ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ) 2023 'ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਨਵੀਂ ਦਿੱਲੀ ਵਿੱਚ ਸਮਾਪਤ ਹੋਈ
ਗ੍ਰੀਨ ਹਾਈਡ੍ਰੋਜਨ ਭਾਰਤ ਨੂੰ ਊਰਜਾ ਆਯਾਤਕ ਤੋਂ ਊਰਜਾ ਪ੍ਰਦਾਤਾ ਅਤੇ ਨਿਰਯਾਤਕ ਵਿੱਚ ਬਦਲ ਸਕਦਾ ਹੈ: ਪੈਟਰੋਲੀਅਮ ਅਤੇ ਕੁਦਰਤੀ ਗੈਸ ਲਈ ਕੇਂਦਰੀ ਮੰਤਰੀ
ਗ੍ਰੀਨ ਹਾਈਡ੍ਰੋਜਨ ਵਿੱਚ ਆਤਮ-ਨਿਰਭਰਤਾ ਹਾਸਲ ਕਰਨ ਦੇ ਭਾਰਤ ਦੇ ਮਾਰਗ ਵਿੱਚ ਸਮਰੱਥਾ, ਪਹੁੰਚ ਅਤੇ ਸਵੀਕ੍ਰਿਤੀ ਪ੍ਰਮੁੱਖ ਹਨ: ਵਿਗਿਆਨ ਅਤੇ ਤਕਨਾਲੌਜੀ ਮੰਤਰੀ ਡਾ. ਜਿਤੇਂਦਰ ਸਿੰਘ
2030 ਤੱਕ ਗ੍ਰੀਨ ਹਾਈਡ੍ਰੋਜਨ ਦੀ ਲਾਗਤ $4.5/ਕਿਲੋਗ੍ਰਾਮ ਤੋਂ $1/ਕਿਲੋਗ੍ਰਾਮ ਤੱਕ ਘਟਾਉਣ ਦੀ ਲੋੜ ਹੈ: ਜੀ 20 ਸ਼ੇਰਪਾ ਅਮਿਤਾਭ ਕਾਂਤ
Posted On:
07 JUL 2023 6:17PM by PIB Chandigarh
ਭਾਰਤ ਸਰਕਾਰ ਨੇ ਭਾਰਤੀ ਉਗਯੋਗ ਸੰਘ (ਸੀਆਈਆਈ) ਦੇ ਸਹਿਯੋਗ ਨਾਲ ਸ਼ੁੱਕਰਵਾਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ) 2023 'ਤੇ ਤਿੰਨ ਦਿਨਾ ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਸਮਾਪਤ ਕੀਤੀ
ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ), ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਸੀਐੱਸਆਈਆਰ ਅਤੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫਤਰ ਵਲੋਂ ਸਾਂਝੇ ਤੌਰ 'ਤੇ ਆਯੋਜਿਤ ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿੱਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ; ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ, ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਮੰਤਰੀ ਡਾ. ਜਿਤੇਂਦਰ ਸਿੰਘ; ਭਾਰਤ ਦੀ ਪ੍ਰਧਾਨਗੀ ਦੇ ਸਾਲ ਦੌਰਾਨ ਜੀ-20 ਸ਼ੇਰਪਾ ਸ਼੍ਰੀ ਅਮਿਤਾਭ ਕਾਂਤ; ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਅਜੈ ਕੁਮਾਰ ਸੂਦ ; ਐੱਮਐੱਨਆਰਈ ਸਕੱਤਰ ਸ਼੍ਰੀ ਭੁਪਿੰਦਰ ਭੱਲਾ ਅਤੇ ਗ੍ਰੀਨ ਹਾਈਡ੍ਰੋਜਨ 'ਤੇ ਸੀਆਈਆਈ ਟਾਸਕ ਫੋਰਸ ਚੇਅਰ ਸ਼੍ਰੀ ਵਿਨਿਤ ਮਿੱਤਲ ਸਮੇਤ ਸਤਿਕਾਰਯੋਗ ਬੁਲਾਰੇ ਸ਼ਾਮਲ ਹੋਏ। ਸਮਾਪਤੀ ਸੈਸ਼ਨ ਇੱਥੇ ਦੇਖਿਆ ਜਾ ਸਕਦਾ ਹੈ।
ਕਾਨਫਰੰਸ ਦੌਰਾਨ 2700 ਤੋਂ ਵੱਧ ਡੈਲੀਗੇਟਾਂ, 135 ਬੁਲਾਰਿਆਂ, ਸੱਤ ਪੂਰਨ ਸੈਸ਼ਨਾਂ, 16 ਤਕਨੀਕੀ ਸੈਸ਼ਨਾਂ ਅਤੇ ਚਾਰ ਪੈਨਲ ਵਿਚਾਰ-ਵਟਾਂਦਰਿਆਂ ਦੇ ਨਾਲ ਤਿੰਨ ਦਿਨਾਂ ਦੇ ਤੀਬਰ ਵਿਚਾਰ-ਵਟਾਂਦਰੇ ਦੇ ਦੌਰਾਨ ਮਾਹਰਾਂ ਨੇ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ 'ਤੇ ਧਿਆਨ ਕੇਂਦਰਿਤ ਕੀਤਾ।
ਆਪਣੇ ਸੰਬੋਧਨ ਦੌਰਾਨ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗ੍ਰੀਨ ਹਾਈਡ੍ਰੋਜਨ ਵਿੱਚ ਭਾਰਤ ਨੂੰ ਊਰਜਾ ਆਯਾਤਕ ਤੋਂ ਊਰਜਾ ਪ੍ਰਦਾਤਾ ਅਤੇ ਨਿਰਯਾਤਕ ਵਿੱਚ ਬਦਲਣ ਦੀ ਸਮਰੱਥਾ ਹੈ। ਉਨ੍ਹਾਂ ਮਹੱਤਵਪੂਰਨ ਮੰਗ, ਗ੍ਰੀਨ ਹਾਈਡ੍ਰੋਜਨ ਪੈਦਾ ਕਰਨ ਅਤੇ ਸਟੋਰ ਕਰਨ ਦੀ ਸਮਰੱਥਾ ਅਤੇ ਇਸ ਗ੍ਰੀਨ ਈਂਧਨ ਲਈ ਇੱਕ ਹੱਬ ਬਣਨ ਲਈ ਮਹੱਤਵਪੂਰਨ ਲੋੜਾਂ ਨੂੰ ਪੂਰਾ ਕਰਨ ਦੇ ਮਾਮਲੇ ਵਿੱਚ ਭਾਰਤ ਦੇ ਲਾਭ ਨੂੰ ਉਜਾਗਰ ਕੀਤਾ। ਸ਼੍ਰੀ ਪੁਰੀ ਨੇ ਇਹ ਵੀ ਆਸ ਪ੍ਰਗਟਾਈ ਕਿ ਗ੍ਰੀਨ ਹਾਈਡ੍ਰੋਜਨ, ਹੋਰ ਗ੍ਰੀਨ ਈਂਧਨ ਦੇ ਨਾਲ, ਭਾਰਤ ਦੇ ਮੌਜੂਦਾ $200 ਬਿਲੀਅਨ ਊਰਜਾ ਆਯਾਤ ਬਿੱਲ ਨੂੰ ਭਵਿੱਖ ਵਿੱਚ $300 ਬਿਲੀਅਨ ਦੇ ਨਿਰਯਾਤ ਲਾਭ ਵਿੱਚ ਬਦਲ ਸਕਦਾ ਹੈ।
ਡਾ. ਜਿਤੇਂਦਰ ਸਿੰਘ ਨੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਅਤੇ ਗ੍ਰੀਨ ਹਾਈਡ੍ਰੋਜਨ ਵਿੱਚ ਆਤਮ-ਨਿਰਭਰਤਾ ਅਤੇ ਟਿਕਾਊ ਹੱਲਾਂ ਨੂੰ ਅੱਗੇ ਵਧਾਉਣ ਲਈ ਭਾਰਤ ਦੇ ਮੁੱਖ ਗੁਣਾਂ ਵਜੋਂ ਸਮਰੱਥਾ, ਪਹੁੰਚਯੋਗਤਾ ਅਤੇ ਸਵੀਕਾਰਯੋਗਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ।
ਜੀ-20 ਸ਼ੇਰਪਾ ਸ਼੍ਰੀ ਅਮਿਤਾਭ ਕਾਂਤ ਨੇ 2030 ਤੱਕ ਗ੍ਰੀਨ ਹਾਈਡ੍ਰੋਜਨ ਦੀ ਲਾਗਤ $4.5/ਕਿਲੋਗ੍ਰਾਮ ਤੋਂ ਘਟਾ ਕੇ $1/ਕਿਲੋਗ੍ਰਾਮ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਭਾਰਤ ਦੀ ਗ੍ਰੀਨ ਹਾਈਡ੍ਰੋਜਨ ਅਤੇ ਊਰਜਾ ਦਾ ਵਿਸ਼ਵ ਨਿਰਯਾਤਕ ਬਣਨ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਤੇਲ ਕੰਪਨੀਆਂ ਅਤੇ ਰਿਫਾਇਨਰੀਆਂ ਦੀ ਅਗਵਾਈ ਕਰਨ ਲਈ ਸ਼ਲਾਘਾ ਕੀਤੀ। ਗ੍ਰੀਨ ਹਾਈਡ੍ਰੋਜਨ ਵੱਲ ਸ਼ਿਫਟ ਅਤੇ ਸੀਮਿੰਟ ਅਤੇ ਸਟੀਲ ਵਰਗੇ ਪ੍ਰਾਈਵੇਟ ਸੈਕਟਰਾਂ ਨੂੰ ਇਸ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ। ਸ਼੍ਰੀ ਕਾਂਤ ਨੇ ਦੁਹਰਾਇਆ ਕਿ ਭਾਰਤ ਦਾ ਧਿਆਨ ਮੁੱਖ ਤੌਰ 'ਤੇ ਗ੍ਰੀਨ ਹਾਈਡ੍ਰੋਜਨ ਵਿੱਚ ਆਪਣੇ ਮੁੱਖ ਮੁਕਾਬਲੇ ਦੇ ਲਾਭ 'ਤੇ ਹੋਣਾ ਚਾਹੀਦਾ ਹੈ।
ਪ੍ਰੋ. ਅਜੈ ਕੁਮਾਰ ਸੂਦ ਨੇ ਗ੍ਰੀਨ ਹਾਈਡ੍ਰੋਜਨ ਸਪੇਸ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਕਿਉਂਕਿ ਭਾਰਤ ਸਮੇਤ 16 ਦੇਸ਼ਾਂ ਨੇ ਪਹਿਲਾਂ ਹੀ ਆਪਣੇ ਗ੍ਰੀਨ ਹਾਈਡ੍ਰੋਜਨ ਐਕਸ਼ਨ ਪਲਾਨ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਗ੍ਰੀਨ ਹਾਈਡ੍ਰੋਜਨ ਦੀ ਵੱਧਦੀ ਮੰਗ ਨੂੰ ਉਜਾਗਰ ਕੀਤਾ, ਜਿਸ ਦੇ 2050 ਤੱਕ ਪੰਜ ਗੁਣਾ ਵਧਣ ਦੀ ਉਮੀਦ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਲਈ ਭਾਰਤ-ਕੇਂਦ੍ਰਿਤ ਜੀਵਨ ਚੱਕਰ ਦੇ ਮੁਲਾਂਕਣਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਲੋੜ 'ਤੇ ਜ਼ੋਰ ਦਿੱਤਾ।
ਐੱਮਐੱਨਆਰਈ ਦੇ ਸਕੱਤਰ ਸ਼੍ਰੀ ਭੁਪਿੰਦਰ ਭੱਲਾ ਨੇ ਕਾਨਫਰੰਸ ਦੀ ਸਫਲਤਾ ਲਈ ਸਾਰੇ ਹਿੱਸੇਦਾਰਾਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਗ੍ਰੀਨ ਹਾਈਡ੍ਰੋਜਨ ਦੀ ਅਥਾਹ ਸੰਭਾਵਨਾ ਅਤੇ ਭਾਰਤ ਦੇ ਊਰਜਾ ਲੈਂਡਸਕੇਪ 'ਤੇ ਇਸਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਸਵੀਕਾਰ ਕੀਤਾ। ਸ਼੍ਰੀ ਭੱਲਾ ਨੇ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਭਾਈਵਾਲੀ, ਸਹਿਯੋਗ ਅਤੇ ਨਵੀਨਤਾਕਾਰੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਕਾਨਫਰੰਸ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਕਾਨਫਰੰਸ ਅਤੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਟਿਕਾਊ ਵਿਕਾਸ ਅਤੇ ਸਵੱਛ ਅਤੇ ਗ੍ਰੀਨ ਊਰਜਾ ਵਿੱਚ ਤਬਦੀਲੀ ਨੂੰ ਤੇਜ਼ ਕਰਨ ਲਈ ਖੋਜ ਅਤੇ ਵਿਕਾਸ ਪਹਿਲਕਦਮੀਆਂ, ਪਾਇਲਟ ਪ੍ਰੋਜੈਕਟਾਂ ਅਤੇ ਅਨੁਕੂਲ ਨੀਤੀਆਂ ਲਈ ਰਾਹ ਪੱਧਰਾ ਕਰੇਗਾ।
ਗ੍ਰੀਨ ਹਾਈਡ੍ਰੋਜਨ 'ਤੇ ਸੀਆਈਆਈ ਟਾਸਕ ਫੋਰਸ ਦੇ ਚੇਅਰ ਸ਼੍ਰੀ ਵਿਨਿਤ ਮਿੱਤਲ ਨੇ ਨਿੱਜੀ ਖੇਤਰ ਨੂੰ ਦਿੱਤੇ ਮਾਰਗਦਰਸ਼ਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਗ੍ਰੀਨ ਹਾਈਡ੍ਰੋਜਨ ਸੈਕਟਰ ਵਿੱਚ ਨਿਵੇਸ਼ ਰਾਹੀਂ ਭਾਰਤ ਨੂੰ ਊਰਜਾ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਵਿਸ਼ਵਾਸ ਪ੍ਰਗਟਾਇਆ। ਉਨ੍ਹਾਂ ਡੀਕਾਰਬੋਨਾਈਜ਼ੇਸ਼ਨ ਅਤੇ ਗ੍ਰੀਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਤੇਜ਼ ਕਦਮਾਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਗ੍ਰੀਨ ਹਾਈਡ੍ਰੋਜਨ ਨਵਾਂ ਈਂਧਨ ਹੈ। ਸ਼੍ਰੀ ਮਿੱਤਲ ਨੇ ਭਰੋਸਾ ਦਿਵਾਇਆ ਕਿ ਨਿੱਜੀ ਖੇਤਰ ਪ੍ਰਧਾਨ ਮੰਤਰੀ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ ਅਤੇ ਭਾਰਤ ਦੇ ਗ੍ਰੀਨ ਵਿਕਾਸ ਮੰਤਰ ਵਿੱਚ ਯੋਗਦਾਨ ਦੇਵੇਗਾ।
ਗ੍ਰੀਨ ਹਾਈਡ੍ਰੋਜਨ 'ਤੇ ਅੰਤਰਰਾਸ਼ਟਰੀ ਕਾਨਫਰੰਸ ਅਤੇ ਇਸ ਨਾਲ ਜੁੜੇ ਮਿਸ਼ਨ ਨੇ ਸਵੱਛ ਅਤੇ ਗ੍ਰੀਨ ਊਰਜਾ ਦੇ ਭਵਿੱਖ ਲਈ ਤਬਦੀਲੀ ਨੂੰ ਤੇਜ਼ ਕਰਨ ਲਈ ਸਾਂਝੇ ਦ੍ਰਿਸ਼ਟੀਕੋਣ ਦੀ ਨੀਂਹ ਰੱਖੀ ਹੈ।
ਕਾਨਫਰੰਸ ਦੀ ਵੈੱਬਸਾਈਟ : https://icgh.in । ਕਾਨਫਰੰਸ 'ਤੇ ਇੱਕ ਸੰਖੇਪ ਪੇਸ਼ਕਾਰੀ ਇੱਥੇ ਦੇਖੀ ਜਾ ਸਕਦੀ ਹੈ। ਕਾਨਫਰੰਸ ਦਾ ਕਿਤਾਬਚਾ ਅਤੇ ਕਾਨਫਰੰਸ ਫਲਾਇਰ ਇੱਥੇ ਦੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ:
***
ਪੀਆਈਬੀ ਦਿੱਲੀ | ਏਐੱਮ/ ਡੀਜੇਐੱਮ
(Release ID: 1938842)
Visitor Counter : 134