ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

ਗੋਆ ਵਿੱਚ ਅੱਜ 54ਵੇਂ ਆਈਐੱਫਐੱਫਆਈ ਮੌਕੇ ਹੋਲੀਵੁੱਡ ਦੇ ਮਹਾਨ ਕਲਾਕਾਰ ਮਾਈਕਲ ਡਗਲਸ ਅਤੇ ਨਿਰਮਾਤਾ ਸ਼ੈਲੇਂਦਰ ਸਿੰਘ ਨਾਲ 'ਕੀ ਇਹ ਵੰਨ ਵਰਲਡ ਸਿਨੇਮਾ ਦਾ ਸਮਾਂ ਹੈ?' ਵਿਸ਼ੇ 'ਤੇ ਮੰਥਨ


ਇੱਕ ਚੰਗੀ ਮੌਲਿਕ ਕਹਾਣੀ 'ਤੇ ਅਧਾਰਿਤ ਅਤੇ ਇੱਕ ਵਿਆਪਕ ਸੰਦੇਸ਼ ਵਾਲੀ ਇੱਕ ਫਿਲਮ ਗਲੋਬਲ ਦਰਸ਼ਕਾਂ ਤੱਕ ਪਹੁੰਚ ਸਕਦੀ ਹੈ: ਮਾਈਕਲ ਡਗਲਸ

 ਸਿਨੇਮਾ ਦੀ ਯੂਨੀਵਰਸਲ ਭਾਸ਼ਾ ਦਾ ਜਸ਼ਨ ਮਨਾਉਣ ਲਈ, ਅੱਜ ਗੋਆ ਵਿੱਚ 54ਵੇਂ ਆਈਐੱਫਐੱਫਆਈ ਦੇ ਮੌਕੇ 'ਤੇ ਪ੍ਰਸਿੱਧ ਹਾਲੀਵੁੱਡ ਅਭਿਨੇਤਾ ਅਤੇ ਫਿਲਮ ਨਿਰਮਾਤਾ ਮਾਈਕਲ ਡਗਲਸ ਅਤੇ ਨਿਰਮਾਤਾ ਸ਼ੈਲੇਂਦਰ ਸਿੰਘ ਨਾਲ ਇੱਕ 'ਇਨ-ਕਨਵਰਸੇਸ਼ਨ' ਸੈਸ਼ਨ ਦਾ ਆਯੋਜਨ ਕੀਤਾ ਗਿਆ।

 

'ਕੀ ਇਹ ਵੰਨ ਵਰਲਡ ਸਿਨੇਮਾ (One World Cinema) ਦਾ ਸਮਾਂ ਹੈ?' ਥੀਮ ਵਾਲੀ ਚਰਚਾ ਨੇ ਦੁਨੀਆ ਦੇ ਹਰ ਕੋਨੇ ਤੋਂ ਫਿਲਮ ਨਿਰਮਾਤਾਵਾਂ, ਕਹਾਣੀਕਾਰਾਂ ਅਤੇ ਦਰਸ਼ਕਾਂ ਨੂੰ ਇਕੱਠਾ ਕਰਦੇ ਹੋਏ, ਭੂਗੋਲਿਕ ਸੀਮਾਵਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਫਿਲਮਾਂ 'ਤੇ ਰੌਸ਼ਨੀ ਪਾਈ। 

 

ਫਿਲਮ ਪ੍ਰੇਮੀਆਂ, ਫਿਲਮ ਨਿਰਮਾਤਾਵਾਂ ਅਤੇ ਇੰਡਸਟਰੀ ਦੇ ਪੇਸ਼ੇਵਰਾਂ ਨਾਲ ਜੁੜੇ ਹੋਏ, ਮਾਈਕਲ ਡਗਲਸ ਨੇ ਕਿਹਾ, "ਇੱਕ ਚੰਗੀ ਫਿਲਮ ਬਣਾਉਣ ਵਾਲੀ ਸਮੱਗਰੀ, ਅਜਿਹੀ ਚੀਜ਼ ਜੋ ਨਿੱਜੀ ਹੈ ਅਤੇ ਕਿਸੇ ਵਿਅਕਤੀ ਦੇ ਦੇਸ਼ ਦੇ ਨੇੜੇ ਹੈ ਅਤੇ ਇਸ ਦੇ ਸੰਦੇਸ਼ ਵਿੱਚ ਆਲਮੀ ਸੰਭਾਵਨਾਵਾਂ ਹੋਣ ਦੇ ਨਾਲ ਵਿਸ਼ਵ ਸਿਨੇਮਾ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ।"

 

ਉਨ੍ਹਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਸਿਨੇਮਾ ਦੇ ਮਾਮਲੇ ਵਿੱਚ ਭਾਰਤ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਵੱਖਰਾ ਹੈ ਕਿਉਂਕਿ ਭਾਰਤ ਵਿੱਚ ਇੱਕ ਅਸਧਾਰਨ ਤੌਰ 'ਤੇ ਵੱਡੀ ਫਿਲਮ ਇੰਡਸਟਰੀ ਹੈ ਅਤੇ ਬਹੁਤ ਵੱਡੀ ਆਬਾਦੀ ਹੈ, ਇਸ ਲਈ ਦੇਸ਼ ਤੋਂ ਬਾਹਰ ਜਾਣ ਦੀ ਜ਼ਰੂਰਤ ਅਤੇ ਇੱਛਾ ਦੂਸਰੇ ਦੇਸ਼ਾਂ ਦੇ ਮੁਕਾਬਲੇ ਨਹੀਂ ਹੈ।

 

ਆਰਆਰਆਰ ਦੀ ਗਲੋਬਲ ਅਪੀਲ ਬਾਰੇ ਗੱਲ ਕਰਦੇ ਹੋਏ ਪ੍ਰਸਿੱਧ ਨਿਰਮਾਤਾ ਅਤੇ ਅਦਾਕਾਰ ਨੇ ਟਿੱਪਣੀ ਕੀਤੀ ਕਿ ਆਰਆਰਆਰ ਨਾ ਸਿਰਫ਼ ਭਾਰਤ ਵਿੱਚ, ਬਲਕਿ ਦੁਨੀਆ ਭਰ ਵਿੱਚ ਬਹੁਤ ਵੱਡੀ ਹਿੱਟ ਸੀ ਕਿਉਂਕਿ ਇਹ ਫਿਲਮ ਭਾਰਤ ਦੀ ਆਪਣੀ ਕਹਾਣੀ ਅਤੇ ਇੱਕ ਵਿਆਪਕ ਸੰਦੇਸ਼ ਦੇ ਨਾਲ ਬਣਾਈ ਗਈ ਸੀ।

ਉਨ੍ਹਾਂ ਅੱਗੇ ਕਿਹਾ ਕਿ ਕਿਸੇ ਫਿਲਮ ਨੂੰ ਸਫਲ ਦੇਖਣ ਲਈ, ਵਿਅਕਤੀ ਨੂੰ ਆਪਣੇ ਲਈ ਸਮੱਗਰੀ ਬਣਾਉਣੀ ਚਾਹੀਦੀ ਹੈ ਅਤੇ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਕੀ ਇਹ ਬਾਕੀ ਦੁਨੀਆ ਤੱਕ ਪਹੁੰਚੇਗੀ ਜਾਂ ਨਹੀਂ।

ਕਈ ਦਹਾਕਿਆਂ ਦੇ ਕਰੀਅਰ ਦੇ ਨਾਲ ਅਤੇ ਬੇਮਿਸਾਲ ਸਫਲਤਾ ਨਾਲ ਚਿੰਨ੍ਹਿਤ, ਭਾਰਤ ਦੇ ਨੌਜਵਾਨਾਂ ਲਈ ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ, “ਮੈਨੂੰ ਨੌਜਵਾਨ ਪੀੜ੍ਹੀ ਵਿੱਚ ਸਭ ਤੋਂ ਵੱਧ ਵਿਸ਼ਵਾਸ ਹੈ ਕਿਉਂਕਿ ਨੌਜਵਾਨ ਪੀੜ੍ਹੀ ਕੋਲ ਸੋਸ਼ਲ ਮੀਡੀਆ ਹੈ ਅਤੇ ਉਹ ਜਲਵਾਯੂ ਤਬਦੀਲੀ ਜਿਹੀਆਂ ਗਲੋਬਲ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਨੂੰ ਸਮਝਦੇ ਹਨ।”

 

 

ਪ੍ਰੋਡਕਸ਼ਨ ਦੇ ਖੇਤਰ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਭ 23 ਸਾਲ ਦੀ ਛੋਟੀ ਉਮਰ ਵਿੱਚ 'ਵਨ ਫਲਿਊ ਓਵਰ ਦ ਕੁਕੂਜ਼ ਨੇਸਟ' ਕਿਤਾਬ ਨਾਲ ਸ਼ੁਰੂ ਹੋਇਆ ਸੀ, ਜਦੋਂ ਉਸਦੇ ਪਿਤਾ ਮਰਹੂਮ ਮਕਬੂਲ ਅਭਿਨੇਤਾ ਨਿਰਮਾਤਾ ਕਿਰਕ ਡਗਲਸ ਨੇ ਕਿਤਾਬ ਹਾਸਲ ਕੀਤੀ ਅਤੇ ਇੱਕ ਨਾਟਕ ਤਿਆਰ ਕੀਤਾ। ਇਹ ਉਦੋਂ ਹੋਇਆ ਜਦੋਂ ਮਾਈਕਲ ਡਗਲਸ ਨੇ ਕਦਮ ਰੱਖਿਆ ਅਤੇ ਫਿਲਮ ਬਣਾਉਣ ਦਾ ਚਾਰਜ ਸੰਭਾਲ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਜੈਕ ਨਿਕੋਲਸਨ ਨੂੰ ਮੁੱਖ ਅਭਿਨੇਤਾ ਵਜੋਂ ਲੈ ਕੇ ਡੈਨੀ ਡੀ ਵੀਟੋ ਨਾਲ ਫਿਲਮ ਬਣਾਈ, ਜੋ ਕਿ ਹਿੱਟ ਰਹੀ।

 

 

ਆਪਣੀ ਸਿਨੇਮੈਟਿਕ ਖੋਜ ਅਤੇ ਇੱਕ ਅਭਿਨੇਤਾ ਦੇ ਤੌਰ 'ਤੇ ਸਕ੍ਰਿਪਟਾਂ ਦੀ ਚੋਣ ਕਰਨ ਵੇਲੇ ਉਨ੍ਹਾਂ ਨੂੰ ਕੀ ਚੀਜ਼ ਪ੍ਰੇਰਿਤ ਕਰਦੀ ਹੈ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, "ਇੱਕ ਅਭਿਨੇਤਾ ਦੇ ਰੂਪ ਵਿੱਚ ਮੇਰੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਇੱਕ ਚੰਗੀ ਫਿਲਮ ਦਾ ਹਿੱਸਾ ਬਣਨਾ ਹੈ, ਭਾਵੇਂ ਇਹ ਬਹੁਤ ਛੋਟੀ ਹੋਵੇ। ਮੈਂ ਇੱਕ ਮਾੜੀ ਫ਼ਿਲਮ ਵਿੱਚ ਵੱਡੀ ਭੂਮਿਕਾ ਨਿਭਾਉਣ ਦੀ ਬਜਾਏ ਇੱਕ ਚੰਗੀ ਫ਼ਿਲਮ ਵਿੱਚ ਛੋਟਾ ਰੋਲ ਕਰਨਾ ਪਸੰਦ ਕਰਾਂਗਾ।”

ਆਪਣੇ ਮਰਹੂਮ ਪਿਤਾ ਕਿਰਕ ਡਗਲਸ ਦੀ ਵਿਰਾਸਤ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਨ੍ਹਾਂ ਪਿਤਾ ਕਿਹਾ ਕਰਦੇ ਸਨ, "ਇੱਕ ਅਭਿਨੇਤਾ ਦੇ ਤੌਰ 'ਤੇ, ਸਭ ਤੋਂ ਕਠਿਨ ਕੰਮ, ਸਹਿਜ ਅਤੇ ਸਰਲ ਹੋਣਾ ਹੈ, ਇੱਕ ਅਭਿਨੇਤਾ ਦੇ ਰੂਪ ਵਿੱਚ ਸਭ ਤੋਂ ਕਠਿਨ ਕੰਮ ਸੁਣਨਾ ਹੈ; ਐਕਟਰ ਜ਼ਿਆਦਾ ਸੁਣਦੇ ਨਹੀਂ, ਬੱਸ ਗੱਲਾਂ ਕਰਦੇ ਹਨ।”

 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਹ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ, ਉਹ ਆਪਣੇ ਪੁੱਤਰ ਡਾਇਲਨ ਡਗਲਸ ਤੋਂ ਵੀ ਅਜਿਹਾ ਹੀ ਕਰਨ ਦੀ ਉਮੀਦ ਕਰਦੇ ਹਨ। 

 

 

 

ਇੱਕ ਅਭਿਨੇਤਾ ਦੇ ਤੌਰ 'ਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਟੇਜ ਦੇ ਡਰ ਨੂੰ ਦੂਰ ਕਰਨ ਬਾਰੇ ਚਰਚਾ ਕਰਦੇ ਹੋਏ, ਮਾਈਕਲ ਡਗਲਸ ਨੇ ਕਿਹਾ, "ਕੈਮਰੇ ਹਮੇਸ਼ਾ ਝੂਠ ਨੂੰ ਫੜ ਸਕਦੇ ਹਨ ਅਤੇ ਪਹਿਲੇ ਕੁਝ ਸਾਲ ਚੁਣੌਤੀਪੂਰਨ ਸਨ। ਸਟੇਜ ਦੇ ਡਰ ਨੂੰ ਦੂਰ ਕਰਨ ਲਈ, ਮੈਂ ਆਪਣੇ ਮਨ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਕਿ ਮੈਂ ਆਪਣੇ ਆਪ ਨੂੰ ਯਕੀਨ ਦਿਵਾ ਸਕਾਂ ਕਿ ਅਦਾਕਾਰੀ ਦਾ ਮਤਲਬ ਨਾਟਕ ਕਰਨਾ ਅਤੇ ਦੂਸਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਹੈ, ਜੋ ਕਿ ਅਸੀਂ ਰੋਜ਼ਾਨਾ ਕਰਦੇ ਹਾਂ। ਇਸ ਵਿਚਾਰ ਨੇ ਮੈਨੂੰ ਆਪਣੇ ਡਰ ਨੂੰ ਦੂਰ ਕਰਨ ਅਤੇ ਅਦਾਕਾਰੀ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਮਦਦ ਕੀਤੀ ਅਤੇ ਫਿਰ ਮੈਨੂੰ ਇਸ ਦਾ ਆਨੰਦ ਆਉਣ ਲੱਗ ਪਿਆ।” 

 

ਸਿਨੇਮਾ ਲਈ ਇੱਕ ਦੂਰਦਰਸ਼ੀ ਵਜੋਂ ਪਛਾਣੇ ਜਾਣ ਦੇ ਜਵਾਬ ਵਿੱਚ, ਮਾਈਕਲ ਡਗਲਸ ਨੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ, "ਇੱਕ ਨਿਰਮਾਤਾ ਦੇ ਰੂਪ ਵਿੱਚ, ਵਿਅਕਤੀ ਨੂੰ ਹਰ ਚੀਜ਼ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਹੀ ਉਸਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ।"

 

ਆਪਣੇ ਪਿਤਾ ਦੀ ਕਹੀ ਗੱਲ ਨੂੰ ਯਾਦ ਕਰਦਿਆਂ ਸ਼ੈਲੇਂਦਰ ਸਿੰਘ ਨੇ ਕਿਹਾ, “ਅਸੀਂ ਸਾਰੇ ਹੀ ਕਿਤੇ ਨਾ ਕਿਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਫਿਲਮਾਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਬਣ ਸਕਦੀਆਂ ਹਨ, ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਇਨਾਮ ਅਤੇ ਜਸ਼ਨ ਇਹ ਹੈ ਕਿ ਤੁਸੀਂ ਸਾਹ ਲੈ ਰਹੇ ਹੋ ਅਤੇ ਤੁਹਾਡਾ ਦਿਲ ਅਜੇ ਵੀ ਧੜਕ ਰਿਹਾ ਹੈ। ਇਹ ਗੱਲ ਕਦੇ ਨਾ ਭੁੱਲੋ ਕਿ ਜ਼ਿੰਦਾ ਰਹਿਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਜਸ਼ਨ ਹੈ।”

 

 

ਉੱਘੇ ਬੁਲਾਰਿਆਂ ਨੂੰ ਆਈਐੱਫਐੱਫਆਈ 54 ਦੇ ਫੈਸਟੀਵਲ ਡਾਇਰੈਕਟਰ ਪ੍ਰਿਥੁਲ ਕੁਮਾਰ ਦੁਆਰਾ ਸਨਮਾਨਿਤ ਕੀਤਾ ਗਿਆ।

ਮਾਈਕਲ ਡਗਲਸ ਨੂੰ ਅੱਜ 54ਵੇਂ ਆਈਐੱਫਐੱਫਆਈ ਦੇ ਸਮਾਪਤੀ ਸਮਾਰੋਹ ਵਿੱਚ ਵੱਕਾਰੀ ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। 

 

*******

 

ਪੀਆਈਬੀ ਟੀਮ ਆਈਐੱਫਐੱਫਆਈ | ਨਿਕਿਤਾ/ਲੰਪਮ/ਦਰਸ਼ਨਾ | ਆਈਐੱਫਐੱਫਆਈ 54 – 088

iffi reel

(Release ID: 1980788) Visitor Counter : 103