ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਸੂਰੀਨਾਮ ਵਿੱਚ ਕਮਿਊਨਿਟੀ ਸਵਾਗਤ ਸਮਾਰੋਹ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ


ਭਾਰਤ, ਪ੍ਰਗਤੀ ਅਤੇ ਵਿਕਾਸ ਦੀ ਯਾਤਰਾ ਵਿੱਚ ਸੂਰੀਨਾਮ ਨੂੰ ਸਮਰਥਨ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ:

ਰਾਸ਼ਟਰਪਤੀ ਸਰਬੀਆ ਲਈ ਰਵਾਨਾ

Posted On: 07 JUN 2023 12:07PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਸੂਰੀਨਾਮ ਦੀ ਆਪਣੀ ਯਾਤਰਾ ਦੇ ਅੰਤਿਮ ਦਿਨ ਇੱਕ ਸਵਾਗਤ ਸਮਾਰੋਹ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਸਵਾਗਤ ਸਮਾਰੋਹ ਦੀ ਮੇਜ਼ਬਾਨੀ ਸੂਰੀਨਾਮ ਵਿੱਚ ਭਾਰਤ ਦੇ ਰਾਜਦੂਤ ਡਾ. ਸ਼ੰਕਰ ਬਾਲਾਚੰਦਰਨ ਨੇ ਕੱਲ੍ਹ ਸ਼ਾਮ (6 ਜੂਨ, 2023) ਪਾਰਾਮਾਰੀਬੋ (paramaribo) ਵਿੱਚ ਕੀਤੀ ਸੀ। ਸਵਾਗਤ ਸਮਾਰੋਹ ਸ਼ੁਰੂ ਹੋਣ ਤੋਂ ਪਹਿਲਾਂ ਬਾਲਾਸੋਰ, ਓਡੀਸ਼ਾ ਵਿੱਚ ਹੋਏ ਰੇਲ ਹਾਦਸੇ ਵਿੱਚ ਦਿਵਂਗਤ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 2 ਮਿਨਟ ਦਾ ਮੌਨ ਰੱਖਿਆ ਗਿਆ।

ਰਾਸ਼ਟਰਪਤੀ ਨੇ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਸੂਰੀਨਾਮ ਭੂਗੋਲਿਕ ਦ੍ਰਿਸ਼ਟੀ ਤੋਂ ਅਲੱਗ ਹੋ ਸਕਦੇ ਹਨ, ਲੇਕਿਨ ਆਪਣੇ ਸਾਂਝੇ ਇਤਿਹਾਸ ਅਤੇ ਆਪਣੀ ਸਾਂਝੀ ਵਿਰਾਸਤ ਤੋਂ ਇੱਕ ਹਨ। ਸੂਰੀਨਾਮ ਅਤੇ ਸੂਰੀਨਾਮੀ ਦੇ ਲੋਕਾਂ ਦਾ ਭਾਰਤੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਹੈ।

ਰਾਸ਼ਟਰਪਤੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਸੂਰੀਨਾਮ ਵਿੱਚ ਭਾਰਤੀ ਡਾਇਸਪੋਰਾ ਦੇਸ਼ ਦੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਲਗਭਗ ਸਾਰੇ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕੀਤੀ ਹੈ। ਭਾਰਤ ਨੂੰ ਭਾਰਤ-ਸੂਰੀਨਾਮੀ ਲੋਕਾਂ ਦੀਆਂ ਉਪਲਬਧੀਆਂ ਅਤੇ ਸੂਰੀਨਾਮ ਦੇ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ’ਤੇ ਬਹੁਤ ਮਾਣ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਭਾਈਚਾਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਦੇ ਸੇਤੁ ਦੇ ਰੂਪ ਵਿੱਚ ਕੰਮ ਕਰਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤੀ ਭਾਈਚਾਰੇ ਦੇ ਲੋਕ ਆਪਣੇ-ਆਪਣੇ ਖੇਤਰਾਂ ਵਿੱਚ ਸਖ਼ਤ ਮਿਹਨਤ ਕਰਦੇ ਰਹਿਣਗੇ ਅਤੇ ਭਾਰਤ ਅਤੇ ਸੂਰੀਨਾਮ ਦੇ ਦਰਮਿਆਨ ਵਿਲੱਖਣ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਪਰਿਵਰਤਨ ਦੇ ਰਾਹ ’ਤੇ ਹੈ। ਭਾਰਤ ਤੇਜ਼ ਵਾਧੇ ਦੇ ਨਾਲ ਬਣੇ ਰਹਿਣ ਦੇ ਲਈ ਨਵੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ। ਅਸੀਂ ਡਿਜੀਟਲ ਅਰਥਵਿਵਸਥਾ, ਨਵੀਂ ਟੈਕਨੋਲੋਜੀ, ਜਲਵਾਯੂ ਪਰਿਵਰਤਨ ਕਾਰਵਾਈ ’ਤੇ ਗਲੋਬਲ ਅਗਵਾਈ ਕਰਨ ਦਾ ਪ੍ਰਯਾਸ ਕਰ ਰਹੇ ਹਾਂ ਅਤੇ ਨਾਲੇਜ ਸਮਾਜ ਵਜੋਂ ਉਭਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸ਼ਾਨਦਾਰ ਆਰਥਿਕ ਲਚਕੀਲੇਪਨ ਨੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਪ੍ਰਗਤੀ ਅਤੇ ਵਿਕਾਸ ਲਈ ਸੂਰੀਨਾਮ ਦੀ ਖੋਜ ਵਿੱਚ ਸਮਰਥਨ ਦੇਣ ਲਈ ਤਿਆਰ ਹੈ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਲੱਲਾ ਰੁਖ ਅਜਾਇਬ ਘਰ, ਆਰੀਆ ਦੇਵਕਰ ਮੰਦਿਰ ਅਤੇ ਵਿਸ਼ਨੂੰ ਮੰਦਿਰ ਦੇਖਣ ਗਏ। ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ’ਤੇ ਪੁਸ਼ਪਾਂਜਲੀ ਅਰਪਿਤ ਕਰ ਸ਼ਰਧਾਂਜਲੀ ਦਿੱਤੀ ਅਤੇ ਪਾਰਾਮਾਰੀਬੋ ਵਿੱਚ ‘ਜੇਵਾਲੇਨ ਹੇਲਡੇਨ 1902’ ਦੇ ਸਮਾਰਕ ’ਤੇ ਵੀ ਸ਼ਰਧਾਂਜਲੀ ਅਰਪਿਤ ਕੀਤੀ।

ਰਾਸ਼ਟਰਪਤੀ ਬਾਅਦ ਵਿੱਚ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਰਾਜ ਯਾਤਰਾ ਦੇ ਅੰਤਿਮ ਪੜਾਅ ਵਿੱਚ ਬੇਲਗ੍ਰੇਡ ਲਈ ਰਵਾਨਾ ਹੋਏ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

 

 ***

ਡੀਐੱਸ/ਐੱਸਐੱਚ


(Release ID: 1930482)