ਪ੍ਰਧਾਨ ਮੰਤਰੀ ਦਫਤਰ
ਮਨ ਕੀ ਬਾਤ ਦੀ 103ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.07.2023)
Posted On:
30 JUL 2023 11:45AM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸੁਆਗਤ ਹੈ। ਜੁਲਾਈ ਦਾ ਮਹੀਨਾ ਭਾਵ ਮੌਨਸੂਨ ਦਾ ਮਹੀਨਾ, ਬਾਰਿਸ਼ ਦਾ ਮਹੀਨਾ। ਬੀਤੇ ਕੁਝ ਦਿਨ ਕੁਦਰਤੀ ਆਫ਼ਤਾਂ ਦੇ ਕਾਰਨ ਚਿੰਤਾ ਅਤੇ ਪਰੇਸ਼ਾਨੀ ਨਾਲ ਭਰੇ ਰਹੇ ਹਾਂ। ਯਮੁਨਾ ਸਮੇਤ ਕਈ ਨਦੀਆਂ ’ਚ ਹੜ੍ਹ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਤਕਲੀਫ ਝੱਲਣੀ ਪਈ ਹੈ। ਪਹਾੜੀ ਇਲਾਕਿਆਂ ’ਚ ਪਹਾੜ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ। ਇਸੇ ਦੌਰਾਨ ਦੇਸ਼ ਦੇ ਪੱਛਮੀ ਹਿੱਸੇ ਵਿੱਚ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਇਲਾਕਿਆਂ ’ਚ ਬਿਪਰਜੌਯ ਸਾਈਕਲੋਨ ਵੀ ਆਇਆ ਪਰ ਸਾਥੀਓ, ਇਨ੍ਹਾਂ ਆਫ਼ਤਾਂ ਦੇ ਵਿਚਕਾਰ ਅਸੀਂ ਸਾਰੇ ਦੇਸ਼ਵਾਸੀਆਂ ਨੇ ਫਿਰ ਤੋਂ ਵਿਖਾਇਆ ਹੈ ਕਿ ਸਮੂਹਿਕ ਕੋਸ਼ਿਸ਼ਾਂ ਦੀ ਤਾਕਤ ਕੀ ਹੁੰਦੀ ਹੈ। ਸਥਾਨਕ ਲੋਕਾਂ ਨੇ, ਸਾਡੇ ਐੱਨਡੀਆਰਐੱਫ ਦੇ ਜਵਾਨਾਂ ਨੇ, ਸਥਾਨਕ ਪ੍ਰਸ਼ਾਸਨ ਦੇ ਲੋਕਾਂ ਨੇ ਦਿਨ-ਰਾਤ ਇੱਕ ਕਰਕੇ ਅਜਿਹੀਆਂ ਆਫ਼ਤਾਂ ਦਾ ਮੁਕਾਬਲਾ ਕੀਤਾ ਹੈ। ਕਿਸੇ ਵੀ ਆਫ਼ਤ ਨਾਲ ਨਿੱਬੜਣ ਲਈ ਸਾਡੀ ਸਮਰੱਥਾ ਅਤੇ ਸੰਸਾਧਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਪਰ ਇਸ ਦੇ ਨਾਲ ਹੀ ਸਾਡੀ ਸੰਵੇਦਨਸ਼ੀਲਤਾ ਅਤੇ ਇੱਕ-ਦੂਜੇ ਦਾ ਹੱਥ ਫੜਨ ਦੀ ਭਾਵਨਾ ਓਨੀ ਹੀ ਅਹਿਮ ਹੁੰਦੀ ਹੈ। ਸਭ ਦਾ ਭਲਾ ਕਰਨ ਦੀ ਇਹੀ ਭਾਵਨਾ ਭਾਰਤ ਦੀ ਪਛਾਣ ਵੀ ਹੈ ਅਤੇ ਭਾਰਤ ਦੀ ਤਾਕਤ ਵੀ ਹੈ।
ਸਾਥੀਓ, ਬਾਰਿਸ਼ ਦਾ ਇਹੀ ਸਮਾਂ ਰੁੱਖ ਲਗਾਉਣ ਅਤੇ ਜਲ ਸੰਭਾਲ਼ ਲਈ ਓਨਾ ਹੀ ਜ਼ਰੂਰੀ ਹੁੰਦਾ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਬਣੇ 60 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰਾਂ ਵਿੱਚ ਵੀ ਰੌਣਕ ਵਧ ਗਈ ਹੈ। ਅਜੇ 50 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰਾਂ ਨੂੰ ਬਣਾਉਣ ਦਾ ਕੰਮ ਚਲ ਵੀ ਰਿਹਾ ਹੈ। ਸਾਡੇ ਦੇਸ਼ਵਾਸੀ ਪੂਰੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਨਾਲ ਜਲ ਸੰਰਖਣ ਲਈ ਨਵੀਆਂ-ਨਵੀਆਂ ਕੋਸ਼ਿਸ਼ਾਂ ਕਰ ਰਹੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਮੈਂ ਐੱਮ.ਪੀ. ਦੇ ਸ਼ਹਡੋਲ ਗਿਆ ਸੀ, ਉੱਥੇ ਮੇਰੀ ਮੁਲਾਕਾਤ ਪਕਰਿਆ ਪਿੰਡ ਦੇ ਆਦਿਵਾਸੀ ਭੈਣਾਂ-ਭਰਾਵਾਂ ਨਾਲ ਹੋਈ ਸੀ, ਉੱਥੇ ਹੀ ਮੇਰੀ ਉਨ੍ਹਾਂ ਨਾਲ ਕੁਦਰਤ ਅਤੇ ਪਾਣੀ ਨੂੰ ਬਚਾਉਣ ਲਈ ਵੀ ਚਰਚਾ ਹੋਈ ਸੀ। ਹੁਣੇ ਮੈਨੂੰ ਪਤਾ ਲਗਿਆ ਹੈ ਕਿ ਪਕਰਿਆ ਪਿੰਡ ਦੇ ਆਦਿਵਾਸੀ ਭੈਣਾਂ-ਭਰਾਵਾਂ ਨੇ ਇਸ ਨੂੰ ਲੈ ਕੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇੱਥੇ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਨੇ ਤਕਰੀਬਨ 100 ਖੂਹਾਂ ਨੂੰ ਵਾਟਰ ਰੀਚਾਰਜ ਸਿਸਟਮ ’ਚ ਬਦਲ ਦਿੱਤਾ ਹੈ। ਬਾਰਿਸ਼ ਦਾ ਪਾਣੀ ਹੁਣ ਇਨ੍ਹਾਂ ਖੂਹਾਂ ਵਿੱਚ ਜਾਂਦਾ ਹੈ ਅਤੇ ਖੂਹਾਂ ਵਿੱਚੋਂ ਇਹ ਪਾਣੀ ਜ਼ਮੀਨ ਦੇ ਅੰਦਰ ਚਲਾ ਜਾਂਦਾ ਹੈ। ਇਸ ਨਾਲ ਇਲਾਕੇ ਦਾ ਭੂਮੀ ਜਲ ਪੱਧਰ ਵੀ ਹੌਲ਼ੀ-ਹੌਲ਼ੀ ਸੁਧਰੇਗਾ। ਹੁਣ ਸਾਰੇ ਪਿੰਡ ਵਾਲਿਆਂ ਨੇ ਪੂਰੇ ਖੇਤਰ ਦੇ ਤਕਰੀਬਨ 800 ਖੂਹਾਂ ਨੂੰ ਰੀਚਾਰਜ ਲਈ ਉਪਯੋਗ ਵਿੱਚ ਲਿਆਉਣ ਦਾ ਟੀਚਾ ਬਣਾਇਆ ਹੈ। ਇਸੇ ਤਰ੍ਹਾਂ ਦੀ ਹੀ ਇੱਕ ਉਤਸ਼ਾਹ ਵਾਲੀ ਖ਼ਬਰ ਯੂ.ਪੀ. ਤੋਂ ਆਈ ਹੈ, ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਇੱਕ ਦਿਨ ’ਚ 30 ਕਰੋੜ ਰੁੱਖ ਲਗਾਉਣ ਦਾ ਰਿਕਾਰਡ ਬਣਾਇਆ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਰਾਜ ਸਰਕਾਰ ਨੇ ਕੀਤੀ, ਉਸ ਨੂੰ ਪੂਰਾ ਉੱਥੋਂ ਦੇ ਲੋਕਾਂ ਨੇ ਕੀਤਾ। ਅਜਿਹੇ ਯਤਨ ਜਨ-ਭਾਗੀਦਾਰੀ ਦੇ ਨਾਲ-ਨਾਲ ਜਨ-ਜਾਗਰਣ ਦੇ ਵੀ ਵੱਡੇ ਉਦਾਹਰਣ ਹਨ। ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਵੀ ਰੁੱਖ ਲਗਾਉਣ ਅਤੇ ਪਾਣੀ ਬਚਾਉਣ ਦੇ ਇਨ੍ਹਾਂ ਯਤਨਾਂ ਦਾ ਹਿੱਸਾ ਬਣੀਏ।
ਮੇਰੇ ਪਿਆਰੇ ਦੇਸ਼ਵਾਸੀਓ, ਇਸ ਵੇਲੇ ਸਾਵਣ ਦਾ ਪਵਿੱਤਰ ਮਹੀਨਾ ਚਲ ਰਿਹਾ ਹੈ। ਸਦਾਸ਼ਿਵ ਮਹਾਦੇਵ ਦੀ ਸਾਧਨਾ-ਆਰਾਧਨਾ ਦੇ ਨਾਲ ਹੀ ਸਾਵਣ ਹਰਿਆਲੀ ਅਤੇ ਖੁਸ਼ੀਆਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਸਾਵਣ ਦਾ ਅਧਿਆਤਮਿਕ ਦੇ ਨਾਲ ਹੀ ਸਾਂਸਕ੍ਰਿਤਕ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਮਹੱਤਵ ਰਿਹਾ ਹੈ। ਸਾਵਣ ਦੇ ਝੂਲੇ, ਸਾਵਣ ਦੀ ਮਹਿੰਦੀ, ਸਾਵਣ ਦੇ ਉਤਸਵ, ਭਾਵ ਸਾਵਣ ਦਾ ਮਤਲਬ ਹੀ ਆਨੰਦ ਅਤੇ ਉੱਲਾਸ (ਖੁਸ਼ੀ) ਹੁੰਦਾ ਹੈ।
ਸਾਥੀਓ, ਸਾਡੀ ਇਸ ਆਸਥਾ ਅਤੇ ਇਨ੍ਹਾਂ ਪਰੰਪਰਾਵਾਂ ਦਾ ਇੱਕ ਪੱਖ ਹੋਰ ਵੀ ਹੈ, ਸਾਡੇ ਇਹ ਤਿਉਹਾਰ ਅਤੇ ਪਰੰਪਰਾਵਾਂ ਸਾਨੂੰ ਗਤੀਸ਼ੀਲ ਬਣਾਉਂਦੇ ਹਨ। ਸਾਵਣ ਵਿੱਚ ਸ਼ਿਵ ਆਰਾਧਨਾ ਦੇ ਲਈ ਕਿੰਨੇ ਹੀ ਭਗਤ, ਕਾਂਵੜ ਯਾਤਰਾ ’ਤੇ ਨਿਕਲਦੇ ਹਨ। ਸਾਵਣ ਦੀ ਵਜ੍ਹਾ ਨਾਲ ਇਨ੍ਹਾਂ ਦਿਨਾਂ ਵਿੱਚ 12 ਜੋਤੀ ਲਿੰਗਾਂ ’ਚ ਵੀ ਖੂਬ ਸ਼ਰਧਾਲੂ ਪਹੁੰਚ ਰਹੇ ਹਨ। ਤੁਹਾਨੂੰ ਇਹ ਜਾਣ ਕੇ ਚੰਗਾ ਲਗੇਗਾ ਕਿ ਬਨਾਰਸ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਵੀ ਰਿਕਾਰਡ ਤੋੜ ਰਹੀ ਹੈ। ਹੁਣ ਕਾਸ਼ੀ ’ਚ ਹਰ ਸਾਲ 10 ਕਰੋੜ ਤੋਂ ਵੀ ਜ਼ਿਆਦਾ ਸੈਲਾਨੀ ਪਹੁੰਚ ਰਹੇ ਹਨ। ਅਯੁੱਧਿਆ, ਮਥੁਰਾ, ਉਜੈਨ ਵਰਗੇ ਤੀਰਥਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਇਸ ਨਾਲ ਲੱਖਾਂ ਗ਼ਰੀਬਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ, ਉਨ੍ਹਾਂ ਦਾ ਜੀਵਨ ਚੰਗਾ ਗੁਜਰ ਰਿਹਾ ਹੈ। ਇਹ ਸਭ ਸਾਡੇ ਸਾਂਸਕ੍ਰਿਤਕ ਜਨ-ਜਾਗਰਣ ਦਾ ਨਤੀਜਾ ਹੈ। ਇਸ ਦੇ ਦਰਸ਼ਨ ਲਈ ਹੁਣ ਤਾਂ ਪੂਰੀ ਦੁਨੀਆਂ ਤੋਂ ਲੋਕ ਸਾਡੇ ਤੀਰਥਾਂ ’ਤੇ ਆ ਰਹੇ ਹਨ। ਮੈਨੂੰ ਅਜਿਹੇ ਹੀ ਦੋ ਅਮਰੀਕਨ ਦੋਸਤਾਂ ਦੇ ਬਾਰੇ ਪਤਾ ਲਗਿਆ ਹੈ ਜੋ ਕੈਲੀਫੋਰਨੀਆ ਤੋਂ ਇੱਥੇ ਅਮਰਨਾਥ ਯਾਤਰਾ ਕਰਨ ਆਏ ਸਨ, ਇਨ੍ਹਾਂ ਵਿਦੇਸ਼ੀ ਮਹਿਮਾਨਾਂ ਨੇ ਅਮਰਨਾਥ ਯਾਤਰਾ ਨਾਲ ਜੁੜੇ ਸਵਾਮੀ ਵਿਵੇਕਾਨੰਦ ਦੇ ਅਨੁਭਵਾਂ ਬਾਰੇ ਕਿਤੇ ਸੁਣਿਆ ਸੀ। ਇਸ ਨਾਲ ਉਨ੍ਹਾਂ ਨੂੰ ਇੰਨੀ ਪ੍ਰੇਰਣਾ ਮਿਲੀ ਕਿ ਇਹ ਖੁਦ ਵੀ ਅਮਰਨਾਥ ਯਾਤਰਾ ਕਰਨ ਆ ਗਏ। ਇਹ ਇਸ ਨੂੰ ਭਗਵਾਨ ਭੋਲੇਨਾਥ ਦਾ ਅਸ਼ੀਰਵਾਦ ਮੰਨਦੇ ਹਨ। ਇਹੀ ਭਾਰਤ ਦੀ ਖਾਸੀਅਤ ਹੈ ਕਿ ਇਹ ਸਭ ਨੂੰ ਅਪਣਾਉਂਦਾ ਹੈ, ਸਭ ਨੂੰ ਕੁਝ ਨਾ ਕੁਝ ਦਿੰਦਾ ਹੈ। ਇਸੇ ਤਰ੍ਹਾਂ ਹੀ ਇੱਕ ਫ੍ਰੈਂਚ ਮੂਲ ਦੀ ਮਹਿਲਾ ਹੈ, Charlotte Shopa (ਸ਼ਾਰਲੋਟ ਸ਼ੋਪਾ)। ਬੀਤੇ ਦਿਨੀਂ ਜਦ ਮੈਂ ਫਰਾਂਸ ਗਿਆ ਸੀ ਤਾਂ ਇਨ੍ਹਾਂ ਨਾਲ ਮੇਰੀ ਮੁਲਾਕਾਤ ਹੋਈ ਸੀ, ਸ਼ਾਰਲੋਟ ਸ਼ੋਪਾ ਇੱਕ ਯੋਗ ਪ੍ਰੈਕਟੀਸ਼ਨਰ ਹਨ, ਯੋਗ ਟੀਚਰ ਹਨ ਅਤੇ ਉਨ੍ਹਾਂ ਦੀ ਉਮਰ 100 ਸਾਲ ਤੋਂ ਵੀ ਜ਼ਿਆਦਾ ਹੈ। ਉਹ ਸੈਂਚਰੀ ਪਾਰ ਕਰ ਚੁੱਕੇ ਹਨ। ਉਹ ਪਿਛਲੇ 40 ਸਾਲ ਤੋਂ ਯੋਗ ਪ੍ਰੈਕਟਿਸ ਕਰ ਰਹੇ ਹਨ। ਉਹ ਆਪਣੀ ਸਿਹਤ ਅਤੇ 100 ਸਾਲ ਦੀ ਇਸ ਉਮਰ ਦਾ ਸਿਹਰਾ ਯੋਗ ਨੂੰ ਹੀ ਦਿੰਦੇ ਹਨ। ਉਹ ਦੁਨੀਆਂ ਵਿੱਚ ਭਾਰਤ ਦੇ ਯੋਗ ਵਿਗਿਆਨ ਅਤੇ ਇਸ ਦੀ ਤਾਕਤ ਦਾ ਇੱਕ ਪ੍ਰਮੁੱਖ ਚਿਹਰਾ ਬਣ ਗਏ ਹਨ। ਇਨ੍ਹਾਂ ਤੋਂ ਹਰ ਕਿਸੇ ਨੂੰ ਸਿੱਖਣਾ ਚਾਹੀਦਾ ਹੈ। ਅਸੀਂ ਨਾ ਸਿਰਫ਼ ਆਪਣੀ ਵਿਰਾਸਤ ਨੂੰ ਅੰਗੀਕਾਰ ਕਰੀਏ, ਸਗੋਂ ਉਸ ਨੂੰ ਜ਼ਿੰਮੇਵਾਰੀ ਨਾਲ ਵਿਸ਼ਵ ਦੇ ਸਾਹਮਣੇ ਪੇਸ਼ ਵੀ ਕਰੀਏ ਅਤੇ ਮੈਨੂੰ ਖੁਸ਼ੀ ਹੈ ਕਿ ਅਜਿਹਾ ਹੀ ਇੱਕ ਯਤਨ ਇਨ੍ਹੀਂ ਦਿਨੀਂ ਉਜੈਨ ਵਿੱਚ ਚਲ ਰਿਹਾ ਹੈ। ਉੱਥੇ ਦੇਸ਼ ਭਰ ਦੇ 18 ਚਿੱਤਰਕਾਰ ਪੁਰਾਣਾਂ ਉੱਪਰ ਅਧਾਰਿਤ ਆਕਰਸ਼ਕ ਚਿੱਤਰ ਕਥਾਵਾਂ ਬਣਾ ਰਹੇ ਹਨ। ਇਹ ਚਿੱਤਰ ਬੂੰਦੀ ਸ਼ੈਲੀ, ਨਾਥਦੁਆਰਾ ਸ਼ੈਲੀ, ਪਹਾੜੀ ਸ਼ੈਲੀ ਅਤੇ ਅਪਭ੍ਰੰਸ਼ ਸ਼ੈਲੀ ਵਰਗੀਆਂ ਕਈ ਵਿਸ਼ੇਸ਼ ਸ਼ੈਲੀਆਂ ਵਿੱਚ ਬਣਨਗੇ। ਇਨ੍ਹਾਂ ਨੂੰ ਉਜੈਨ ਦੇ ਤ੍ਰਿਵੇਣੀ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ, ਭਾਵ ਕੁਝ ਸਮੇਂ ਬਾਅਦ ਜਦ ਤੁਸੀਂ ਉਜੈਨ ਜਾਓਗੇ ਤਾਂ ਮਹਾਕਾਲ ਮਹਾਲੋਕ ਦੇ ਨਾਲ-ਨਾਲ ਇੱਕ ਹੋਰ ਦੈਵੀ ਸਥਾਨ ਦੇ ਤੁਸੀਂ ਦਰਸ਼ਨ ਕਰ ਸਕੋਗੇ।
ਸਾਥੀਓ, ਉਜੈਨ ’ਚ ਬਣ ਰਹੀਆਂ ਇਨ੍ਹਾਂ ਪੇਂਟਿੰਗਸ ਦੀ ਗੱਲ ਕਰਦੇ ਹੋਏ ਮੈਨੂੰ ਇੱਕ ਹੋਰ ਅਨੋਖੀ ਪੇਂਟਿੰਗ ਦੀ ਯਾਦ ਆ ਗਈ ਹੈ, ਇਹ ਪੇਂਟਿੰਗ ਰਾਜਕੋਟ ਦੇ ਇੱਕ ਆਰਟਿਸਟ ਪ੍ਰਭਾਤ ਸਿੰਘ ਮੋਡਭਾਈ ਬਰਹਾਟ ਜੀ ਨੇ ਬਣਾਈ ਸੀ। ਇਹ ਪੇਂਟਿੰਗ ਛਤਰਪਤੀ ਵੀਰ ਸ਼ਿਵਾ ਜੀ ਮਹਾਰਾਜ ਦੇ ਜੀਵਨ ਦੇ ਇੱਕ ਪ੍ਰਸੰਗ ਉੱਪਰ ਅਧਾਰਿਤ ਸੀ। ਆਰਟਿਸਟ ਪ੍ਰਭਾਤ ਭਾਈ ਨੇ ਦਰਸਾਇਆ ਸੀ ਕਿ ਛਤਰਪਤੀ ਸ਼ਿਵਾ ਜੀ ਮਹਾਰਾਜ ਰਾਜ ਅਭਿਸ਼ੇਕ ਤੋਂ ਬਾਅਦ ਆਪਣੀ ਕੁਲਦੇਵੀ ਤੁਲਜਾ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਸਨ ਤਾਂ ਉਸ ਸਮੇਂ ਕੀ ਮਾਹੌਲ ਸੀ। ਆਪਣੀਆਂ ਪਰੰਪਰਾਵਾਂ, ਆਪਣੀਆਂ ਵਿਰਾਸਤਾਂ ਨੂੰ ਜਿਊਂਦਿਆਂ ਰੱਖਣ ਲਈ ਸਾਨੂੰ ਉਨ੍ਹਾਂ ਨੂੰ ਸਾਂਭਣਾ ਪੈਂਦਾ ਹੈ, ਉਨ੍ਹਾਂ ਨੂੰ ਜੀਣਾ ਪੈਂਦਾ ਹੈ, ਉਨ੍ਹਾਂ ਨੂੰ ਅਗਲੀ ਪੀੜ੍ਹੀ ਨੂੰ ਸਿਖਾਉਣਾ ਪੈਂਦਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਇਸ ਦਿਸ਼ਾ ਵਿੱਚ ਅਨੇਕਾਂ ਯਤਨ ਹੋ ਰਹੇ ਹਨ।
ਮੇਰੇ ਪਿਆਰੇ ਦੇਸ਼ਵਾਸੀਓ, ਕਈ ਵਾਰ ਜਦੋਂ ਅਸੀਂ Ecology, Flora, Fauna, Bio Diversity ਵਰਗੇ ਸ਼ਬਦ ਸੁਣਦੇ ਹਾਂ ਤਾਂ ਕੁਝ ਲੋਕਾਂ ਨੂੰ ਲਗਦਾ ਹੈ ਕਿ ਇਹ ਤਾਂ ਸਪੈਸ਼ਲਾਈਜ਼ਡ ਸਬਜੈਕਟ ਹੈ। ਇਸ ਨਾਲ ਜੁੜੇ ਐਕਸਪਰਟਸ ਦੇ ਵਿਸ਼ੇ ਹਨ ਪਰ ਅਜਿਹਾ ਨਹੀਂ ਹੈ, ਜੇਕਰ ਅਸੀਂ ਵਾਕਿਆ ਹੀ ਕੁਦਰਤ ਨੂੰ ਪ੍ਰੇਮ ਕਰਦੇ ਹਾਂ ਤਾਂ ਅਸੀਂ ਆਪਣੇ ਛੋਟੇ-ਛੋਟੇ ਯਤਨਾਂ ਨਾਲ ਵੀ ਬਹੁਤ ਕੁਝ ਕਰ ਸਕਦੇ ਹਾਂ। ਤਮਿਲ ਨਾਡੂ ਵਿੱਚ ਵਾਡਾਵੱਲੀ ਦੇ ਇੱਕ ਸਾਥੀ ਹਨ ਸੁਰੇਸ਼ ਰਾਘਵਨ ਜੀ, ਰਾਘਵਨ ਜੀ ਨੂੰ ਪੇਂਟਿੰਗ ਦਾ ਸ਼ੌਕ ਹੈ। ਤੁਸੀਂ ਜਾਣਦੇ ਹੀ ਹੋ ਕਿ ਪੇਂਟਿੰਗ ਕਲਾ ਅਤੇ ਕੈਨਵਸ ਨਾਲ ਜੁੜਿਆ ਕੰਮ ਹੈ ਪਰ ਰਾਘਵਨ ਜੀ ਨੇ ਤੈਅ ਕੀਤਾ ਕਿ ਉਹ ਆਪਣੀ ਪੇਂਟਿੰਗਸ ਦੇ ਜ਼ਰੀਏ ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਦੀ ਜਾਣਕਾਰੀ ਨੂੰ ਸਾਂਭਣਗੇ। ਉਹ ਵੱਖ-ਵੱਖ ਫਲੌਰਾ ਅਤੇ ਫੌਨਾ ਦੀ ਪੇਂਟਿੰਗਸ ਬਣਾ ਕੇ ਉਨ੍ਹਾਂ ਨਾਲ ਜੁੜੀ ਜਾਣਕਾਰੀ ਦਾ ਡਾਕੂਮੈਂਟੇਸ਼ਨ ਕਰਦੇ ਹਨ। ਉਹ ਹੁਣ ਤੱਕ ਦਰਜਨਾਂ ਅਜਿਹੀਆਂ ਚਿੜੀਆਂ ਦੀ, ਪਸ਼ੂਆਂ ਦੀ, ਓਰਚਿਡਸ ਦੀ ਪੇਂਡਿੰਗਸ ਬਣਾ ਚੁੱਕੇ ਹਨ ਜੋ ਅਲੋਪ ਹੋਣ ਦੀ ਕਗਾਰ ਉੱਪਰ ਹਨ। ਕਲਾ ਦੇ ਜ਼ਰੀਏ ਕੁਦਰਤ ਦੀ ਸੇਵਾ ਕਰਨ ਦਾ ਇਹ ਉਦਾਹਰਣ ਵਾਕਿਆ ਹੀ ਵਿਲੱਖਣ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਮੈਂ ਤੁਹਾਨੂੰ ਇੱਕ ਹੋਰ ਦਿਲਚਸਪ ਬਾਤ ਦੱਸਣਾ ਚਾਹੁੰਦਾ ਹਾਂ, ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਪਰ ਇੱਕ ਵਿਲੱਖਣ ਕ੍ਰੇਜ਼ ਦਿਖਿਆ, ਅਮਰੀਕਾ ਨੇ ਸਾਨੂੰ 100 ਤੋਂ ਵੀ ਜ਼ਿਆਦਾ ਦੁਰਲੱਭ ਅਤੇ ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕੀਤੀਆਂ ਹਨ, ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਇਨ੍ਹਾਂ ਕਲਾਕ੍ਰਿਤੀਆਂ ਨੂੰ ਲੈ ਕੇ ਖੂਬ ਚਰਚਾ ਹੋਈ। ਨੌਜਵਾਨਾਂ ਵਿੱਚ ਆਪਣੀ ਵਿਰਾਸਤ ਦੇ ਪ੍ਰਤੀ ਗੌਰਵ ਦਾ ਭਾਵ ਦਿਖਿਆ। ਭਾਰਤ ਵਾਪਸ ਆਈਆਂ ਇਹ ਕਲਾਕ੍ਰਿਤੀਆਂ ਢਾਈ ਹਜ਼ਾਰ ਸਾਲ ਤੋਂ ਲੈ ਕੇ ਢਾਈ ਸੌ ਸਾਲ ਤੱਕ ਪੁਰਾਣੀਆਂ ਹਨ। ਤੁਹਾਨੂੰ ਇਹ ਵੀ ਜਾਣ ਕੇ ਖੁਸ਼ੀ ਹੋਵੇਗੀ ਕਿ ਇਨ੍ਹਾਂ ਦੁਰਲੱਭ ਚੀਜ਼ਾਂ ਦਾ ਨਾਤਾ ਦੇਸ਼ ਦੇ ਵੱਖ-ਵੱਖ ਖੇਤਰਾਂ ਨਾਲ ਹੈ। ਇਹ ਟੈਰਾਕੋਟਾ, ਸਟੋਨ, ਮੈਟਲ ਅਤੇ ਲੱਕੜ ਦੀ ਵਰਤੋਂ ਨਾਲ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਅਜਿਹੀਆਂ ਹਨ ਜੋ ਤੁਹਾਨੂੰ ਹੈਰਾਨੀ ਨਾਲ ਭਰ ਦੇਣਗੀਆਂ। ਤੁਸੀਂ ਇਨ੍ਹਾਂ ਨੂੰ ਵੇਖੋਗੇ ਤਾਂ ਵੇਖਦੇ ਹੀ ਰਹਿ ਜਾਓਗੇ। ਇਨ੍ਹਾਂ ਵਿੱਚ 11ਵੀਂ ਸਦੀ ਦਾ ਇੱਕ ਖੂਬਸੂਰਤ ਸੈਂਡਸਟੋਨ ਸਕਲਪਚਰ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ। ਇਹ ਨ੍ਰਿਤ ਕਰਦੀ ਹੋਈ ਇੱਕ ਅਪਸਰਾ ਦੀ ਕਲਾਕ੍ਰਿਤੀ ਹੈ, ਜਿਸ ਦਾ ਨਾਤਾ ਮੱਧ ਪ੍ਰਦੇਸ਼ ਨਾਲ ਹੈ। ਚੋਲ ਯੁਗ ਦੀਆਂ ਕਈ ਮੂਰਤੀਆਂ ਵੀ ਇਨ੍ਹਾਂ ’ਚ ਸ਼ਾਮਲ ਹਨ। ਦੇਵੀ ਅਤੇ ਭਗਵਾਨ ਮੁਰਗਨ ਦੀਆਂ ਮੂਰਤੀਆਂ ਤਾਂ 12ਵੀਂ ਸਦੀ ਦੀਆਂ ਹਨ ਅਤੇ ਤਮਿਲ ਨਾਡੂ ਦੀ ਗੌਰਵਸ਼ਾਲੀ ਸੰਸਕ੍ਰਿਤੀ ਨਾਲ ਜੁੜੀਆਂ ਹਨ। ਭਗਵਾਨ ਗਣੇਸ਼ ਦੀ ਕਰੀਬ ਇੱਕ ਹਜ਼ਾਰ ਸਾਲ ਪੁਰਾਣੀ ਕਾਂਸੇ ਦੀ ਮੂਰਤੀ ਵੀ ਭਾਰਤ ਨੂੰ ਵਾਪਸ ਕੀਤੀ ਗਈ ਹੈ। ਲਲਿਤ ਆਸਣ ਵਿੱਚ ਬੈਠੇ ਉਮਾ-ਮਹੇਸ਼ਵਰ ਦੀ ਇੱਕ ਮੂਰਤੀ 11ਵੀਂ ਸਦੀ ਦੀ ਦੱਸੀ ਜਾਂਦੀ ਹੈ, ਜਿਸ ਵਿੱਚ ਉਹ ਦੋਵੇਂ ਨੰਦੀ ਉੱਪਰ ਬੈਠੇ ਹਨ। ਪੱਥਰਾਂ ਨਾਲ ਬਣੀਆਂ ਜੈਨ ਤੀਰਥਾਂਕਰਾਂ ਦੀਆਂ ਦੋ ਮੂਰਤੀਆਂ ਵੀ ਭਾਰਤ ਵਾਪਸ ਆਈਆਂ ਹਨ। ਭਗਵਾਨ ਸੂਰਿਆ ਦੇਵ ਦੀਆਂ ਦੋ ਮੂਰਤੀਆਂ ਵੀ ਤੁਹਾਡਾ ਮਨ ਮੋਹ ਲੈਣਗੀਆਂ। ਇਨ੍ਹਾਂ ਵਿੱਚੋਂ ਇੱਕ ਸੈਂਡਸਟੋਨ ਨਾਲ ਬਣੀ ਹੈ। ਵਾਪਸ ਕੀਤੀਆਂ ਗਈਆਂ ਇਨ੍ਹਾਂ ਚੀਜ਼ਾਂ ਵਿੱਚ ਲੱਕੜ ਨਾਲ ਬਣਿਆ ਇੱਕ ਪੈਨਲ ਵੀ ਹੈ ਜੋ ਸਮੁੰਦਰ ਮੰਥਨ ਦੀ ਕਥਾ ਨੂੰ ਸਾਹਮਣੇ ਲਿਆਉਂਦਾ ਹੈ। 16ਵੀਂ-17ਵੀਂ ਸਦੀ ਦੇ ਇਸ ਪੈਨਲ ਦਾ ਸਬੰਧ ਦੱਖਣ ਭਾਰਤ ਨਾਲ ਹੈ।
ਸਾਥੀਓ, ਇੱਥੇ ਤਾਂ ਮੈਂ ਬਹੁਤ ਹੀ ਘੱਟ ਨਾਮ ਲਏ ਹਨ, ਜਦਕਿ ਵੇਖੀਏ ਤਾਂ ਇਹ ਲਿਸਟ ਬਹੁਤ ਲੰਬੀ ਹੈ। ਮੈਂ ਅਮਰੀਕੀ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਸਾਡੀ ਇਸ ਬਹੁਮੁੱਲੀ ਵਿਰਾਸਤ ਨੂੰ ਵਾਪਸ ਕੀਤਾ ਹੈ। 2016 ਅਤੇ 2021 ’ਚ ਵੀ ਜਦ ਮੈਂ ਅਮਰੀਕਾ ਦੀ ਯਾਤਰਾ ਕੀਤੀ ਸੀ, ਉਦੋਂ ਵੀ ਕਈ ਕਲਾਕ੍ਰਿਤੀਆਂ ਭਾਰਤ ਨੂੰ ਵਾਪਸ ਕੀਤੀਆਂ ਗਈਆਂ ਸਨ। ਮੈਨੂੰ ਯਕੀਨ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਨਾਲ ਸਾਡੀਆਂ ਸਾਂਸਕ੍ਰਿਤਕ ਵਿਰਾਸਤਾਂ ਦੀ ਚੋਰੀ ਰੋਕਣ ਨੂੰ ਇਸ ਗੱਲ ਨੂੰ ਲੈ ਕੇ ਦੇਸ਼ ਭਰ ਵਿੱਚ ਜਾਗਰੂਕਤਾ ਵਧੇਗੀ। ਇਸ ਨਾਲ ਸਾਡੀ ਸਮ੍ਰਿੱਧ ਵਿਰਾਸਤ ਨਾਲ ਦੇਸ਼ਵਾਸੀਆਂ ਦਾ ਲਗਾਓ ਹੋਰ ਵੀ ਗਹਿਰਾ ਹੋਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ, ਦੇਵ ਭੂਮੀ ਉੱਤਰਾਖੰਡ ਦੀਆਂ ਕੁਝ ਮਾਤਾਵਾਂ ਅਤੇ ਭੈਣਾਂ ਨੇ ਜੋ ਮੈਨੂੰ ਪੱਤਰ ਲਿਖੇ ਹਨ, ਉਹ ਭਾਵੁਕ ਕਰ ਦੇਣ ਵਾਲੇ ਹਨ। ਉਨ੍ਹਾਂ ਨੇ ਆਪਣੇ ਬੇਟੇ ਨੂੰ, ਆਪਣੇ ਭਰਾ ਨੂੰ ਬਹੁਤ ਸਾਰਾ ਅਸ਼ੀਰਵਾਦ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਸਾਡੀ ਸਾਂਸਕ੍ਰਿਤਕ ਵਿਰਾਸਤ ਰਿਹਾ ਭੋਜ-ਪੱਤਰ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਬਣ ਸਕਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਪੂਰਾ ਮਾਮਲਾ ਕੀ ਹੈ?
ਸਾਥੀਓ, ਮੈਨੂੰ ਇਹ ਪੱਤਰ ਲਿਖੇ ਹਨ ਚਮੋਲੀ ਜ਼ਿਲ੍ਹੇ ਦੀ ਨੀਤੀ ਮਾਣਾ ਘਾਟੀ ਦੀਆਂ ਮਹਿਲਾਵਾਂ ਨੇ। ਇਹ ਉਹ ਮਹਿਲਾਵਾਂ ਹਨ, ਜਿਨ੍ਹਾਂ ਨੇ ਪਿਛਲੇ ਵਰ੍ਹੇ ਅਕਤੂਬਰ ਵਿੱਚ ਮੈਨੂੰ ਭੋਜ-ਪੱਤਰ ਉੱਪਰ ਇੱਕ ਵਿਲੱਖਣ ਕਲਾਕ੍ਰਿਤੀ ਭੇਂਟ ਕੀਤੀ ਸੀ, ਇਹ ਤੋਹਫ਼ਾ ਲੈ ਕੇ ਮੈਂ ਵੀ ਬਹੁਤ ਗਦ-ਗਦ ਹੋ ਗਿਆ ਸੀ। ਆਖਿਰਕਾਰ ਸਾਡੇ ਇੱਥੇ ਪ੍ਰਾਚੀਨ ਕਾਲ ਤੋਂ ਸਾਡੇ ਸ਼ਾਸਤਰ ਅਤੇ ਗ੍ਰੰਥ ਇਨ੍ਹਾਂ ਭੋਜ-ਪੱਤਰਾਂ ਉੱਪਰ ਸੰਭਾਲ਼ੇ ਜਾਂਦੇ ਰਹੇ ਹਨ। ਮਹਾਭਾਰਤ ਵੀ ਤਾਂ ਇਸੇ ਭੋਜ-ਪੱਤਰ ਉੱਪਰ ਲਿਖਿਆ ਗਿਆ ਸੀ। ਅੱਜ ਦੇਵ-ਭੂਮੀ ਦੀਆਂ ਇਹ ਮਹਿਲਾਵਾਂ ਇਸ ਭੋਜ-ਪੱਤਰ ਨਾਲ ਬੇਹੱਦ ਹੀ ਸੋਹਣੀਆਂ-ਸੋਹਣੀਆਂ ਕਲਾਕ੍ਰਿਤੀਆਂ ਅਤੇ ਸਮ੍ਰਿਤੀ ਚਿੰਨ੍ਹ ਬਣਾ ਰਹੀਆਂ ਹਨ। ਮਾਣਾ ਪਿੰਡ ਦੀ ਯਾਤਰਾ ਦੇ ਦੌਰਾਨ ਮੈਂ ਉਨ੍ਹਾਂ ਦੇ ਇਸ ਯੂਨੀਕ ਯਤਨ ਦੀ ਪ੍ਰਸ਼ੰਸਾ ਕੀਤੀ ਸੀ। ਮੈਂ ਦੇਵ-ਭੂਮੀ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਯਾਤਰਾ ਦੇ ਦੌਰਾਨ ਵੱਧ ਤੋਂ ਵੱਧ ਲੋਕਲ ਪ੍ਰੋਡਕਟਸ ਖਰੀਦਣ। ਇਸ ਦਾ ਉੱਥੇ ਬਹੁਤ ਅਸਰ ਹੋਇਆ ਹੈ। ਅੱਜ ਭੋਜ-ਪੱਤਰ ਦੇ ਉਤਪਾਦਾਂ ਨੂੰ ਇੱਥੇ ਆਉਣ ਵਾਲੇ ਤੀਰਥ ਯਾਤਰੀ ਕਾਫੀ ਪਸੰਦ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਚੰਗੀਆਂ ਕੀਮਤਾਂ ਉੱਪਰ ਖਰੀਦ ਵੀ ਰਹੇ ਹਨ। ਭੋਜ-ਪੱਤਰ ਦੀ ਇਹ ਪ੍ਰਾਚੀਨ ਵਿਰਾਸਤ ਉੱਤਰਾਖੰਡ ਦੀਆਂ ਮਹਿਲਾਵਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਦੇ ਨਵੇਂ ਰੰਗ ਭਰ ਰਹੀ ਹੈ। ਮੈਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਹੈ ਕਿ ਭੋਜ-ਪੱਤਰ ਦੇ ਨਵੇਂ-ਨਵੇਂ ਪ੍ਰੋਡਕਟ ਬਣਾਉਣ ਲਈ ਰਾਜ ਸਰਕਾਰ ਮਹਿਲਾਵਾਂ ਨੂੰ ਟ੍ਰੇਨਿੰਗ ਵੀ ਦੇ ਰਹੀ ਹੈ।
ਰਾਜ ਸਰਕਾਰ ਨੇ ਭੋਜ-ਪੱਤਰ ਦੀਆਂ ਦੁਰਲੱਭ ਪ੍ਰਜਾਤੀਆਂ ਨੂੰ ਸਾਂਭਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਹੈ, ਜਿਨ੍ਹਾਂ ਖੇਤਰਾਂ ਨੂੰ ਕਦੇ ਦੇਸ਼ ਦਾ ਆਖਰੀ ਸਿਰਾ ਮੰਨਿਆ ਜਾਂਦਾ ਸੀ, ਉਨ੍ਹਾਂ ਨੂੰ ਹੁਣ ਦੇਸ਼ ਦਾ ਪਹਿਲਾ ਪਿੰਡ ਮੰਨ ਕੇ ਵਿਕਾਸ ਹੋ ਰਿਹਾ ਹੈ। ਇਹ ਯਤਨ ਆਪਣੀ ਪਰੰਪਰਾ ਅਤੇ ਸੰਸਕ੍ਰਿਤੀ ਨੂੰ ਸਾਂਭਣ ਦੇ ਨਾਲ ਆਰਥਿਕ ਤਰੱਕੀ ਦਾ ਵੀ ਜ਼ਰੀਆ ਬਣ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਮੈਨੂੰ ਕਾਫੀ ਗਿਣਤੀ ’ਚ ਅਜਿਹੇ ਪੱਤਰ ਵੀ ਮਿਲੇ ਹਨ ਜੋ ਮਨ ਨੂੰ ਬਹੁਤ ਹੀ ਸੰਤੋਖ ਦਿੰਦੇ ਹਨ। ਇਹ ਚਿੱਠੀ ਉਨ੍ਹਾਂ ਮੁਸਲਿਮ ਮਹਿਲਾਵਾਂ ਨੇ ਲਿਖੀ ਹੈ ਜੋ ਹਾਲ ਹੀ ’ਚ ਹੱਜ ਯਾਤਰਾ ਕਰਕੇ ਆਈਆਂ ਹਨ, ਉਨ੍ਹਾਂ ਦੀ ਇਹ ਯਾਤਰਾ ਕਈ ਅਰਥਾਂ ਵਿੱਚ ਬਹੁਤ ਖਾਸ ਹੈ। ਇਹ ਉਹ ਮਹਿਲਾਵਾਂ ਹਨ, ਜਿਨ੍ਹਾਂ ਨੇ ਹੱਜ ਦੀ ਯਾਤਰਾ ਬਿਨਾ ਕਿਸੇ ਪੁਰਸ਼ ਸਹਿਯੋਗੀ ਜਾਂ ਮਹਿਰਮ ਦੇ ਬਿਨਾ ਪੂਰੀ ਕੀਤੀ ਹੈ ਅਤੇ ਇਹ ਗਿਣਤੀ 100-50 ਨਹੀਂ, ਸਗੋਂ 4 ਹਜ਼ਾਰ ਤੋਂ ਜ਼ਿਆਦਾ ਹੈ। ਇਹ ਇੱਕ ਵੱਡੀ ਤਬਦੀਲੀ ਹੈ। ਪਹਿਲਾਂ ਮੁਸਲਿਮ ਮਹਿਲਾਵਾਂ ਨੂੰ ਬਿਨਾ ਮਹਿਰਮ ਹੱਜ ਕਰਨ ਦੀ ਇਜਾਜ਼ਤ ਨਹੀਂ ਸੀ। ਮੈਂ ‘ਮਨ ਕੀ ਬਾਤ’ ਦੇ ਮਾਧਿਅਮ ਰਾਹੀਂ ਸਾਊਦੀ ਅਰਬ ਸਰਕਾਰ ਦਾ ਵੀ ਦਿਲੋਂ ਧੰਨਵਾਦੀ ਹਾਂ, ਬਿਨਾ ਮਹਿਰਮ ਹੱਜ ਉੱਪਰ ਜਾ ਰਹੀਆਂ ਮਹਿਲਾਵਾਂ ਲਈ ਖਾਸ ਤੌਰ ’ਤੇ ਵੁਮੈਨ ਕੁਆਰਡੀਨੇਟਰਸ ਦੀ ਨਿਯੁਕਤੀ ਕੀਤੀ ਗਈ ਸੀ।
ਸਾਥੀਓ, ਬੀਤੇ ਕੁਝ ਵਰ੍ਹਿਆਂ ਵਿੱਚ ਹੱਜ ਪਾਲਿਸੀ ਵਿੱਚ ਜੋ ਤਬਦੀਲੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ, ਸਾਡੀਆਂ ਮੁਸਲਿਮ ਮਾਵਾਂ ਅਤੇ ਭੈਣਾਂ ਨੇ ਇਸ ਬਾਰੇ ਮੈਨੂੰ ਕਾਫੀ ਕੁਝ ਲਿਖਿਆ ਹੈ, ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹੱਜ ਉੱਪਰ ਜਾਣ ਦਾ ਮੌਕਾ ਮਿਲ ਰਿਹਾ ਹੈ। ਹੱਜ ਯਾਤਰਾ ਤੋਂ ਵਾਪਸ ਆਏ ਲੋਕਾਂ ਨੇ ਵਿਸ਼ੇਸ਼ ਤੌਰ ’ਤੇ ਸਾਡੀਆਂ ਮਾਵਾਂ-ਭੈਣਾਂ ਨੇ ਚਿੱਠੀ ਲਿਖ ਕੇ ਜੋ ਅਸ਼ੀਰਵਾਦ ਦਿੱਤਾ ਹੈ, ਉਹ ਆਪਣੇ ਆਪ ਵਿੱਚ ਬਹੁਤ ਪ੍ਰੇਰਣਾਦਾਇਕ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਜੰਮੂ-ਕਸ਼ਮੀਰ ਵਿੱਚ ਮਿਊਜ਼ੀਕਲ ਨਾਈਟਸ ਹੋਣ, High Altitudes ਵਿੱਚ ਬਾਈਕ ਰੈਲੀਆਂ ਹੋਣ, ਚੰਡੀਗੜ੍ਹ ਦੇ ਲੋਕਲ ਕਲੱਬ ਹੋਣ ਅਤੇ ਪੰਜਾਬ ਵਿੱਚ ਢੇਰ ਸਾਰੇ ਸਪੋਰਟਸ ਗਰੁੱਪ ਹੋਣ, ਇਹ ਸੁਣ ਕੇ ਲਗਦਾ ਹੈ ਕਿ ਇੰਟਰਟੇਨਮੈਂਟ ਦੀ ਬਾਤ ਹੋ ਰਹੀ ਹੈ, ਐਡਵੈਂਚਰ ਦੀ ਬਾਤ ਹੋ ਰਹੀ ਹੈ ਪਰ ਬਾਤ ਕੁਝ ਹੋਰ ਹੈ। ਇਹ ਆਯੋਜਨ ਇੱਕ Common Cause ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ Common Cause ਹੈ, ਡ੍ਰੱਗਸ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ। ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਡ੍ਰੱਗਸ ਤੋਂ ਬਚਾਉਣ ਲਈ ਕਈ ਇਨੋਵੇਟਿਵ ਯਤਨ ਵੇਖਣ ਨੂੰ ਮਿਲੇ ਹਨ, ਇੱਥੇ ਮਿਊਜ਼ੀਕਲ ਨਾਈਟ, ਬਾਈਕ ਰੈਲੀਆਂ ਵਰਗੇ ਪ੍ਰੋਗਰਾਮ ਹੋ ਰਹੇ ਹਨ, ਚੰਡੀਗੜ੍ਹ ਵਿੱਚ ਇਸ ਮੈਸੇਜ ਨੂੰ ਸਪ੍ਰੈਡ ਕਰਨ ਲਈ ਲੋਕਲ ਕਲੱਬਾਂ ਨੂੰ ਵੀ ਇਸ ਨਾਲ ਜੋੜਿਆ ਗਿਆ ਹੈ। ਉਹ ਇਨ੍ਹਾਂ ਨੂੰ Vada (ਵਾਦਾ) ਕਲੱਬ ਕਹਿੰਦੇ ਹਨ। ਵਾਦਾ ਭਾਵ ਵਿਕਟਰੀ ਅਗੇਂਸਟ ਡ੍ਰੱਗਸ ਅਬਿਊਜ਼ (Victory Against Drugs Abuse)। ਪੰਜਾਬ ਵਿੱਚ ਕਈ ਸਪੋਰਟਸ ਗਰੁੱਪ ਵੀ ਬਣਾਏ ਗਏ ਹਨ ਜੋ ਫਿਟਨੈੱਸ ਉੱਪਰ ਧਿਆਨ ਦੇਣ ਅਤੇ ਨਸ਼ਾਮੁਕਤੀ ਲਈ ਅਵੇਅਰਨੈੱਸ ਕੈਂਪੇਨ ਚਲਾ ਰਹੇ ਹਨ। ਨਸ਼ੇ ਦੇ ਖ਼ਿਲਾਫ਼ ਮੁਹਿੰਮ ਵਿੱਚ ਨੌਜਵਾਨਾਂ ਦੀ ਵੱਧਦੀ ਹਿੱਸੇਦਾਰੀ ਬਹੁਤ ਉਤਸ਼ਾਹ ਦੇਣ ਵਾਲੀ ਹੈ। ਇਹ ਯਤਨ ਭਾਰਤ ਵਿੱਚ ਨਸ਼ੇ ਦੇ ਖ਼ਿਲਾਫ਼ ਮੁਹਿੰਮ ਨੂੰ ਬਹੁਤ ਤਾਕਤ ਦਿੰਦੇ ਹਨ। ਸਾਨੂੰ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਡ੍ਰੱਗਸ ਤੋਂ ਦੂਰ ਰੱਖਣਾ ਹੀ ਹੋਵੇਗਾ। ਇਸੇ ਸੋਚ ਨਾਲ 15 ਅਗਸਤ 2020 ਨੂੰ ਨਸ਼ਾਮੁਕਤ ਭਾਰਤ ਅਭਿਯਾਨ ਦੀ ਸ਼ੁਰੂਆਤ ਕੀਤੀ ਗਈ ਸੀ, ਇਸ ਅਭਿਯਾਨ ਨਾਲ 11 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਗਿਆ ਹੈ। ਦੋ ਹਫ਼ਤੇ ਪਹਿਲਾਂ ਹੀ ਭਾਰਤ ਨੇ ਡ੍ਰੱਗਸ ਦੇ ਖ਼ਿਲਾਫ਼ ਬਹੁਤ ਵੱਡੀ ਕਾਰਵਾਈ ਕੀਤੀ ਹੈ। ਡ੍ਰੱਗਸ ਦੀ ਕਰੀਬ ਡੇਢ ਲੱਖ ਕਿਲੋ ਦੀ ਖੇਪ ਨੂੰ ਜ਼ਬਤ ਕਰਨ ਤੋਂ ਬਾਅਦ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਭਾਰਤ ਨੇ 10 ਲੱਖ ਕਿਲੋ ਡ੍ਰੱਗਸ ਨੂੰ ਨਸ਼ਟ ਕਰਨ ਦਾ ਅਨੋਖਾ ਰਿਕਾਰਡ ਵੀ ਬਣਾਇਆ ਹੈ। ਇਨ੍ਹਾਂ ਡ੍ਰੱਗਸ ਦੀ ਕੀਮਤ 12000 ਕਰੋੜ ਰੁਪਏ ਤੋਂ ਵੀ ਜ਼ਿਆਦਾ ਸੀ। ਮੈਂ ਉਨ੍ਹਾਂ ਸਾਰਿਆਂ ਦੀ ਤਾਰੀਫ਼ ਕਰਨਾ ਚਾਹਾਂਗਾ ਜੋ ਨਸ਼ਾਮੁਕਤੀ ਦੀ ਇਸ ਨੇਕ ਮੁਹਿੰਮ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਨਸ਼ੇ ਦੀ ਆਦਤ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਸਮਾਜ ਲਈ ਵੀ ਵੱਡੀ ਪਰੇਸ਼ਾਨੀ ਬਣ ਜਾਂਦੀ ਹੈ। ਅਜਿਹੇ ਵਿੱਚ ਇਹ ਖਤਰਾ ਹਮੇਸ਼ਾ ਲਈ ਖ਼ਤਮ ਹੋਵੇ, ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਇਕਜੁੱਟ ਹੋ ਕੇ ਇਸ ਦਿਸ਼ਾ ਵੱਲ ਅੱਗੇ ਵਧੀਏ।
ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਗੱਲ ਡ੍ਰੱਗਸ ਅਤੇ ਨੌਜਵਾਨ ਪੀੜ੍ਹੀ ਦੀ ਹੋ ਰਹੀ ਹੈ ਤਾਂ ਮੈਂ ਤੁਹਾਨੂੰ ਮੱਧ ਪ੍ਰਦੇਸ਼ ਦੀ ਇੱਕ Inspiring Journey ਦੇ ਬਾਰੇ ਵੀ ਦੱਸਣਾ ਚਾਹੁੰਦਾ ਹਾਂ, ਇਹ Inspiring Journey ਹੈ ਮਿੰਨੀ ਬ੍ਰਾਜ਼ੀਲ ਦੀ। ਤੁਸੀਂ ਸੋਚ ਰਹੇ ਹੋਵੋਗੇ ਕਿ ਮੱਧ ਪ੍ਰਦੇਸ਼ ਵਿੱਚ ਮਿੰਨੀ ਬ੍ਰਾਜ਼ੀਲ ਕਿੱਥੋਂ ਆ ਗਿਆ, ਇਹੀ ਤਾਂ ਟਵਿਸਟ ਹੈ। ਐੱਮ.ਪੀ. ਦੇ ਸ਼ਹਡੋਲ ਵਿੱਚ ਇੱਕ ਪਿੰਡ ਹੈ ਬਿਚਾਰਪੁਰ, ਬਿਚਾਰਪੁਰ ਨੂੰ ਮਿੰਨੀ ਬ੍ਰਾਜ਼ੀਲ ਕਿਹਾ ਜਾਂਦਾ ਹੈ। ਮਿੰਨੀ ਬ੍ਰਾਜ਼ੀਲ ਇਸ ਲਈ, ਕਿਉਂਕਿ ਇਹ ਪਿੰਡ ਅੱਜ ਫੁੱਟਬਾਲ ਦੇ ਉੱਭਰਦੇ ਸਿਤਾਰਿਆਂ ਦਾ ਗੜ੍ਹ ਬਣ ਗਿਆ ਹੈ, ਜਦ ਕੁਝ ਹਫ਼ਤੇ ਪਹਿਲਾਂ ਮੈਂ ਸ਼ਹਡੋਲ ਗਿਆ ਸੀ ਤਾਂ ਉੱਥੇ ਮੇਰੀ ਮੁਲਾਕਾਤ ਅਜਿਹੇ ਬਹੁਤ ਸਾਰੇ ਫੁੱਟਬਾਲ ਖਿਡਾਰੀਆਂ ਨਾਲ ਹੋਈ ਸੀ, ਮੈਨੂੰ ਲਗਿਆ ਕਿ ਇਸ ਬਾਰੇ ਸਾਡੇ ਦੇਸ਼ਵਾਸੀਆਂ ਅਤੇ ਖਾਸ ਤੌਰ ’ਤੇ ਨੌਜਵਾਨ ਸਾਥੀਆਂ ਨੂੰ ਜ਼ਰੂਰ ਜਾਨਣਾ ਚਾਹੀਦਾ ਹੈ।
ਸਾਥੀਓ, ਬਿਚਾਰਪੁਰ ਪਿੰਡ ਦੇ ਮਿੰਨੀ ਬ੍ਰਾਜ਼ੀਲ ਬਣਨ ਦੀ ਯਾਤਰਾ ਦੋ-ਢਾਈ ਦਹਾਕੇ ਪਹਿਲਾਂ ਸ਼ੁਰੂ ਹੋਈ ਸੀ। ਉਸ ਦੌਰਾਨ ਬਿਚਾਰਪੁਰ ਪਿੰਡ ਨਾਜਾਇਜ਼ ਸ਼ਰਾਬ ਦੇ ਲਈ ਬਦਨਾਮ ਸੀ, ਨਸ਼ੇ ਦੀ ਜਕੜ ਵਿੱਚ ਸੀ। ਇਸ ਮਾਹੌਲ ਦਾ ਸਭ ਤੋਂ ਵੱਡਾ ਨੁਕਸਾਨ ਇੱਥੋਂ ਦੇ ਨੌਜਵਾਨਾਂ ਨੂੰ ਹੋ ਰਿਹਾ ਸੀ, ਇੱਕ ਸਾਬਕਾ ਨੈਸ਼ਨਲ ਪਲੇਅਰ ਅਤੇ ਕੋਚ ਰਈਸ ਅਹਿਮਦ ਨੇ ਇਨ੍ਹਾਂ ਨੌਜਵਾਨਾਂ ਦੀ ਪ੍ਰਤਿਭਾ ਨੂੰ ਪਛਾਣਿਆ। ਰਈਸ ਜੀ ਦੇ ਕੋਲ ਸਾਧਨ ਜ਼ਿਆਦਾ ਨਹੀਂ ਸਨ ਪਰ ਉਨ੍ਹਾਂ ਨੇ ਪੂਰੀ ਲਗਨ ਨਾਲ ਨੌਜਵਾਨਾਂ ਨੂੰ ਫੁੱਟਬਾਲ ਸਿਖਾਉਣਾ ਸ਼ੁਰੂ ਕੀਤਾ। ਕੁਝ ਸਾਲਾਂ ਦੇ ਅੰਦਰ ਹੀ ਇੱਥੇ ਫੁੱਟਬਾਲ ਇੰਨੀ ਪਾਪੂਲਰ ਹੋ ਗਈ ਕਿ ਬਿਚਾਰਪੁਰ ਪਿੰਡ ਦੀ ਪਛਾਣ ਹੀ ਫੁੱਟਬਾਲ ਨਾਲ ਹੋਣ ਲੱਗੀ। ਹੁਣ ਇੱਥੇ ਫੁੱਟਬਾਲ ਕ੍ਰਾਂਤੀ ਨਾਮ ਦਾ ਇੱਕ ਪ੍ਰੋਗਰਾਮ ਵੀ ਚਲ ਰਿਹਾ ਹੈ, ਇਸ ਪ੍ਰੋਗਰਾਮ ਦੇ ਤਹਿਤ ਨੌਜਵਾਨਾਂ ਨੂੰ ਇਸ ਖੇਡ ਨਾਲ ਜੋੜਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਪ੍ਰੋਗਰਾਮ ਇੰਨਾ ਸਫ਼ਲ ਹੋਇਆ ਹੈ ਕਿ ਬਿਚਾਰਪੁਰ ਤੋਂ ਨੈਸ਼ਨਲ ਅਤੇ ਸਟੇਟ ਲੈਵਲ ਦੇ 40 ਤੋਂ ਜ਼ਿਆਦਾ ਖਿਡਾਰੀ ਨਿਕਲੇ ਹਨ। ਇਹ ਫੁੱਟਬਾਲ ਕ੍ਰਾਂਤੀ ਹੁਣ ਹੌਲ਼ੀ-ਹੌਲ਼ੀ ਪੂਰੇ ਖੇਤਰ ਵਿੱਚ ਫੈਲ ਰਹੀ ਹੈ। ਸ਼ਹਡੋਲ ਅਤੇ ਉਸ ਦੇ ਆਲ਼ੇ-ਦੁਆਲ਼ੇ ਦੇ ਕਾਫੀ ਵੱਡੇ ਇਲਾਕਿਆਂ ’ਚ 1200 ਤੋਂ ਜ਼ਿਆਦਾ ਫੁੱਟਬਾਲ ਕਲੱਬ ਬਣ ਚੁੱਕੇ ਹਨ। ਇੱਥੋਂ ਵੱਡੀ ਸੰਖਿਆ ਵਿੱਚ ਅਜਿਹੇ ਖਿਡਾਰੀ ਨਿਕਲ ਰਹੇ ਹਨ ਜੋ ਨੈਸ਼ਨਲ ਲੈਵਲ ਉੱਪਰ ਖੇਡ ਰਹੇ ਹਨ। ਫੁੱਟਬਾਲ ਦੇ ਕਈ ਵੱਡੇ ਸਾਬਕਾ ਖਿਡਾਰੀ ਅਤੇ ਕੋਚ ਅੱਜ ਇੱਥੇ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ। ਤੁਸੀਂ ਸੋਚੋ ਇੱਕ ਆਦਿਵਾਸੀ ਇਲਾਕਾ ਜੋ ਨਾਜਾਇਜ਼ ਸ਼ਰਾਬ ਲਈ ਜਾਣਿਆ ਜਾਂਦਾ ਸੀ, ਨਸ਼ੇ ਲਈ ਬਦਨਾਮ ਸੀ। ਉਹ ਹੁਣ ਦੇਸ਼ ਦੀ ਫੁੱਟਬਾਲ ਨਰਸਰੀ ਬਣ ਗਿਆ ਹੈ। ਇਸੇ ਲਈ ਤਾਂ ਆਖਦੇ ਹਨ ‘ਜਿੱਥੇ ਚਾਹ ਉੱਥੇ ਰਾਹ’। ਸਾਡੇ ਦੇਸ਼ ’ਚ ਪ੍ਰਤਿਭਾਵਾਂ ਦੀ ਕਮੀ ਨਹੀਂ ਹੈ। ਲੋੜ ਹੈ ਤਾਂ ਉਨ੍ਹਾਂ ਨੂੰ ਲੱਭਣ ਦੀ, ਤ੍ਰਾਸ਼ਣ ਦੀ। ਇਸ ਤੋਂ ਬਾਅਦ ਇਹੀ ਨੌਜਵਾਨ ਦੇਸ਼ ਦਾ ਨਾਮ ਵੀ ਰੌਸ਼ਨ ਕਰਦੇ ਹਨ ਅਤੇ ਦੇਸ਼ ਦੇ ਵਿਕਾਸ ਨੂੰ ਵੀ ਦਿਸ਼ਾ ਦਿੰਦੇ ਹਨ।
ਮੇਰੇ ਪਿਆਰੇ ਦੇਸ਼ਵਾਸੀਓ, ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਮੌਕੇ ’ਤੇ ਅਸੀਂ ਪੂਰੇ ਉਤਸ਼ਾਹ ਨਾਲ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਵਿੱਚ ਤਕਰੀਬਨ 2 ਲੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ। ਇਹ ਪ੍ਰੋਗਰਾਮ ਇੱਕ ਤੋਂ ਇੱਕ ਵਧ ਕੇ ਰੰਗਾਂ ਨਾਲ ਸਜੇ ਸਨ, ਵਿਵਿਧਤਾ ਨਾਲ ਭਰੇ ਸਨ। ਇਨ੍ਹਾਂ ਆਯੋਜਨਾਂ ਦੀ ਇੱਕ ਖੂਬਸੂਰਤੀ ਇਹ ਵੀ ਰਹੀ ਕਿ ਇਨ੍ਹਾਂ ਵਿੱਚ ਰਿਕਾਰਡ ਸੰਖਿਆ ’ਚ ਨੌਜਵਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਸਾਡੇ ਨੌਜਵਾਨਾਂ ਨੂੰ ਦੇਸ਼ ਦੀਆਂ ਮਹਾਨ ਹਸਤੀਆਂ ਦੇ ਬਾਰੇ ਵੀ ਬਹੁਤ ਕੁਝ ਜਾਨਣ ਨੂੰ ਮਿਲਿਆ। ਪਹਿਲੇ ਕੁਝ ਮਹੀਨਿਆਂ ਦੀ ਗੱਲ ਹੀ ਕਰੀਏ ਤਾਂ ਜਨ-ਭਾਗੀਦਾਰੀ ਨਾਲ ਜੁੜੇ ਕਈ ਦਿਲਚਸਪ ਪ੍ਰੋਗਰਾਮ ਵੇਖਣ ਨੂੰ ਮਿਲੇ। ਅਜਿਹਾ ਹੀ ਇੱਕ ਪ੍ਰੋਗਰਾਮ ਸੀ ਦਿੱਵਯਾਂਗ ਲੇਖਕਾਂ ਲਈ ਰਾਈਟਰਸ ਮੀਟ ਦਾ ਆਯੋਜਨ। ਇਸ ਵਿੱਚ ਰਿਕਾਰਡ ਗਿਣਤੀ ’ਚ ਲੋਕਾਂ ਦੀ ਭਾਗੀਦਾਰੀ ਵੇਖੀ ਗਈ, ਉੱਥੇ ਹੀ ਆਂਧਰ ਪ੍ਰਦੇਸ਼ ਦੇ ਤਿਰੂਪਤੀ ਵਿੱਚ ਰਾਸ਼ਟਰੀ ਸੰਸਕ੍ਰਿਤ ਸੰਮੇਲਨ ਦਾ ਆਯੋਜਨ ਹੋਇਆ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਇਤਿਹਾਸ ਵਿੱਚ ਕਿਲਿਆਂ ਦਾ, ਫੋਰਟਸ ਦਾ ਕਿੰਨਾ ਮਹੱਤਵ ਰਿਹਾ ਹੈ। ਇਸੇ ਨੂੰ ਦਰਸਾਉਣ ਵਾਲੀ ਇੱਕ ਕੈਂਪੇਨ ਕਿਲੇ ਅਤੇ ਕਹਾਣੀਆਂ, ਭਾਵ ਫੋਰਟਸ ਨਾਲ ਜੁੜੀਆਂ ਕਹਾਣੀਆਂ ਵੀ ਲੋਕਾਂ ਨੂੰ ਖੂਬ ਪਸੰਦ ਆਈਆਂ।
ਸਾਥੀਓ, ਅੱਜ ਜਦ ਦੇਸ਼ ਵਿੱਚ ਚਾਰੇ ਪਾਸੇ ਅੰਮ੍ਰਿਤ ਮਹੋਤਸਵ ਦੀ ਗੂੰਜ ਹੈ, 15 ਅਗਸਤ ਨੇੜੇ ਹੀ ਹੈ ਤਾਂ ਦੇਸ਼ ਵਿੱਚ ਇੱਕ ਹੋਰ ਵੱਡੀ ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸ਼ਹੀਦ ਵੀਰ-ਵੀਰਾਂਗਣਾਵਾਂ ਨੂੰ ਸਨਮਾਨ ਦੇਣ ਲਈ ‘ਮੇਰੀ ਮਾਟੀ ਮੇਰਾ ਦੇਸ਼’ ਅਭਿਯਾਨ ਸ਼ੁਰੂ ਹੋਵੇਗਾ। ਇਸ ਦੇ ਤਹਿਤ ਦੇਸ਼ ਭਰ ਵਿੱਚ ਸਾਡੇ ਅਮਰ ਬਲੀਦਾਨੀਆਂ ਦੀ ਯਾਦ ਵਿੱਚ ਅਨੇਕਾਂ ਪ੍ਰੋਗਰਾਮ ਆਯੋਜਿਤ ਹੋਣਗੇ, ਇਨ੍ਹਾਂ ਹਸਤੀਆਂ ਦੀ ਯਾਦ ਵਿੱਚ ਦੇਸ਼ ਦੀਆਂ ਲੱਖਾਂ ਗ੍ਰਾਮ ਪੰਚਾਇਤਾਂ ’ਚ ਵਿਸ਼ੇਸ਼ ਸ਼ਿਲਾਲੇਖ ਵੀ ਸਥਾਪਿਤ ਕੀਤੇ ਜਾਣਗੇ। ਇਸ ਮੁਹਿੰਮ ਦੇ ਤਹਿਤ ਦੇਸ਼ ਭਰ ਵਿੱਚ ਅੰਮ੍ਰਿਤ ਕਲਸ਼ ਯਾਤਰਾ ਵੀ ਕੱਢੀ ਜਾਵੇਗੀ। ਦੇਸ਼ ਦੇ ਪਿੰਡ-ਪਿੰਡ ਤੋਂ, ਕੋਣੇ-ਕੋਣੇ ਤੋਂ 7500 ਕਲਸ਼ਾਂ ’ਚ ਮਿੱਟੀ ਲੈ ਕੇ ਇਹ ਅੰਮ੍ਰਿਤ ਕਲਸ਼ ਯਾਤਰਾ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚੇਗੀ। ਇਹ ਯਾਤਰਾ ਆਪਣੇ ਨਾਲ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਪੌਦੇ ਲੈ ਕੇ ਵੀ ਆਏਗੀ। 7500 ਕਲਸ਼ਾਂ ’ਚ ਆਈ ਮਿੱਟੀ ਅਤੇ ਪੌਦਿਆਂ ਨੂੰ ਮਿਲਾ ਕੇ ਫਿਰ ਨੈਸ਼ਨਲ ਵਾਰ ਮੈਮੋਰੀਅਲ ਦੇ ਨੇੜੇ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਕੀਤਾ ਜਾਵੇਗਾ। ਇਹ ਅੰਮ੍ਰਿਤ ਵਾਟਿਕਾ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਵੀ ਬਹੁਤ ਹੀ ਸ਼ਾਨਦਾਰ ਪ੍ਰਤੀਕ ਬਣੇਗੀ। ਮੈਂ ਪਿਛਲੇ ਵਰ੍ਹੇ ਲਾਲ ਕਿਲੇ ਤੋਂ ਅਗਲੇ 25 ਵਰ੍ਹਿਆਂ ਦੇ ਅੰਮ੍ਰਿਤ ਕਾਲ ਲਈ ਪੰਚ ਪ੍ਰਾਣ ਦੀ ਗੱਲ ਕੀਤੀ ਸੀ, ‘ਮੇਰੀ ਮਾਟੀ ਮੇਰਾ ਦੇਸ਼’ ਅਭਿਯਾਨ ’ਚ ਹਿੱਸਾ ਲੈ ਕੇ ਅਸੀਂ ਇਨ੍ਹਾਂ ਪੰਚ ਪ੍ਰਣਾਂ ਨੂੰ ਪੂਰਾ ਕਰਨ ਦੀ ਸਹੁੰ ਵੀ ਚੁੱਕਾਂਗੇ। ਤੁਸੀਂ ਸਾਰੇ ਦੇਸ਼ ਦੀ ਪਵਿੱਤਰ ਮਿੱਟੀ ਨੂੰ ਹੱਥ ਵਿੱਚ ਲੈ ਕੇ ਸਹੁੰ ਚੁੱਕਦਿਆਂ ਆਪਣੀ ਸੈਲਫੀ ਨੂੰ yuva.gov.in ਉੱਪਰ ਜ਼ਰੂਰ ਅੱਪਲੋਡ ਕਰਿਓ। ਪਿਛਲੇ ਵਰ੍ਹੇ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਹਰ ਘਰ ਤਿਰੰਗਾ ਅਭਿਯਾਨ ਲਈ ਜਿਵੇਂ ਪੂਰਾ ਦੇਸ਼ ਇੱਕ ਹੋਇਆ ਸੀ, ਉਸੇ ਤਰ੍ਹਾਂ ਹੀ ਅਸੀਂ ਇਸ ਵਾਰ ਵੀ ਫਿਰ ਤੋਂ ਹਰ ਘਰ ’ਚ ਤਿਰੰਗਾ ਲਹਿਰਾਉਣਾ ਹੈ ਅਤੇ ਇਸ ਪਰੰਪਰਾ ਨੂੰ ਲਗਾਤਾਰ ਅੱਗੇ ਵਧਾਉਣਾ ਹੈ। ਇਨ੍ਹਾਂ ਯਤਨਾਂ ਨਾਲ ਸਾਨੂੰ ਆਪਣੇ ਫ਼ਰਜ਼ਾਂ ਦਾ ਬੋਧ ਹੋਵੇਗਾ। ਦੇਸ਼ ਦੀ ਆਜ਼ਾਦੀ ਲਈ ਦਿੱਤੇ ਗਏ ਅਣਗਿਣਤ ਬਲੀਦਾਨਾਂ ਦਾ ਬੋਧ ਹੋਵੇਗਾ। ਆਜ਼ਾਦੀ ਦੇ ਮੁੱਲ ਦਾ ਅਹਿਸਾਸ ਹੋਵੇਗਾ। ਇਸ ਲਈ ਹਰ ਦੇਸ਼ਵਾਸੀ ਨੂੰ ਇਨ੍ਹਾਂ ਯਤਨਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਅੱਜ ਬਸ ਇੰਨਾ ਹੀ। ਹੁਣ ਕੁਝ ਹੀ ਦਿਨਾਂ ’ਚ ਅਸੀਂ 15 ਅਗਸਤ ਆਜ਼ਾਦੀ ਦੇ ਇਸ ਮਹਾਨ ਤਿਉਹਾਰ ਦਾ ਹਿੱਸਾ ਬਣਾਂਗੇ। ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਣਾ ਹੈ। ਸਾਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸੱਚ ਕਰਨ ਲਈ ਦਿਨ-ਰਾਤ ਮਿਹਨਤ ਕਰਨੀ ਹੈ ਅਤੇ ‘ਮਨ ਕੀ ਬਾਤ’ ਦੇਸ਼ਵਾਸੀਆਂ ਦੀ ਇਸੇ ਮਿਹਨਤ ਨੂੰ, ਉਨ੍ਹਾਂ ਦੇ ਸਮੂਹਿਕ ਯਤਨਾਂ ਨੂੰ ਸਾਹਮਣੇ ਲਿਆਉਣ ਦਾ ਹੀ ਇੱਕ ਮਾਧਿਅਮ ਹੈ। ਅਗਲੀ ਵਾਰ ਕੁਝ ਨਵੇਂ ਵਿਸ਼ਿਆਂ ਨਾਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਬਹੁਤ-ਬਹੁਤ ਧੰਨਵਾਦ। ਨਮਸਕਾਰ।
***
ਡੀਐੱਸ/ਵੀਕੇ
(Release ID: 1944125)
Visitor Counter : 174
Read this release in:
Gujarati
,
Urdu
,
Bengali
,
Telugu
,
Tamil
,
Manipuri
,
Assamese
,
English
,
Marathi
,
Hindi
,
Odia
,
Kannada
,
Malayalam