ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਉਤਕਲਮਣੀ ਪੰਡਿਤ ਗੋਪਬੰਧੂ ਦਾਸ ਦੀ 96ਵੀਂ ਬਰਸੀ ‘ਤੇ ਹੋਏ ਸਮਾਰੋਹ ਵਿੱਚ ਸ਼ਾਮਲ ਹੋਏ

Posted On: 06 JUL 2024 8:34PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ (6 ਜੁਲਾਈ 2024) ਓਡੀਸ਼ਾ ਦੇ ਭੁਵਨੇਸ਼ਵਰ ਵਿਖੇ ਉਤਕਲਮਣੀ ਪੰਡਿਤ ਗੋਪਬੰਧੂ ਦਾਸ ਦੀ ਬਰਸੀ ‘ਤੇ ਆਯੋਜਿਤ ਸਮਾਰੋਹ ਵਿੱਚ ਸ਼ਾਮਲ ਹੋਏ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਕੋਈ ਵਿਅਕਤੀ ਕਿੰਨਾ ਲੰਬਾ ਜੀਵਨ ਜਿਉਂਦਾ ਹੈ, ਬਲਕਿ ਇਹ ਮਾਇਨੇ ਰੱਖਦਾ ਹੈ ਕਿ ਉਹ ਕਿਹੋ ਜਿਹਾ ਜੀਵਨ ਜਿਉਂਦਾ ਹੈ। ਯਾਨੀ ਕਿਸੇ ਵਿਅਕਤੀ ਦੀ ਪ੍ਰਤਿਸ਼ਠਾ ਦਾ ਮੁਲਾਂਕਣ ਸਮਾਜ ਅਤੇ ਦੇਸ਼ ਲਈ ਉਸ ਦੇ ਯੋਗਦਾਨ ਦੇ ਅਧਾਰ ‘ਤੇ ਹੀ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਡਿਤ ਗੋਪਬੰਧੂ ਦਾਸ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਕਿੰਨੇ ਚੰਗੇ ਕੰਮ ਕੀਤੇ, ਇਹ ਸੋਚ ਕੇ ਹੈਰਾਨੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ, ਸਾਹਿਤ, ਸਿੱਖਿਆ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਅਭੁੱਲ ਹੈ। ਉਨ੍ਹਾਂ ਨੇ ਪੰਡਿਤ ਗੋਪਬੰਧੂ ਦਾਸ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਪੰਡਿਤ ਗੋਪਬੰਧੂ ਦਾਸ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਉੱਚਿਤ ਸਿੱਖਿਆ ਦੇ ਬਿਨਾਂ ਕੋਈ ਵੀ ਸਮਾਜ ਜਾਂ ਰਾਸ਼ਟਰ ਪ੍ਰਗਤੀ ਨਹੀਂ ਕਰ ਸਕਦਾ। ਇਸ ਲਈ ਉਨ੍ਹਾਂ ਨੇ ਪੁਰੀ ਜ਼ਿਲ੍ਹੇ ਦੇ ਸਤਿਆਬਾੜੀ ਵਿੱਚ ਮੁਕਤਾਕਾਸ਼ ਸਕੂਲ ਦੀ ਸਥਾਪਨਾ ਕੀਤੀ, ਜਿਸ ਨੂੰ ਵਣ ਵਿਦਿਆਲਯ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਪ੍ਰਕਿਰਿਤੀ ਤੋਂ ਜਾਣੂ ਕਰਵਾਉਣ ਦਾ ਉਨ੍ਹਾਂ ਦਾ ਤਰੀਕਾ ਬਹੁਤ ਮਹੱਤਵਪੂਰਨ ਹੈ। ਪੰਡਿਤ ਗੋਪਬੰਧੂ ਨੇ ਵਣ ਵਿਦਿਆਲਯ ਦੇ ਰਾਹੀਂ ਵਿਦਿਆਰਥਾਂ ਦੇ ਸਮੁੱਚੇ ਵਿਕਾਸ ‘ਤੇ ਜ਼ੋਰ ਦਿੱਤਾ।  ਉਨ੍ਹਾਂ ਦੇ ਵਿਚਾਰ ਵਿੱਚ ਸਿੱਖਿਆ ਦਾ ਮਤਲਬ ਕੇਵਲ ਕਿਤਾਬੀ ਗਿਆਨ ਨਹੀਂ ਹੈ, ਬਲਕਿ ਸਿੱਖਿਆ ਨਾਲ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ ਅਤੇ ਬੌਧਿਕ ਅਤੇ ਅਧਿਆਤਮਕ ਵਿਕਾਸ ਵੀ ਹੋਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਰ੍ਹੇ 1919 ਵਿੱਚ ਪੰਡਿਤ ਗੋਪਬੰਧੂ ਦਾਸ ਨੇ ਸਮਾਜ ਸਮਾਚਾਰ ਪੱਤਰ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਸੀ। ਇਸ ਪ੍ਰਕਾਸ਼ਨ ਰਾਹੀਂ ਉਨ੍ਹਾਂ ਨੇ ਓਡੀਸ਼ਾ ਵਿੱਚ ਸੁਤੰਤਰਤਾ ਦਾ ਸੰਦੇਸ਼ ਫੈਲਾਇਆ। ਉਨ੍ਹਾਂ ਨੇ ਇਸ ਅਖਬਾਰ ਦੇ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਉਠਾਇਆ। ਸਮਾਜ ਵਿੱਚ ਲਿਖੇ ਗਏ ਉਨ੍ਹਾਂ ਦੇ ਸੰਪਾਦਕੀਆਂ ਨੇ ਓਡੀਸ਼ਾ ਸਾਹਿਤ  ਨੂੰ ਸਮ੍ਰਿੱਧ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਪੰਡਿਤ ਗੋਪਬੰਧੂ ਦਾਸ  ਰਾਸ਼ਟਰਵਾਦ ਅਤੇ ਲੋਕਤੰਤਰੀ ਕੀਮਤਾਂ ਵਿੱਚ ਵਿਸ਼ਵਾਸ ਕਰਦੇ ਸਨ। ਉਨ੍ਹਾਂ ਦੀਆਂ ਕਵਿਤਾਵਾਂ ਅਤੇ ਵਾਰਤਕ ਦੇਸ਼ ਭਗਤੀ ਅਤੇ ਵਿਸ਼ਵ ਭਲਾਈ ਦਾ ਸੰਦੇਸ਼ ਦਿੰਦੇ ਹਨ। ਓਹ ਓਡੀਸ਼ਾ ਗੌਰਵ ਦੇ ਨਾਲ-ਨਾਲ ਭਾਰਤੀ ਰਾਸ਼ਟਰਵਾਦ ਦੇ ਲਈ ਵੀ ਸਮਰਪਿਤ ਸਨ। ਪੰਡਿਤ ਗੋਪਬੰਧੂ ਨੇ ਲਿਖਿਆ ਸੀ, “ਮੈਂ ਭਾਰਤ ਵਿੱਚ ਜਿੱਥੇ ਵੀ ਰਹਾਂ, ਮੈਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਂ ਘਰ ਵਿੱਚ ਹਾਂ।” ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਗੋਪਬੰਧੂ ਜੀ ਦੀ ਇਸ ਅਖਿਲ ਭਾਰਤੀ ਸੋਚ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

 

************

ਡੀਐੱਸ


(Release ID: 2031532) Visitor Counter : 48