ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰੀ ਨੇ ਏਸ਼ੀਆਈ ਖੇਡਾਂ ਵਿੱਚ ਯੋਗ ਨੂੰ ਸ਼ਾਮਲ ਕਰਨ ਦੀ ਆਈਓਏ ਦੀ ਪਹਿਲ ਦਾ ਸਵਾਗਤ ਕੀਤਾ
Posted On:
28 JUN 2024 9:45PM by PIB Chandigarh
ਯੁਵਾ ਮਾਮਲੇ ਤੇ ਖੇਡ ਅਤੇ ਕਿਰਤ ਤੇ ਰੁਜ਼ਗਾਰ ਮੰਤਰੀ ਸ੍ਰੀ ਮਨਸੁਖ ਮਾਂਡਵੀਆ ਨੇ ਭਾਰਤੀ ਓਲੰਪਿਕ ਸੰਘ (ਆਈਓਏ) ਦੀ ਪ੍ਰਧਾਨ ਡਾ. ਪੀਟੀ ਊਸ਼ਾ ਵੱਲੋਂ ਯੋਗ ਨੂੰ ਏਸ਼ੀਆਈ ਖੇਡਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੇ ਕਦਮ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, "ਇਹ ਉਚਿਤ ਹੀ ਹੈ ਕਿ ਇਸਦੀ ਵਿਆਪਕ ਪ੍ਰਸਿੱਧੀ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਗ ਇੱਕ ਮੁਕਾਬਲੇ ਵਾਲੀ ਖੇਡ ਬਣ ਜਾਏ ਅਤੇ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਹੋਵੇ।”
ਆਈਓਏ ਪ੍ਰਧਾਨ ਨੇ 26 ਜੂਨ ਨੂੰ ਓਲੰਪਿਕ ਕੌਂਸਲ ਆਫ਼ ਏਸ਼ੀਆ (ਓਸੀਏ) ਦੇ ਪ੍ਰਧਾਨ ਸ੍ਰੀ ਰਾਜਾ ਰਣਧੀਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਯੋਗ ਨੂੰ ਏਸ਼ਿਆਈ ਖੇਡਾਂ ਵਿੱਚ ਇੱਕ ਖੇਡ ਦੇ ਰੂਪ ਵਿੱਚ ਸ਼ਾਮਲ ਕਰਨ ਦੇ ਪ੍ਰਸਤਾਵ ਉੱਤੇ ਵਿਚਾਰ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ ਕਿ 21 ਜੂਨ ਨੂੰ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾਵੇ। ਇਹ ਅਨੁਸ਼ਾਸਨ ਜੋ ਮਨ ਅਤੇ ਸਰੀਰ ਨੂੰ ਜੋੜਦਾ ਹੈ, ਨੇ ਦੁਨੀਆ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਆਪਣੇ ਖ਼ੁਦ ਦੇ ਪੁਆਇੰਟਸ ਕੋਡ ਅਤੇ ਖ਼ਾਸ ਇਵੈਂਟਸ ਦੇ ਨਾਲ ਇੱਕ ਪ੍ਰਤੀਯੋਗੀ ਖੇਡ ਦੇ ਰੂਪ ਵਿੱਚ ਤਿਆਰ ਹੈ।"
ਉਨ੍ਹਾਂ ਕਿਹਾ, “ਭਾਰਤ ਯੋਗ ਨੂੰ ਲੋਕਪ੍ਰਿਆ ਬਣਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਅਸੀਂ ਇਸ ਨੂੰ ਖੇਲੋ ਇੰਡੀਆ ਯੁਵਕ ਖੇਡਾਂ ਵਿੱਚ ਸ਼ਾਮਲ ਕਰਕੇ ਇੱਕ ਪ੍ਰਤੀਯੋਗੀ ਖੇਡ ਦੇ ਰੂਪ ਵਿੱਚ ਬਹੁਤ ਸਫਲਤਾ ਨਾਲ ਸ਼ੁਰੂ ਕੀਤਾ ਹੈ। ਇਹ ਨੋਟ ਕਰਨਾ ਖ਼ੁਸ਼ੀ ਦੀ ਗੱਲ ਹੈ ਕਿ ਯੋਗ ਅਭਿਆਸੀਆਂ ਦੀ ਵੱਧ ਰਹੀ ਗਿਣਤੀ ਨੇ ਰਾਸ਼ਟਰੀ ਖੇਡਾਂ ਦੇ ਆਯੋਜਕਾਂ ਨੂੰ ਇਸ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ ਹੈ।”
ਭਾਰਤ ਸਰਕਾਰ ਨੇ ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਯੋਗ ਨੂੰ ਇੱਕ ਪ੍ਰਤੀਯੋਗੀ ਖੇਡ ਦੇ ਨਾਲ-ਨਾਲ ਇਸ ਨੂੰ ਸਿਹਤਮੰਦ ਜੀਵਨ ਜਿਊਣ ਦੀ ਕਲਾ ਅਤੇ ਵਿਗਿਆਨ ਵਜੋਂ ਅੱਗੇ ਵਧਾਇਆ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਭਾਰਤ ਵਿੱਚ ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਦੇ ਰੂਪ ਵਿੱਚ ਉਤਸ਼ਾਹਿਤ ਕਰਨ ਅਤੇ ਵਿਕਾਸ ਲਈ ਯੋਗਾਸਨ ਇੰਡੀਆ ਨੂੰ ਮਾਨਤਾ ਦਿੱਤੀ ਹੈ। ਇਸ ਤੋਂ ਇਲਾਵਾ 2020 ਤੋਂ ਬਾਅਦ ਖੇਲੋ ਇੰਡੀਆ ਯੂਥ ਗੇਮਜ਼ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦੇ ਪਿਛਲੇ ਕਈ ਐਡੀਸ਼ਨਾਂ ਵਿੱਚ ਯੋਗਾਸਨ ਨੂੰ ਇੱਕ ਪ੍ਰਤੀਯੋਗੀ ਅਨੁਸ਼ਾਸਨ ਵਜੋਂ ਜੋੜਿਆ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਵਿਸ਼ਵ ਯੋਗਾਸਨ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਏਸ਼ੀਅਨ ਯੋਗਾਸਨ ਨੇ ਪਹਿਲਾਂ ਹੀ ਓਸੀਏ ਨੂੰ ਮਾਨਤਾ ਲਈ ਪੱਤਰ ਲਿਖਿਆ ਹੈ ਤਾਂ ਜੋ ਯੋਗਾਸਨ ਨੂੰ ਮਹਾਂਦੀਪ ਵਿੱਚ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਵਿਕਸਿਤ ਕੀਤਾ ਜਾ ਸਕੇ।
***************
ਪ੍ਰਗਿਆ ਪਾਲੀਵਾਲ ਗੌੜ/ਹਿਮਾਂਸ਼ੂ ਪਾਠਕ
(Release ID: 2030033)
Visitor Counter : 46