ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵਾਧੂ ਤਿੰਨ ਲੱਖ ਕੈਡਿਟ ਅਸਾਮੀਆਂ ਦੇ ਨਾਲ ਐੱਨਸੀਸੀ ਦਾ ਵਿਸਤਾਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ

Posted On: 13 MAR 2024 9:32AM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਤਿੰਨ ਲੱਖ ਕੈਡਿਟ ਅਸਾਮੀਆਂ ਦੇ ਨਾਲ ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ) ਦੇ ਵਿਸਤਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਸਤਾਰ ਨਾਲ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਐੱਨਸੀਸੀ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਦੀ ਉਮੀਦ ਹੈ। 

ਇਸ ਮਨਜ਼ੂਰੀ ਨਾਲ ਐੱਨਸੀਸੀ ਕੋਲ ਹੁਣ 20 ਲੱਖ ਕੈਡਿਟਾਂ ਦੀ ਪ੍ਰਵਾਨਿਤ ਤਾਕਤ ਹੋਵੇਗੀ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਵਰਦੀਧਾਰੀ ਨੌਜਵਾਨ ਸੰਗਠਨ ਬਣ ਜਾਵੇਗਾ। ਐੱਨਸੀਸੀ 1948 ਵਿੱਚ ਸਿਰਫ਼ 20,000 ਕੈਡਿਟਾਂ ਨਾਲ ਬਣਾਈ ਗਈ ਸੀ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਐੱਨਸੀਸੀ ਨੂੰ ਇੱਕ ਵਿਕਲਪਿਕ ਵਿਸ਼ੇ ਵਜੋਂ ਪੇਸ਼ ਕੀਤੇ ਜਾਣ ਨਾਲ ਐੱਨਸੀਸੀ ਦਾ ਇਹ ਵਿਸਤਾਰ ਦੇਸ਼ ਦੇ ਭਵਿੱਖ ਦੇ ਮਾਰਗਦਰਸ਼ਕ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਇੱਕ ਵੱਡਾ ਕਦਮ ਹੋਵੇਗਾ।

ਇਸ ਵਿਸਤਾਰ ਨਾਲ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖਾਲੀ ਅਸਾਮੀਆਂ ਦੀ ਅਨੁਪਾਤਕ ਵੰਡ ਹੋਵੇਗੀ ਅਤੇ ਐੱਨਸੀਸੀ ਲਈ ਚਾਹਵਾਨ ਵਿੱਦਿਅਕ ਸੰਸਥਾਵਾਂ ਦੀ ਉਡੀਕ ਸੂਚੀ ਵਿੱਚ ਕਮੀ ਆਵੇਗੀ। ਇਸ ਵਿਸਤਾਰ ਯੋਜਨਾ ਵਿੱਚ ਚਾਰ ਨਵੇਂ ਗਰੁੱਪ ਹੈੱਡਕੁਆਰਟਰਾਂ ਅਤੇ ਦੋ ਨਵੇਂ ਐੱਨਸੀਸੀ ਯੂਨਿਟਾਂ ਦੀ ਸਥਾਪਨਾ ਸ਼ਾਮਲ ਹੈ।

ਇਸ ਵਿਸਤਾਰ ਯੋਜਨਾ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਵਿੱਚ ਸਾਬਕਾ ਸੈਨਿਕਾਂ ਨੂੰ ਐੱਨਸੀਸੀ ਟ੍ਰੇਨਰ ਵਜੋਂ ਨਿਯੁਕਤ ਕਰਨ ਦਾ ਪ੍ਰਸਤਾਵ ਸ਼ਾਮਲ ਹੈ, ਜਿਸ ਨਾਲ ਉਨ੍ਹਾਂ ਦੇ ਹੁਨਰ ਅਤੇ ਲੰਬੇ ਤਜਰਬੇ ਦਾ ਫਾਇਦਾ ਲਿਆ ਜਾ ਸਕੇ । ਇਹ ਪਹਿਲਕਦਮੀ ਐੱਨਸੀਸੀ ਕੈਡਿਟਾਂ ਨੂੰ ਮਿਆਰੀ ਸਿਖਲਾਈ ਯਕੀਨੀ ਬਣਾਏਗੀ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ।

ਇਹ ਵਿਸਤਾਰ ਅਨੁਸ਼ਾਸਨ ਅਗਵਾਈ ਅਤੇ ਸੇਵਾ ਨੂੰ ਦਰਸਾਉਂਦੇ ਹੋਏ ਭਵਿੱਖ ਦੇ ਲੀਡਰਾਂ ਨੂੰ ਆਕਾਰ ਦੇਣ ਦੇ ਸਮਰਪਣ ਨੂੰ ਦਰਸਾਉਂਦਾ ਹੈ। ਐੱਨਸੀਸੀ ਦਾ ਉਦੇਸ਼ ਇੱਕ ਪਰਿਵਰਤਨਕਾਰੀ ਪ੍ਰਭਾਵ ਬਣਾਉਣਾ ਹੈ, ਇੱਕ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਜਿੱਥੇ ਨੌਜਵਾਨ ਰਾਸ਼ਟਰ ਨਿਰਮਾਣ ਵਿੱਚ ਅਰਥਪੂਰਨ ਯੋਗਦਾਨ ਪਾਉਣ। ਇਹ ਪਹਿਲਕਦਮੀ ‘ਅੰਮ੍ਰਿਤ ਪੀੜੀ’ ਦੇ ਪ੍ਰੇਰਿਤ, ਅਨੁਸ਼ਾਸਿਤ ਅਤੇ ਦੇਸ਼ਭਗਤ ਨੌਜਵਾਨਾਂ ਦੇ ਅਧਾਰ ਦਾ ਵਿਸਤਾਰ ਕਰੇਗੀ ਜੋ ‘ਵਿਕਸਿਤ ਭਾਰਤ’ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਉਣਗੇ।

 

 ******

 

ਏਬੀਬੀ/ਸੇਵੀ



(Release ID: 2014470) Visitor Counter : 36