ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਪ੍ਰਦਾਨ ਕੀਤੇ


ਫਿਲਮਾਂ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਫੈਲਾਉਣ ਲਈ ਸਭ ਤੋਂ ਪ੍ਰਭਾਵੀ ਮਾਧਿਅਮ ਹਨ: ਰਾਸ਼ਟਰਪਤੀ ਮੁਰਮੂ

Posted On: 17 OCT 2023 8:37PM by PIB Chandigarh

ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (ਅਕਤੂਬਰ 17, 2023) ਨਵੀਂ ਦਿੱਲੀ ਵਿੱਚ ਵਿਭਿੰਨ ਸ਼੍ਰੇਣੀਆਂ ਵਿੱਚ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਸੁਸ਼੍ਰੀ ਵਹੀਦਾ ਰਹਿਮਾਨ ਨੂੰ ਸਾਲ 2021 ਲਈ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਪ੍ਰਦਾਨ ਕੀਤਾ। 

 

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਸੁਸ਼੍ਰੀ ਵਹੀਦਾ ਰਹਿਮਾਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ 'ਤੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਹ ਆਪਣੀ ਪ੍ਰਤਿਭਾ ਅਤੇ ਸ਼ਖਸੀਅਤ ਨਾਲ ਫਿਲਮ ਇੰਡਸਟਰੀ ਦੇ ਸਿਖਰ 'ਤੇ ਪਹੁੰਚੇ ਹਨ। ਉਨ੍ਹਾਂ ਆਪਣਾ ਵਿਅਕਤੀਗਤ ਜੀਵਨ ਵੀ ਮਾਣ, ਆਤਮ-ਵਿਸ਼ਵਾਸ ਅਤੇ ਮੌਲਿਕਤਾ ਨਾਲ ਬਤੀਤ ਕੀਤਾ ਹੈ। ਉਨ੍ਹਾਂ ਕਈ ਅਜਿਹੀਆਂ ਫਿਲਮਾਂ ਦੀ ਚੋਣ ਕੀਤੀ ਜਿਨ੍ਹਾਂ ਵਿੱਚ ਉਨ੍ਹਾਂ ਦੇ ਕਿਰਦਾਰ ਨੇ ਮਹਿਲਾਵਾਂ ਨਾਲ ਜੁੜੀਆਂ ਰੁਕਾਵਟਾਂ ਨੂੰ ਤੋੜਿਆ। ਉਨ੍ਹਾਂ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਮਹਿਲਾਵਾਂ ਨੂੰ ਖੁਦ ਹੀ ਮਹਿਲਾ ਸਸ਼ਕਤੀਕਰਣ ਲਈ ਪਹਿਲ ਕਰਨੀ ਚਾਹੀਦੀ ਹੈ। 

 

ਰਾਸ਼ਟਰਪਤੀ ਨੇ ਕਿਹਾ ਕਿ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਪ੍ਰਾਪਤ ਕਰਨ ਵਾਲੀ ਪੱਲਵੀ ਜੋਸ਼ੀ, ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ ਆਪਣੀਆਂ ਫਿਲਮਾਂ ਵਿੱਚ ਸਸ਼ਕਤ ​​ਮਹਿਲਾ ਕਿਰਦਾਰ ਨਿਭਾਏ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਡਾਇਰੈਕਟਰ ਸ੍ਰਿਸ਼ਟੀ ਲਖੇਰਾ ਨੇ ਆਪਣੀ ਐਵਾਰਡ ਜੇਤੂ ਫਿਲਮ 'ਏਕ ਥਾ ਗਾਓਂ' ਵਿੱਚ ਇੱਕ 80 ਸਾਲ ਦੀ ਬਜ਼ੁਰਗ ਮਹਿਲਾ ਦੀ ਲੜਾਕੂ ਭਾਵਨਾ (fighting spirit) ਨੂੰ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪਾਤਰਾਂ ਦਾ ਹਮਦਰਦੀ ਅਤੇ ਕਲਾਤਮਕ ਚਿਤਰਣ ਸਮਾਜ ਵਿੱਚ ਮਹਿਲਾਵਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਨਮਾਨ ਨੂੰ ਵਧਾਏਗਾ। 

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਸਾਲ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਫਿਲਮਾਂ ਵਿੱਚ ਜਲਵਾਯੂ ਤਬਦੀਲੀ, ਲੜਕੀਆਂ ਦੀ ਤਸਕਰੀ, ਮਹਿਲਾਵਾਂ ਉਪਰ ਹੁੰਦੇ ਜ਼ੁਲਮ, ਭ੍ਰਿਸ਼ਟਾਚਾਰ ਅਤੇ ਸਮਾਜਿਕ ਸ਼ੋਸ਼ਣ ਜਿਹੇ ਮੁੱਦਿਆਂ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਆਦਿਵਾਸੀ ਭਾਈਚਾਰਿਆਂ ਦਾ ਕੁਦਰਤ ਅਤੇ ਕਲਾ ਲਈ ਪਿਆਰ, ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਸਥਾਪਨਾ, ਔਕੜਾਂ ਦੇ ਦਰਮਿਆਨ ਅਦੁੱਤੀ ਭਾਵਨਾ ਨਾਲ ਲੜਨਾ, ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਜਿਹੇ ਵਿਭਿੰਨ ਵਿਸ਼ਿਆਂ 'ਤੇ ਚੰਗੀਆਂ ਫਿਲਮਾਂ ਬਣਾਈਆਂ ਗਈਆਂ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਫਿਲਮ ਸਿਰਫ ਇੱਕ ਉਦਯੋਗ ਨਹੀਂ ਹੈ। ਇਹ ਸਿਰਫ਼ ਵਪਾਰ ਅਤੇ ਮਨੋਰੰਜਨ ਤੱਕ ਸੀਮਿਤ ਨਹੀਂ ਹੈ। ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਫੈਲਾਉਣ ਲਈ ਫਿਲਮਾਂ ਸਭ ਤੋਂ ਪ੍ਰਭਾਵੀ ਮਾਧਿਅਮ ਹਨ। ਅਰਥ ਭਰਪੂਰ ਫਿਲਮਾਂ ਸਮਾਜ ਅਤੇ ਦੇਸ਼ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸਮੱਸਿਆਵਾਂ ਨੂੰ ਵੀ ਦਰਸਾਉਂਦੀਆਂ ਹਨ। 

 

ਰਾਸ਼ਟਰਪਤੀ ਨੇ ਕਿਹਾ ਕਿ ਫਿਲਮ ਜਗਤ ਸਾਨੂੰ ਆਪਣੀਆਂ ਫਿਲਮਾਂ ਜ਼ਰੀਏ ਭਾਰਤੀ ਸਮਾਜ ਦੀ ਵਿਵਿਧ ਹਕੀਕਤ ਦੀ ਜੀਵੰਤ ਜਾਣ-ਪਛਾਣ ਪ੍ਰਦਾਨ ਕਰਦਾ ਹੈ। ਸਿਨੇਮਾ ਸਾਡੇ ਸਮਾਜ ਦਾ ਦਸਤਾਵੇਜ਼ ਵੀ ਹੈ ਅਤੇ ਇਸ ਨੂੰ ਸੁਧਾਰਨ ਦਾ ਮਾਧਿਅਮ ਵੀ। ਉਨ੍ਹਾਂ ਕਿਹਾ ਕਿ ਸਿਨੇਮਾ ਦੇ ਕਲਾਕਾਰ ਬਦਲਾਅ ਦੇ ਏਜੰਟ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਦੇਸ਼ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ ਅਤੇ ਨਾਗਰਿਕਾਂ ਨੂੰ ਜੋੜਦੇ ਹਨ। 

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਫਿਲਮਾਂ ਨੂੰ ਦੇਸ਼ ਦੀ ਸਮਾਜਿਕ ਵਿਵਿਧਤਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਵਾਹਕ ਬਣਨਾ ਚਾਹੀਦਾ ਹੈ। ਅਜਿਹੀਆਂ ਫ਼ਿਲਮਾਂ ਨਾ ਸਿਰਫ਼ ਦੇਸ਼ ਅਤੇ ਸਮਾਜ ਲਈ ਲਾਹੇਵੰਦ ਹੋਣਗੀਆਂ ਬਲਕਿ ਵਪਾਰਕ ਤੌਰ 'ਤੇ ਵੀ ਸਫ਼ਲ ਹੋਣਗੀਆਂ। ਉਨ੍ਹਾਂ ਫਿਲਮ ਜਗਤ ਨੂੰ ਇਸ ਪ੍ਰਯੋਗ ਨੂੰ ਵੱਧ ਤੋਂ ਵੱਧ ਸੰਕਲਪ ਨਾਲ ਕਰਨ ਦੀ ਤਾਕੀਦ ਕੀਤੀ। 

 

ਰਾਸ਼ਟਰਪਤੀ ਨੇ ਸਮਾਜ ਅਤੇ ਸਿਨੇਮਾ ਵਿੱਚ ਪ੍ਰਭਾਵੀ ਯੋਗਦਾਨ ਪਾਉਣ ਲਈ 69ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿੱਚ ਪੁਰਸਕਾਰ ਜੇਤੂ ਫਿਲਮਾਂ ਨਾਲ ਜੁੜੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਫਿਲਮ ਜਗਤ ਗਲੋਬਲ ਪੱਧਰ 'ਤੇ ਉੱਤਕ੍ਰਿਸ਼ਟਤਾ ਦੇ ਨਵੇਂ ਮਾਪਦੰਡ ਸਥਾਪਿਤ ਕਰਨਾ ਜਾਰੀ ਰੱਖੇਗਾ ਅਤੇ ਭਾਰਤੀ ਫਿਲਮਾਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। 

 

Please click here to see the President's Speech - 

 

 ******

 

ਡੀਐੱਸ


(Release ID: 1968703) Visitor Counter : 100