ਸੂਚਨਾ ਤੇ ਪ੍ਰਸਾਰਣ ਮੰਤਰਾਲਾ
54ਵੇਂ ਆਈਐੱਫਐੱਫਆਈ ਦੇ ‘ਇਨ ਕਨਵਰਸੇਸ਼ਨ’ ਸੈਸ਼ਨ ਵਿੱਚ ‘ਭਾਰਤੀ ਸਿਨੇਮਾ ਵਿੱਚ ਮਹਿਲਾ ਸ਼ਕਤੀ’ ਵਿਸ਼ੇ ‘ਤੇ ਚਰਚਾ
ਫਿਲਮ ਉਦਯੋਗ ਵਿੱਚ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਵਿੱਚ ਹੋਰ ਅਧਿਕ ਮਹਿਲਾਵਾਂ ਦੀ ਜ਼ਰੂਰਤ ਹੈ: ਫਿਲਮ ਡਾਇਰੈਕਟਰ ਅਸ਼ਵਿਨੀ ਅਈਅਰ ਤਿਵਾਰੀ
ਮਹਿਲਾਵਾਂ ਦੀ ਨਜ਼ਰ ਸਕਰਿਪਟ ਤੋਂ ਸਕ੍ਰੀਨ ਤੱਕ ਅਨੁਵਾਦ ਵਿੱਚ ਗੁਆਚੀਆਂ ਬਾਰੀਕੀਆਂ ਨੂੰ ਪਕੜ ਲੈਂਦੀ ਹੈ: ਫਿਲਮ ਸੰਪਾਦਕ ਸ਼ਵੇਤਾ ਵੈਂਕਟ ਮੈਥਿਊ
ਸਮੇਂ ਦੇ ਨਾਲ ਭਾਰਤੀ ਸਿਨੇਮਾ ਵਿੱਚ ਮਹਿਲਾਵਾਂ ਦੀ ਭੂਮਿਕਾ ਵਿੱਚ ਬਹੁਤ ਬਦਲਾਅ ਆਇਆ ਹੈ। ਹੁਣ ਉਹ ਮਹਿਜ ਕਲਾਕਾਰ ਤੋਂ ਡਾਇਰੈਕਟਰ, ਨਿਰਮਾਤਾ, ਸੰਪਾਦਕ, ਸਕ੍ਰਿਪਟ ਲੇਖਕ ਅਤੇ ਟੈਕਨੀਸ਼ੀਅਨ ਤੱਕ ਬਣ ਚੁੱਕੀਆਂ ਹਨ। ਲੇਕਿਨ ਇਸ 21ਵੀਂ ਸਦੀ ਵਿੱਚ ਵੀ, ਕੀ ਸਾਡੇ ਦੇਸ਼ ਵਿੱਚ ਫਿਲਮ ਉਦਯੋਗ, ਮਹਿਲਾ-ਪੁਰਸ਼ ਸਮਾਨਤਾ ਦੇ ਸੰਦਰਭ ਵਿੱਚ ਸਮਾਨ ਮੌਕੇ ਪ੍ਰਦਾਨ ਕਰਦਾ ਹੈ?
ਭਾਰਤੀ ਅੰਤਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਵਿੱਚ ਅੱਜ ‘ਭਾਰਤੀ ਸਿਨੇਮਾ ਵਿੱਚ ਮਹਿਲਾ ਸ਼ਕਤੀ’ ਵਿਸ਼ੇ ‘ਤੇ ਆਯੋਜਿਤ ‘ਇਨ ਕਨਵਰਸੇਸ਼ਨ’ ਸੈਸ਼ਨ ਵਿੱਚ ਇਸ ਪੈਨੇ ਸਵਾਲ ਦਾ ਜਵਾਬ ਤਲਾਸ਼ਣ ਦਾ ਪ੍ਰਯਾਸ ਕੀਤਾ ਗਿਆ। ਕਲਾਕਾਰ, ਫਿਲਮ ਨਿਰਮਾਤਾ ਅਤੇ ਲੇਖਿਕਾ ਅਸ਼ਵਨੀ ਅਈਅਰ ਤਿਵਾਰੀ ਅਤੇ ਫਿਲਮ ਸੰਪਾਦਕ ਸ਼ਵੇਤਾ ਵੈਂਕਟ ਮੈਥਿਊ, ਪ੍ਰਸਾਰਣ ਪੱਤਰਕਾਰ ਅਤੇ ਸਾਬਕਾ ਸੰਪਾਦਕ, ਐੱਨਡੀਟੀਵੀ ਪੂਜਾ ਤਲਵਾਰ ਦੁਆਰਾ ਸੰਚਾਲਿਤ ਇਸ ਪ੍ਰੇਰਕ ਗੱਲਬਾਤ ਵਿੱਚ ਸ਼ਾਮਲ ਹੋਏ।
ਫਿਲਮ ਉਦਯੋਗ ਵਿੱਚ ਮਹਿਲਾਵਾਂ ਦੇ ਸਬੰਧ ਵਿੱਚ ਬਦਲਦੀ ਧਾਰਨਾ ‘ਤੇ ਜ਼ੋਰ ਦਿੰਦੇ ਹੋਏ ਅਸ਼ਵਿਨੀ ਅਈਅਰ ਤਿਵਾਰੀ ਨੇ ਕਿਹਾ, “ਸ਼ੁਰੂਆਤ ਵਿੱਚ, ‘ਮਹਿਲਾ ਫਿਲਮ ਡਾਇਰੈਕਟਰ’ ਜਾਂ ‘ਮਹਿਲਾ ਫਿਲਮ ਸੰਪਾਦਕ’ ਦੇ ਟੈਗ ਦਾ ਜ਼ਸ਼ਨ ਮਨਾਉਣਾ ਮਹੱਤਵਪੂਰਨ ਸੀ, ਲੇਕਿਨ ਹੁਣ, ਜਿਵੇਂ-ਜਿਵੇਂ ਮਹਿਲਾਵਾਂ ਅੱਗੇ ਆ ਰਹੀਆਂ ਹਨ, ਤਾਂ ਸਮਾਂ ਆ ਗਿਆ ਹੈ ਕਿ ਇਨ੍ਹਾਂ ਲੇਬਲਾਂ ਨੂੰ ਹਟਾ ਦਿੱਤਾ ਜਾਵੇ।”
ਫਿਲਮ ਉਦਯੋਗ ਦੀ ਪ੍ਰਗਤੀ ‘ਤੇ ਵਿਚਾਰ ਕਰਦੇ ਹੋਏ ਯੁਵਾ ਫਿਲਮਕਾਰ ਨੇ ਕਿਹਾ ਕਿ ਫਿਲਮ, ਸੰਪਾਦਨ ਅਤੇ ਸਕ੍ਰਿਪਟ ਰਾਈਟਿੰਗ ਸਿਖਾਉਣ ਵਾਲੇ ਵਧੇਰੇ ਸਕੂਲਾਂ ਦੇ ਆਉਣ ਨਾਲ ਫਿਲਮਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਫਿਲਮ ਉਦਯੋਗ ਵਿੱਚ ਫੈਸਲੇ ਵਾਲੀਆਂ ਸੰਸਥਾਵਾਂ ਵਿੱਚ ਹੋਰ ਅਧਿਕ ਮਹਿਲਾਵਾਂ ਦੀ ਜ਼ਰੂਰਤ ਹੈ। ਸਾਨੂੰ ਅਜਿਹੇ ਹੋਰ ਪੁਰਸ਼ਾਂ ਦੀ ਜ਼ਰੂਰਤ ਹੈ ਜੋ ਫਿਲਮ ਬਾਰੇ ਫੈਸਲੇ ਲੈਣ ਵਾਲੇ ਪਲੈਟਫਾਰਮਾਂ ‘ਤੇ ਮਹਿਲਾਵਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ।”
‘ਇਨ ਕਨਵਰਸੇਸ਼ਨ’ ਸੈਸ਼ਨ ਵਿੱਚ ਪ੍ਰਸਾਰਣ ਪੱਤਰਕਾਰ ਪੂਜਾ ਤਲਵਾਰ, ਫਿਲਮਕਾਰ ਅਸ਼ਵਿਨੀ ਅਈਅਰ ਤਿਵਾਰੀ ਅਤੇ ਫਿਲਮ ਸੰਪਾਦਕ ਸ਼ਵੇਤਾ ਵੈਂਕਟ ਮੈਥਿਊ
ਓਟੀਟੀ ਪਲੈਟਫਾਰਮਾਂ ਦੁਆਰਾ ਮਹਿਲਾਵਾਂ ਦੇ ਲਈ ਮੌਕਿਆਂ ਦਾ ਰਾਹ ਪੱਧਰਾ ਕਰਨ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਅਸ਼ਵਿਨੀ ਨੇ ਉਮੀਦ ਪ੍ਰਗਟ ਕੀਤੀ ਕਿ ਥੀਏਟਰ ਅਤੇ ਓਟੀਟੀ ਪਲੈਟਫਾਰਮ ਦੋਵਾਂ ਦੀ ਹੋਂਦ ਨਾਲ-ਨਾਲ ਬਣੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਫਿਲਮ 12ਵੀਂ ਫੇਲ ਨੂੰ ਹਾਲ ਹੀ ਵਿੱਚ ਮਿਲੀ ਸਫ਼ਲਤਾ ਦਰਸਾਉਂਦੀ ਹੈ ਕਿ ਪਲੈਟਫਾਰਮ ਚਾਹੇ ਕੋਈ ਵੀ ਹੋਵੇ, ਦਿਲਚਸਪ ਕਹਾਣੀ ਦਰਸ਼ਕਾਂ ਨੂੰ ਆਕਰਸ਼ਿਤ ਕਰ ਸਕਦੀ ਹੈ।
ਫਿਲਮ ਉਦਯੋਗ ਵਿੱਚ ਅਭਿਲਾਸ਼ੀ ਮਹਿਲਾਵਾਂ ਨੂੰ ਸਲਾਹ ਦਿੰਦੇ ਹਏ ਬਹੁ-ਪੱਖੀ ਡਾਇਰੈਕਟਰ ਨੇ ਉਨ੍ਹਾਂ ਨੂੰ ਆਪਣੀਆਂ ਭੂਮਿਕਾਵਾਂ ਬਾਰੇ ਜ਼ਿਆਦਾ ਨਾ ਸੋਚਣ ਲਈ ਪ੍ਰੋਤਸਾਹਿਤ ਕੀਤਾ ਅਤੇ ਫਿਲਮ ਨਿਰਮਾਣ ਦੇ ਸਹਿਯੋਗਾਤਮਕ ਸੁਭਾਅ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਯਾਤਰਾ ਅਤੇ ਵਿਭਿੰਨ ਸਮਾਜਿਕ ਬਣਤਰਾਂ ਨਾਲ ਜੁੜ ਕੇ ਅਸਲ ਜੀਵਨ ਦੀਆਂ ਕਹਾਣੀਆਂ ਨੂੰ ਸਮਝਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
ਅਨੁਭਵੀ ਫਿਲਮ ਸੰਪਾਦਕ ਸ਼ਵੇਤਾ ਵੈਂਕਟ ਮੈਥਿਊ ਨੇ ਮਹਿਲਾਵਾਂ ਦੁਆਰਾ ਕਹਾਣੀ ਬਿਆਨ ਕਰਨ ਦੇ ਵਿਲੱਖਣ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਉਦਯੋਗ ਵਿੱਚ ਮਹਿਲਾ ਪ੍ਰਤੀਨਿਧੀਤਵ ਵਿੱਚ ਵਾਧੇ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਮਹਿਲਾਵਾਂ ਦੀ ਨਜ਼ਰ ਸਕ੍ਰਿਪਟ ਤੋਂ ਸਕਰੀਨ ਤੱਕ ਅਨੁਵਾਦ ਵਿੱਚ ਗੁਆਚੀਆਂ ਬਾਰੀਕੀਆਂ ਨੂੰ ਪਕੜ ਲੈਂਦੀ ਹੈ।”

ਅਸ਼ਵਿਨੀ ਅਈਅਰ ਤਿਵਾਰੀ
ਸ਼ਵੇਤਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੈਂਡਰ-ਕੇਂਦ੍ਰਿਤ ਵਿਚਾਰਾਂ ਦੀ ਬਜਾਏ ਕੰਮ ਦੀ ਗੁਣਵੱਤਾ ‘ਤੇ ਧਿਆਨ ਦੇਣਾ ਚਾਹੀਦਾ ਹੈ। ਓਟੀਟੀ ਪਲੈਟਫਾਰਮਾਂ ਦੇ ਪ੍ਰਭਾਵ ਦੇ ਸਬੰਧ ਵਿੱਚ ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਓਟੀਟੀ ਪਲੈਟਫਾਰਮ ਜੈਂਡਰ ਅਤੇ ਉਮਰ ਦੀ ਪਰਵਾਹ ਕੀਤੇ ਬਿਨਾਂ ਟੈਕਨੀਸ਼ੀਅਨਾਂ ਦੇ ਲਈ ਅਧਿਕ ਮੌਕੇ ਪੇਸ਼ ਕਰਨਗੇ।

ਸ਼ਵੇਤਾ ਵੈਂਕਟ ਮੈਥਿਊ
ਤਨਖਾਹ ਵਿੱਚ ਅਸਮਾਨਤਾ ਦੇ ਮੁੱਦੇ ‘ਤੇ ਦੋਵਾਂ ਮਹਿਲਾ ਟੈਕਨੀਸ਼ੀਅਨਾਂ ਨੇ ਵੱਖ-ਵੱਖ ਦ੍ਰਿਸ਼ਟੀਕੋਣ ਪ੍ਰਗਟ ਕੀਤੇ। ਜਿੱਥੇ ਇੱਕ ਪਾਸੇ ਅਸ਼ਵਿਨੀ ਨੇ ਆਪਣੇ ਨਿਰਮਾਤਾਵਾਂ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੇਸ਼ੇਵਰ ਕਰੀਅਰ ਵਿੱਚ ਅਸਮਾਨ ਤਨਖਾਹ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਉੱਥੇ ਹੀ ਸ਼ਵੇਤਾ ਵੈਂਕਟ ਮੈਥਿਊ ਨੇ ਚਰਚਾ ਕੀਤੀ ਸ਼ੁਰੂਆਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁਰਸ਼ ਹਮਰੁਤਬਾ ਨੂੰ ਜੋ ਦਿੱਤਾ ਜਾ ਰਿਹਾ ਸੀ, ਉਸ ਵਿੱਚ ਬਹੁਤ ਅੰਤਰ ਸੀ।
ਅਸ਼ਵਿਨੀ ਨੇ ਕਿਹਾ ਕਿ ਮਹਿਲਾ ਫਿਲਮ ਪੇਸ਼ੇਵਰ ਆਮ ਤੌਰ ‘ਤੇ ਆਪਣੀ ਪ੍ਰਤਿਭਾ ਨੂੰ ਸਵੀਕਾਰ ਨਹੀਂ ਕਰਦੀਆਂ ਹਨ, ਉਨ੍ਹਾਂ ਨੂੰ ਆਪਣੇ ਯੋਗਦਾਨ ਦੇ ਅਧਾਰ ‘ਤੇ ਉਚਿਤ ਮੁਆਵਜ਼ੇ ਦੇ ਲਈ ਬਿਹਤਰ ਢੰਗ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ। ਇਸ ਗਹਿਣ ਗੱਲਬਾਤ ਨੇ ਭਾਰਤੀ ਫਿਲਮ ਉਦਯੋਗ ਵਿੱਚ ਮਹਿਲਾਵਾਂ ਦੀ ਪ੍ਰਗਤੀ ਅਤੇ ਚੁਣੌਤੀਆਂ ਨੂੰ ਰੇਖਾਂਕਿਤ ਕਰਦੇ ਹੋਏ ਨਿਰੰਤਰ ਸਹਿਯੋਗ, ਪ੍ਰਤੀਨਿਧੀਤਵ ਅਤੇ ਨਿਰਪੱਖ ਪਹਿਚਾਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਵਧੇਰੇ ਜਾਣਕਾਰੀ ਦੇ ਲਈ ਸਾਡੇ WhatsApp ਚੈਨਲ ਨਾਲ ਜੁੜੋ:
https://whatsapp.com/channel/0029VaEiBaML2AU6gnzWOm3F
* * * * * *
ਪੀਆਈਬੀ ਟੀਮ ਆਈਐੱਫਐੱਫ ਆਈ/ਨਦੀਮ/ਸੁਸ਼ੀਲ/ਬਿਬਿਨ/ਦਰਸ਼ਨਾ/ਆਈਐੱਫਐੱਫਆਈ 54-080
(Release ID: 1980445)