ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟਰਾਈ ਨੇ 'ਰਾਸ਼ਟਰੀ ਪ੍ਰਸਾਰਣ ਨੀਤੀ-2024 ਦੇ ਨਿਰਮਾਣ ਲਈ ਇਨਪੁਟਸ' ’ਤੇ ਸਲਾਹ ਪੱਤਰ ਜਾਰੀ ਕੀਤਾ
Posted On:
02 APR 2024 1:09PM by PIB Chandigarh
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਨੇ ਅੱਜ 'ਰਾਸ਼ਟਰੀ ਪ੍ਰਸਾਰਣ ਨੀਤੀ-2024 ਦੇ ਨਿਰਮਾਣ ਲਈ ਇਨਪੁਟਸ' 'ਤੇ ਇੱਕ ਸਲਾਹ ਪੱਤਰ ਜਾਰੀ ਕੀਤਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 13 ਜੁਲਾਈ, 2023 ਨੂੰ ਇੱਕ ਸੰਦਰਭ ਰਾਹੀਂ ਟਰਾਈ ਨੂੰ ਬੇਨਤੀ ਕੀਤੀ ਸੀ ਕਿ ਉਹ ਇੱਕ ਰਾਸ਼ਟਰੀ ਪ੍ਰਸਾਰਣ ਨੀਤੀ ਬਣਾਉਣ ਲਈ ਟਰਾਈ ਐਕਟ, 1997 ਦੀ ਧਾਰਾ 11 ਦੇ ਤਹਿਤ ਆਪਣੇ ਵਿਚਾਰੇ ਗਏ ਇਨਪੁਟਸ ਪ੍ਰਦਾਨ ਕਰੇ। ਪਹਿਲੇ ਕਦਮ ਦੇ ਤੌਰ 'ਤੇ ਟਰਾਈ ਨੇ 21 ਸਤੰਬਰ, 2023 ਨੂੰ ਇੱਕ ਪ੍ਰੀ-ਕਸਲਟੇਸ਼ਨ ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਮੁੱਦਿਆਂ ਨੂੰ ਚੁੱਕਿਆ ਗਿਆ ਸੀ, ਜਿਨ੍ਹਾਂ ’ਤੇ ਰਾਸ਼ਟਰੀ ਪ੍ਰਸਾਰਣ ਨੀਤੀ ਬਣਾਉਣ ਲਈ ਵਿਚਾਰੇ ਜਾਣ ਦੀ ਜ਼ਰੂਰਤ ਹੈ। ਟਰਾਈ ਨੂੰ 28 ਟਿੱਪਣੀਆਂ ਮਿਲੀਆਂ ਹਨ। ਇਸ ਨੇ ਲਿਖਤੀ ਬੇਨਤੀਆਂ ਅਤੇ ਮੀਟਿੰਗਾਂ ਰਾਹੀਂ ਮੁੱਦਿਆਂ ਦੀ ਜਾਂਚ ਕੀਤੀ, ਵੱਖ-ਵੱਖ ਮੀਡੀਆ ਅਤੇ ਉਦਯੋਗ ਰਿਪੋਰਟਾਂ, ਪਬਲਿਕ ਦਸਤਾਵੇਜ਼ਾਂ, ਅੰਤਰਰਾਸ਼ਟਰੀ ਅਭਿਆਸਾਂ ਅਤੇ ਖੇਤਰ ਵਿੱਚ ਮੌਜੂਦਾ ਮੁੱਦਿਆਂ ’ਤੇ ਵਿਚਾਰ ਕਰਨ ਲਈ ਖੇਤਰ ਵਿੱਚ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦਾ ਅਧਿਐਨ ਕੀਤਾ।
ਇਸ ਅਨੁਸਾਰ ਹਿਤਧਾਰਕਾਂ ਤੋਂ ਟਿੱਪਣੀਆਂ ਲੈਣ ਲਈ ਰਾਸ਼ਟਰੀ ਪ੍ਰਸਾਰਣ ਨੀਤੀ-2024 ਦੇ ਨਿਰਮਾਣ ਲਈ ਇਨਪੁਟਸ ’ਤੇ ਇਹ ਸਲਾਹ ਪੱਤਰ ਤਿਆਰ ਕੀਤਾ ਗਿਆ ਹੈ ਅਤੇ ਟਰਾਈ ਦੀ ਵੈੱਬਸਾਈਟ (www.trai.gov.in) 'ਤੇ ਰੱਖਿਆ ਗਿਆ ਹੈ। ਸਲਾਹ ਪੱਤਰ ਵਿੱਚ ਚੁੱਕੇ ਗਏ ਮੁੱਦਿਆਂ 'ਤੇ ਲਿਖਤੀ ਟਿੱਪਣੀਆਂ 30 ਅਪ੍ਰੈਲ, 2024 ਤੱਕ ਹਿਤਧਾਰਕਾਂ ਤੋਂ ਮੰਗੀਆਂ ਜਾਂਦੀਆਂ ਹਨ। ਇਹ ਨੋਟ ਕੀਤਾ ਜਾਵੇ ਕਿ ਇਸ ਸਲਾਹ ਪੱਤਰ ਵਿੱਚ ਕੋਈ ਜਵਾਬੀ ਟਿੱਪਣੀਆਂ ਨਹੀਂ ਮੰਗੀਆਂ ਜਾ ਰਹੀਆਂ ਹਨ, ਕਿਉਂਕਿ ਇਸ ਪੱਤਰ ਦਾ ਉਦੇਸ਼ ਪ੍ਰਸਾਰਣ ਨੀਤੀ ਲਈ ਇਨਪੁਟ ਤਿਆਰ ਕਰਨਾ ਹੈ।
ਪ੍ਰਸਾਰਣ ਸੈਕਟਰ ਇੱਕ ਉੱਭਰਦਾ ਸੈਕਟਰ ਹੈ, ਜਿਸ ਵਿੱਚ ਭਾਰਤੀ ਅਰਥਵਿਵਸਥਾ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀਆਂ ਬੇਹੱਦ ਸੰਭਾਵਨਾਵਾਂ ਹਨ। ਨੀਤੀ ਬਣਾਉਣ ਲਈ ਇਨਪੁਟਸ ਦਾ ਉਦੇਸ਼ ਨਵੀਆਂ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਯੁੱਗ ਵਿੱਚ ਦੇਸ਼ ਵਿੱਚ ਪ੍ਰਸਾਰਣ ਖੇਤਰ ਦੇ ਯੋਜਨਾਬੱਧ ਵਿਕਾਸ ਅਤੇ ਵਾਧੇ ਲਈ ਵਿਜ਼ਨ, ਮਿਸ਼ਨ, ਉਦੇਸ਼ ਅਤੇ ਰਣਨੀਤੀਆਂ ਨੂੰ ਨਿਰਧਾਰਿਤ ਕਰਨਾ ਹੈ।
ਇਹ ਸਲਾਹ ਪੱਤਰ ਭਾਰਤ ਨੂੰ 'ਗਲੋਬਲ ਕੰਟੈਂਟ ਹੱਬ' ਬਣਾਉਣ ਦੇ ਉਦੇਸ਼ ਨਾਲ ਪ੍ਰਸਾਰਣ ਖੇਤਰ ਵਿੱਚ ਪ੍ਰਚਲਿਤ ਸਬੰਧਿਤ ਮੁੱਦਿਆਂ ਨੂੰ ਉਜਾਗਰ ਕਰਦਾ ਹੈ। ਸਲਾਹ ਪੱਤਰ ਵਿੱਚ ਵਿਆਪਕ ਪਹੁੰਚ ਰਾਹੀਂ ਅਰਥਵਿਵਸਥਾ ਵਿੱਚ ਯੋਗਦਾਨ ਨੂੰ ਵਧਾਉਣ, ਖੋਜ ਅਤੇ ਵਿਕਾਸ, ਰੁਜ਼ਗਾਰ ਸਿਰਜਣ, ਹੁਨਰ ਵਿਕਾਸ ਅਤੇ ਸਟਾਰਟ-ਅੱਪ ਪ੍ਰੋਤਸਾਹਨ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਅਪਣਾਏ ਜਾਣ ਵਾਲੇ ਨੀਤੀ ਅਤੇ ਰੈਗੂਲੇਟਰੀ ਉਪਾਵਾਂ ਅਤੇ ਰਣਨੀਤੀਆਂ 'ਤੇ ਸਵਾਲ ਚੁੱਕੇ ਗਏ ਹਨ। ਪੱਤਰ ਵਿੱਚ ਜਨਤਕ ਸੇਵਾ ਪ੍ਰਸਾਰਣ ਨੂੰ ਮਜ਼ਬੂਤ ਕਰਨ, ਮੀਡੀਆ ਅਤੇ ਮਨੋਰੰਜਨ ਖੇਤਰ ਦੇ ਵੱਖ-ਵੱਖ ਖੇਤਰਾਂ ’ਤੇ ਮੁੱਦਿਆਂ, ਪਾਇਰੇਸੀ ਨਾਲ ਨਜਿੱਠਣ ਅਤੇ ਕੰਟੈਂਟ ਸਮੱਗਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਮਜ਼ਬੂਤ ਦਰਸ਼ਕ/ਸਰੋਤਾ ਮਾਪ ਪ੍ਰਣਾਲੀ, ਖੇਤਰੀ ਪ੍ਰਸਾਰਣ ਅਤੇ ਸਮਾਜਿਕ-ਵਾਤਾਵਰਨ ਸਬੰਧੀ ਜ਼ਿੰਮੇਵਾਰੀਆਂ 'ਤੇ ਵੀ ਚਰਚਾ ਕੀਤੀ ਗਈ ਹੈ।
ਲਿਖਤੀ ਟਿੱਪਣੀਆਂ, ਤਰਜੀਹੀ ਤੌਰ 'ਤੇ ਇਲੈਕਟਰੋਨਿਕ ਰੂਪ ਵਿੱਚ, advbcs-2[at]trai[dot]gov[dot]in ਅਤੇ jtadvisor-bcs[at]trai[dot]gov[dot]in ’ਤੇ ਭੇਜੀਆਂ ਜਾ ਸਕਦੀਆਂ ਹਨ। ਕਿਸੇ ਵੀ ਸਪਸ਼ਟੀਕਰਨ/ਜਾਣਕਾਰੀ ਲਈ ਸ਼੍ਰੀ ਤੇਜਪਾਲ ਸਿੰਘ, ਸਲਾਹਕਾਰ (ਪ੍ਰਸਾਰਣ ਅਤੇ ਕੇਬਲ ਸੇਵਾਵਾਂ), ਟਰਾਈ ਨਾਲ ਟੈਲੀਫ਼ੋਨ ਨੰਬਰ +91-11-23664516 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
******
ਡੀਕੇ/ਡੀਕੇ/ਐੱਸਐੱਮਪੀ
(Release ID: 2016939)