ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 5

ਸਿਨੇਮਾ ਵਿੱਚ ਉੱਤਮਤਾ ਲਈ ਹਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਮਾਈਕਲ ਡਗਲਸ ਨੂੰ ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ


ਇਹ ਪੁਰਸਕਾਰ ਪ੍ਰਾਪਤ ਕਰਨਾ ਬੇਹੱਦ ਸਨਮਾਨ ਦੀ ਗੱਲ ਹੈ: ਮਾਈਕਲ ਡਗਲਸ

ਇੱਫੀ ਕਾਲ, ਭਾਸ਼ਾ ਅਤੇ ਭੂਗੋਲਿਕ ਹੱਦਾਂ ਤੋਂ ਪਰ੍ਹੇ ਫਿਲਮ ਨਿਰਮਾਣ ਅਤੇ ਅੰਤਰ-ਸੰਸਕ੍ਰਿਤੀ ਕਲਾਤਮਕ ਪ੍ਰਗਟਾਵੇ ਦੇ ਜਾਦੂ ਦੀ ਯਾਦ ਦਿਵਾਉਂਦਾ ਹੈ

ਸਿਨੇਮਾ ਵਿੱਚ ਆਪਣੀ ਉੱਤਮਤਾ ਲਈ ਹਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਮਾਈਕਲ ਡਗਲਸ ਨੂੰ ਅੱਜ ਗੋਆ ਵਿੱਚ 54ਵੇਂ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਵੱਕਾਰੀ ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਡਗਲਸ ਦੇ ਨਾਲ ਉਨ੍ਹਾਂ ਦੀ ਬਾਫਟਾ ਪੁਰਸਕਾਰ ਜੇਤੂ ਪ੍ਰਸਿੱਧ ਅਭਿਨੇਤਰੀ ਅਤੇ ਸਮਾਜ ਸੇਵੀ ਪਤਨੀ ਕੈਥਰੀਨ ਜ਼ੇਟਾ-ਜੋਨਸ ਅਤੇ ਉਨ੍ਹਾਂ ਦਾ ਪੁੱਤਰ ਅਤੇ ਅਭਿਨੇਤਾ ਡਾਇਲਨ ਡਗਲਸ ਵੀ ਸਨ। ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨਾਲ 54ਵੇਂ ਇੱਫੀ  ਦੇ ਸ਼ਾਨਦਾਰ ਸਮਾਪਤੀ ਸਮਾਰੋਹ ਵਿੱਚ ਇਹ ਪੁਰਸਕਾਰ ਪ੍ਰਾਪਤ ਕੀਤਾ।

ਮਾਈਕਲ ਡਗਲਸ ਨੂੰ ਆਪਣੀਆਂ ਮਹੱਤਵਪੂਰਨ ਭੂਮਿਕਾਵਾਂ, ਸਮਰਪਿਤ ਜਨਤਕ ਸੇਵਾ ਰਿਕਾਰਡ ਅਤੇ ਸਥਾਈ ਸੱਭਿਆਚਾਰਕ ਪ੍ਰਭਾਵ ਲਈ ਜਾਣਿਆ ਜਾਂਦਾ ਹੈ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ 'ਤੇ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ, "ਇਹ ਪੁਰਸਕਾਰ ਪ੍ਰਾਪਤ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਸਮੁੱਚੇ ਕਰੀਅਰ ਦੀ ਪ੍ਰਾਪਤੀ ਹੈ। ਜਦੋਂ ਮੈਂ ਇਸ ਪੁਰਸਕਾਰ ਬਾਰੇ ਸੁਣਿਆ, ਤਾਂ ਮੈਂ ਅਤੇ ਮੇਰਾ ਪਰਿਵਾਰ ਬੇਹੱਦ ਖੁਸ਼ ਹੋਏ।"

ਡਗਲਸ ਨੇ ਕਿਹਾ ਕਿ ਸਿਨੇਮਾ ਵਿੱਚ ਲੋਕਾਂ ਨੂੰ ਇਕਜੁੱਟ ਕਰਨ ਅਤੇ ਅੰਤਰ-ਸੱਭਿਆਚਾਰਕ ਕਲਾਤਮਕ ਪ੍ਰਗਟਾਵੇ ਨਾਲ ਤਬਦੀਲੀ ਲਿਆਉਣ ਦੀ ਸ਼ਕਤੀ ਹੈ। ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਸਿਨੇਮਾ ਦੀ ਆਲਮੀ ਭਾਸ਼ਾ ਪਹਿਲਾਂ ਨਾਲੋਂ ਕਿਤੇ ਵੱਧ ਆਲਮੀ ਹੈ, ਦੋ ਵਾਰ ਦੇ ਆਸਕਰ ਜੇਤੂ ਅਭਿਨੇਤਾ ਨੇ ਕਿਹਾ ਕਿ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ ) ਕਾਲ, ਭਾਸ਼ਾ ਅਤੇ ਭੂਗੋਲਿਕ ਹੱਦਾਂ ਤੋਂ ਪਰ੍ਹੇ ਫਿਲਮ ਨਿਰਮਾਣ ਅਤੇ ਅੰਤਰ-ਸੱਭਿਆਚਾਰਕ ਕਲਾਤਮਕ ਪ੍ਰਗਟਾਵੇ ਦੇ ਜਾਦੂ ਦੀ ਯਾਦ ਦਿਵਾਉਂਦਾ ਹੈ। 

ਡਗਲਸ ਨੇ ਭਾਰਤੀ ਸਿਨੇਮਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਆਰਆਰਆਰ, ਓਮ ਸ਼ਾਂਤੀ ਓਮ ਅਤੇ ਲੰਚ ਬਾਕਸ ਉਸ ਦੀਆਂ ਕੁਝ ਪਸੰਦੀਦਾ ਭਾਰਤੀ ਫਿਲਮਾਂ ਹਨ।

ਮਸ਼ਹੂਰ ਅਦਾਕਾਰਾ ਅਤੇ ਮਾਈਕਲ ਡਗਲਸ ਦੀ ਪਤਨੀ ਕੈਥਰੀਨ ਜੇਟਾ ਜੋਨਸ ਨੂੰ ਵੀ ਸਨਮਾਨਿਤ ਕੀਤਾ ਗਿਆ। ਕੈਥਰੀਨ ਨੇ ਕਿਹਾ ਕਿ ਭਾਰਤ ਵਿੱਚ ਉਸ ਨੂੰ ਮਿਲੇ ਨਿੱਘ ਅਤੇ ਪਰਾਹੁਣਚਾਰੀ ਨੇ ਉਨ੍ਹਾਂ ਦਾ ਦਿਲ ਖੁਸ਼ ਕਰ ਦਿੱਤਾ।

ਕੈਥਰੀਨ ਜੀਟਾ ਜੋਨਸ ਨੂੰ ਇੱਫੀ  54 ਦੇ ਸਮਾਪਤੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ।

ਫਿਲਮ ਅਤੇ ਟੈਲੀਵਿਜ਼ਨ ਵਿੱਚ 50 ਤੋਂ ਵੱਧ ਸਾਲਾਂ ਦੀ ਮਹਾਨ ਵਿਰਾਸਤ ਦੇ ਨਾਲ, ਮਾਈਕਲ ਡਗਲਸ ਨੇ ਬੇਮਿਸਾਲ ਪ੍ਰਸਿੱਧੀ ਪ੍ਰਾਪਤ ਕੀਤੀ ਹੈ, ਜਿਸ ਵਿੱਚ ਦੋ ਆਸਕਰ, ਪੰਜ ਗੋਲਡਨ ਗਲੋਬ ਅਵਾਰਡ, ਇੱਕ ਪ੍ਰਾਈਮਟਾਈਮ ਐਮੀ ਅਵਾਰਡ ਅਤੇ ਹੋਰ ਬਹੁਤ ਸਾਰੇ ਸਨਮਾਨ ਸ਼ਾਮਲ ਹਨ। ਸਿਨੇਮਾ 'ਤੇ ਉਨ੍ਹਾਂ ਦਾ ਡੂੰਘਾ ਪ੍ਰਭਾਵ ਪ੍ਰਤੀਕ ਭੂਮਿਕਾਵਾਂ ਰਾਹੀਂ ਝਲਕਦਾ ਹੈ। ਜਦੋਂ ਉਨ੍ਹਾਂ ਨੇ ਵਾਲ ਸਟਰੀਟ ਵਿੱਚ ਗੋਰਡਨ ਗੇਕੋ ਦੇ ਰੂਪ ਵਿੱਚ ਇੱਕ ਅਕੈਡਮੀ ਅਵਾਰਡ ਜਿੱਤਿਆ, ਉਨ੍ਹਾਂ ਨੇ ਫੇਟਲ ਅਟ੍ਰੈਕਸ਼ਨ, ਦ ਅਮੈਰੀਕਨ ਪ੍ਰੈਜ਼ੀਡੈਂਟ, ਬੇਸਿਕ ਇੰਸਟਿੰਕਟ, ਟ੍ਰੈਫਿਕ, ਅਤੇ ਰੋਮਾਂਸਿੰਗ ਦ ਸਟੋਨ ਵਰਗੀਆਂ ਕਈ ਫਿਲਮਾਂ ਵਿੱਚ ਵੀ ਦਮਦਾਰ ​​ਭੂਮਿਕਾਵਾਂ ਨਿਭਾਈਆਂ।

ਫਿਲਮ ਜਗਤ ਦੇ ਦਿੱਗਜ ਮਾਈਕਲ ਡਗਲਸ ਨੇ ਆਪਣੀ ਵਿਲੱਖਣ ਪ੍ਰਤਿਭਾ ਅਤੇ ਆਪਣੀ ਕਲਾ ਪ੍ਰਤੀ ਵਚਨਬੱਧਤਾ ਨਾਲ ਵਿਸ਼ਵ ਪੱਧਰ 'ਤੇ ਦਰਸ਼ਕਾਂ ਨੂੰ ਮੋਹਿਆ ਹੈ। ਆਪਣੀ ਅਦਾਕਾਰੀ ਦੇ ਹੁਨਰ ਤੋਂ ਇਲਾਵਾ, ਡਗਲਸ ਦਾ ਪ੍ਰਭਾਵ ਫਿਲਮ ਨਿਰਮਾਣ ਤੱਕ ਫੈਲਿਆ ਹੈ, ਜੋ ਵਨ ਫਿਲਮ ਓਵਰ ਦ ਕਕੂਜ਼ ਨੇਸਟ, ਦ ਚਾਈਨਾ ਸਿੰਡਰੋਮ ਅਤੇ ਦ ਗੇਮ ਵਰਗੀਆਂ ਮਹੱਤਵਪੂਰਨ ਕ੍ਰਿਤਾਂ ਵਿੱਚ ਦਿਖਾਈ ਦਿੰਦਾ ਹੈ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਦੂਤ ਵਜੋਂ ਉਨ੍ਹਾਂ ਦੀਆਂ ਬਹੁਪੱਖੀ ਭੂਮਿਕਾਵਾਂ ਅਤੇ ਵਿਸ਼ਵ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਵਿੱਚ ਨਿਸ਼ਸਤਰੀਕਰਨ, ਪ੍ਰਮਾਣੂ ਅਪ੍ਰਸਾਰ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਰੋਕਣ ਦੀ ਵਕਾਲਤ ਸ਼ਾਮਲ ਹੈ।

ਸਿਨੇਮਾ ਵਿੱਚ ਉੱਤਮਤਾ ਲਈ ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ, ਜੋ ਪਹਿਲਾਂ ਮਾਰਟਿਨ ਸਕੋਰਸੇ, ਬਰਨਾਰਡੋ ਬਰਟੋਲੁਸੀ, ਦਿਲੀਪ ਕੁਮਾਰ, ਕਾਰਲੋਸ ਸੌਰਾ, ਕਰਜ਼ਿਸਟੋਫ ਜਾਨੂਸੀ ਅਤੇ ਵੋਂਗ ਕਾਰ-ਵਾਈ ਵਰਗੇ ਦਿੱਗਜਾਂ ਨੂੰ ਦਿੱਤਾ ਗਿਆ ਸੀ, ਉਨ੍ਹਾਂ ਵਿਅਕਤੀਆਂ ਦਾ ਮਾਣ ਵਧਾਉਂਦਾ ਹੈ, ਜਿਨ੍ਹਾਂ ਦੇ ਵਿਲੱਖਣ ਯੋਗਦਾਨ ਨੇ ਸਿਨੇਮਾ ਨੂੰ ਸਮ੍ਰਿੱਧ ਬਣਾਇਆ ਹੈ। ਇਹ ਪੁਰਸਕਾਰ ਮਾਈਕਲ ਡਗਲਸ ਦੀ ਵਿਲੱਖਣ ਪ੍ਰਤਿਭਾ ਦਾ ਸਨਮਾਨ ਹੈ, ਜਿਨ੍ਹਾਂ ਨੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੀ ਅਸਾਧਾਰਣ ਪ੍ਰਤਿਭਾ ਅਤੇ ਆਪਣੀ ਕਲਾ ਪ੍ਰਤੀ ਅਟੁੱਟ ਵਚਨਬੱਧਤਾ ਨਾਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੋਹਿਤ ਕੀਤਾ ਹੈ।

**** 

ਪੀਆਈਬੀ ਟੀਮ ਇੱਫੀ  | ਨਦੀਮ/ਰਜਿਤ/ਨਸੀਰ/ਦਰਸ਼ਨਾ | ਇੱਫੀ  54 - 091

iffi reel

(Release ID: 1980764) Visitor Counter : 88