਨੂੰ ਯਕੀਨੀ ਬਣਾਉਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਖ-ਵੱਖ ਉਦਯੋਗਾਂ ਜਿਵੇਂ ਕਿ ਫੂਡ ਪ੍ਰੋਸੈੱਸਿੰਗ, ਟੈਕਸਟਾਈਲ, ਆਈ.ਟੀ. ਅਤੇ ਹੋਰ ਬਹੁਤ ਕੁਝ ਵਿੱਚ ਨੌਕਰੀ ਦੇ ਕਈ ਮੌਕੇ ਲੱਭਣ ਦੇ ਯੋਗ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਜੇਐੱਸਐੱਸਜ਼ ਨਾਜ਼ੁਕ ਸਮਾਜਿਕ, ਆਰਥਿਕ, ਸਿਹਤ, ਵਿੱਤੀ ਸਾਖਰਤਾ, ਅਤੇ ਵਾਤਾਵਰਣ ਸਬੰਧੀ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਲਈ ਗਤੀਵਿਧੀਆਂ ਚਲਾਉਂਦੇ ਹਨ।
ਜ਼ੋਨਲ ਕਾਨਫਰੰਸ ਨੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ, ਚੁਣੌਤੀਆਂ ਨੂੰ ਹੱਲ ਕਰਨ ਅਤੇ ਭਵਿੱਖ ਲਈ ਰਣਨੀਤੀ ਬਣਾਉਣ ਲਈ ਇੱਕ ਪਲੈਟਫਾਰਮ ਵਜੋਂ ਕੰਮ ਕੀਤਾ। ਇਨ੍ਹਾਂ ਕਾਨਫਰੰਸਾਂ ਦਾ ਉਦੇਸ਼ ਜੇਐੱਸਐੱਸ ਸਕੀਮ ਦੇ ਲਾਗੂਕਰਨ ਅਤੇ ਆਊਟਰੀਚ ਨੂੰ ਵਧਾਉਣਾ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਇਹ ਲਕਸ਼ਿਤ ਕੀਤੇ ਗਏ ਭਾਈਚਾਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਸ਼ਕਤ ਕਰਨਾ ਜਾਰੀ ਰੱਖੇ।
ਪਿਛਲੇ ਵਿੱਤੀ ਸਾਲ ਵਿੱਚ, ਮੰਤਰਾਲੇ ਨੇ 13 ਮਾਰਚ ਤੋਂ 22 ਮਾਰਚ, 2024 ਤੱਕ ਚਾਰ ਵਿਭਿੰਨ ਸਥਾਨਾਂ: ਹੈਦਰਾਬਾਦ, ਗੋਆ, ਉਦੈਪੁਰ ਅਤੇ ਗੁਵਾਹਾਟੀ ਵਿੱਚ ਜ਼ੋਨਲ ਕਾਨਫਰੰਸਾਂ ਕੀਤੀਆਂ। ਇਨ੍ਹਾਂ ਕਾਨਫਰੰਸਾਂ ਨੇ ਜੇਐੱਸਐੱਸਜ਼ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਅਤੇ ਸਕੀਮ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਕੀਮਤੀ ਫੀਡਬੈਕ ਅਤੇ ਸੁਝਾਅ ਇਕੱਠੇ ਕੀਤੇ।
****
ਐੱਸਐੱਸ/ਏਕੇ
(Release ID: 2032765)
Visitor Counter : 50