ਇਸਪਾਤ ਮੰਤਰਾਲਾ

ਕੇਂਦਰੀ ਸਟੀਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ.ਸਿੰਧਿਆ ਨੇ ਭਾਰਤ ਵਿੱਚ ਗ੍ਰੀਨ ਸਟੀਲ ਲਈ ਈਕੌਸਿਸਟਮ ਨੂੰ ਸਮਰੱਥ ਬਣਾਉਣ ਲਈ ਸਮਰਪਿਤ ਟਾਸਕ ਫੋਰਸਾਂ ਦੇ ਨਾਲ ਚਰਚਾ ਕੀਤੀ


ਸ਼੍ਰੀ ਜਯੋਤੀਰਾਦਿੱਤਿਆ ਐੱਮ.ਸਿੰਧਿਆ ਨੇ ਸਟੀਲ ਉਦਯੋਗ ਦੇ ਵਿਭਿੰਨ ਲੈਂਡਸਕੇਪ ‘ਤੇ ਵਿਚਾਰ ਕਰਨ ਵਾਲੇ ਨੀਤੀਗਤ ਉਪਾਵਾਂ ਦੇ ਨਾਲ-ਨਾਲ ਕਾਰਬਨ ਨਿਕਾਸ ਨੂੰ ਘੱਟ ਕਰਨ ਦੇ ਸਮਾਧਾਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

ਟਾਸਕ ਫੋਰਸਾਂ ਨੇ ਗ੍ਰੀਨ ਸਟੀਲ ਉਤਪਾਦਨ ਲਈ ਵਿੱਤ ਪੋਸ਼ਣ ਵਿਕਲਪਾਂ ‘ਤੇ ਚਰਚਾ ਦੇ ਇਲਾਵਾ ਉਦਯੋਗ ਦੀ ਵਧਦੀ ਕੌਸ਼ਲ ਮੰਗਾਂ ਨੂੰ ਪੂਰਾ ਕਰਨ ਲਈ ਐਜੂਕੇਸ਼ਨਲ ਇੰਸਟੀਟਿਊਟਸ ਦੇ ਗਠਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੀ ਜ਼ਰੂਰਤ ‘ਤੇ ਵਿਚਾਰ-ਵਟਾਂਦਰਾ ਕੀਤਾ

ਕਾਰਬਨ ਨਿਕਾਸ ਨੂੰ ਘੱਟ ਕਰਨ ਲਈ ਡਾਇਰੈਕਟ ਰਿਡਿਊਸਡ ਆਇਰਨ ਪਲਾਂਟਾਂ ਵਿੱਚ ਕੋਲਾ ਅਧਾਰਿਤ ਫੀਡਸਟਾਕ ਦੀ ਬਜਾਏ ਕੁਦਰਤੀ ਗੈਸ ਅਤੇ ਸਿਨਗੈਸ ਦੇ ਉਪਯੋਗ ਨੂੰ ਪ੍ਰੋਤਸਾਹਨ ਦੇਣ: ਪ੍ਰਕਿਰਿਆ ਪਰਿਵਰਤਨ ਟਾਸਕ ਫੋਰਸ

Posted On: 29 SEP 2023 10:09AM by PIB Chandigarh

ਸਟੀਲ ਸੈਕਟਰ ਨੂੰ ਕਾਰਬਨ ਮੁਕਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਪੂਰਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਕੇਂਦਰੀ ਸਟੀਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਨੇ 28 ਸਤੰਬਰ, 2023 ਨੂੰ ਭਾਰਤ ਵਿੱਚ ਗ੍ਰੀਨ ਸਟੀਲ ਦੇ ਲਈ ਈਕੌਸਿਸਟਮ ਨੂੰ ਸਮਰੱਥ ਬਣਾਉਣ ਦੇ ਲਈ ਸਮਰਪਿਤ 13 ਟਾਸਕ ਫੋਰਸਾਂ ਵਿੱਚੋਂ 5 ਦੇ ਨਾਲ ਸਾਰਥਕ ਵਿਚਾਰ-ਵਟਾਂਦਰਾ ਕੀਤਾ। ਇਸ ਵਾਰਤਾਲਾਪ ਵਿੱਚ ਇਸ ਖੇਤਰ ਦੇ ਪ੍ਰਮੁੱਖ ਹਿੱਤਧਾਰਕਾਂ, ਉਦਯੋਗ ਮਾਹਿਰਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਭਾਗੀਦਾਰੀ ਕਰਦੇ ਹੋਏ ਸਟੀਲ ਉਤਪਾਦਨ ਵਿੱਚ ਸਥਿਰਤਾ ਅਤੇ ਇਸ ਨੂੰ ਕਾਰਬਨ ਮੁਕਤ ਬਣਾਉਣ ਦੇ ਭਾਰਤ ਦੇ ਦ੍ਰਿਸ਼ਟੀਕੋਣ ਦੇ ਪ੍ਰਤੀ ਆਪਣੀ ਪੂਰਨ ਪ੍ਰਤੀਬੱਧਤਾ ਜਤਾਈ। ਮੀਟਿੰਗ ਵਿੱਚ ਸਟੀਲ ਮੰਤਰਾਲੇ ਦੇ ਸਕੱਤਰ, ਟਾਸਕ ਫੋਰਸਾਂ ਦੇ ਚੇਅਰਪਰਸਨ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

ਕੇਂਦਰੀ ਸਟੀਲ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਚਰਚਾ ਵਿੱਚ, ਨਵਿਆਉਣਯੋਗ ਊਰਜਾ, ਕੌਸ਼ਲ ਵਿਕਾਸ, ਪ੍ਰੋਤਸਾਹਨ ਅਤੇ ਡੀਕਾਰਬੋਨਾਈਜ਼ੇਸ਼ਨ ਦੇ ਸੰਭਾਵਿਤ ਵਿਕਲਪਾਂ ਸਮੇਤ ਬਹੁ-ਪੱਖੀ ਦ੍ਰਿਸ਼ਟੀਕੋਣ ਰਾਹੀਂ ਇਨ੍ਹਾਂ ਅਟੱਲ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਰੋਡਮੈਪ ਤਿਆਰ ਕਰਨ ‘ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਇਸ ਦਿਸ਼ਾ ਵਿੱਚ ਮੰਤਰੀ ਮਹੋਦਯ ਦੇ ਮਹੱਤਵਪੂਰਨ ਮਾਰਗਦਰਸ਼ਨ ਅਤੇ ਦ੍ਰਿਸ਼ਟੀਕੋਣ ਨਾਲ ਟਾਸਕ ਫੋਰਸਾਂ ਦੁਆਰਾ ਪੇਸ਼ ਅੰਤਿਮ ਸਿਫਾਰਿਸ਼ਾਂ ਦੇ ਲਾਗੂਕਰਨ  ਵਿੱਚ ਸਹਾਇਤਾ ਮਿਲੇਗੀ। ਵਾਰਤਾਲਾਪ ਦੌਰਾਨ ਸਟੀਲ ਉਦਯੋਗ ਦੇ ਵਿਭਿੰਨ ਲੈਂਡਸਕੇਪ ‘ਤੇ ਵਿਚਾਰ ਕਰਨ ਵਾਲੇ ਡੀਕਾਰਬੋਨਾਈਜ਼ੇਸ਼ਨ ਸਮਾਧਾਨਾਂ ਦੇ ਨਾਲ-ਨਾਲ ਨੀਤੀਗਤ ਉਪਾਵਾਂ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਵਿੱਚ ਏਕੀਕ੍ਰਿਤ ਸਟੀਲ ਪਲਾਂਟ ਅਤੇ ਸੈਕੰਡਰੀ ਸੁਵਿਧਾਵਾਂ ਦੋਵੇਂ ਸ਼ਾਮਲ ਹਨ।

 

ਕੇਂਦਰੀ ਸਟੀਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਦੁਆਰਾ ਟਾਸਕ ਫੋਰਸਾਂ ਦੇ ਨਾਲ ਚਰਚਾ ਦੀ ਪ੍ਰਧਾਨਗੀ

ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਸ਼੍ਰੀ ਸੁਨੀਲ ਮੇਹਤਾ ਦੀ ਅਗਵਾਈ ਵਿੱਚ ਵਿੱਤ ਮਾਮਲੇ ਵਿੱਚ ਟਾਸਕ ਫੋਰਸ ਨੇ ਭਾਰਤ ਸਟੀਲ ਉਦਯੋਗ ਦੇ ਡੀਕਾਰਬੋਨਾਈਜ਼ੇਸ਼ਨ ਦੇ ਲਈ ਵਿੱਤਪੋਸ਼ਣ ਵਿਕਲਪਾਂ ‘ਤੇ ਮਹੱਤਵਪੂਰਨ ਸੁਝਾਅ ਦਿੱਤੇ। ਬਿਜਲੀ ਮੰਤਰਾਲੇ ਅਤੇ ਐੱਮਐੱਨਆਰਈ ਦੇ ਸੀਨੀਅਰ ਸ਼੍ਰੀ ਅਨਿਰੁਧ ਕੁਮਾਰ ਦੀ ਅਗਵਾਈ ਵਿੱਚ ਨਵਿਆਉਣਯੋਗ ਊਰਜਾ ਪਰਿਵਰਤਨ ਟਾਸਕ ਫੋਰਸ ਨੇ ਸਟੀਲ ਉਦਯੋਗ ਵਿੱਚ ਨਵਿਆਉਣਯੋਗ ਊਰਜਾ ਦੇ ਏਕੀਕਰਨ ਦੀ ਸਮੀਖਿਆ, ਨਵਿਆਉਣਯੋਗ ਊਰਜਾ ਨੂੰ ਅਪਣਾਉਣ ਲਈ ਪ੍ਰੋਤਸਾਹਨ ਅਤੇ ਉਦਯੋਗਾਂ ਨੂੰ ਕੈਪਟਿਵ ਰੀਨਿਊਏਬਲ ਪਾਵਰ ਸੁਵਿਧਾਵਾਂ ਸਥਾਪਿਤ ਕਰਨ ਜਿਹੇ ਉਪਾਵਾਂ ਨੂੰ ਅਪਣਾਉਣ ਦੇ ਲਈ ਨੀਤੀ ਚਾਲਕਾਂ ਦਾ ਵੀ ਪ੍ਰਸਤਾਵ ਰੱਖਿਆ।

ਜਾਨੀ-ਮਾਨੀ ਜਨਤਕ ਨੀਤੀ ਅਤੇ ਕੌਸ਼ਲ ਵਿਕਾਸ ਮਾਹਿਰ ਸੁਸ਼੍ਰੀ ਸੁਨੀਤਾ ਸਾਂਘੀ ਦੀ ਅਗਵਾਈ ਵਿੱਚ ਕੌਸ਼ਲ ਵਿਕਾਸ ਟਾਸਕ ਫੋਰਸ ਨੇ ਸੰਭਵ ਪਰਿਵਰਤਨ ਸੁਨਿਸ਼ਚਿਤ ਕਰਨ ਲਈ ਸਟੀਲ ਉਦਯੋਗ ਦੀ ਜਨ ਸ਼ਕਤੀ ਦੇ ਕੌਸ਼ਲ ਸੰਵਰਧਨ (ਵਧਾਉਣ) ਅਤੇ ਰੀ-ਸਕਿਲਿੰਗ ਜਿਹੀਆਂ ਸਮਰੱਥਾਵਾਂ ਦੀ ਪਹਿਚਾਣ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸੈਕੰਡਰੀ ਸਟੀਲ ਸੈਕਟਰ ਵਿੱਚ ਉਦਯੋਗ ਦੀਆਂ ਉਭਰਦੀਆਂ ਕੌਸ਼ਲ ਮੰਗਾਂ ਨੂੰ ਪੂਰਾ ਕਰਨ ਲਈ ਵਿਦਿਅਕ ਸੰਸਥਾਵਾਂ ਦੇ ਗਠਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 ਸੇਲ(SAIL) ਦੇ ਸੁਤੰਤਰ ਡਾਇਰੈਕਟਰ ਸ਼੍ਰੀ ਅਸ਼ੋਕ ਕੁਮਾਰ ਤ੍ਰਿਪਾਠੀ ਦੀ ਅਗਵਾਈ ਵਿੱਚ ਊਰਜਾ ਕੁਸ਼ਲਤਾ ਟਾਸਕ ਫੋਰਸ ਨੇ ਏਕੀਕ੍ਰਿਤ ਸਟੀਲ ਪਲਾਂਟਾਂ ਅਤੇ ਸੈਕੰਡਰੀ ਸਟੀਲ ਉਦਯੋਗਾਂ ਦੋਵਾਂ ਲਈ ਊਰਜਾ ਕੁਸ਼ਲਤਾ ਸਮਾਧਾਨ ਨੂੰ ਹੁਲਾਰਾ ਦੇਣ ਦੀਆਂ ਸਿਫਾਰਿਸ਼ਾਂ ਕੀਤੀਆਂ। ਸੀਐੱਸਆਈਆਰ ਦੇ ਤਹਿਤ ਰਾਸ਼ਟਰੀ ਧਾਤੂਕਰਮ ਪ੍ਰਯੋਗਸ਼ਾਲਾ ਦੇ ਸਾਬਕਾ ਡਾਇਰੈਕਟਰ ਡਾ. ਇੰਦਰਨੀਲ ਚੱਟੋਰਾਜ ਦੀ ਅਗਵਾਈ ਵਿੱਚ ਪ੍ਰਕਿਰਿਆ ਪਰਿਵਰਤਨ ਟਾਸਕ ਫੋਰਸ ਨੇ ਡਾਇਰੈਕਟ ਰਿਡਿਯੂਸਡ ਆਇਰਨ ਪਲਾਂਟਾਂ ਵਿੱਚ ਕੋਲਾ ਅਧਾਰਿਤ ਫੀਡਸਟਾਕ ਦੀ ਬਜਾਏ ਕੁਦਰਤੀ ਗੈਸ ਅਤੇ ਸਿਨਗੈਸ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਜਿਸ ਦਾ ਟੀਚਾ ਇਨ੍ਹਾਂ ਸੁਵਿਧਾਵਾਂ ਤੋਂ ਕਾਰਬਨ ਨਿਕਾਸ ਨੂੰ ਘੱਟ ਕਰਨਾ ਹੈ।

ਭਾਰਤ ਵਿੱਚ ਗ੍ਰੀਨ ਸਟੀਲ ਉਤਪਾਦਨ ਲਈ ਰੋਡਮੈਪ ਨਿਰਧਾਰਿਤ ਕਰਨ ਲਈ 13 ਟਾਸਕ ਫੋਰਸਾਂ 

 

ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਐੱਮ.ਸਿੰਧਿਆ ਦੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਸਟੀਲ ਮੰਤਰਾਲੇ ਨੇ ਸਟੀਲ ਖੇਤਰ ਅਤੇ ਗ੍ਰੀਨ ਸਟੀਲ ਉਤਪਾਦਨ ਨੂੰ ਹੁਲਾਰਾ ਦੇਣ ਲਈ ਉਦਯੋਗ, ਸਿੱਖਿਆ ਜਗਤ, ਥਿੰਕ ਟੈਂਕ, ਵਿਗਿਆਨ ਅਤੇ ਟੈਕਨੋਲੋਜੀ ਸੰਸਥਾਵਾਂ, ਵਿਭਿੰਨ ਮੰਤਰਾਲਿਆਂ ਅਤੇ ਹੋਰ ਹਿੱਤਧਾਰਕਾਂ ਨੂੰ ਸ਼ਾਮਲ ਕਰਦੇ ਹੋਏ ਕਾਰਬਨ ਨਿਕਾਸ ਨੂੰ ਘੱਟ ਕਰਨ ‘ਤੇ ਵਿਚਾਰ-ਵਟਾਂਦਰਾ ਅਤੇ ਸਿਫਾਰਿਸ਼ ਕਰਨ ਲਈ 13 ਟਾਸਕ ਫੋਰਸਾਂ ਦਾ ਗਠਨ ਕੀਤਾ ਸੀ। ਗਲਾਸਗੋ ਵਿੱਚ ਸੀਓਪੀ26 ਵਿੱਚ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਘੋਸ਼ਿਤ ਪੰਚਾਮ੍ਰਿਤ ਟੀਚਿਆਂ ਦੀ ਦਿਸ਼ਾ ਵਿੱਚ ਭਾਰਤ ਦੇ ਸਟੀਲ ਸੈਕਟਰ ਦਾ ਮਾਰਗਦਰਸ਼ਨ ਕਰਨ ਵਿੱਚ ਸ਼੍ਰੀ ਸਿੰਧਿਆ ਦਾ ਦ੍ਰਿਸ਼ਟੀਕੋਣ ਮਹੱਤਵਪੂਰਨ ਰਿਹਾ ਹੈ। ਦੂਰਦਰਸ਼ੀ ਅਗਵਾਈ ਅਤੇ ਸਹਿਯੋਗਾਤਮਕ ਪ੍ਰਯਾਸਾਂ ਦੇ ਨਾਲ, ਇਨ੍ਹਾਂ ਸਿਫਾਰਿਸ਼ਾਂ ਦਾ ਟੀਚਾ ਭਾਰਤ ਵਿੱਚ ਟਿਕਾਊ ਅਤੇ ਵਾਤਾਵਰਣ ਦੇ ਅਨੁਕੂਲ ਸਟੀਲ ਉਤਪਾਦਨ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਨਾ ਹੈ।

******

ਵਾਈਬੀ/ਕੇਐੱਸ/ਏਆਰ



(Release ID: 1962124) Visitor Counter : 59


Read this release in: English , Urdu , Hindi , Marathi