ਕੋਲਾ ਮੰਤਰਾਲਾ

2025-26 ਤੱਕ ਕੋਲੇ ਦੀ ਦਰਾਮਦ ਨੂੰ ਰੋਕਣ ਲਈ ਸਾਰੇ ਯਤਨ ਜਾਰੀ, 2030 ਤੱਕ ਭੂਮੀਗਤ ਖਾਣਾਂ ਤੋਂ 100 ਮਿਲੀਅਨ ਟਨ ਉਤਪਾਦਨ 'ਤੇ ਜ਼ੋਰ: ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ


ਕੋਲਾ ਮੰਤਰਾਲੇ ਨੇ ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਦਾ 8ਵਾਂ ਪੜਾਅ ਸ਼ੁਰੂ ਕੀਤਾ

ਝਾਰਖੰਡ, ਉੜੀਸਾ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਬਿਹਾਰ ਦੀਆਂ 39 ਖਾਣਾਂ ਦੀ ਨਿਲਾਮੀ ਕੀਤੀ ਜਾਣੀ ਹੈ

ਸੁਰੱਖਿਅਤ ਖੇਤਰ ਦੇ ਤਹਿਤ ਆਉਣ ਵਾਲੀਆਂ ਖਾਣਾਂ, ਜੰਗਲੀ ਜੀਵ ਸੁਰੱਖਿਆ ਸਥਾਨਾਂ ਆਦਿ ਨੂੰ ਨਿਲਾਮੀ ਤੋਂ ਬਾਹਰ ਰੱਖਿਆ ਗਿਆ ਹੈ

Posted On: 15 NOV 2023 5:39PM by PIB Chandigarh

ਕੋਲਾ ਮੰਤਰਾਲੇ ਨੇ ਅੱਜ ਇੱਥੇ ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਪ੍ਰਕਿਰਿਆ ਦੇ ਅੱਠਵੇਂ ਪੜਾਅ ਦੀ ਸ਼ੁਰੂਆਤ ਕੀਤੀ। ਕੁੱਲ 39 ਕੋਲਾ ਖਾਣਾਂ ਆਫ਼ਰ 'ਤੇ ਹਨ। ਵਰਚੂਅਲ ਤੌਰ ’ਤੇ ਨਿਲਾਮੀ ਦੀ ਸ਼ੁਰੂਆਤ ਕਰਦੇ ਹੋਏ, ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ 2025-26 ਤੱਕ ਕੋਲੇ ਦੀ ਦਰਾਮਦ ਨੂੰ ਰੋਕਣ ਲਈ ਸਾਰੇ ਯਤਨ ਜਾਰੀ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਡੇ ਪੱਧਰ 'ਤੇ ਉਤਪਾਦਨ ਤਕਨੀਕ ਦੀ ਵਰਤੋਂ ਕਰਕੇ 2030 ਤੱਕ ਭੂਮੀਗਤ ਖਾਣਾਂ (ਯੂਜੀ) ਤੋਂ ਕੋਲੇ ਦੇ ਉਤਪਾਦਨ ਨੂੰ 100 ਮਿਲੀਅਨ ਟਨ (ਐੱਮਟੀ) ਤੱਕ ਵਧਾ ਦਿੱਤਾ ਜਾਵੇਗਾ।

ਨਿਲਾਮ ਕੀਤੀਆਂ ਜਾ ਰਹੀਆਂ ਖਾਣਾਂ ਝਾਰਖੰਡ, ਓਡੀਸ਼ਾ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਫੈਲੀਆਂ ਹੋਈਆਂ ਹਨ। ਇਹ ਖਾਣਾਂ ਸੀਐੱਮਐੱਸਪੀ ਐਕਟ ਅਤੇ ਐੱਮਐੱਮਡੀਆਰ  ਐਕਟ ਅਧੀਨ ਆਉਂਦੀਆਂ ਹਨ। 39 ਕੋਲਾ ਖਾਣਾਂ ਵਿੱਚੋਂ ਚਾਰ ਖਾਣਾਂ 7ਵੇਂ ਪੜਾਅ ਦੀ ਦੂਜੀ ਕੋਸ਼ਿਸ਼ ਦੇ ਤਹਿਤ ਸੀਐੱਮਐੱਸਪੀ/ ਐੱਮਐੱਮਡੀਆਰ ਐਕਟ ਦੇ ਤਹਿਤ ਆਫ਼ਰ ਕੀਤੀਆਂ ਜਾ ਰਹੀਆਂ ਹਨ, ਜਿੱਥੇ ਪਹਿਲੀ ਕੋਸ਼ਿਸ਼ ਵਿੱਚ ਇੱਕ ਬੋਲੀ ਪ੍ਰਾਪਤ ਹੋਈ ਸੀ। 8ਵੇਂ ਪੜਾਅ ਤਹਿਤ ਪੇਸ਼ ਕੀਤੀਆਂ ਜਾ ਰਹੀਆਂ 35 ਕੋਲਾ ਖਾਣਾਂ ਵਿੱਚੋਂ 16 ਕੋਲਾ ਖਾਣਾਂ ਨਵੀਆਂ ਹਨ ਅਤੇ 19 ਖਾਣਾਂ ਪਹਿਲਾਂ ਦੀਆਂ ਕਿਸ਼ਤਾਂ ਵਿੱਚੋਂ ਲਈਆਂ ਜਾ ਰਹੀਆਂ ਹਨ।

ਕੋਲਾ ਮੰਤਰਾਲੇ ਨੇ ਇਹ ਯਕੀਨੀ ਬਣਾਉਣ ਲਈ ਕਈ ਸੁਧਾਰ ਕੀਤੇ ਹਨ ਕਿ ਕੋਲਾ ਖੇਤਰ ਤੇਜ਼ ਰਫ਼ਤਾਰ ਨਾਲ ਵਧੇ ਅਤੇ ਦੇਸ਼ ਦੀ ਵੱਧ ਰਹੀ ਊਰਜਾ ਮੰਗ ਨੂੰ ਪੂਰਾ ਕਰਨ ਦੇ ਯੋਗ ਹੋਵੇ। 8ਵੇਂ ਦੌਰ ਲਈ ਵੀ ਸੁਰੱਖਿਅਤ ਖੇਤਰਾਂ, ਜੰਗਲੀ ਜੀਵ ਅਸਥਾਨਾਂ, ਮਹੱਤਵਪੂਰਨ ਰਿਹਾਇਸ਼ਾਂ, 40 ਪ੍ਰਤੀਸ਼ਤ ਤੋਂ ਵੱਧ ਜੰਗਲੀ ਖੇਤਰ, ਭਾਰੀ ਨਿਰਮਾਣ ਖੇਤਰ ਆਦਿ ਤਹਿਤ ਆਉਣ ਵਾਲੀਆਂ ਖਾਣਾਂ ਨੂੰ ਬਾਹਰ ਰੱਖਿਆ ਗਿਆ ਹੈ। ਕੁਝ ਕੋਲਾ ਖਾਣਾਂ ਦੀਆਂ ਬਲਾਕ ਸੀਮਾਵਾਂ ਜਿੱਥੇ ਸੰਘਣੀ ਆਬਾਦੀ, ਉੱਚ ਹਰੇ ਕਵਰ ਜਾਂ ਮਹੱਤਵਪੂਰਨ ਬੁਨਿਆਦੀ ਢਾਂਚਾ ਆਦਿ ਮੌਜੂਦ ਸੀ, ਨੂੰ ਕੋਲਾ ਖਾਣ ਦੇ ਸ਼ੁਰੂਆਤੀ ਵਿਕਾਸ ਲਈ ਸੋਧਿਆ ਗਿਆ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਕੋਲਾ ਮੰਤਰਾਲੇ ਦੇ ਸਕੱਤਰ ਸ੍ਰੀ ਅੰਮ੍ਰਿਤ ਲਾਲ ਮੀਣਾ ਨੇ ਕਿਹਾ ਕਿ ਕੈਪਟਿਵ/ਵਪਾਰਕ ਕੋਲਾ ਖਾਣਾਂ ਸਮੁੱਚੇ ਉਤਪਾਦਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 39 ਖਾਣਾਂ ਨੂੰ ਨਿਲਾਮੀ ਲਈ ਰੱਖਣ ਤੋਂ ਪਹਿਲਾਂ ਯੋਜਨਾਬੱਧ ਸਰਵੇਖਣ ਕੀਤਾ ਗਿਆ ਹੈ। ਸ਼੍ਰੀ ਮੀਣਾ ਨੇ ਕਿਹਾ ਕਿ ਖਾਣਾਂ ਤੋਂ ਕੋਲੇ ਦੀ ਜਲਦੀ ਨਿਕਾਸੀ ਲਈ ਰੇਲ ਸੰਪਰਕ ਦਾ ਵਿਸਤਾਰ ਅਤੇ ਵਾਧਾ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਮਹਿਮਾਨਾਂ ਅਤੇ ਸੰਭਾਵੀ ਬੋਲੀਕਾਰਾਂ ਦਾ ਸਵਾਗਤ ਕਰਦੇ ਹੋਏ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਨਾਮਜ਼ਦ ਅਥਾਰਟੀ ਸ਼੍ਰੀ ਐੱਮ ਨਾਗਰਾਜੂ ਨੇ ਘਰੇਲੂ ਕੋਲਾ ਉਤਪਾਦਨ ਨੂੰ ਹੋਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੰਤਰਾਲੇ ਵੱਲੋਂ ਹਾਲ ਹੀ ਵਿੱਚ ਸੁਧਾਰਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਆਉਣ ਵਾਲੇ ਦਹਾਕਿਆਂ ਵਿੱਚ ਘਰੇਲੂ ਕੋਲੇ ਦੀ ਮੰਗ ਵੀ ਵਧੇਗੀ। ਉਨ੍ਹਾਂ ਕਿਹਾ, ਇਸ ਲਈ ਕੋਲਾ ਖੇਤਰ ਵਿੱਚ ਨਿਵੇਸ਼ ਚੰਗਾ ਰਿਟਰਨ ਦਿੰਦਾ ਹੈ।

ਨਿਲਾਮੀ ਲਈ ਟੈਂਡਰ ਦਸਤਾਵੇਜ਼ਾਂ ਦੀ ਵਿਕਰੀ ਅੱਜ ਯਾਨੀ 15 ਨਵੰਬਰ, 2023 ਤੋਂ ਸ਼ੁਰੂ ਹੋਵੇਗੀ। ਖਾਣਾਂ ਨਿਲਾਮੀ ਦੀਆਂ ਸ਼ਰਤਾਂ, ਸਮਾਂ-ਸੀਮਾਵਾਂ ਆਦਿ ਦਾ ਵੇਰਵਾ ਐੱਮਐੱਸਟੀਸੀ ਨਿਲਾਮੀ ਪਲੇਟਫਾਰਮ 'ਤੇ ਦੇਖਿਆ ਜਾ ਸਕਦਾ ਹੈ। ਨਿਲਾਮੀ ਪ੍ਰਤੀਸ਼ਤ ਆਮਦਨ ਹਿੱਸੇਦਾਰੀ ਦੇ ਅਧਾਰ 'ਤੇ ਇੱਕ ਪਾਰਦਰਸ਼ੀ ਦੋ-ਪੜਾਵੀ ਪ੍ਰਕਿਰਿਆ ਰਾਹੀਂ ਆਨਲਾਈਨ ਕਰਵਾਈ ਜਾਵੇਗੀ।

ਵਪਾਰਕ ਕੋਲਾ ਖਾਣ ਦੀ ਨਿਲਾਮੀ ਲਈ ਕੋਲਾ ਮੰਤਰਾਲੇ ਦਾ ਇਕਲੌਤਾ ਲੈਣ-ਦੇਣ ਸਲਾਹਕਾਰ ਐੱਸਬੀਆਈ ਕੈਪੀਟਲ ਮਾਰਕਿਟ ਲਿਮਟਿਡ ਨਿਲਾਮੀ ਪ੍ਰਕਿਰਿਆ ਨੂੰ ਚਲਾਉਣ ਵਿੱਚ ਮੰਤਰਾਲੇ ਦੀ ਸਹਾਇਤਾ ਕਰ ਰਿਹਾ ਹੈ।

************

ਬੀਵਾਈ /ਆਰਕੇਪੀ(Release ID: 1977304) Visitor Counter : 108


Read this release in: Kannada , Hindi , English , Urdu