ਕੋਲਾ ਮੰਤਰਾਲਾ
ਤਾਪ ਊਰਜਾ ਪਲਾਂਟਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਕੋਲਾ ਭੰਡਾਰ ਉਪਲਬਧ
ਟੀਪੀਪੀਜ਼ 'ਤੇ ਕੋਲੇ ਦਾ ਭੰਡਾਰ 45 ਮਿਲੀਅਨ ਟਨ ਤੋਂ ਵੱਧ
ਕੋਲਾ ਮੰਤਰਾਲਾ ਉੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਨਿਰਵਿਘਨ ਕੋਲੇ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕਦਮ ਚੁੱਕ ਰਿਹਾ ਹੈ
प्रविष्टि तिथि:
19 JUN 2024 3:00PM by PIB Chandigarh
ਕੋਲਾ ਮੰਤਰਾਲਾ (ਐੱਮਓਸੀ) ਤਾਪ ਊਰਜਾ ਪਲਾਂਟਾਂ ਨੂੰ ਕੋਲੇ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ 24 ਘੰਟੇ ਅਣਥੱਕ ਕੰਮ ਕਰ ਰਿਹਾ ਹੈ। ਵਧੇਰੇ ਉਤਪਾਦਨ, ਲੌਜਿਸਟਿਕਸ ਦੇ ਕੁਸ਼ਲ ਪ੍ਰਬੰਧਨ ਅਤੇ ਨਿਰਵਿਘਨ ਅੰਤਰ ਏਜੰਸੀ ਤਾਲਮੇਲ ਦੇ ਨਤੀਜੇ ਵਜੋਂ ਕੋਲਾ ਮੰਤਰਾਲੇ ਨੇ ਤਾਪ ਊਰਜਾ ਪਲਾਂਟਾਂ ਵਿੱਚ ਕੋਲੇ ਦੇ ਹੁਣ ਤੱਕ ਦੇ ਸਭ ਤੋਂ ਵੱਧ ਭੰਡਾਰ ਨੂੰ ਯਕੀਨੀ ਬਣਾਇਆ ਹੈ। ਇਸ ਸਰਗਰਮ ਪਹਿਲਕਦਮੀ ਦਾ ਮੰਤਵ ਇਸ ਸਿਖ਼ਰਲੀ ਮੰਗ ਦੇ ਸਮੇਂ ਦੌਰਾਨ ਦੇਸ਼ ਭਰ ਦੇ ਨਾਗਰਿਕਾਂ ਲਈ ਨਿਰਵਿਘਨ ਬਿਜਲੀ ਸੁਰੱਖਿਅਤ ਕਰਨਾ ਹੈ। ਬਿਜਲੀ ਦੀ ਬਹੁਤ ਜ਼ਿਆਦਾ ਮੰਗ ਦੇ ਬਾਵਜੂਦ ਤਾਪ ਊਰਜਾ ਪਲਾਂਟਾਂ 'ਤੇ ਕੋਲੇ ਦਾ ਭੰਡਾਰ ਮਜ਼ਬੂਤ ਸਥਿਤੀ ਵਿੱਚ ਬਰਕਰਾਰ ਹੈ ਅਤੇ 16 ਜੂਨ, 2024 ਤੱਕ 45 ਮਿਲੀਅਨ ਟਨ (ਐੱਮਟੀ) ਤੋਂ ਵਧ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 34.25 ਐੱਮਟੀ ਦੇ ਮੁਕਾਬਲੇ ~ 31.71% ਵੱਧ ਹੈ।
ਕੋਲਾ ਆਧਾਰਤ ਬਿਜਲੀ ਦੀ ਮੰਗ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਸ ਵਿੱਤੀ ਸਾਲ ਵਿੱਚ 7.30% ਵਧੀ ਹੈ। ਇਹ ਕੋਲੇ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਹੈ।
16.06.24 ਤੱਕ ਕੋਲੇ ਦਾ ਸੰਚਤ ਉਤਪਾਦਨ 207.48 ਮੀਟਰਕ ਟਨ ਹੈ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 9.27% ਦੀ ਵਾਧਾ ਦਰ ਦਰਸਾਉਂਦਾ ਹੈ, ਜੋ ਕਿ 189.87 ਮੀਟਰਕ ਟਨ ਸੀ। ਕੋਲ ਇੰਡੀਆ ਲਿਮਟਿਡ (ਸੀਆਈਐੱਲ) ਨੇ 160.25 ਮੀਟਰਕ ਟਨ ਕੋਲਾ ਉਤਪਾਦਨ ਦਰਜ ਕੀਤਾ ਹੈ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 7.28% ਵਧ ਕੇ 149.38 ਮੀਟਰਕ ਟਨ ਸੀ। ਇਸੇ ਤਰ੍ਹਾਂ, ਅਧੀਨ ਅਤੇ ਵਪਾਰਕ ਖਾਣਾਂ ਤੋਂ ਕੋਲੇ ਦਾ ਉਤਪਾਦਨ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 27% ਦੇ ਵਾਧੇ ਨਾਲ 33 ਮੀਟਰਕ ਟਨ ਤੱਕ ਪਹੁੰਚ ਗਿਆ।
ਸੰਚਤ ਕੋਲਾ ਰਵਾਨਗੀ 16 ਜੂਨ, 2024 ਤੱਕ 220.31 ਮੀਟਰਕ ਟਨ ਹੈ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੌਰਾਨ 204.65 ਮੀਟਰਕ ਟਨ ਦੇ ਮੁਕਾਬਲੇ 7.65% ਦਾ ਵਾਧਾ ਦਰਸਾਉਂਦੀ ਹੈ। ਕੋਲ ਇੰਡੀਆ ਲਿਮਟਡ ਨੇ ਰਵਾਨਗੀ ਵਿੱਚ 166.58 ਮੀਟਰਕ ਟਨ ਰਿਕਾਰਡ ਕੀਤਾ, ਜੋ ਕਿ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 4% ਵੱਧ ਹੈ, ਜੋ ਕਿ 158.91 ਐੱਮਟੀ ਸੀ। ਅਧੀਨ ਅਤੇ ਵਪਾਰਕ ਖਾਣਾਂ ਤੋਂ ਕੋਲੇ ਦੀ ਸਪਲਾਈ 30% ਦੇ ਵਾਧੇ ਦੇ ਨਾਲ 39.45 ਮੀਟਰਕ ਟਨ ਦਰਜ ਕੀਤੀ ਗਈ ਹੈ। ਊਰਜਾ ਸੈਕਟਰ ਲਈ ਰਵਾਨਗੀ 180.35 ਮੀਟਰਕ ਟਨ ਹੈ, ਜੋ ਪਿਛਲੇ ਸਾਲ 170.61 ਮੀਟਰਕ ਟਨ ਦੇ ਮੁਕਾਬਲੇ 5.71% ਦੀ ਵਾਧਾ ਦਰ ਦਰਸਾਉਂਦਾ ਹੈ।
ਇਸ ਪ੍ਰਾਪਤੀ ਦਾ ਕਾਰਨ ਕੋਲੇ ਦੀ ਨਿਰਵਿਘਨ ਅਤੇ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਲੇ ਕੁਸ਼ਲ ਲੌਜਿਸਟਿਕ ਪ੍ਰਬੰਧਾਂ ਨੂੰ ਦਿੱਤਾ ਜਾਂਦਾ ਹੈ। ਉਪ-ਸਮੂਹ, ਜਿਸ ਵਿੱਚ ਬਿਜਲੀ ਮੰਤਰਾਲੇ, ਕੋਲਾ ਮੰਤਰਾਲੇ, ਰੇਲਵੇ ਮੰਤਰਾਲੇ ਅਤੇ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਹਨ, ਨੇ ਇੱਕ ਕੁਸ਼ਲ ਸਪਲਾਈ ਲੜੀ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਦੇਸ਼ ਵਿੱਚ ਕੁੱਲ ਕੋਲੇ ਦਾ ਭੰਡਾਰ (ਖਾਣਾਂ, ਟਰਾਂਜ਼ਿਟ, ਊਰਜਾ ਪਲਾਂਟ) 144.68 ਮੀਟਰਕ ਟਨ ਤੋਂ ਵੱਧ ਹੈ, ਜੋ ਬਿਜਲੀ ਖੇਤਰ ਨੂੰ ਕੋਲੇ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਂਦਾ ਹੈ। ਰੇਲ ਮੰਤਰਾਲੇ ਨੇ 16 ਜੂਨ, 2024 ਤੱਕ ਰੋਜ਼ਾਨਾ ਸਪਲਾਈ ਕੀਤੇ ਗਏ ਔਸਤਨ 428.40 ਰੇਕ ਪ੍ਰਤੀ ਦਿਨ ਦੇ ਨਾਲ ਰੇਲਵੇ ਰੇਕ ਦੀ ਰੋਜ਼ਾਨਾ ਉਪਲਬਧਤਾ ਵਿੱਚ 10% ਔਸਤ ਵਾਧਾ ਯਕੀਨੀ ਬਣਾਇਆ ਹੈ। ਤਟਵਰਤੀ ਸ਼ਿਪਿੰਗ ਰਾਹੀਂ ਨਿਕਾਸੀ ਵਿੱਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ। ਰਵਾਇਤੀ ਤੌਰ 'ਤੇ ਕੋਲੇ ਦੀ ਢੋਆ-ਢੁਆਈ ਸਿਰਫ਼ ਪਾਰਾਦੀਪ ਬੰਦਰਗਾਹ ਰਾਹੀਂ ਕੀਤੀ ਜਾਂਦੀ ਸੀ, ਪਰ ਹੁਣ ਕੋਲਾ ਲੌਜਿਸਟਿਕਸ ਨੀਤੀ ਅਨੁਸਾਰ ਢੁਕਵੇਂ ਤਾਲਮੇਲ ਦੇ ਤਹਿਤ, ਧਮਰਾ ਅਤੇ ਗੰਗਾਵਰਮ ਬੰਦਰਗਾਹਾਂ ਰਾਹੀਂ ਵੀ ਕੋਲੇ ਦੀ ਨਿਕਾਸੀ ਕੀਤੀ ਜਾ ਰਹੀ ਹੈ। ਰੇਲਵੇ ਨੈੱਟਵਰਕ ਵਿੱਚ ਬੁਨਿਆਦੀ ਢਾਂਚੇ ਦੇ ਵਾਧੇ ਨੇ ਸੋਨ ਨਗਰ ਤੋਂ ਦਾਦਰੀ ਤੱਕ ਰੇਕ ਦੀ ਆਵਾਜਾਈ ਵਿੱਚ ਖ਼ਾਸ ਤੌਰ 'ਤੇ ਸੁਧਾਰ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਆਉਣ-ਜਾਣ ਦੇ ਸਮੇਂ ਵਿੱਚ 100% ਤੋਂ ਵੱਧ ਸੁਧਾਰ ਹੋਇਆ ਹੈ।
ਕੋਲਾ ਮੰਤਰਾਲਾ ਬਿਜਲੀ ਦੀ ਮੰਗ ਵਿੱਚ ਵਾਧੇ ਨੂੰ ਪੂਰਾ ਕਰਨ ਲਈ ਊਰਜਾ ਪਲਾਂਟਾਂ ਕੋਲ ਢੁਕਵਾਂ ਭੰਡਾਰ ਯਕੀਨੀ ਬਣਾਉਣ ਲਈ ਕੋਲੇ ਦੇ ਉਤਪਾਦਨ ਅਤੇ ਆਵਾਜਾਈ ਨੂੰ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਤਾਲਮੇਲ ਵਾਲੇ ਯਤਨਾਂ ਨੇ ਉੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਕੋਲੇ ਦੀ ਇੱਕ ਸਥਿਰ ਅਤੇ ਕੁਸ਼ਲ ਸਪਲਾਈ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
*********
ਬੀਨਾ ਯਾਦਵ
(रिलीज़ आईडी: 2027103)
आगंतुक पटल : 94