ਆਯੂਸ਼

ਇਸ ਵਰ੍ਹੇ 'ਇੱਕ ਸਿਹਤ ਲਈ ਆਯੁਰਵੇਦ' ਥੀਮ 'ਤੇ ਆਯੋਜਿਤ ਕੀਤਾ ਜਾਵੇਗਾ


‘ਆਯੁਰਵੇਦ ਦਿਵਸ’ ਅਤੇ ਇਹ ਦੁਨੀਆ ਭਰ ਦੇ 100 ਦੇਸ਼ਾਂ ਵਿੱਚ ਮਨਾਇਆ ਜਾਵੇਗਾ

Posted On: 17 OCT 2023 5:52PM by PIB Chandigarh

ਇਸ ਸਾਲ ਆਯੁਰਵੇਦ ਦਿਵਸ ਦੁਨੀਆ ਦੇ ਲਗਭਗ 100 ਦੇਸ਼ਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਵੇਗਾ। 'ਇੱਕ ਸਿਹਤ ਲਈ ਆਯੁਰਵੇਦ' ਦੇ ਥੀਮ 'ਤੇ 'ਆਯੁਰਵੇਦ ਦਿਵਸ' ਦਾ ਮਨਾਇਆ ਜਾਣਾ ਇੱਕ ਆਲਮੀ ਸਮਾਗਮ ਹੋਵੇਗਾ ਅਤੇ ਇਸ ਨੂੰ ਸਫਲ ਬਣਾਉਣ ਲਈ ਆਯੂਸ਼ ਮੰਤਰਾਲੇ ਨੂੰ ਦੇਸ਼ ਦੇ ਸਾਰੇ ਮੰਤਰਾਲਿਆਂ ਦਾ ਸਹਿਯੋਗ ਮਿਲੇਗਾ। ਆਯੂਸ਼ ਮੰਤਰਾਲੇ ਨੇ 11 ਨਵੰਬਰ, 2023 ਨੂੰ ਧਨਵੰਤਰੀ ਜਯੰਤੀ ਦੇ ਮੌਕੇ 'ਤੇ ਮਨਾਏ ਜਾਣ ਵਾਲੇ 'ਆਯੁਰਵੇਦ ਦਿਵਸ' ਦੇ ਸਫਲ ਆਯੋਜਨ ਲਈ ਵੱਖ-ਵੱਖ ਮੰਤਰਾਲਿਆਂ ਦੀ ਮੀਟਿੰਗ ਬੁਲਾਈ। ਆਯੂਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਆਯੁਰਵੇਦ ਦਿਵਸ ਨੂੰ ਸਾਡੇ ਪ੍ਰਧਾਨ ਮੰਤਰੀ ਦੀ ਸੂਖਮ ਦ੍ਰਿਸ਼ਟੀ ਅਨੁਸਾਰ ਦੇਸ਼ ਦੇ ਸਾਰੇ ਮੰਤਰਾਲਿਆਂ ਦੇ ਆਪਸੀ ਸਹਿਯੋਗ ਅਤੇ ਸਹਾਇਤਾ ਨਾਲ ਕੌਮੀ ਸਮਾਗਮ ਵਜੋਂ ਮਨਾਇਆ ਜਾਣਾ ਚਾਹੀਦਾ ਹੈ।

ਮੀਟਿੰਗ ਵਿੱਚ ਵੱਖ-ਵੱਖ ਮੰਤਰਾਲਿਆਂ ਦੇ ਨੁਮਾਇੰਦੇ ਅਧਿਕਾਰੀਆਂ ਨੇ 'ਆਯੁਰਵੇਦ ਦਿਵਸ' ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਆਯੂਸ਼ ਮੰਤਰਾਲੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਤੌਰ 'ਤੇ ਮੰਤਰਾਲਿਆਂ ਅਤੇ ਵਿਭਾਗਾਂ ਜਿਵੇਂ ਕਿ ਗ੍ਰਹਿ, ਸਭਿਆਚਾਰ, ਵਿਦੇਸ਼ ਮਾਮਲੇ, ਕਬਾਇਲੀ, ਜਲ ਸਰੋਤ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਸੀਐੱਸਆਈਆਰ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸਾਨੂੰ ਡਿਜੀਟਲ ਤਕਨਾਲੋਜੀ ਦੀ ਸ਼ਕਤੀ ਦਾ ਇਸਤੇਮਾਲ ਕਰਕੇ ਅਤੇ ਵੱਖ-ਵੱਖ ਭਾਗੀਦਾਰੀ ਗਤੀਵਿਧੀਆਂ ਕਰਕੇ 'ਆਯੁਰਵੇਦ ਦਿਵਸ' ਇੱਕ ਆਲਮੀ ਉਤਸਵ ਬਣਾਉਣਾ ਚਾਹੀਦਾ ਹੈ। ਸਾਰੇ ਮੰਤਰਾਲਿਆਂ ਨੇ 'ਆਯੁਰਵੇਦ ਦਿਵਸ' ਨੂੰ ਸਫਲ ਬਣਾਉਣ ਲਈ ਆਯੂਸ਼ ਮੰਤਰਾਲੇ ਨਾਲ ਆਪੋ-ਆਪਣੀ ਭਾਈਵਾਲੀ ਬਾਰੇ ਚਰਚਾ ਕੀਤੀ।

ਆਯੂਸ਼ ਸਕੱਤਰ ਨੇ ਕਿਹਾ ਕਿ ਸਾਨੂੰ 'ਰੋਜ਼ਾਨਾ ਸਾਰਿਆਂ ਲਈ ਆਯੁਰਵੇਦ' ਦੇ ਸੁਨੇਹੇ ਨਾਲ ਆਯੁਰਵੇਦ ਦਿਵਸ ਦੇ ਤਿੰਨ ਮੁੱਖ ਨੁਕਤਿਆਂ,  'ਵਿਦਿਆਰਥੀਆਂ ਲਈ ਆਯੁਰਵੇਦ, ਕਿਸਾਨਾਂ ਲਈ ਆਯੁਰਵੇਦ, ਜਨਤਕ ਸਿਹਤ ਲਈ ਆਯੁਰਵੇਦ' 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਆਯੁਰਵੇਦ ਦਿਵਸ ਦਾ ਉਦੇਸ਼ ਅੰਤਰਰਾਸ਼ਟਰੀ ਪੱਧਰ 'ਤੇ ਆਯੁਰਵੇਦ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਅਤੇ ਇਸ ਨੂੰ ਮਨੁੱਖਤਾ, ਪਸ਼ੂਆਂ, ਪੌਦਿਆਂ ਅਤੇ ਵਾਤਾਵਰਣ ਦੀ ਭਲਾਈ ਲਈ ਆਲਮੀ ਦ੍ਰਿਸ਼ਟੀਕੋਣ ਵਿੱਚ ਸਥਾਪਿਤ ਕਰਨਾ ਹੈ।

***** 

ਐੱਸਕੇ 



(Release ID: 1968655) Visitor Counter : 91