ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਕੇਂਦਰ ਅਤੇ ਰਾਜਾਂ ਵਿੱਚ ਪ੍ਰਸ਼ਾਸਨ ਵਿੱਚ ਇਕਸਾਰਤਾ ਰਾਹੀਂ ਸਹਿਕਾਰੀ ਸੰਘਵਾਦ ਨੂੰ ਸੁਚਾਰੂ ਬਣਾਉਣ ਵਿੱਚ ਸਿਵਲ ਸਰਵੈਂਟਸ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਸਿਵਲ ਸੇਵਾਵਾਂ ਵਿੱਚ ਸਮਾਜ ਦੇ ਸਾਰੇ ਵਰਗਾਂ ਦੀ ਵੱਧ ਰਹੀ ਪ੍ਰਤੀਨਿਧਤਾ ਦੀ ਸ਼ਲਾਘਾ ਕੀਤੀ

ਜਨਤਕ ਪ੍ਰਸ਼ਾਸਨ ਵਿੱਚ ਔਰਤਾਂ ਦੀ ਵਧਦੀ ਗਿਣਤੀ ਵਧੇਰੇ ਸੰਵੇਦਨਸ਼ੀਲ ਅਤੇ ਪੂਰਨ ਨੌਕਰਸ਼ਾਹੀ ਲਈ ਰਾਹ ਪੱਧਰਾ ਕਰੇਗੀ: ਉਪ-ਰਾਸ਼ਟਰਪਤੀ

"ਪ੍ਰਗਟਾਵੇ ਦੀ ਆਜ਼ਾਦੀ ਦਾ ਸਾਡਾ ਪੱਧਰ ਕਿਸੇ ਤੋਂ ਵੀ ਪਿੱਛੇ ਨਹੀਂ ਹੈ ਅਤੇ ਜ਼ਬਰੀ ਲਾਗੂ ਚੁੱਪ ਦਾ ਕੋਈ ਠੋਸ ਪ੍ਰਤੀਬਿੰਬ ਨਹੀਂ ਹੈ" - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ 16ਵੇਂ ਸਿਵਲ ਸਰਵਿਸ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ

Posted On: 20 APR 2023 3:03PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਸਿਵਲ ਸਰਵੈਂਟਸ ਨੂੰ ਕੇਂਦਰ ਅਤੇ ਰਾਜਾਂ ਵਿੱਚ ਪ੍ਰਸ਼ਾਸਨ ਵਿੱਚ ਇਕਸਾਰਤਾ ਦੀ ਸੁਵਿਧਾ ਦੇਣ ਦਾ ਸੱਦਾ ਦਿੱਤਾ ਤਾਂ ਜੋ ਸੰਘਵਾਦ ਸਹਿਕਾਰੀ ਸੰਘਵਾਦ ਵਿੱਚ ਪ੍ਰਫੁੱਲਤ ਹੋ ਸਕੇ। ਸਿਵਲ ਸਰਵਿਸਿਸ ਨੂੰ ਸ਼ਾਸਨ ਦੀ ਰੀੜ੍ਹ ਵਜੋਂ ਦਰਸਾਉਂਦੇ ਹੋਏ, ਉਨ੍ਹਾਂ ਨੇ ਰਾਸ਼ਟਰ ਦੇ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਿਵਲ ਸਰਵੈਂਟਸ ਦੀ ਭੂਮਿਕਾ ਨੂੰ 'ਬਦਲਾਵ ਦੇ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਅਤੇ ਪ੍ਰਭਾਵਸ਼ਾਲੀ ਏਜੰਟ' ਵਜੋਂ ਸਵੀਕਾਰ ਕੀਤਾ। ਉਪ ਰਾਸ਼ਟਰਪਤੀ ਅੱਜ ਨਵੀਂ ਦਿੱਲੀ ਵਿਖੇ ਵਿਗਿਆਨ ਭਵਨ ਵਿਖੇ 16ਵੇਂ ਸਿਵਲ ਸਰਵਿਸਿਸ ਦਿਵਸ ਦਾ ਉਦਘਾਟਨ ਕਰਨ ਤੋਂ ਬਾਅਦ ਸਿਵਲ ਅਧਿਕਾਰੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

 

 

 

ਉਪ ਰਾਸ਼ਟਰਪਤੀ, ਸ਼੍ਰੀ ਧਨਖੜ ਨੇ ਰੇਖਾਂਕਿਤ ਕੀਤਾ ਕਿ ਸਿਵਲ ਸਰਵਿਸਿਸ ਦਿਵਸ ਦਾ ਇਸ ਸਾਲ ਦਾ ਥੀਮ 'ਵਿਕਸਿਤ ਭਾਰਤ: ਨਾਗਰਿਕਾਂ ਦਾ ਸਸ਼ਕਤੀਕਰਨ ਅਤੇ ਆਖਰੀ ਮੀਲ ਤੱਕ ਪਹੁੰਚਣਾ' ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਅਸਲ ਪ੍ਰਤੀਬਿੰਬ ਹੈ ਜੋ ਆਪਣੇ ਸਾਰੇ ਨਾਗਰਿਕਾਂ ਲਈ  ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ਅਹਿਮ ਸਰਕਾਰੀ ਯੋਜਨਾਵਾਂ ਜਿਵੇਂ ਕਿ ਖਾਹਿਸ਼ੀ ਜ਼ਿਲ੍ਹੇ, ਸਮਾਰਟ ਸਿਟੀਜ਼, ਜਲ ਜੀਵਨ ਮਿਸ਼ਨ, ਅਦਾਇਗੀਆਂ ਦਾ ਡਿਜੀਟਾਈਜ਼ੇਸ਼ਨ ਅਤੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ, ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਪਹਿਲਾਂ 'ਨਾਗਰਿਕ ਸਸ਼ਕਤੀਕਰਣ ਦੀ ਪ੍ਰਮੁੱਖਤਾ ਨਾਲ ਵਿਕਾਸ 'ਤੇ ਵਿਕਸਿਤ ਭਾਰਤ' ਵੱਲ ਸਾਡੇ ਮਾਰਚ ਨੂੰ ਦਰਸਾਉਂਦੀਆਂ ਹਨ।

 

ਉਪ ਰਾਸ਼ਟਰਪਤੀ ਸ਼੍ਰੀ ਧਨਖੜ ਨੇ ਮਿਸ਼ਨ ਕਰਮਯੋਗੀ ਦੀ ਸ਼ਲਾਘਾ ਕੀਤੀ - ਸਿਵਲ ਸੇਵਾਵਾਂ ਸਮਰੱਥਾ ਨਿਰਮਾਣ ਲਈ ਇੱਕ ਰਾਸ਼ਟਰੀ ਪ੍ਰੋਗਰਾਮ, ਜੋ ਸਤੰਬਰ 2020 ਵਿੱਚ ਸ਼ੁਰੂ ਕੀਤਾ ਗਿਆ ਸੀ, ਜੋ ਕਿ ਨਿਊ ਇੰਡੀਆ ਦੇ ਵਿਜ਼ਨ ਨਾਲ ਜੁੜੇ ਸਹੀ ਰਵੱਈਏ, ਹੁਨਰ ਅਤੇ ਗਿਆਨ ਦੇ ਨਾਲ ਭਵਿੱਖ ਲਈ ਤਿਆਰ ਸਿਵਲ ਸੇਵਾ ਨੂੰ ਆਕਾਰ ਦੇਣ ਵਾਲਾ ਇੱਕ ਗੇਮ ਚੇਂਜਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਸਿਵਲ ਸਰਵੈਂਟਸ 2047 ਦੇ ਯੋਧੇ ਹਨ ਜੋ ਇੰਡੀਆ ਯਾਨੀ ਭਾਰਤ ਦੀ ਅਜ਼ਾਦੀ ਦੀ ਸ਼ਤਾਬਦੀ ਮਨਾਉਣ ਵੇਲੇ ਉਸ ਦੀ ਨੀਂਹ ਰੱਖ ਰਹੇ ਹਨ।

 

ਉਪ ਰਾਸ਼ਟਰਪਤੀ ਨੇ ਸਮਾਜ ਦੇ ਸਾਰੇ ਵਰਗਾਂ, ਖਾਸ ਤੌਰ 'ਤੇ ਦੂਰ-ਦੁਰਾਡੇ ਪਿੰਡਾਂ ਦੀ ਨੌਜਵਾਨ ਪ੍ਰਤਿਭਾ, ਨਿਮਰ ਪਰਿਵਾਰਕ ਪਿਛੋਕੜਾਂ ਦੇ ਨਾਲ-ਨਾਲ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਦੀ ਵੱਧ ਰਹੀ ਪ੍ਰਤੀਨਿਧਤਾ ਲਈ ਆਪਣੀ ਪ੍ਰਸ਼ੰਸਾ ਕੀਤੀ ਜੋ ਸਿਵਲ ਸੇਵਾਵਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਖਾਸ ਤੌਰ 'ਤੇ ਨੋਟ ਕੀਤਾ ਕਿ ਜਨਤਕ ਪ੍ਰਸ਼ਾਸਨ ਵਿੱਚ ਔਰਤਾਂ ਦੀ ਵਧਦੀ ਗਿਣਤੀ ਇੱਕ ਵਧੇਰੇ ਸੰਵੇਦਨਸ਼ੀਲ ਅਤੇ ਪੂਰਨ ਨੌਕਰਸ਼ਾਹੀ ਲਈ ਰਾਹ ਪੱਧਰਾ ਕਰੇਗੀ।

 

 

 

ਸ਼੍ਰੀ ਧਨਖੜ ਨੇ ਕਿਹਾ ਕਿ ਭਾਰਤ ਪਹਿਲਾਂ ਨਾਲੋਂ ਕਿਤੇ ਵਧੇਰੇ ਗਤੀ ਨਾਲ ਵੱਧ ਰਿਹਾ ਹੈ ਅਤੇ ਇਹ ਵਾਧਾ ਬਿਨਾਂ ਸ਼ੱਕ, ਰੁਕਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਸਕਾਰਾਤਮਕ ਅਤੇ ਨਵੀਨਤਾਕਾਰੀ ਪਹਿਲਾਂ ਅਤੇ ਨੀਤੀਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਕਾਰਨ ਅੱਜ ਭਾਰਤ ਮੌਕਿਆਂ ਅਤੇ ਨਿਵੇਸ਼ ਦੀ ਵਿਸ਼ਵ ਮੰਜ਼ਿਲ ਹੈ। ਉਨ੍ਹਾਂ ਕਿਹਾ ਕਿ ਭਾਰਤ ਸਤੰਬਰ, 2022 ਵਿੱਚ ਸਾਡੇ ਪੁਰਾਣੇ ਬਸਤੀਵਾਦੀ ਸ਼ਾਸਕਾਂ ਨੂੰ ਪਛਾੜ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਸਾਰੇ ਚੰਗੀ ਤਰ੍ਹਾਂ ਮਾਨਤਾ ਪ੍ਰਾਪਤ ਸੰਕੇਤਾਂ ਦੁਆਰਾ, ਇਹ ਦਹਾਕੇ ਦੇ ਅੰਤ ਵਿੱਚ ਤੀਜੀ ਸਭ ਤੋਂ ਵੱਡੀ ਗਲੋਬਲ ਆਰਥਿਕਤਾ ਬਣ ਜਾਵੇਗਾ।

 

ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰ ਅਤੇ ਲੋਕਤੰਤਰ ਦੀ ਜਨਨੀ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਲੋਕਤੰਤਰ ਸਾਰੇ ਪੱਧਰਾਂ - ਪਿੰਡ, ਨਗਰਪਾਲਿਕਾਵਾਂ, ਰਾਜਾਂ ਅਤੇ ਕੇਂਦਰ 'ਤੇ ਸਭ ਤੋਂ ਵੱਧ ਕਾਰਜਸ਼ੀਲ ਅਤੇ ਜੀਵੰਤ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ "ਪ੍ਰਗਟਾਵੇ ਦੀ ਆਜ਼ਾਦੀ ਦਾ ਸਾਡਾ ਪੱਧਰ ਕਿਸੇ ਤੋਂ ਪਿੱਛੇ ਨਹੀਂ ਹੈ ਅਤੇ ਜ਼ਬਰੀ ਲਾਗੂ ਕੀਤੀ ਚੁੱਪ ਦਾ ਕੋਈ ਠੋਸ ਪ੍ਰਤੀਬਿੰਬ ਨਹੀਂ ਹੈ।”

 

ਇਹ ਦੱਸਦੇ ਹੋਏ ਕਿ ਸਾਡੇ ਅਸਾਧਾਰਣ ਵਿਕਾਸ ਅਤੇ ਪ੍ਰਫੁੱਲਤ ਜਮਹੂਰੀ ਕਦਰਾਂ-ਕੀਮਤਾਂ ਪ੍ਰਤੀ ਸ਼ੁਤਰਮੁਰਗ ਵਾਲਾ ਰਵੱਈਆ ਅਪਣਾਉਣ ਵਾਲੇ ਕੁਝ ਲੋਕਾਂ ਦੁਆਰਾ ਦੁੱਖ ਦਿੱਤਾ ਜਾਣਾ ਦੁਖਦਾਈ ਹੈ, ਉਪ ਰਾਸ਼ਟਰਪਤੀ ਨੇ ਉਨ੍ਹਾਂ ਲੋਕਾਂ 'ਤੇ ਨਾਰਾਜ਼ਗੀ ਪ੍ਰਗਟਾਈ ਜੋ "ਸਾਡੇ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਦਾ ਨਿਰਾਦਰ ਕਰਨ, ਨਕਾਰਨ, ਦਾਗ਼ਦਾਰ ਕਰਨ ਅਤੇ ਕਲੰਕਿਤ ਕਰਨ ਲਈ ਦੁਰਵਿਵਹਾਰ ਵਿੱਚ ਸ਼ਾਮਲ ਹਨ।" ਉਨ੍ਹਾਂ ਕਿਹਾ ਕਿ "ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਆਰਥਿਕ ਵਿਕਾਸ, ਨੀਤੀ ਬਣਾਉਣ ਅਤੇ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਸਾਡੇ ਵਿੱਚੋਂ ਕੁਝ ਲੋਕ ਕਿਉਂ ਸਵੈ-ਟੀਚਿਆਂ ਦਾ ਸਹਾਰਾ ਲੈਂਦੇ ਹਨ" ਅਤੇ ਇਸ ਗੈਰ-ਸਿਹਤਮੰਦ ਰੁਖ ਨੂੰ ਰੋਕਣ ਦੀ ਜ਼ਰੂਰਤ ਜ਼ਾਹਿਰ ਕੀਤੀ।

 

ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਦੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ ਇਹ ਪੁਰਸਕਾਰ ਸਿਵਲ ਸਰਵੈਂਟਸ ਦੀ ਸਖ਼ਤ ਮਿਹਨਤ ਅਤੇ ਸਮਰਪਣ ਲਈ ਇੱਕ ਢੁਕਵੀਂ ਸ਼ਰਧਾਂਜਲੀ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਉਸਾਰੂ ਮੁਕਾਬਲੇ, ਨਵੀਨਤਾ, ਪ੍ਰਤੀਕ੍ਰਿਤੀ ਅਤੇ ਸਰਵੋਤਮ ਵਿਵਹਾਰਾਂ ਦੇ ਸੰਸਥਾਗਤਕਰਨ ਨੂੰ ਉਤਸ਼ਾਹਿਤ ਕਰਦੇ ਹਨ, ਅਤੇ ਜਨਤਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਯਤਨ ਕਰਨ ਲਈ ਸਿਵਲ ਸਰਵੈਂਟਸ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰਦੇ ਹਨ।

 

ਉਪ ਰਾਸ਼ਟਰਪਤੀ ਸ਼੍ਰੀ ਧਨਖੜ ਨੇ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਆਪਣੇ ਅਣਥੱਕ ਯਤਨਾਂ ਰਾਹੀਂ ਇੱਕ ਨਵਾਂ ਗਲੋਬਲ ਬੈਂਚਮਾਰਕ ਸਥਾਪਿਤ ਕਰਨ ਵਿੱਚ ਦੇਸ਼ ਦੇ ਸਾਰੇ ਪੱਧਰਾਂ 'ਤੇ ਸਿਵਲ ਅਧਿਕਾਰੀਆਂ ਦੁਆਰਾ ਨਿਭਾਈ ਗਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਸਿਵਲ ਸਰਵੈਂਟਸ ਦੀ ਅਗਵਾਈ, ਤੇਜ਼ੀ ਨਾਲ ਸੇਵਾ ਪ੍ਰਦਾਨ ਕਰਨ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਲਈ ਟੈਕਨੋਲੋਜੀ ਦੀ ਮਹੱਤਤਾ ਨੂੰ ਵੀ ਸਵੀਕਾਰਿਆ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ, "ਸਮੂਹਿਕ ਵਿਕਾਸ, ਇੱਕ ਨਵੇਂ ਆਦਰਸ਼ ਨੇ ਸਾਰੇ ਪੱਧਰਾਂ 'ਤੇ ਸ਼ਾਸਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।"

 

ਸ਼੍ਰੀ ਧਨਖੜ ਨੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਭਾਰਤ ਦੇ ਕੱਦ ਨੂੰ ਉਜਾਗਰ ਕੀਤਾ, ਜਿਸ ਵਿੱਚ 'ਪ੍ਰਗਟਾਵੇ ਦੀ ਆਜ਼ਾਦੀ ਦਾ ਪੱਧਰ ਕਿਸੇ ਤੋਂ ਪਿੱਛੇ ਨਹੀਂ ਹੈ'।  ਉਨ੍ਹਾਂ ਕਿਹਾ ਕਿ ਭਾਰਤ ਦੀ ਸੰਸਦ ਲੋਕਾਂ ਦੀ ਆਵਾਜ਼ ਨੂੰ ਮੂਰਤੀਮਾਨ ਕਰਦੀ ਹੈ ਅਤੇ ਇਸ ਲਈ ਇਹ ਸੰਸਦ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੀ ਪ੍ਰਭੂਸੱਤਾ ਅਤੇ ਸੱਭਿਆਚਾਰਕ ਅਖੰਡਤਾ ਨੂੰ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਸੁਰੱਖਿਅਤ ਰੱਖੇ।

 

ਉਪ ਰਾਸ਼ਟਰਪਤੀ ਨੇ ਸਮਾਗਮ ਦੌਰਾਨ 'ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਸੀਰੀਜ਼' 'ਤੇ ਇੱਕ ਈ-ਪੁਸਤਕ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 'ਭਾਰਤ ਵਿੱਚ ਸੁਸ਼ਾਸਨ ਪ੍ਰਥਾਵਾਂ - ਪੁਰਸਕਾਰ ਪ੍ਰਾਪਤ ਪਹਿਲਾਂ' 'ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਸ਼੍ਰੀ ਜਿਤੇਂਦਰ ਸਿੰਘ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ, ਸ਼੍ਰੀ ਰਾਜੀਵ ਗਾਬਾ, ਕੈਬਨਿਟ ਸਕੱਤਰ, ਸ਼੍ਰੀ ਸੁਨੀਲ ਕੁਮਾਰ ਗੁਪਤਾ, ਭਾਰਤ ਦੇ ਉਪ ਰਾਸ਼ਟਰਪਤੀ ਦੇ ਸਕੱਤਰ, ਸ਼੍ਰੀ ਵੀ ਸ਼੍ਰੀਨਿਵਾਸ, ਪ੍ਰਬੰਧਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਸਕੱਤਰ ਅਤੇ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ-

 

https://pib.gov.in/PressReleseDetail.aspx?PRID=1918242

 

 *********

 

ਐੱਮਐੱਸ/ਆਰਕੇ/ਡੀਪੀ


(Release ID: 1918451)