ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਖੂੰਟੀ ਤੋਂ ਪ੍ਰਮੁੱਖ ਸਰਕਾਰੀ ਯੋਜਨਾਵਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਵਿਕਸਿਤ ਭਾਰਤ ਯਾਤਰਾ ਦੀ ਸ਼ੁਰੂਆਤ ਕੀਤੀ
ਪੀਐੱਮ-ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 18,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ 15ਵੀਂ ਕਿਸ਼ਤ ਜਾਰੀ ਕੀਤੀ
ਝਾਰਖੰਡ ਵਿੱਚ ਲਗਭਗ 7,200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
Posted On:
15 NOV 2023 6:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਖੂੰਟੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਤਹਿਤ 18,000 ਕਰੋੜ ਰੁਪਏ ਤੋਂ ਵੱਧ ਦੀ 15ਵੀਂ ਕਿਸ਼ਤ ਜਾਰੀ ਕੀਤੀ। ਇਸ ਮਹੱਤਵਪੂਰਨ ਰਿਲੀਜ਼ ਦਾ ਉਦੇਸ਼ ਦੇਸ਼ ਭਰ ਦੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਕਿਸ਼ਤ 'ਫਾਦਰ ਆਫ਼ ਦਿ ਲੈਂਡ' ਸ਼੍ਰੀ ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ 'ਤੇ ਜਾਰੀ ਕੀਤੀ ਗਈ। ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ ਹਰ ਸਾਲ ਜਨਜਾਤੀਯ ਗੌਰਵ ਦਿਵਸ ਵਜੋਂ ਮਨਾਈ ਜਾਂਦੀ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ 24,000 ਕਰੋੜ ਰੁਪਏ ਦੇ ਬਜਟ ਵਾਲੀ ਪਹਿਲ, ਪੀਐੱਮ ਜਨਜਾਤੀ ਆਦਿਵਾਸੀ ਨਯਾਏ ਮਹਾ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਅਭਿਆਨ ਦਾ ਉਦੇਸ਼ ਆਦਿਵਾਸੀ ਸਮੂਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਝਾਰਖੰਡ ਦੇ ਸਥਾਪਨਾ ਦਿਵਸ 'ਤੇ ਸ਼੍ਰੀ ਮੋਦੀ ਨੇ ਝਾਰਖੰਡ ਵਿੱਚ ਰੇਲ, ਸੜਕ, ਸਿੱਖਿਆ, ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਵਰਗੇ ਕਈ ਖੇਤਰਾਂ ਵਿੱਚ 7200 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਵੀ ਕੀਤਾ।
ਸਮਾਗਮ ਵਾਲੀ ਥਾਂ 'ਤੇ ਪਹੁੰਚਣ 'ਤੇ ਆਦਿਵਾਸੀ ਕਲਾਕਾਰਾਂ ਵੱਲੋਂ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਤਸ਼ਾਹੀ ਕਿਸਾਨਾਂ ਨੇ ਭਾਗ ਲਿਆ ਅਤੇ ਕਈਆਂ ਨੇ ਆਨਲਾਈਨ ਹਿੱਸਾ ਲਿਆ। ਝਾਰਖੰਡ ਦੇ ਰਾਜਪਾਲ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ, ਝਾਰਖੰਡ ਦੇ ਮੁੱਖ ਮੰਤਰੀ ਸ਼੍ਰੀ ਹੇਮੰਤ ਸੋਰੇਨ ਅਤੇ ਆਦਿਵਾਸੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਇਸ ਮੌਕੇ 'ਤੇ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਲੀਹਾਟੂ ਪਿੰਡ ਅਤੇ ਰਾਂਚੀ ਵਿੱਚ ਫਰੀਡਮ ਫਾਈਟਰ ਮਿਊਜ਼ੀਅਮ ਦੇ ਆਪਣੇ ਦੌਰੇ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਜਨਜਾਤੀ ਗੌਰਵ ਦਿਵਸ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਤਿਕਾਰਯੋਗ ਕ੍ਰਾਂਤੀਕਾਰੀ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਦਿੱਤੀ। ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਸਥਾਪਨਾ ਦਿਵਸ ਦੇ ਮੌਕੇ ਉੱਤੇ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਇਸ ਦੇ ਗਠਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਝਾਰਖੰਡ ਰਾਜ ਵਿੱਚ ਹੁਣ 100 ਫੀਸਦੀ ਇਲੈਕਟ੍ਰੀਫਾਈਡ ਰੇਲਵੇ ਰੂਟ ਹਨ।
ਸ਼੍ਰੀ ਮੋਦੀ ਨੇ ਵਿਕਸਿਤ ਭਾਰਤ ਲਈ ਚਾਰ ਥੰਮ੍ਹਾਂ: ਮਹਿਲਾ ਸ਼ਕਤੀ, ਖੇਤੀਬਾੜੀ ਸ਼ਕਤੀ, ਨੌਜਵਾਨ ਸ਼ਕਤੀ ਅਤੇ ਗ਼ਰੀਬਾਂ ਤੇ ਮੱਧ ਵਰਗ ਦੀ ਸ਼ਕਤੀ ਨੂੰ ਸਮਰਥਨ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਲੱਖਾਂ ਲੋਕਾਂ ਨੂੰ ਗ਼ਰੀਬੀ ਤੋਂ ਉੱਪਰ ਚੁੱਕਣ ਅਤੇ ਸੈਨੀਟੇਸ਼ਨ, ਐੱਲਪੀਜੀ ਕਨੈਕਸ਼ਨ ਅਤੇ ਸਿਹਤ ਸੰਭਾਲ਼ ਵਰਗੀਆਂ ਜ਼ਰੂਰੀ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਭਵਿੱਖ ਲਈ ਆਪਣਾ ਵਿਜ਼ਨ ਵੀ ਸਾਂਝਾ ਕੀਤਾ, ਜਿੱਥੇ ਹਰ ਗਰੀਬ ਵਿਅਕਤੀ ਨੂੰ ਸਰਕਾਰੀ ਯੋਜਨਾਵਾਂ ਰਾਹੀਂ ਜ਼ਰੂਰੀ ਸੇਵਾਵਾਂ ਅਤੇ ਲਾਭਾਂ ਤੱਕ ਪਹੁੰਚ ਹੋਵੇ। ਉਨ੍ਹਾਂ ਦੱਸਿਆ ਕਿ ਅਟਲ ਜੀ ਦੀ ਸਰਕਾਰ ਨੇ ਆਪਣੇ ਬਜਟ ਨਾਲ ਆਦਿਵਾਸੀ ਭਾਈਚਾਰਿਆਂ ਲਈ ਵੱਖਰਾ ਮੰਤਰਾਲਾ ਬਣਾਇਆ ਸੀ, ਜਿਸ ਨੂੰ ਹੁਣ 6 ਗੁਣਾ ਵਧਾ ਦਿੱਤਾ ਗਿਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਪੀਐੱਮ ਜਨਮਨ ਦੇ ਅਧੀਨ ਸਰਕਾਰ ਦਾ ਉਦੇਸ਼ ਪ੍ਰਾਚੀਨ ਕਬੀਲਿਆਂ ਤੱਕ ਪਹੁੰਚਣਾ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਜੇ ਵੀ ਜੰਗਲਾਂ ਵਿੱਚ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਅਜਿਹੇ 75 ਆਦਿਵਾਸੀ ਭਾਈਚਾਰਿਆਂ ਅਤੇ ਪ੍ਰਾਚੀਨ ਆਦਿਵਾਸੀ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਕੁਲ ਗਿਣਤੀ ਲੱਖਾਂ ਵਿੱਚ ਹੈ ਅਤੇ ਉਹ 22 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਸਿਰਫ ਸੰਖਿਆਵਾਂ ਨੂੰ ਜੋੜਨ ਤੋਂ ਲੈ ਕੇ ਜੀਵਨ ਨੂੰ ਜੋੜਨ ਵੱਲ ਤਬਦੀਲੀ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਇਸ ਵਿਆਪਕ ਮੁਹਿੰਮ ਵਿੱਚ 24,000 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 15ਵੀਂ ਕਿਸ਼ਤ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਹੁਣ ਤੱਕ 2,75,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਭੇਜੀ ਜਾ ਚੁੱਕੀ ਹੈ। ਉਨ੍ਹਾਂ ਨੇ ਪਸ਼ੂ ਪਾਲਕਾਂ ਅਤੇ ਮਛੇਰਿਆਂ ਲਈ ਕਿਸਾਨ ਕ੍ਰੈਡਿਟ ਕਾਰਡ, ਪਸ਼ੂਆਂ ਦੇ ਮੁਫਤ ਟੀਕਾਕਰਨ 'ਤੇ 15,000 ਕਰੋੜ ਰੁਪਏ ਦਾ ਸਰਕਾਰੀ ਖਰਚ ਕੀਤਾ ਹੈ। ਉਨ੍ਹਾਂ ਨੇ ਮਤਸਿਆ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਲਈ ਵਿੱਤੀ ਸਹਾਇਤਾ ਅਤੇ 10,000 ਨਵੀਆਂ ਕਿਸਾਨ ਉਤਪਾਦਕ ਯੂਨੀਅਨਾਂ ਬਣਾਉਣ ਵਰਗੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਦਾ ਉਦੇਸ਼ ਮੰਡੀਆਂ ਨੂੰ ਵਧੇਰੇ ਪਹੁੰਚਯੋਗ ਬਣਾ ਕੇ ਕਿਸਾਨਾਂ ਲਈ ਲਾਗਤਾਂ ਨੂੰ ਘਟਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 2023 ਨੂੰ ਅੰਤਰਰਾਸ਼ਟਰੀ ਮਿਲਟਸ ਯੀਅਰ ਵਜੋਂ ਮਨਾਉਣ ਅਤੇ ਵਿਦੇਸ਼ੀ ਬਜ਼ਾਰਾਂ ਵਿੱਚ ਸ਼੍ਰੀ ਅੰਨ ਵਰਗੇ ਭਾਰਤੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ।
ਸਮੁੱਚੇ ਤੌਰ 'ਤੇ ਇਹ ਸਮਾਗਮ ਕਿਸਾਨਾਂ ਨੂੰ ਸਹਾਇਤਾ ਦੇਣ ਅਤੇ ਕਬਾਇਲੀ ਸਮੂਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਸਾਬਤ ਹੋਇਆ ਹੈ। 15ਵੀਂ ਪੀਐੱਮ-ਕਿਸਾਨ ਕਿਸ਼ਤ ਜਾਰੀ ਕਰਨਾ ਅਤੇ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਯਾਏ ਮਹਾ ਅਭਿਆਨ ਦੀ ਸ਼ੁਰੂਆਤ ਹਾਸ਼ੀਏ 'ਤੇ ਪਏ ਭਾਈਚਾਰਿਆਂ ਨੂੰ ਉੱਚਾ ਚੁੱਕਣ ਅਤੇ ਸਸ਼ਕਤੀਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ।
******
ਐੱਸਕੇ/ਐੱਸਐੱਸ/ਐੱਸਐੱਮ
(Release ID: 1977389)
Visitor Counter : 153