ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਨੇ ਸਤੰਬਰ 2023 ਦੌਰਾਨ ਕੁੱਲ 17.21 ਲੱਖ ਮੈਂਬਰ ਸ਼ਾਮਲ ਕੀਤੇ
Posted On:
20 NOV 2023 5:04PM by PIB Chandigarh
ਈਪੀਐੱਫਓ ਦੇ ਅੱਜ ਜਾਰੀ ਕੀਤੇ ਗਏ ਅਸਥਾਈ ਵੇਤਨਮਾਨ ਅੰਕੜੇ ਦਰਸਾਉਂਦੇ ਹਨ ਕਿ ਈਪੀਐੱਫਓ ਨੇ ਸਤੰਬਰ, 2023 ਵਿੱਚ 17.21 ਲੱਖ ਮੈਂਬਰ ਸ਼ਾਮਲ ਕੀਤੇ ਹਨ। ਜੇਕਰ ਅਸੀਂ ਮਹੀਨਾ-ਦਰ-ਮਹੀਨਾ ਵੇਤਨਮਾਨ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਅਗਸਤ 2023 ਦੇ ਮੁਕਾਬਲੇ ਸਤੰਬਰ 2023 ਵਿੱਚ 21,475 ਮੈਂਬਰਾਂ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਸਾਲ ਦਰ ਸਾਲ ਦੇ ਅੰਕੜੇ ਦੱਸਦੇ ਹਨ ਕਿ ਸਤੰਬਰ 2022 ਦੇ ਮੁਕਾਬਲੇ ਸਤੰਬਰ 2023 ਵਿੱਚ ਕੁੱਲ 38,262 ਮੈਂਬਰਾਂ ਦਾ ਵਾਧਾ ਹੋਇਆ ਹੈ।
ਵੇਤਨਮਾਨ ਡੇਟਾ ਦਰਸਾਉਂਦਾ ਹੈ ਕਿ ਸਤੰਬਰ, 2023 ਦੌਰਾਨ ਲਗਭਗ 8.92 ਲੱਖ ਨਵੇਂ ਮੈਂਬਰ ਰਜਿਸਟਰਡ ਹੋਏ ਹਨ। ਇਨ੍ਹਾਂ ਨਵੇਂ ਸ਼ਾਮਲ ਹੋਏ ਮੈਂਬਰਾਂ ਵਿੱਚ 18-25 ਸਾਲ ਦੀ ਉਮਰ ਦੇ ਮੈਂਬਰਾਂ ਦੀ ਕੁੱਲ ਹਿੱਸੇਦਾਰੀ 58.92 ਫੀਸਦੀ ਹੈ। ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਸੰਗਠਿਤ ਖੇਤਰ ਦੇ ਕਰਮਚਾਰੀਆਂ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਮੈਂਬਰ ਨੌਜਵਾਨ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪਹਿਲੀ ਵਾਰ ਨੌਕਰੀ ਹਾਸਲ ਕਰਨ ਵਾਲੇ ਹਨ।
ਵੇਤਨਮਾਨ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲਗਭਗ 11.93 ਲੱਖ ਮੈਂਬਰ ਈਪੀਐੱਫਓਛੱਡਣ ਤੋਂ ਬਾਅਦ ਮੁੜ ਸ਼ਾਮਲ ਹੋਏ ਹਨ। ਇਨ੍ਹਾਂ ਮੈਂਬਰਾਂ ਨੇ ਆਪਣੀਆਂ ਨੌਕਰੀਆਂ ਬਦਲੀਆਂ ਅਤੇ ਈਪੀਐੱਫਓ ਵਲੋਂ ਕਵਰ ਕੀਤੇ ਅਦਾਰਿਆਂ ਵਿੱਚ ਮੁੜ ਸ਼ਾਮਲ ਹੋ ਗਏ ਅਤੇ ਅੰਤਿਮ ਨਿਪਟਾਰੇ ਲਈ ਅਰਜ਼ੀ ਦੇਣ ਦੀ ਬਜਾਏ ਆਪਣੀ ਜਮ੍ਹਾਂ ਰਕਮ ਨੂੰ ਟ੍ਰਾਂਸਫਰ ਕਰਨ ਦੀ ਚੋਣ ਕੀਤੀ, ਜਿਸ ਨਾਲ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਸਥਿਤੀ ਵਿੱਚ ਵਾਧਾ ਹੋਇਆ। ਅਗਸਤ, 2023 ਦੇ ਮੁਕਾਬਲੇ ਸਤੰਬਰ, 2023 ਦੌਰਾਨ 3.64 ਲੱਖ ਨਿਕਾਸ ਦੇ ਨਾਲ ਇਸਦੀ ਗਿਣਤੀ ਵਿੱਚ 12.17 ਫ਼ੀਸਦ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ, ਵੇਤਨਮਾਨ ਡੇਟਾ ਇਹ ਵੀ ਰੇਖਾਂਕਿਤ ਕਰਦਾ ਹੈ ਕਿ ਜੂਨ 2023 ਤੋਂ ਈਪੀਐੱਫਓ ਛੱਡਣ ਵਾਲੇ ਮੈਂਬਰਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਵੇਤਨਮਾਨ ਡੇਟਾ ਦਾ ਲਿੰਗ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਸਤੰਬਰ ਦੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 8.92 ਲੱਖ ਨਵੇਂ ਮੈਂਬਰਾਂ ਵਿੱਚੋਂ, ਲਗਭਗ 2.26 ਲੱਖ ਨਵੇਂ ਮੈਂਬਰ ਮਹਿਲਾਵਾਂ ਹਨ, ਜੋ ਪਹਿਲੀ ਵਾਰ ਈਪੀਐੱਫਓ ਵਿੱਚ ਸ਼ਾਮਲ ਹੋਈਆਂ ਹਨ। ਇਸ ਤੋਂ ਇਲਾਵਾ ਸਤੰਬਰ ਦੌਰਾਨ ਮਹਿਲਾ ਮੈਂਬਰਾਂ ਦੀ ਕੁੱਲ ਗਿਣਤੀ 3.30 ਲੱਖ ਦੇ ਕਰੀਬ ਦਰਜ ਕੀਤੀ ਗਈ।
ਵੇਤਨਮਾਨ ਅੰਕੜਿਆਂ ਦਾ ਰਾਜ-ਵਾਰ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 5 ਰਾਜਾਂ - ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਗੁਜਰਾਤ ਅਤੇ ਹਰਿਆਣਾ ਨੇ ਮੈਂਬਰਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ। ਇਨ੍ਹਾਂ ਰਾਜਾਂ ਦਾ ਕੁੱਲ ਮੈਂਬਰਾਂ ਦੇ ਵਾਧੇ ਵਿੱਚ ਲਗਭਗ 57.42 ਫੀਸਦੀ ਯੋਗਦਾਨ ਹੈ। ਸਤੰਬਰ, 2023 ਦੌਰਾਨ ਇਨ੍ਹਾਂ ਰਾਜਾਂ ਵਿੱਚ ਕੁੱਲ 9.88 ਲੱਖ ਮੈਂਬਰ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ 20.42 ਫੀਸਦੀ ਮੈਂਬਰ ਜੋੜ ਕੇ ਮੋਹਰੀ ਸੂਬਾ ਬਣ ਗਿਆ ਹੈ।
ਉਦਯੋਗ-ਵਾਰ ਅੰਕੜਿਆਂ ਦੀ ਮਹੀਨਾ-ਦਰ-ਮਹੀਨਾ ਤੁਲਨਾ ਦਰਸਾਉਂਦੀ ਹੈ ਕਿ ਖੰਡ ਉਦਯੋਗ, ਕੋਰੀਅਰ ਸੇਵਾਵਾਂ, ਲੋਹਾ ਅਤੇ ਸਟੀਲ, ਹਸਪਤਾਲਾਂ, ਟਰੈਵਲ ਏਜੰਸੀਆਂ ਆਦਿ ਵਿੱਚ ਮੈਂਬਰਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਕੁੱਲ ਮੈਂਬਰਸ਼ਿਪ ਵਿੱਚੋਂ, ਲਗਭਗ 41.46 ਫ਼ੀਸਦ ਵਾਧੂ ਮਾਹਰ ਸੇਵਾਵਾਂ (ਜਨ ਸ਼ਕਤੀ ਸਪਲਾਇਰ, ਆਮ ਠੇਕੇਦਾਰ, ਸੁਰੱਖਿਆ ਸੇਵਾਵਾਂ, ਫੁਟਕਲ ਗਤੀਵਿਧੀਆਂ ਆਦਿ) ਨਾਲ ਸਬੰਧਤ ਹੈ।
ਉਪਰੋਕਤ ਵੇਤਨਮਾਨ ਡੇਟਾ ਆਰਜ਼ੀ ਹੈ ਕਿਉਂਕਿ ਡੇਟਾ ਪ੍ਰਾਪਤ ਕਰਨਾ ਇੱਕ ਨਿਰੰਤਰ ਅਭਿਆਸ ਹੈ ਅਤੇ ਕਰਮਚਾਰੀ ਦੇ ਰਿਕਾਰਡਾਂ ਨੂੰ ਅਪਡੇਟ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ। ਇਸ ਦੇ ਮੱਦੇਨਜ਼ਰ ਪਿਛਲੇ ਅੰਕੜੇ ਹਰ ਮਹੀਨੇ ਅਪਡੇਟ ਕੀਤੇ ਜਾਂਦੇ ਹਨ। ਈਪੀਐੱਫਓ ਅਪ੍ਰੈਲ, 2018 ਤੋਂ ਸਤੰਬਰ, 2017 ਤੋਂ ਬਾਅਦ ਦੀ ਮਿਆਦ ਨੂੰ ਕਵਰ ਕਰਨ ਵਾਲੇ ਵੇਤਨਮਾਨ ਅੰਕੜਿਆਂ ਨੂੰ ਜਾਰੀ ਕਰ ਰਿਹਾ ਹੈ।
ਮਾਸਿਕ ਵੇਤਨਮਾਨ ਡੇਟਾ ਵਿੱਚ ਆਧਾਰ ਪ੍ਰਮਾਣਿਤ ਯੂਨੀਵਰਸਲ ਅਕਾਊਂਟ ਨੰਬਰ ਰਾਹੀਂ ਪਹਿਲੀ ਵਾਰ ਈਪੀਐੱਫਓ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ, ਈਪੀਐੱਫਓ ਦੀ ਕਵਰੇਜ ਤੋਂ ਬਾਹਰ ਨਿਕਲਣ ਵਾਲੇ ਮੌਜੂਦਾ ਮੈਂਬਰ ਅਤੇ ਬਾਹਰ ਜਾਣ ਤੋਂ ਬਾਅਦ ਦੁਬਾਰਾ ਮੈਂਬਰ ਵਜੋਂ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ ਸ਼ਾਮਲ ਹੁੰਦੀ ਹੈ, ਜਿਸ ਨੂੰ ਸ਼ੁੱਧ ਮਹੀਨਾਵਾਰ ਵੇਤਨਮਾਨ ਅੰਕੜੇ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ।
**** **** ****
ਐੱਨਐੱਸਕੇ
(Release ID: 1980382)
Visitor Counter : 89