ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 9ਵੇਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ (ਪੀ20) ਦਾ ਉਦਘਾਟਨ ਕੀਤਾ


"ਸਮਿਟ ਦੁਨੀਆ ਭਰ ਦੀਆਂ ਵਿਭਿੰਨ ਸੰਸਦੀ ਪ੍ਰਥਾਵਾਂ ਦਾ ਇੱਕ ਵਿਲੱਖਣ ਸੰਗਮ ਹੈ"

"ਪੀ20 ਸਮਿਟ ਉਸ ਧਰਤੀ 'ਤੇ ਹੋ ਰਹੀ ਹੈ ਜਿਸ ਨੂੰ ਨਾ ਸਿਰਫ਼ ਲੋਕਤੰਤਰ ਦੀ ਜਨਨੀ ਵਜੋਂ ਜਾਣਿਆ ਜਾਂਦਾ ਹੈ ਬਲਕਿ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਭੀ ਹੈ"

"ਭਾਰਤ ਨਾ ਸਿਰਫ਼ ਦੁਨੀਆ ਦੀਆਂ ਸਭ ਤੋਂ ਬੜੀਆਂ ਚੋਣਾਂ ਕਰਵਾਉਂਦਾ ਹੈ, ਬਲਕਿ ਇਸ ਵਿੱਚ ਲੋਕਾਂ ਦੀ ਭਾਗੀਦਾਰੀ ਭੀ ਲਗਾਤਾਰ ਵਧ ਰਹੀ ਹੈ”

"ਭਾਰਤ ਨੇ ਚੋਣ ਪ੍ਰਕਿਰਿਆ ਨੂੰ ਆਧੁਨਿਕ ਟੈਕਨੋਲੋਜੀ ਨਾਲ ਜੋੜਿਆ ਹੈ"

"ਭਾਰਤ ਅੱਜ ਹਰ ਸੈਕਟਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇ ਰਿਹਾ ਹੈ"

"ਇੱਕ ਵੰਡੀ ਹੋਈ ਦੁਨੀਆ ਮਾਨਵਤਾ ਨੂੰ ਦਰਪੇਸ਼ ਬੜੀਆਂ ਚੁਣੌਤੀਆਂ ਦਾ ਸਮਾਧਾਨ ਪ੍ਰਦਾਨ ਨਹੀਂ ਕਰ ਸਕਦੀ"

“ਇਹ ਸ਼ਾਂਤੀ ਅਤੇ ਭਾਈਚਾਰੇ ਦਾ ਸਮਾਂ ਹੈ, ਇਕੱਠੇ ਚਲਣ ਦਾ ਸਮਾਂ ਹੈ। ਇਹ ਸਭ ਦੇ ਵਿਕਾਸ ਅਤੇ ਭਲਾਈ ਦਾ ਸਮਾਂ ਹੈ। ਸਾਨੂੰ ਆਲਮੀ ਵਿਸ਼ਵਾਸ ਦੇ ਸੰਕਟ 'ਤੇ ਕਾਬੂ ਪਾਉਣਾ ਹੋਵੇਗਾ ਅਤੇ ਮਾਨਵ-ਕੇਂਦ੍ਰਿਤ ਸੋਚ ਨਾਲ ਅੱਗੇ ਵਧਣਾ ਹੋਵੇਗਾ”

Posted On: 13 OCT 2023 12:37PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਯਸ਼ੋਭੂਮੀ ਵਿਖੇ 9ਵੇਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ (ਪੀ20) ਦਾ ਉਦਘਾਟਨ ਕੀਤਾ। ਇਸ ਸਮਿਟ ਦੀ ਮੇਜ਼ਬਾਨੀ ਭਾਰਤ ਦੀ ਸੰਸਦ ਦੁਆਰਾ 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਲਈ ਸੰਸਦ' ਦੇ ਥੀਮ ਦੇ ਨਾਲ ਭਾਰਤ ਦੇ ਜੀ20 ਪ੍ਰੈਜ਼ੀਡੈਂਸੀ ਦੇ ਵਿਆਪਕ ਢਾਂਚੇ ਦੇ ਤਹਿਤ ਕੀਤੀ ਜਾ ਰਹੀ ਹੈ। 

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ 140 ਕਰੋੜ ਨਾਗਰਿਕਾਂ ਦੀ ਤਰਫ਼ੋਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ ਵਿੱਚ ਪਤਵੰਤਿਆਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਮਿਟ ਦੁਨੀਆ ਭਰ ਦੇ ਸਾਰੇ ਸੰਸਦੀ ਵਿਵਹਾਰਾਂ ਦਾ ਇੱਕ ‘ਮਹਾ ਕੁੰਭ’ ਹੈ। ਅੱਜ ਮੌਜੂਦ ਸਾਰੇ ਡੈਲੀਗੇਟਾਂ ਪਾਸ ਵੱਖੋ-ਵੱਖਰੇ ਦੇਸ਼ਾਂ ਤੋਂ ਸੰਸਦੀ ਢਾਂਚੇ ਦਾ ਅਨੁਭਵ ਹੋਣ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਅੱਜ ਦੇ ਈਵੈਂਟ 'ਤੇ ਬਹੁਤ ਤਸੱਲੀ ਪ੍ਰਗਟਾਈ। 

 

ਭਾਰਤ ਵਿੱਚ ਤਿਉਹਾਰਾਂ ਦੇ ਸੀਜ਼ਨ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ20 ਨੇ ਪੂਰੇ ਸਾਲ ਤਿਉਹਾਰਾਂ ਦੀ ਧੂਮ ਬਣਾਈ ਰੱਖੀ ਕਿਉਂਕਿ ਜੀ20 ਫੈਸਟੀਵਲ ਬਹੁਤ ਸਾਰੇ ਸ਼ਹਿਰਾਂ ਵਿੱਚ ਫੈਲੇ ਹੋਏ ਸਨ ਜਿੱਥੇ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਕਾਰਜਕਾਲ ਦੌਰਾਨ ਜੀ20 ਨਾਲ ਸਬੰਧਿਤ ਈਵੈਂਟ ਆਯੋਜਿਤ ਕੀਤੇ ਗਏ ਸਨ। ਇਨ੍ਹਾਂ ਜਸ਼ਨਾਂ ਵਿੱਚ ਚੰਦਰਯਾਨ ਦੇ ਚੰਦਰਮਾ 'ਤੇ ਉਤਰਨ, ਇੱਕ ਸਫ਼ਲ ਜੀ20 ਸਮਿਟ ਅਤੇ ਪੀ20 ਸਮਿਟ ਜਿਹੀਆਂ ਘਟਨਾਵਾਂ ਦੁਆਰਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ "ਕਿਸੇ ਭੀ ਰਾਸ਼ਟਰ ਦੀ ਸਭ ਤੋਂ ਬੜੀ ਤਾਕਤ ਇਸ ਦੇ ਲੋਕ ਅਤੇ ਉਨ੍ਹਾਂ ਦੀ ਇੱਛਾ ਸ਼ਕਤੀ ਹੁੰਦੀ ਹੈ ਅਤੇ ਇਹ ਸੰਮੇਲਨ ਇਸ ਨੂੰ ਮਨਾਉਣ ਦਾ ਇੱਕ ਮਾਧਿਅਮ ਹੈ।”

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੀ20 ਸਮਿਟ ਉਸ ਧਰਤੀ 'ਤੇ ਹੋ ਰਹੀ ਹੈ ਜਿਸ ਨੂੰ ਨਾ ਸਿਰਫ਼ ਲੋਕਤੰਤਰ ਦੀ ਜਨਨੀ ਵਜੋਂ ਜਾਣਿਆ ਜਾਂਦਾ ਹੈ, ਬਲਕਿ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਭੀ ਹੈ। ਦੁਨੀਆ ਭਰ ਦੀਆਂ ਵੱਖੋ-ਵੱਖਰੀਆਂ ਸੰਸਦਾਂ ਦੇ ਨੁਮਾਇੰਦਿਆਂ ਵਜੋਂ, ਪ੍ਰਧਾਨ ਮੰਤਰੀ ਨੇ ਬਹਿਸ ਅਤੇ ਵਿਚਾਰ-ਵਟਾਂਦਰੇ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਅਤੀਤ ਵਿੱਚ ਹੋਈਆਂ ਅਜਿਹੀਆਂ ਬਹਿਸਾਂ ਦੀਆਂ ਸਟੀਕ ਉਦਾਹਰਣਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਦੇ ਪੰਜ ਹਜ਼ਾਰ ਸਾਲ ਪੁਰਾਣੇ ਵੇਦਾਂ ਅਤੇ ਗ੍ਰੰਥਾਂ ਵਿੱਚ ਅਸੈਂਬਲੀਆਂ ਅਤੇ ਕਮੇਟੀਆਂ ਦਾ ਜ਼ਿਕਰ ਮਿਲਦਾ ਹੈ, ਜਿੱਥੇ ਸਮਾਜ ਦੀ ਬਿਹਤਰੀ ਲਈ ਸਮੂਹਿਕ ਫ਼ੈਸਲੇ ਲਏ ਜਾਂਦੇ ਸਨ। ਭਾਰਤ ਦੇ ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਦੇ ਇੱਕ ਸਲੋਕ ਦਾ ਪਾਠ ਕੀਤਾ ਜਿਸ ਦਾ ਅਰਥ ਹੈ 'ਸਾਨੂੰ ਇਕੱਠੇ ਚਲਣਾ ਚਾਹੀਦਾ ਹੈ, ਇਕੱਠੇ ਬੋਲਣਾ ਚਾਹੀਦਾ ਹੈ ਅਤੇ ਸਾਡੇ ਮਨਾਂ ਨੂੰ ਜੋੜਨਾ ਚਾਹੀਦਾ ਹੈ'। ਉਨ੍ਹਾਂ ਦੱਸਿਆ ਕਿ ਪਿੰਡ ਪੱਧਰ ਨਾਲ ਸਬੰਧਿਤ ਮਸਲਿਆਂ ਨੂੰ ਬਹਿਸਾਂ ਵਿੱਚ ਸ਼ਾਮਲ ਕਰ ਕੇ ਸਮਾਧਾਨ ਕੀਤਾ ਜਾਂਦਾ ਸੀ ਜੋ ਕਿ ਯੂਨਾਨੀ ਰਾਜਦੂਤ ਮੇਗਾਸਥੀਨੀਜ਼ (Megasthenes) ਲਈ ਬਹੁਤ ਹੈਰਾਨੀ ਦਾ ਕਾਰਨ ਬਣ ਗਿਆ ਸੀ, ਜਿਸ ਨੇ ਇਸ ਬਾਰੇ ਵਿਸਤਾਰ ਨਾਲ ਲਿਖਿਆ ਸੀ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ 9ਵੀਂ ਸਦੀ ਦੇ ਇੱਕ ਸ਼ਿਲਾਲੇਖ ਦਾ ਭੀ ਜ਼ਿਕਰ ਕੀਤਾ ਜੋ ਪਿੰਡਾਂ ਦੀਆਂ ਅਸੈਂਬਲੀਆਂ ਦੇ ਨਿਯਮਾਂ ਅਤੇ ਜ਼ਾਬਤੇ ਬਾਰੇ ਵਿਸਤਾਰ ਨਾਲ ਦੱਸਦਾ ਹੈ। ਉਨ੍ਹਾਂ ਅੱਗੇ ਕਿਹਾ “1200 ਸਾਲ ਪੁਰਾਣੇ ਸ਼ਿਲਾਲੇਖ ਵਿੱਚ ਇੱਕ ਮੈਂਬਰ ਨੂੰ ਅਯੋਗ ਠਹਿਰਾਉਣ ਦੇ ਨਿਯਮਾਂ ਦਾ ਭੀ ਜ਼ਿਕਰ ਹੈ।” ਭਾਰਤ ਵਿੱਚ 12ਵੀਂ ਸਦੀ ਤੋਂ ਚੱਲੀ ਆ ਰਹੀ ਅਨੁਭਵ ਮੰਤੱਪਾ ਪਰੰਪਰਾ (Anubhav Mantappa tradition) ਬਾਰੇ ਬੋਲਦਿਆਂ ਅਤੇ ਮੈਗਨਾ ਕਾਰਟਾ (Magna Carta) ਦੇ ਹੋਂਦ ਵਿੱਚ ਆਉਣ ਤੋਂ ਕਈ ਸਾਲ ਪਹਿਲਾਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਜਿੱਥੇ ਹਰ ਜਾਤ, ਪੰਥ ਅਤੇ ਧਰਮ ਦੇ ਲੋਕ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੁਤੰਤਰ ਸਨ। ਪ੍ਰਧਾਨ ਮੰਤਰੀ ਨੇ ਕਿਹਾ “ਜਗਤਗੁਰੂ ਬਸਵੇਸ਼ਵਰ ਦੁਆਰਾ ਸ਼ੁਰੂ ਕੀਤਾ ਗਿਆ ਅਨੁਭਵ ਮੰਤੱਪਾ ਅੱਜ ਭੀ ਭਾਰਤ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ।” ਉਨ੍ਹਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ 5000 ਸਾਲ ਪੁਰਾਣੇ ਗ੍ਰੰਥਾਂ ਤੋਂ ਲੈ ਕੇ ਅੱਜ ਤੱਕ ਭਾਰਤ ਦੀ ਯਾਤਰਾ ਨਾ ਸਿਰਫ਼ ਭਾਰਤ ਲਈ ਬਲਕਿ ਪੂਰੀ ਦੁਨੀਆ ਲਈ ਸੰਸਦੀ ਪਰੰਪਰਾਵਾਂ ਦੀ ਵਿਰਾਸਤ ਹੈ। 

 

ਪ੍ਰਧਾਨ ਮੰਤਰੀ ਨੇ ਸਮੇਂ ਦੇ ਨਾਲ-ਨਾਲ ਭਾਰਤ ਦੀਆਂ ਸੰਸਦੀ ਪਰੰਪਰਾਵਾਂ ਦੇ ਨਿਰੰਤਰ ਵਿਕਾਸ ਅਤੇ ਮਜ਼ਬੂਤੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ 17 ਆਮ ਚੋਣਾਂ ਅਤੇ 300 ਤੋਂ ਵੱਧ ਰਾਜ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ। ਇਸ ਸਭ ਤੋਂ ਬੜੀ ਚੋਣ ਕਵਾਇਦ ਵਿੱਚ ਲੋਕਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ 2019 ਦੀਆਂ ਆਮ ਚੋਣਾਂ ਜਿੱਥੇ ਉਨ੍ਹਾਂ ਦੀ ਪਾਰਟੀ ਸੱਤਾ ਲਈ ਚੁਣੀ ਗਈ ਸੀ, ਮਾਨਵ ਇਤਿਹਾਸ ਦੀ ਸਭ ਤੋਂ ਬੜੀ ਚੋਣ ਕਵਾਇਦ ਸੀ ਕਿਉਂਕਿ ਇਸ ਵਿੱਚ 60 ਕਰੋੜ ਵੋਟਰਾਂ ਨੇ ਹਿੱਸਾ ਲਿਆ ਸੀ। ਉਨ੍ਹਾਂ ਕਿਹਾ, ਉਸ ਸਮੇਂ, ਇੱਥੇ 910 ਮਿਲੀਅਨ ਰਜਿਸਟਰਡ ਵੋਟਰ ਸਨ, ਜੋ ਪੂਰੇ ਯੂਰਪ ਦੀ ਆਬਾਦੀ ਨਾਲੋਂ ਵੱਧ ਸਨ। ਇਤਨੀ ਬੜੀ ਸੰਖਿਆ ਵਿੱਚ ਵੋਟਰਾਂ ਵਿੱਚੋਂ 70 ਪ੍ਰਤੀਸ਼ਤ ਮਤਦਾਨ ਭਾਰਤੀਆਂ ਦੇ ਆਪਣੇ ਸੰਸਦੀ ਕਵਾਇਦਾਂ ਵਿੱਚ ਗਹਿਰੇ ਵਿਸ਼ਵਾਸ ਨੂੰ ਦਰਸਾਉਂਦਾ ਹੈ। 2019 ਦੀਆਂ ਚੋਣਾਂ ਵਿੱਚ ਮਹਿਲਾਵਾਂ ਦੀ ਰਿਕਾਰਡ ਭਾਗੀਦਾਰੀ ਦੇਖਣ ਨੂੰ ਮਿਲੀ। ਸਿਆਸੀ ਭਾਗੀਦਾਰੀ ਦੇ ਵਿਸਤ੍ਰਿਤ ਕੈਨਵਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਆਮ ਚੋਣਾਂ ਵਿੱਚ 600 ਤੋਂ ਵੱਧ ਸਿਆਸੀ ਪਾਰਟੀਆਂ ਨੇ ਹਿੱਸਾ ਲਿਆ ਸੀ ਅਤੇ 10 ਮਿਲੀਅਨ ਸਰਕਾਰੀ ਕਰਮਚਾਰੀਆਂ ਨੇ ਚੋਣਾਂ ਦੇ ਸੰਚਾਲਨ ਵਿੱਚ ਕੰਮ ਕੀਤਾ ਸੀ ਅਤੇ ਵੋਟਿੰਗ ਲਈ 10 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਸਨ। 

 

ਪ੍ਰਧਾਨ ਮੰਤਰੀ ਨੇ ਚੋਣ ਪ੍ਰਕਿਰਿਆ ਦੇ ਆਧੁਨਿਕੀਕਰਣ 'ਤੇ ਭੀ ਧਿਆਨ ਦਿੱਤਾ। ਪਿਛਲੇ 25 ਵਰ੍ਹਿਆਂ ਤੋਂ ਈਵੀਐੱਮ ਦੀ ਵਰਤੋਂ ਨੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਦਕਸ਼ਤਾ ਲਿਆਂਦੀ ਹੈ ਕਿਉਂਕਿ ਚੋਣ ਨਤੀਜੇ ਗਿਣਤੀ ਸ਼ੁਰੂ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ 1 ਅਰਬ ਲੋਕ ਹਿੱਸਾ ਲੈਣਗੇ ਅਤੇ ਉਨ੍ਹਾਂ ਨੇ ਡੈਲੀਗੇਟਾਂ ਨੂੰ ਚੋਣਾਂ ਦੇਖਣ ਲਈ ਆਉਣ ਦਾ ਸੱਦਾ ਦਿੱਤਾ। 

 

ਪ੍ਰਧਾਨ ਮੰਤਰੀ ਨੇ ਮਹਿਲਾਵਾਂ ਲਈ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ 33 ਫੀਸਦੀ ਸੀਟਾਂ ਰਾਖਵੀਆਂ ਕਰਨ ਦੇ ਹਾਲ ਹੀ ਦੇ ਫ਼ੈਸਲੇ ਬਾਰੇ ਡੈਲੀਗੇਟਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਇਹ ਭੀ ਦੱਸਿਆ ਕਿ ਸਥਾਨਕ ਸਵੈ-ਸਰਕਾਰੀ ਸੰਸਥਾਵਾਂ ਵਿੱਚ 30 ਲੱਖ ਤੋਂ ਵੱਧ ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਲਗਭਗ 50 ਫੀਸਦੀ ਮਹਿਲਾਵਾਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ “ਭਾਰਤ ਅੱਜ ਹਰ ਸੈਕਟਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇ ਰਿਹਾ ਹੈ। ਸਾਡੀ ਸੰਸਦ ਦੁਆਰਾ ਲਿਆ ਗਿਆ ਹਾਲੀਆ ਫ਼ੈਸਲਾ ਸਾਡੀ ਸੰਸਦੀ ਪਰੰਪਰਾ ਨੂੰ ਹੋਰ ਪ੍ਰਫੁੱਲਤ ਕਰੇਗਾ।”

 

ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਸੰਸਦੀ ਪਰੰਪਰਾਵਾਂ ਵਿੱਚ ਨਾਗਰਿਕਾਂ ਦੇ ਅਟੁੱਟ ਵਿਸ਼ਵਾਸ ਨੂੰ ਉਜਾਗਰ ਕੀਤਾ ਅਤੇ ਇਸਦੀ ਵਿਵਿਧਤਾ ਅਤੇ ਜੀਵੰਤਤਾ ਨੂੰ ਕ੍ਰੈਡਿਟ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ “ਸਾਡੇ ਇੱਥੇ ਹਰ ਧਰਮ ਦੇ ਲੋਕ ਹਨ। ਭੋਜਨ ਦੀਆਂ ਸੈਂਕੜੇ ਕਿਸਮਾਂ, ਰਹਿਣ-ਸਹਿਣ ਦੇ ਢੰਗ, ਭਾਸ਼ਾਵਾਂ, ਉਪ-ਭਾਸ਼ਾਵਾਂ ਹਨ।” ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਲੋਕਾਂ ਨੂੰ ਰੀਅਲ-ਟਾਈਮ ਜਾਣਕਾਰੀ ਪ੍ਰਦਾਨ ਕਰਨ ਲਈ ਭਾਰਤ ਵਿੱਚ 28 ਭਾਸ਼ਾਵਾਂ ਵਿੱਚ 900 ਤੋਂ ਵੱਧ ਟੀਵੀ ਚੈਨਲ ਹਨ, ਲਗਭਗ 200 ਭਾਸ਼ਾਵਾਂ ਵਿੱਚ 33 ਹਜ਼ਾਰ ਤੋਂ ਅਧਿਕ ਵੱਖੋ-ਵੱਖ ਅਖ਼ਬਾਰ ਪ੍ਰਕਾਸ਼ਿਤ ਹੁੰਦੇ ਹਨ, ਅਤੇ ਵੱਖੋ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਲਗਭਗ 3 ਬਿਲੀਅਨ ਉਪਭੋਗਤਾ ਹਨ। ਸ਼੍ਰੀ ਮੋਦੀ ਨੇ ਭਾਰਤ ਵਿੱਚ ਸੂਚਨਾ ਦੇ ਵਿਸ਼ਾਲ ਪ੍ਰਵਾਹ ਅਤੇ ਬੋਲਣ ਦੀ ਆਜ਼ਾਦੀ ਦੇ ਪੱਧਰ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ “21ਵੀਂ ਸਦੀ ਦੀ ਇਸ ਦੁਨੀਆ ਵਿੱਚ, ਭਾਰਤ ਦੀ ਇਹ ਜੀਵੰਤਤਾ, ਅਨੇਕਤਾ ਵਿੱਚ ਏਕਤਾ, ਸਾਡੀ ਸਭ ਤੋਂ ਬੜੀ ਤਾਕਤ ਹੈ। ਇਹ ਜੀਵੰਤਤਾ ਸਾਨੂੰ ਹਰ ਚੁਣੌਤੀ ਨਾਲ ਲੜਨ ਅਤੇ ਹਰ ਮੁਸ਼ਕਲ ਨੂੰ ਮਿਲ ਕੇ ਸਮਾਧਾਨ ਕਰਨ ਲਈ ਪ੍ਰੇਰਿਤ ਕਰਦੀ ਹੈ।”

 

ਦੁਨੀਆ ਦੇ ਆਪਸ ਵਿੱਚ ਜੁੜੇ ਸੁਭਾਅ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਘਰਸ਼ ਅਤੇ ਟਕਰਾਅ ਨਾਲ ਭਰੀ ਦੁਨੀਆ ਕਿਸੇ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਅੱਗੇ ਕਿਹਾ, “ਇੱਕ ਵੰਡਿਆ ਹੋਇਆ ਸੰਸਾਰ ਮਾਨਵਤਾ ਨੂੰ ਦਰਪੇਸ਼ ਬੜੀਆਂ ਚੁਣੌਤੀਆਂ ਦਾ ਸਮਾਧਾਨ ਪ੍ਰਦਾਨ ਨਹੀਂ ਕਰ ਸਕਦਾ। ਇਹ ਸ਼ਾਂਤੀ ਅਤੇ ਭਾਈਚਾਰੇ ਦਾ ਸਮਾਂ ਹੈ, ਇਕੱਠੇ ਚਲਣ ਦਾ ਸਮਾਂ ਹੈ। ਇਹ ਸਭ ਦੇ ਵਿਕਾਸ ਅਤੇ ਭਲਾਈ ਦਾ ਸਮਾਂ ਹੈ। ਸਾਨੂੰ ਆਲਮੀ ਭਰੋਸੇ ਦੇ ਸੰਕਟ ਨੂੰ ਦੂਰ ਕਰਨਾ ਹੋਵੇਗਾ ਅਤੇ ਮਾਨਵ ਕੇਂਦ੍ਰਿਤ ਸੋਚ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੀ ਭਾਵਨਾ ਨਾਲ ਦੁਨੀਆ ਨੂੰ ਦੇਖਣਾ ਹੈ।” 

 

ਗਲੋਬਲ ਫ਼ੈਸਲੇ ਲੈਣ ਵਿੱਚ ਵਿਆਪਕ ਭਾਗੀਦਾਰੀ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਪਿੱਛੇ ਦਾ ਕਾਰਨ ਅਫਰੀਕੀ ਸੰਘ ਨੂੰ ਜੀ20 ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਸੀ, ਜਿਸ ਨੂੰ ਸਾਰੇ ਮੈਂਬਰਾਂ ਨੇ ਸਵੀਕਾਰ ਕਰ ਲਿਆ ਸੀ। ਪ੍ਰਧਾਨ ਮੰਤਰੀ ਨੇ ਪੀ20 ਦੇ ਫੋਰਮ ਵਿੱਚ ਪੈਨ ਅਫ਼ਰੀਕਾ ਦੀ ਭਾਗੀਦਾਰੀ 'ਤੇ ਖੁਸ਼ੀ ਵਿਅਕਤ ਕੀਤੀ। 

 

ਲੋਕ ਸਭਾ ਦੇ ਸਪੀਕਰ ਦੁਆਰਾ ਡੈਲੀਗੇਟਾਂ ਨੂੰ ਨਵੀਂ ਪਾਰਲੀਮੈਂਟ ਦਾ ਦੌਰਾ ਕਰਾਉਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਮੌਕੇ ਸਰਹੱਦ ਪਾਰ ਦੇ ਆਤੰਕਵਾਦ ਨੂੰ ਉਜਾਗਰ ਕਰਨ ਲਈ ਕਿਹਾ, ਜਿਸ ਦਾ ਭਾਰਤ ਦਹਾਕਿਆਂ ਤੋਂ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ ਹਨ। ਸ਼੍ਰੀ ਮੋਦੀ ਨੇ ਲਗਭਗ 20 ਸਾਲ ਪਹਿਲਾਂ ਭਾਰਤ ਦੀ ਸੰਸਦ 'ਤੇ ਹੋਏ ਆਤੰਕਵਾਦੀ ਹਮਲੇ ਨੂੰ ਯਾਦ ਕੀਤਾ ਜਦੋਂ ਸੈਸ਼ਨ ਚਲ ਰਿਹਾ ਸੀ ਅਤੇ ਆਤੰਕਵਾਦੀ ਸਾਂਸਦਾਂ ਨੂੰ ਬੰਧਕ ਬਣਾਉਣ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਤਿਆਰ ਸਨ। ਉਨ੍ਹਾਂ ਕਿਹਾ ਕਿ ਦੁਨੀਆ ਭੀ ਹੁਣ ਆਤੰਕਵਾਦ ਦੀ ਬੜੀ ਚੁਣੌਤੀ ਨੂੰ ਮਹਿਸੂਸ ਕਰ ਰਹੀ ਹੈ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ, “ਅਜਿਹੀਆਂ ਕਈ ਆਤੰਕਵਾਦੀ ਘਟਨਾਵਾਂ ਨਾਲ ਨਜਿੱਠਣ ਤੋਂ ਬਾਅਦ ਭਾਰਤ ਅੱਜ ਇੱਥੇ ਪਹੁੰਚਿਆ ਹੈ।” ਸ਼੍ਰੀ ਮੋਦੀ ਨੇ ਜਾਰੀ ਰੱਖਦਿਆਂ ਕਿਹਾ, "ਆਤੰਕਵਾਦ ਜਿੱਥੇ ਭੀ ਵਾਪਰਦਾ ਹੈ, ਕਿਸੇ ਭੀ ਕਾਰਨ ਕਰਕੇ, ਕਿਸੇ ਭੀ ਰੂਪ ਵਿੱਚ, ਇਹ ਮਾਨਵਤਾ ਦੇ ਵਿਰੁੱਧ ਹੈ।" ਉਨ੍ਹਾਂ ਅਜਿਹੀ ਸਥਿਤੀ ਨਾਲ ਨਜਿੱਠਣ ਵੇਲੇ ਕੋਈ ਸਮਝੌਤਾ ਨਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਗਲੋਬਲ ਪਹਿਲੂ ਵੱਲ ਭੀ ਧਿਆਨ ਦਿਵਾਇਆ ਜਿੱਥੇ ਆਤੰਕਵਾਦ ਦੀ ਪਰਿਭਾਸ਼ਾ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਕਿਵੇਂ ਆਤੰਕਵਾਦ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਕਨਵੈਨਸ਼ਨ ਅਜੇ ਭੀ ਸੰਯੁਕਤ ਰਾਸ਼ਟਰ ਵਿੱਚ ਸਹਿਮਤੀ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਨਵਤਾ ਦੇ ਦੁਸ਼ਮਣ ਦੁਨੀਆ ਦੇ ਇਸ ਰਵੱਈਏ ਦਾ ਫਾਇਦਾ ਉਠਾ ਰਹੇ ਹਨ ਅਤੇ ਉਨ੍ਹਾਂ ਨੇ ਦੁਨੀਆ ਭਰ ਦੀਆਂ ਸੰਸਦਾਂ ਅਤੇ ਨੁਮਾਇੰਦਿਆਂ ਨੂੰ ਤਾਕੀਦ ਕੀਤੀ ਕਿ ਉਹ ਆਤੰਕਵਾਦ ਵਿਰੁੱਧ ਇਸ ਲੜਾਈ ਵਿੱਚ ਮਿਲ ਕੇ ਕੰਮ ਕਰਨ ਦੇ ਤਰੀਕੇ ਅਪਣਾਉਣ। 

 

ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਦੁਨੀਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਨ ਭਾਗੀਦਾਰੀ ਤੋਂ ਵਧੀਆ ਕੋਈ ਮਾਧਿਅਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, “ਮੈਂ ਹਮੇਸ਼ਾ ਇਹ ਮੰਨਦਾ ਰਿਹਾ ਹਾਂ ਕਿ ਸਰਕਾਰਾਂ ਬਹੁਮਤ ਨਾਲ ਬਣਦੀਆਂ ਹਨ, ਪਰ ਦੇਸ਼ ਆਮ ਸਹਿਮਤੀ ਨਾਲ ਚਲਦਾ ਹੈ। ਸਾਡੀਆਂ ਸੰਸਦਾਂ ਅਤੇ ਇਹ ਪੀ20 ਫੋਰਮ ਭੀ ਇਸ ਭਾਵਨਾ ਨੂੰ ਮਜ਼ਬੂਤ ​​ਕਰ ਸਕਦੇ ਹਨ।” ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਬਹਿਸ ਅਤੇ ਵਿਚਾਰ-ਵਟਾਂਦਰੇ ਜ਼ਰੀਏ ਇਸ ਦੁਨੀਆ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਨਿਸ਼ਚਿਤ ਤੌਰ 'ਤੇ ਸਫ਼ਲ ਹੋਣਗੀਆਂ। 

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਲੋਕ ਸਭਾ ਦੇ ਸਪੀਕਰ, ਸ਼੍ਰੀ ਓਮ ਬਿਰਲਾ ਅਤੇ ਇੰਟਰ-ਪਾਰਲੀਆਮੈਂਟਰੀ ਯੂਨੀਅਨ ਦੇ ਪ੍ਰਧਾਨ, ਸ਼੍ਰੀ ਦੁਆਰਤੇ ਪਾਚੇਕੋ (Duarte Pacheco) ਭੀ ਮੌਜੂਦ ਸਨ। 

 

ਪਿਛੋਕੜ 

 

ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਥੀਮ ਦੇ ਅਨੁਰੂਪ, 9ਵੀਂ ਪੀ20 ਸਮਿਟ ਦੀ ਥੀਮ 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਲਈ ਸੰਸਦ' ਹੈ। ਇਸ ਸਮਾਗਮ ਵਿੱਚ ਜੀ20 ਮੈਂਬਰਾਂ ਅਤੇ ਸੱਦੇ ਗਏ ਦੇਸ਼ਾਂ ਦੀਆਂ ਸੰਸਦਾਂ ਦੇ ਸਪੀਕਰ ਸ਼ਾਮਲ ਹੋਏ। 9-10 ਸਤੰਬਰ 2023 ਨੂੰ ਨਵੀਂ ਦਿੱਲੀ ਜੀ20 ਲੀਡਰਜ਼ ਸਮਿਟ ਵਿੱਚ ਅਫਰੀਕਨ ਯੂਨੀਅਨ ਦੇ ਜੀ20 ਦਾ ਮੈਂਬਰ ਬਣਨ ਤੋਂ ਬਾਅਦ ਪੈਨ-ਅਫਰੀਕਨ ਸੰਸਦ ਨੇ ਭੀ ਪਹਿਲੀ ਵਾਰ ਪੀ20 ਸਮਿਟ ਵਿੱਚ ਹਿੱਸਾ ਲਿਆ। 

 

ਇਸ ਪੀ20 ਸਮਿਟ ਦੌਰਾਨ ਦੇ ਥੀਮੈਟਿਕ ਸੈਸ਼ਨ ਹੇਠ ਲਿਖੇ ਚਾਰ ਵਿਸ਼ਿਆਂ 'ਤੇ ਕੇਂਦ੍ਰਿਤ ਹੋਣਗੇ - ਪਬਲਿਕ ਡਿਜੀਟਲ ਪਲੈਟਫਾਰਮਾਂ ਜ਼ਰੀਏ ਲੋਕਾਂ ਦੇ ਜੀਵਨ ਵਿੱਚ ਤਬਦੀਲੀ; ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ; ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ’ਜ਼) ਵਿੱਚ ਤੇਜ਼ੀ ਲਿਆਉਣਾ; ਅਤੇ ਟਿਕਾਊ ਊਰਜਾ ਪਰਿਵਰਤਨ।

 

ਕੁਦਰਤ ਨਾਲ ਇਕਸੁਰਤਾ ਵਿੱਚ ਹਰਿਆਲੀ ਅਤੇ ਟਿਕਾਊ ਭਵਿੱਖ ਦੀ ਦਿਸ਼ਾ ਵੱਲ ਪਹਿਲਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ 12 ਅਕਤੂਬਰ 2023 ਨੂੰ ਲਾਇਫ (LiFE – ਲਾਇਫਸਟਾਇਲ ਫੌਰ ਐਨਵਾਇਰਨਮੈਂਟ) 'ਤੇ ਪ੍ਰੀ-ਸਮਿਟ ਪਾਰਲੀਆਮੈਂਟਰੀ ਫੋਰਮ ਦਾ ਆਯੋਜਨ ਭੀ ਕੀਤਾ ਗਿਆ ਸੀ। 

 

 

 

 

 

 

 

 

 

 

 *******


ਡੀਐੱਸ/ਟੀਐੱਸ


(Release ID: 1967594) Visitor Counter : 133