ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਲੰਦਨ ਵਿੱਚ ਬਰਤਾਨੀਆ ਦੇ ਰੱਖਿਆ ਮੰਤਰੀ ਸ਼੍ਰੀ ਗ੍ਰਾਂਟ ਸ਼ੈਪਸ ਨਾਲ ਮੀਟਿੰਗ ਕੀਤੀ, ਰੱਖਿਆ ਉਦਯੋਗਿਕ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ


ਭਾਰਤ ਅਤੇ ਬਰਤਾਨੀਆ ਨੇ ਦੁਵੱਲੇ ਅੰਤਰਰਾਸ਼ਟਰੀ ਕੈਡਿਟ ਐਕਸਚੇਂਜ ਪ੍ਰੋਗਰਾਮ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ, ਖੋਜ ਅਤੇ ਵਿਕਾਸ ਵਿੱਚ ਰੱਖਿਆ ਸਹਿਯੋਗ ਲਈ ਵਿਵਸਥਾ ਪੱਤਰ ’ਤੇ ਦਸਤਖ਼ਤ ਹੋਏ

Posted On: 09 JAN 2024 7:39PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 09 ਜਨਵਰੀ, 2024 ਨੂੰ ਲੰਡਨ ਵਿੱਚ ਬਰਤਾਨੀਆ ਦੇ ਰੱਖਿਆ ਮੰਤਰੀ ਸ਼੍ਰੀ ਗ੍ਰਾਂਟ ਸ਼ੈਪਸ ਨਾਲ ਇੱਕ ਦੁਵੱਲੀ ਮੀਟਿੰਗ ਕੀਤੀ। ਦੋਵਾਂ ਪਾਸਿਆਂ ਦੇ ਵਿਚਾਰਾਂ ਦੇ ਸਾਰਥਿਕ ਅਦਾਨ-ਪ੍ਰਦਾਨ ਨਾਲ ਇਹ ਮੀਟਿੰਗ ਬਹੁਤ ਨਿੱਘੀ ਰਹੀ। ਦੋਵਾਂ ਮੰਤਰੀਆਂ ਨੇ ਰੱਖਿਆ, ਸੁਰੱਖਿਆ ਅਤੇ ਸਹਿਯੋਗ ਦੇ ਕਈ ਮਾਮਲਿਆਂ ’ਤੇ ਚਰਚਾ ਕੀਤੀ ਜਿਸ ਵਿੱਚ ਰੱਖਿਆ ਉਦਯੋਗਿਕ ਸਹਿਯੋਗ ਨੂੰ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸ਼੍ਰੀ ਗ੍ਰਾਂਟ ਸ਼ੈਪਸ ਨੇ ਜ਼ੋਰ ਦੇ ਕੇ ਕਿਹਾ ਕਿ ਯੂਕੇ ਅਤੇ ਭਾਰਤ ਦਰਮਿਆਨ ਸਬੰਧ ਸਿਰਫ ਲੈਣ-ਦੇਣ ਵਾਲੇ ਨਹੀਂ ਸਗੋਂ ਦੋਵੇਂ ਦੇਸ਼ ਬਹੁਤ ਸਾਰੀਆਂ ਸਮਾਨਤਾਵਾਂ ਅਤੇ ਸਾਂਝੇ ਟੀਚਿਆਂ ਵਾਲੇ ਕੁਦਰਤੀ ਭਾਈਵਾਲ ਹਨ। ਰੱਖਿਆ ਮੰਤਰੀ ਨੇ ਦੋਹਾਂ ਦੇਸ਼ਾਂ ਦਰਮਿਆਨ, ਖਾਸ ਤੌਰ 'ਤੇ ਇੰਡੋ-ਪੈਸੀਫਿਕ ਖੇਤਰ ਵਿੱਚ ਵਧ ਰਹੀ ਰਣਨੀਤਿਕ ਸਹਿਯੋਗ ਦੀ ਪ੍ਰਸ਼ੰਸਾ ਕੀਤੀ।

ਇਸ ਦੁਵੱਲੀ ਰੱਖਿਆ ਮੀਟਿੰਗ ਤੋਂ ਬਾਅਦ ਭਾਰਤ ਅਤੇ ਯੂਕੇ ਦਰਮਿਆਨ ਦੋ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਗਏ। ਪਹਿਲਾ, ਦੁਵੱਲੇ ਅੰਤਰਰਾਸ਼ਟਰੀ ਕੈਡਿਟ ਐਕਸਚੇਂਜ ਪ੍ਰੋਗਰਾਮ ਦੇ ਸੰਚਾਲਨ ਨੂੰ ਲੈ ਕੇ ਹੋਇਆ ਸਮਝੌਤਾ ਸੀ। ਦੂਜਾ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਯੂਕੇ ਦੀ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਪ੍ਰਯੋਗਸ਼ਾਲਾ (ਡੀਐੱਸਟੀਐੱਲ) ਦਰਮਿਆਨ ਖੋਜ ਅਤੇ ਵਿਕਾਸ ਵਿੱਚ ਰੱਖਿਆ ਸਹਿਯੋਗ ਨੂੰ ਲੈ ਕੇ ਇਕ ਵਿਵਸਥਾ ਪੱਤਰ (ਐੱਲਓਏ) ਸੀ, ਜਿਸ ’ਤੇ ਦਸਤਖ਼ਤ ਕੀਤੇ ਗਏ। ਇਹ ਦਸਤਾਵੇਜ਼ ਦੋਹਾਂ ਦੇਸ਼ਾਂ ਦੇ ਲੋਕਾਂ, ਖਾਸ ਤੌਰ ’ਤੇ ਨੌਜਵਾਨਾਂ ਦਰਮਿਆਨ ਅਦਾਨ-ਪ੍ਰਦਾਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਖੋਜ ਸਹਿਯੋਗ ਦੇ ਵੱਡੇ ਖੇਤਰ ਨੂੰ ਹੁਲਾਰਾ ਪ੍ਰਦਾਨ ਕਰਨਗੇ।

8 ਜਨਵਰੀ ਨੂੰ ਦੇਰ ਰਾਤ ਲੰਡਨ ਪਹੁੰਚਣ ਤੋਂ ਬਾਅਦ ਰੱਖਿਆ ਮੰਤਰੀ ਨੇ ਅੱਜ ਤੜਕੇ ਟਵਿਸਟੌਕ ਸਕੁਏਅਰ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਲੰਡਨ ਵਿੱਚ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ। ਮਹਾਤਮਾ ਗਾਂਧੀ ਨੇ 1888 ਤੋਂ 1891 ਤੱਕ ਇੱਥੇ ਨੇੜੇ ਹੀ ਯੂਨੀਵਰਸਿਟੀ ਕਾਲਜ ਲੰਡਨ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ।  1915 ਵਿੱਚ ਮਹਾਤਮਾ ਗਾਂਧੀ ਦੀ ਦੱਖਣੀ ਅਫ਼ਰੀਕਾ ਤੋਂ ਮੁੰਬਈ ਵਾਪਸੀ ਦੇ ਸੰਦਰਭ ਵਿੱਚ 9 ਜਨਵਰੀ ਇੱਕ ਵਿਸ਼ੇਸ਼ ਪ੍ਰਤੀਕਾਤਮਿਕ ਮਿਤੀ ਹੈ, ਜਿਸ ਨੂੰ ਭਾਰਤ ਵਿੱਚ ਪ੍ਰਵਾਸੀ ਭਾਰਤੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੇ ਵਿਕਾਸ ਵਿੱਚ ਵਿਦੇਸ਼ੀ ਭਾਰਤੀ ਭਾਈਚਾਰੇ ਦੇ ਭਰਪੂਰ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ।

ਸ਼੍ਰੀ ਰਾਜਨਾਥ ਸਿੰਘ ਨੂੰ ਯੂਕੇ ਦੇ ਰੱਖਿਆ ਮੰਤਰੀ ਨਾਲ ਦੁਵੱਲੀ ਮੀਟਿੰਗ ਤੋਂ ਪਹਿਲਾਂ ਹੌਰਸ ਗਾਰਡਜ਼ ਪਰੇਡ ਗਰਾਊਂਡ ਵਿੱਚ ਰਸਮੀ ਗਾਰਡ ਆਫ ਆਨਰ ਵੀ ਦਿੱਤਾ ਗਿਆ ।

***********

ਏਬੀਬੀ/ਸੈਵੀ



(Release ID: 1995051) Visitor Counter : 50