ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ 'ਬਾਇਓਟੈਕਨਾਲੋਜੀ: ਵਿਕਸਿਤ ਭਾਰਤ ਲਈ ਨਵੀਨਤਾ ਅਤੇ ਸਿਹਤਮੰਦ ਜੀਵਨ-ਸ਼ੈਲੀ ਦਾ ਮਾਰਗ’ ਵਿਸ਼ੇ ’ਤੇ ਵਾਈਬ੍ਰੈਂਟ ਗੁਜਰਾਤ ਪ੍ਰੀ-ਸਿਖਰ ਸੰਮੇਲਨ ਨੂੰ ਵਰਚੂਅਲ ਮਾਧਿਅਮ ਨਾਲ ਸੰਬੋਧਿਤ ਕੀਤਾ
ਭਾਰਤ ਦੀ 'ਬਾਇਓ-ਇਕਨੋਮੀ' ਪਿਛਲੇ ਅੱਠ ਸਾਲਾਂ ਵਿੱਚ ਅੱਠ ਗੁਣਾ ਵਧ ਕੇ 10 ਬਿਲੀਅਨ ਡਾਲਰ ਤੋਂ 80 ਬਿਲੀਅਨ ਡਾਲਰ ਹੋ ਗਈ ਹੈ, ਭਵਿੱਖ ਵਿੱਚ ਬਾਇਓਟੈਕਨਾਲੋਜੀ ਸਿਹਤ ਇਲਾਜ ਦਾ ਸਭ ਤੋਂ ਵੱਡਾ ਅਧਾਰ ਬਣੇਗੀ: ਡਾ. ਮਾਂਡਵੀਆ
ਇਹ ਉਦਯੋਗ ਖੇਤੀ, ਵਾਤਾਵਰਣ, ਉਦਯੋਗਿਕ ਉਤਪਾਦਨ ਅਤੇ ਹੋਰ ਕਈ ਖੇਤਰਾਂ ਦੀਆਂ ਜਟਿਲ ਸਮੱਸਿਆਵਾਂ ਦਾ ਹੱਲ ਲੱਭਣ ਦਾ ਮਾਧਿਅਮ ਬਣੇਗਾ: ਡਾ. ਮਾਂਡਵੀਆ
ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਇਸ ਖੇਤਰ ਦਾ ਯੋਗਦਾਨ ਸਭ ਤੋਂ ਅਹਿਮ ਹੋਵੇਗਾ: ਡਾ. ਮਾਂਡਵੀਆ
Posted On:
11 DEC 2023 1:40PM by PIB Chandigarh
“ਭਾਰਤ ਦੀ 'ਬਾਇਓ ਇਕਨੋਮੀ' ਪਿਛਲੇ ਅੱਠ ਸਾਲਾਂ ਵਿੱਚ ਅੱਠ ਗੁਣਾ ਵਧ ਕੇ 10 ਬਿਲੀਅਨ ਡਾਲਰ ਤੋਂ 80 ਬਿਲੀਅਨ ਡਾਲਰ ਹੋ ਗਈ ਹੈ। ਭਵਿੱਖ ਵਿੱਚ ਬਾਇਓਟੈਕਨਾਲੋਜੀ ਸਿਹਤ ਇਲਾਜ ਦਾ ਸਭ ਤੋਂ ਵੱਡਾ ਅਧਾਰ ਬਣੇਗੀ।" ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 10ਵੇਂ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਤੋਂ ਪਹਿਲਾਂ ਆਯੋਜਿਤ ਸੰਮੇਲਨ ਨੂੰ ਵਰਚੂਅਲੀ ਸੰਬੋਧਨ ਕਰਦੇ ਹੋਏ ਇਹ ਗੱਲ ਆਖੀ। ਵਾਈਬ੍ਰੈਂਟ ਗੁਜਰਾਤ ਸੰਮੇਲਨ ਜਨਵਰੀ 2024 ਵਿੱਚ ਗੁਜਰਾਤ ਦੇ ਗਾਂਧੀਨਗਰ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਦਾ ਵਿਸ਼ਾ 'ਗੇਟਵੇ ਟੂ ਦ ਫਿਊਚਰ' ਹੋਵੇਗਾ।
ਡਾ. ਮਾਂਡਵੀਆ ਨੇ ਕਿਹਾ ਕਿ ਭਾਰਤੀ ਬਾਇਓਟੈਕ ਉਦਯੋਗ 2025 ਤੱਕ 150 ਬਿਲੀਅਨ ਡਾਲਰ ਅਤੇ 2030 ਤੱਕ 300 ਬਿਲੀਅਨ ਡਾਲਰ ਤੱਕ ਵਧਣ ਦਾ ਟੀਚਾ ਹੈ। ਭਾਰਤ ਇਸ ਸਮੇਂ ਗਲੋਬਲ ਬਾਇਓਟੈਕਨਾਲੋਜੀ ਉਦਯੋਗ ਵਿੱਚ ਲਗਭਗ 3% ਹਿੱਸੇਦਾਰੀ ਦੇ ਨਾਲ ਦੁਨੀਆ ਵਿੱਚ ਬਾਇਓਟੈਕਨਾਲੋਜੀ ਲਈ ਚੋਟੀ ਦੇ 12 ਸਥਾਨਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ, “ਇਹ ਉਦਯੋਗ ਖੇਤੀ, ਵਾਤਾਵਰਣ, ਉਦਯੋਗਿਕ ਉਤਪਾਦਨ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਜਟਿਲ ਸਮੱਸਿਆਵਾਂ ਦੇ ਹੱਲ ਲੱਭਣ ਦਾ ਇੱਕ ਮਾਧਿਅਮ ਬਣ ਜਾਵੇਗਾ ਅਤੇ ਭਵਿੱਖ ਵਿੱਚ ਅਰਥਵਿਵਸਥਾ ਬਾਇਓਟੈਕਨਾਲੋਜੀ ਅਧਾਰਤ ਹੋ ਜਾਵੇਗੀ।” ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਡਾ. ਮਾਂਡਵੀਆ ਨੇ ਕਿਹਾ, “ਗਲੋਬਲ ਬਾਇਓਟੈਕਨਾਲੋਜੀ ਈਕੋਸਿਸਟਮ ਵਿੱਚ ਭਾਰਤ ਜਲਦੀ ਹੀ ਚੋਟੀ ਦੇ ਦਸ ਦੇਸ਼ਾਂ ਵਿੱਚੋਂ ਇੱਕ ਹੋਵੇਗਾ।” 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਦਾ ਦਰਜਾ ਪ੍ਰਾਪਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਦੁਹਰਾਉਂਦੇ ਹੋਏ ਡਾ. ਮਾਂਡਵੀਆ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਇਸ ਖੇਤਰ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ।
ਬਾਇਓਟੈਕਨਾਲੋਜੀ ਉਦਯੋਗ ਦੇ ਵਿਕਾਸ ਅਤੇ ਲਿਆਕਤ ਬਾਰੇ ਡਾ. ਮਾਂਡਵੀਆ ਨੇ ਕਿਹਾ ਕਿ ਮਹਾਂਮਾਰੀ ਦੇ ਦੌਰਾਨ ਭਾਰਤ ਵੱਲੋਂ ਤਿਆਰ ਕੀਤੇ ਗਏ ਟੀਕਾਕਰਨ ਨੇ ਦੁਨੀਆ ਦੇ ਸਾਹਮਣੇ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਇਸ ਸੈਕਟਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਰਾਸ਼ਟਰੀ ਬਾਇਓਟੈਕਨਾਲੋਜੀ ਵਿਕਾਸ ਰਣਨੀਤੀ 2020-25 ਸਰਕਾਰ ਨੂੰ ਗਿਆਨ ਸਾਂਝਾ ਕਰਨ ਲਈ ਹੁਨਰ ਵਿਕਾਸ, ਸਰੋਤ ਅਤੇ ਨਵੀਨਤਾ ਨੂੰ ਇੱਕ ਮਜ਼ਬੂਤ ਈਕੋਸਿਸਟਮ ਵਿੱਚ ਤਬਦੀਲ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਇਨ੍ਹਾਂ ਖੇਤਰਾਂ ਵਿੱਚ ਪ੍ਰਾਈਵੇਟ-ਪਬਲਿਕ ਭਾਈਵਾਲੀ ਮਾਡਲਾਂ ਨੂੰ ਉਤਸ਼ਾਹਿਤ ਕਰਕੇ ਵਪਾਰੀਕਰਨ ਅਤੇ ਬਾਜ਼ਾਰ ਨਾਲ ਜੁੜਨ ਦੀ ਸਹੂਲਤ ਦਿੰਦੀ ਹੈ।
ਇਸ ਖੇਤਰ ਵਿੱਚ ਦੇਸ਼ ਅਤੇ ਉਦਯੋਗ ਦੀ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ ਡਾ. ਮਾਂਡਵੀਆ ਨੇ ਬਾਇਓਟੈਕਨਾਲੋਜੀ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਦੇਸ਼ ਭਰ ਵਿੱਚ ਸਟਾਰਟਅੱਪਸ, ਉਦਯੋਗਾਂ ਅਤੇ ਉਦਯੋਗ ਸੰਘਾਂ, ਖੋਜਕਰਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ ਦੀ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ। ਕੇਂਦਰੀ ਸਿਹਤ ਮੰਤਰੀ ਨੇ ਦੋ ਦਹਾਕਿਆਂ ਵਿੱਚ ਬਾਇਓਟੈਕਨਾਲੋਜੀ 'ਤੇ ਗੁਜਰਾਤ ਦੇ ਸਮਰਪਿਤ ਯਤਨਾਂ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਭਾਰਤ ਨੂੰ ਸਿਹਤ ਸੰਭਾਲ ਅਤੇ ਨਵੀਨਤਾ ਲਈ ਤਿਆਰ ਦੇਸ਼ ਬਣਾਉਣ ਵਿੱਚ ਇਸ ਦੇ ਅਹਿਮ ਯੋਗਦਾਨ ਦੀ ਤਾਰੀਫ਼ ਕੀਤੀ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ 15-20 ਸਾਲ ਪਹਿਲਾਂ ਬਾਇਓਟੈਕ ਮਿਸ਼ਨ ਦੀ ਸਥਾਪਨਾ ਕਰਨ ਵਾਲਾ ਗੁਜਰਾਤ ਦੇਸ਼ ਦਾ ਪਹਿਲਾ ਰਾਜ ਸੀ। ਡਾ. ਮਾਂਡਵੀਆ ਨੇ ਯਾਦ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਰਾਜ ਵਿੱਚ ਬਾਇਓਟੈਕ ਮਿਸ਼ਨ ਅਤੇ ਬਾਇਓਟੈਕ ਪਾਰਕ ਦੀ ਸਥਾਪਨਾ ਕੀਤੀ ਸੀ।
ਰਾਸ਼ਟਰ ਅਤੇ ਅਰਥਵਿਵਸਥਾ ਵਿੱਚ ਬਾਇਓਟੈਕਨਾਲੋਜੀ ਖੇਤਰ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਨੇ ਕਿਹਾ, "'ਗੇਟਵੇ ਟੂ ਦ ਫਿਊਚਰ' ਦੇ ਥੀਮ ਦੇ ਨਾਲ ਤਾਲਮੇਲ ਵਿੱਚ, ਅਸੀਂ ਭਵਿੱਖ ਦੇ ਖੇਤਰਾਂ 'ਤੇ ਵਾਧੂ ਧਿਆਨ ਕੇਂਦਰਿਤ ਕਰਾਂਗੇ ਜਿਸ ਵਿੱਚ ਬਾਇਓਟੈਕਨਾਲੋਜੀ ਦੀਆਂ ਵਿਸ਼ੇਸ਼ਤਾਵਾਂ ਸਭ ਤੋਂ ਮਹੱਤਵਪੂਰਨ ਹਨ।” ਉਨ੍ਹਾਂ ਕਿਹਾ ਕਿ “ਬਾਇਓਟੈਕਨਾਲੋਜੀ ਸੈਕਟਰ ਨੂੰ ਉਮੀਦ ਦੇ ਖੇਤਰ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਇਹ ਦੁਨੀਆ ਨੂੰ ਮਹੱਤਵਪੂਰਨ ਯੋਗਦਾਨ ਪ੍ਰਦਾਨ ਕਰੇਗਾ।” ਉਨ੍ਹਾਂ ਨੇ ਸਟਾਰਟ-ਅੱਪ ਉਤਪਾਦ ਦਾ ਵੀ ਉਦਘਾਟਨ ਕੀਤਾ।
ਇਸ ਸਮਾਗਮ ਵਿੱਚ ਗੁਜਰਾਤ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਰਾਜ ਕੁਮਾਰ, ਗੁਜਰਾਤ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਸੁਸ਼੍ਰੀ ਮੋਨਾ ਖੰਧਾਰ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਡਾ. ਰਾਜੇਸ਼ ਗੋਖਲੇ, ਸੀਨੀਅਰ ਸਰਕਾਰੀ ਅਧਿਕਾਰੀ, ਮਿਸ਼ਨ ਡਾਇਰੈਕਟਰ ਅਤੇ ਪਤਵੰਤੇ ਹਾਜ਼ਰ ਸਨ।
****
ਐੱਮਵੀ
ਐੱਚਐੱਫਡਬਲਿਊ/ਐੱਚਐੱਫਐੱਮ/ ਵਾਈਬ੍ਰੈਂਟ ਗੁਜਰਾਤ ਪ੍ਰੀ-ਸਮਿਟ: ਬਾਇਓਟੈਕਨਾਲੋਜੀ: ਵਿਕਸਿਤ ਭਾਰਤ ਲਈ ਨਵੀਨਤਾ ਅਤੇ ਸਿਹਤਮੰਦ ਜੀਵਨ-ਸ਼ੈਲੀ ਦਾ ਮਾਰਗ/11 ਦਸੰਬਰ 2023/1
(Release ID: 1985693)
Visitor Counter : 75