ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਚੇਨਈ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 08 APR 2023 9:14PM by PIB Chandigarh

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਵਣੱਕਮ ਤਮਿਲਨਾਡੂ! 

 

ਤਮਿਲਨਾਡੂ ਦੇ ਰਾਜਪਾਲ, ਸ਼੍ਰੀ ਆਰ ਐੱਨ ਰਵੀ ਜੀ, ਤਮਿਲਨਾਡੂ ਦੇ ਮੁੱਖ ਮੰਤਰੀ, ਸ਼੍ਰੀ ਐੱਮ ਕੇ ਸਟਾਲਿਨ ਜੀ, ਕੇਂਦਰ ਸਰਕਾਰ ਵਿੱਚ ਮੇਰੇ ਸਹਿਯੋਗੀ, ਸ਼੍ਰੀ ਅਸ਼ਵਿਨੀ ਵੈਸ਼ਨਵ ਜੀ, ਸ਼੍ਰੀ ਜਯੋਤਿਰਾਦਿਤਿਆ ਸਿੰਧੀਆ ਜੀ, ਅਤੇ ਤਮਿਲਨਾਡੂ ਦੇ ਭੈਣੋ ਅਤੇ ਭਰਾਵੋ, ਤੁਹਾਨੂੰ ਸਭਨਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। 

 

ਮਿੱਤਰੋ,

 

ਤਮਿਲਨਾਡੂ ਆਉਣਾ ਹਮੇਸ਼ਾ ਬਹੁਤ ਵਧੀਆ ਹੁੰਦਾ ਹੈ। ਇਹ ਇਤਿਹਾਸ ਅਤੇ ਵਿਰਾਸਤ ਦਾ ਘਰ ਹੈ।  ਇਹ ਭਾਸ਼ਾ ਅਤੇ ਸਾਹਿਤ ਦੀ ਧਰਤੀ ਹੈ। ਇਹ ਦੇਸ਼ ਭਗਤੀ ਅਤੇ ਰਾਸ਼ਟਰੀ ਚੇਤਨਾ ਦਾ ਕੇਂਦਰ ਵੀ ਹੈ।  ਸਾਡੇ ਬਹੁਤ ਸਾਰੇ ਪ੍ਰਮੁੱਖ ਸੁਤੰਤਰਤਾ ਸੈਨਾਨੀ ਤਾਮਿਲਨਾਡੂ ਤੋਂ ਸਨ।

 

ਮਿੱਤਰੋ,

 

ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਕੋਲ ਤਿਉਹਾਰਾਂ ਦੇ ਸਮੇਂ ਦੌਰਾਨ ਆਇਆ ਹਾਂ। ਕੁਝ ਦਿਨਾਂ ਵਿੱਚ ਇੱਥੇ ਤਮਿਲ ਪੁਥੰਡੂ ਦੀ ਸ਼ੁਰੂਆਤ ਹੋਵੇਗੀ। ਇਹ ਨਵੀਂ ਊਰਜਾ, ਨਵੀਆਂ ਉਮੀਦਾਂ, ਨਵੀਆਂ ਇੱਛਾਵਾਂ ਅਤੇ ਨਵੀਂ ਸ਼ੁਰੂਆਤ ਦਾ ਸਮਾਂ ਹੈ। ਨਵੀਂ ਪੀੜ੍ਹੀ ਦੇ ਕੁਝ ਇੰਨਫ੍ਰਾਸਟਰਕਚਰ ਪ੍ਰੋਜੈਕਟ ਅੱਜ ਤੋਂ ਲੋਕਾਂ ਦੀ ਸੇਵਾ ਲਈ ਸ਼ੁਰੂ ਹੋ ਜਾਣਗੇ। ਕੁਝ ਹੋਰ ਪ੍ਰੋਜੈਕਟਾਂ 'ਤੇ ਵੀ ਹੁਣ ਤੋਂ ਹੀ ਕੰਮ ਸ਼ੁਰੂ ਹੋ ਆਵੇਗਾ। ਇਹ ਪ੍ਰੋਜੈਕਟ ਜੋ ਰੋਡਵੇਜ਼, ਰੇਲਵੇ ਅਤੇ ਏਅਰਵੇਜ਼ ਨੂੰ ਕਵਰ ਕਰਦੇ ਹਨ, ਨਵੇਂ ਸਾਲ ਦੇ ਜਸ਼ਨਾਂ ਵਿੱਚ ਰੌਣਕ ਵਧਾਉਣਗੇ।

 

ਮਿੱਤਰੋ,

 

ਪਿਛਲੇ ਕੁਝ ਵਰ੍ਹਿਆਂ ਵਿੱਚ, ਭਾਰਤ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਇੱਕ ਕ੍ਰਾਂਤੀ ਦੇਖ ਰਿਹਾ ਹੈ।  ਇਹ ਗਤੀ ਅਤੇ ਪੈਮਾਨੇ ਦੁਆਰਾ ਸੰਚਾਲਿਤ ਹੁੰਦਾ ਹੈ। ਜਦੋਂ ਸਕੇਲ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਇਸ ਸਾਲ ਦੀ ਸ਼ੁਰੂਆਤ ਦੇ ਕੇਂਦਰੀ ਬਜਟ ਨੂੰ ਦੇਖ ਸਕਦੇ ਹੋ। ਅਸੀਂ ਇੰਨਫ੍ਰਾਸਟਰਕਚਰ ਵਿੱਚ ਨਿਵੇਸ਼ ਲਈ 10 ਲੱਖ ਕਰੋੜ ਰੁਪਏ ਦੀ ਰਿਕਾਰਡ ਰਾਸ਼ੀ ਰੱਖੀ ਹੈ। ਇਹ 2014 ਦੇ ਮੁਕਾਬਲੇ ਪੰਜ ਗੁਣਾ ਵੱਧ ਹੈ!  ਰੇਲ ਬੁਨਿਆਦੀ ਢਾਂਚੇ ਲਈ ਰੱਖੀ ਗਈ ਰਕਮ ਵੀ ਹੁਣ ਤੱਕ ਦਾ ਰਿਕਾਰਡ ਹੈ।

   

ਮਿੱਤਰੋ, 

 

ਜਿੱਥੋਂ ਤੱਕ ਗਤੀ ਦਾ ਸਬੰਧ ਹੈ, ਕੁਝ ਤੱਥ ਸਾਨੂੰ ਸਹੀ ਪਰਿਪੇਖ ਦੇ ਸਕਦੇ ਹਨ। 2014 ਤੋਂ ਪਹਿਲਾਂ ਦੀ ਅਵਧੀ ਦੀ ਤੁਲਨਾ ਵਿੱਚ ਪ੍ਰਤੀ ਸਾਲ ਜੋੜੇ ਗਏ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ ਲਗਭਗ ਦੁੱਗਣੀ ਹੋ ਗਈ ਹੈ।  2014 ਤੋਂ ਪਹਿਲਾਂ, ਹਰ ਸਾਲ, 600 ਰੂਟ ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ ਕੀਤਾ ਜਾਂਦਾ ਸੀ। ਅੱਜ, ਇਹ ਪ੍ਰਤੀ ਸਾਲ ਲਗਭਗ 4,000 ਰੂਟ ਕਿਲੋਮੀਟਰ ਤੱਕ ਪਹੁੰਚ ਰਿਹਾ ਹੈ। 2014 ਤੱਕ ਬਣਾਏ ਗਏ ਹਵਾਈ ਅੱਡਿਆਂ ਦੀ ਸੰਖਿਆ 74 ਸੀ। 2014 ਤੋਂ, ਅਸੀਂ ਇਸ ਨੂੰ ਦੁੱਗਣਾ ਕਰਕੇ ਲਗਭਗ 150 ਕਰ ਦਿੱਤਾ ਹੈ। ਤਮਿਲਨਾਡੂ ਕੋਲ ਲੰਬਾ ਸਮੁੰਦਰੀ ਤੱਟ ਹੈ ਜੋ ਵਪਾਰ ਲਈ ਮਹੱਤਵਪੂਰਨ ਹੈ।  2014 ਤੋਂ ਪਹਿਲਾਂ ਦੇ ਯੁੱਗ ਦੀ ਤੁਲਨਾ ਵਿੱਚ ਸਾਡੀਆਂ ਬੰਦਰਗਾਹਾਂ ਦੀ ਸਮਰੱਥਾ ਵਿੱਚ ਵਾਧਾ ਲਗਭਗ ਦੁੱਗਣਾ ਹੋ ਗਿਆ ਹੈ। 

 

ਸਪੀਡ ਅਤੇ ਸਕੇਲ ਸਿਰਫ ਭੌਤਿਕ ਬੁਨਿਆਦੀ ਢਾਂਚੇ ਵਿੱਚ ਹੀ ਨਹੀਂ ਬਲਕਿ ਸਮਾਜਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਵੀ ਦੇਖਿਆ ਜਾ ਰਿਹਾ ਹੈ।  2014 ਤੱਕ, ਭਾਰਤ ਵਿੱਚ ਲਗਭਗ 380 ਮੈਡੀਕਲ ਕਾਲਜ ਸਨ। ਅੱਜ, ਸਾਡੇ ਕੋਲ ਲਗਭਗ 660 ਹਨ!  ਪਿਛਲੇ 9 ਵਰ੍ਹਿਆਂ ਵਿੱਚ, ਸਾਡੇ ਦੇਸ਼ ਵਿੱਚ ਏਮਜ਼ ਦੀ ਸੰਖਿਆ ਲਗਭਗ ਤਿੰਨ ਗੁਣਾ ਹੋ ਗਈ ਹੈ। ਅਸੀਂ ਡਿਜੀਟਲ ਲੈਣ-ਦੇਣ ਵਿੱਚ ਦੁਨੀਆ ਦੇ ਨੰਬਰ ਇੱਕ ਹਾਂ। ਸਾਡੇ ਕੋਲ ਦੁਨੀਆ ਦਾ ਸਭ ਤੋਂ ਕਿਫਾਇਤੀ ਮੋਬਾਈਲ ਡਾਟਾ ਹੈ। ਲਗਭਗ 2 ਲੱਖ ਗ੍ਰਾਮ ਪੰਚਾਇਤਾਂ ਨੂੰ ਜੋੜਦੇ ਹੋਏ 6 ਲੱਖ ਕਿਲੋਮੀਟਰ ਤੋਂ ਅਧਿਕ ਔਪਟਿਕ ਫਾਈਬਰ ਵਿਛਾਇਆ ਗਿਆ ਹੈ।  ਅਤੇ ਅੱਜ, ਭਾਰਤ ਵਿੱਚ ਸ਼ਹਿਰੀ ਉਪਭੋਗਤਾਵਾਂ ਨਾਲੋਂ ਜ਼ਿਆਦਾ ਗ੍ਰਾਮੀਣ ਇੰਟਰਨੈਟ ਉਪਭੋਗਤਾ ਹਨ!

 

ਮਿੱਤਰੋ,

 

ਇਹ ਸਾਰੀਆਂ ਪ੍ਰਾਪਤੀਆਂ ਕਿਸ ਕਾਰਨ ਸੰਭਵ ਹੋਈਆਂ?  ਦੋ ਚੀਜ਼ਾਂ- ਵਰਕ ਕਲਚਰ ਅਤੇ ਵਿਜ਼ਨ। ਸਭ ਤੋਂ ਪਹਿਲਾਂ ਵਰਕ ਕਲਚਰ (ਕੰਮ ਦਾ ਸੱਭਿਆਚਾਰ) ਹੈ। ਪਹਿਲਾਂ, ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਮਤਲਬ ਦੇਰੀ ਹੁੰਦਾ ਸੀ। ਹੁਣ, ਉਨ੍ਹਾਂ ਦਾ ਮਤਲਬ ਡਿਲੀਵਰੀ ਹੈ। ਦੇਰੀ ਤੋਂ ਲੈ ਕੇ ਡਿਲੀਵਰੀ ਤੱਕ ਦੀ ਇਹ ਯਾਤਰਾ ਸਾਡੇ ਵਰਕ ਕਲਚਰ ਕਾਰਨ ਹੋਈ ਹੈ। ਅਸੀਂ ਆਪਣੇ ਟੈਕਸਪੇਅਰਸ ਦੁਆਰਾ ਅਦਾ ਕੀਤੇ ਹਰੇਕ ਰੁਪਏ ਲਈ ਜਵਾਬਦੇਹ ਮਹਿਸੂਸ ਕਰਦੇ ਹਾਂ। ਅਸੀਂ ਖਾਸ ਸਮਾਂ-ਸੀਮਾਵਾਂ ਦੇ ਨਾਲ ਕੰਮ ਕਰਦੇ ਹਾਂ ਅਤੇ ਉਨ੍ਹਾਂ ਤੋਂ ਪਹਿਲਾਂ ਹੀ ਨਤੀਜੇ ਪ੍ਰਾਪਤ ਕਰਦੇ ਹਾਂ।

 

ਇੰਨਫ੍ਰਾਸਟਰਕਚਰ ਲਈ ਸਾਡਾ ਨਜ਼ਰੀਆ ਵੀ ਪਹਿਲਾਂ ਨਾਲੋਂ ਵੱਖਰਾ ਹੈ। ਅਸੀਂ ਇੰਨਫ੍ਰਾਸਟਰਕਚਰ ਨੂੰ ਕੰਕਰੀਟ, ਇੱਟਾਂ ਅਤੇ ਸੀਮਿੰਟ ਦੇ ਰੂਪ ਵਿੱਚ ਨਹੀਂ ਦੇਖਦੇ। ਅਸੀਂ ਇੰਨਫ੍ਰਾਸਟਰਕਚਰ ਨੂੰ ਮਾਨਵੀ ਚਿਹਰੇ ਨਾਲ ਦੇਖਦੇ ਹਾਂ। ਇਹ ਉਮੀਦਾਂ ਨੂੰ ਪ੍ਰਾਪਤੀ, ਲੋਕਾਂ ਨੂੰ ਸੰਭਾਵਨਾਵਾਂ ਅਤੇ ਸੁਪਨਿਆਂ ਨੂੰ ਹਕੀਕਤ ਨਾਲ ਜੋੜਦਾ ਹੈ। ਉਦਾਹਰਣ ਵਜੋਂ ਅੱਜ ਦੇ ਕੁਝ ਪ੍ਰੋਜੈਕਟਾਂ ਨੂੰ ਲਓ। ਰੋਡਵੇਜ਼ ਪ੍ਰੋਜੈਕਟਾਂ ਵਿੱਚੋਂ ਇੱਕ ਵਿਰੂਧੁਨਗਰ ਅਤੇ ਟੇਨਕਾਸੀ ਦੇ ਕਪਾਹ ਕਿਸਾਨਾਂ ਨੂੰ ਹੋਰ ਮੰਡੀਆਂ ਨਾਲ ਜੋੜਦਾ ਹੈ। ਚੇਨਈ ਅਤੇ ਕੋਇੰਬਟੂਰ ਦਰਮਿਆਨ ਵੰਦੇ ਭਾਰਤ ਐਕਸਪ੍ਰੈਸ ਛੋਟੇ ਕਾਰੋਬਾਰਾਂ ਨੂੰ ਗਾਹਕਾਂ ਨਾਲ ਜੋੜਦੀ ਹੈ।  ਚੇਨਈ ਹਵਾਈ ਅੱਡੇ ਦਾ ਨਵਾਂ ਟਰਮੀਨਲ ਦੁਨੀਆ ਨੂੰ ਤਮਿਲਨਾਡੂ ਲਿਆਉਂਦਾ ਹੈ। ਇਹ ਨਿਵੇਸ਼ ਲਿਆਉਂਦਾ ਹੈ ਜੋ ਇੱਥੋਂ ਦੇ ਨੌਜਵਾਨਾਂ ਲਈ ਆਮਦਨ ਦੇ ਮੌਕੇ ਪੈਦਾ ਕਰਦਾ ਹੈ। ਸੜਕ, ਰੇਲਵੇ ਟ੍ਰੈਕ ਜਾਂ ਮੈਟਰੋ 'ਤੇ, ਸਿਰਫ ਵਾਹਨ ਹੀ ਨਹੀਂ ਹਨ ਜੋ ਗਤੀ ਪ੍ਰਾਪਤ ਕਰਦੇ ਹਨ, ਲੋਕਾਂ ਦੇ ਸੁਪਨੇ ਅਤੇ ਉੱਦਮ ਦੀ ਭਾਵਨਾ ਵੀ ਗਤੀ ਪ੍ਰਾਪਤ ਕਰਦੀ ਹੈ।  ਅਰਥਵਿਵਸਥਾ ਨੂੰ ਹੁਲਾਰਾ ਮਿਲਦਾ ਹੈ। ਹਰੇਕ ਇੰਨਫ੍ਰਾਸਟਰਕਚਰ ਪ੍ਰੋਜੈਕਟ ਕਰੋੜਾਂ ਪਰਿਵਾਰਾਂ ਦੇ ਜੀਵਨ ਨੂੰ ਬਦਲਦਾ ਹੈ।

 

ਮਿੱਤਰੋ,

 

ਤਮਿਲਨਾਡੂ ਦਾ ਵਿਕਾਸ ਸਾਡੇ ਲਈ ਵੱਡੀ ਪ੍ਰਾਥਮਿਕਤਾ ਹੈ। ਤਮਿਲਨਾਡੂ ਨੂੰ ਰੇਲ ਬੁਨਿਆਦੀ ਢਾਂਚੇ ਲਈ ਇਸ ਸਾਲ, ਹੁਣ ਤੱਕ ਦਾ ਸਭ ਤੋਂ ਅਧਿਕ, ਛੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਜਟ ਅਲਾਟ ਕੀਤਾ ਗਿਆ ਹੈ।  2009-2014 ਦੌਰਾਨ ਪ੍ਰਤੀ ਸਾਲ ਅਲਾਟ ਕੀਤੀ ਗਈ ਔਸਤ ਰਕਮ 900 ਕਰੋੜ ਰੁਪਏ ਤੋਂ ਘੱਟ ਸੀ।  2004 ਅਤੇ 2014 ਦੇ ਦਰਮਿਆਨ, ਤਮਿਲਨਾਡੂ ਵਿੱਚ ਸ਼ਾਮਲ ਕੀਤੇ ਗਏ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ ਲਗਭਗ 800 ਕਿਲੋਮੀਟਰ ਸੀ।  2014 ਅਤੇ 2023 ਦੇ ਦਰਮਿਆਨ, ਲਗਭਗ 2000 ਕਿਲੋਮੀਟਰ ਰਾਸ਼ਟਰੀ ਰਾਜ ਮਾਰਗਾਂ ਨੂੰ ਜੋੜਿਆ ਗਿਆ ਹੈ!  2014-15 ਵਿੱਚ, ਤਮਿਲਨਾਡੂ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਅਤੇ ਰੱਖ-ਰਖਾਅ ਵਿੱਚ ਲਗਭਗ 1200 ਕਰੋੜ ਰੁਪਏ ਦਾ ਨਿਵੇਸ਼ ਸੀ।  2022-23 ਵਿੱਚ, ਇਹ 6 ਗੁਣਾ ਵੱਧ ਕੇ 8200 ਕਰੋੜ ਰੁਪਏ ਤੋਂ ਵੱਧ ਹੋ ਗਿਆ।

 

ਪਿਛਲੇ ਕੁਝ ਵਰ੍ਹਿਆਂ ਵਿੱਚ, ਤਮਿਲਨਾਡੂ ਨੇ ਕਈ ਮਹੱਤਵਪੂਰਨ ਪ੍ਰੋਜੈਕਟ ਦੇਖੇ ਹਨ। ਰੱਖਿਆ ਉਦਯੋਗਿਕ ਕੋਰੀਡੋਰ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰ ਰਿਹਾ ਹੈ ਅਤੇ ਇੱਥੇ ਨੌਕਰੀਆਂ ਵੀ ਪੈਦਾ ਕਰ ਰਿਹਾ ਹੈ। ਪੀਐੱਮ ਮਿੱਤਰ (PM MITRA) ਮੈਗਾ ਟੈਕਸਟਾਈਲ ਪਾਰਕਾਂ ਨਾਲ ਸਬੰਧਿਤ ਤਾਜ਼ਾ ਘੋਸ਼ਣਾ ਤਮਿਲਨਾਡੂ ਦੇ ਟੈਕਸਟਾਈਲ ਸੈਕਟਰ ਨੂੰ ਵੀ ਲਾਭ ਪਹੁੰਚਾਏਗੀ।  ਪਿਛਲੇ ਸਾਲ, ਅਸੀਂ ਬੰਗਲੁਰੂ-ਚੇਨਈ ਐਕਸਪ੍ਰੈਸਵੇ ਦਾ ਨੀਂਹ ਪੱਥਰ ਰੱਖਿਆ ਸੀ।  ਚੇਨਈ ਦੇ ਨਜ਼ਦੀਕ ਮਲਟੀ-ਮੋਡਲ ਲੌਜਿਸਟਿਕ ਪਾਰਕ ਦਾ ਨਿਰਮਾਣ ਵੀ ਚੱਲ ਰਿਹਾ ਹੈ।  ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਮਮੱਲਾਪੁਰਮ ਤੋਂ ਕੰਨਿਆਕੁਮਾਰੀ ਤੱਕ ਪੂਰੀ ਈਸਟ ਕੋਸਟ ਰੋਡ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਅਜਿਹੇ ਬਹੁਤ ਸਾਰੇ ਪ੍ਰੋਜੈਕਟ ਹਨ ਜੋ ਤਮਿਲਨਾਡੂ ਦੇ ਵਿਕਾਸ ਨੂੰ ਅੱਗੇ ਵਧਾ ਰਹੇ ਹਨ।  ਅਤੇ ਅੱਜ ਕੁਝ ਹੋਰ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਜਾਂ ਨੀਂਹ ਪੱਥਰ ਰੱਖੇ ਜਾ ਰਹੇ ਹਨ।

 

ਮਿੱਤਰੋ,

 

ਅੱਜ ਤਮਿਲਨਾਡੂ ਦੇ ਤਿੰਨ ਮਹੱਤਵਪੂਰਨ ਸ਼ਹਿਰਾਂ-ਚੇਨਈ, ਮਦੁਰਾਈ ਅਤੇ ਕੋਇੰਬਟੂਰ ਨੂੰ ਉਦਘਾਟਨ ਕੀਤੇ ਜਾ ਰਹੇ ਜਾਂ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ਦਾ ਪ੍ਰਤੱਖ ਲਾਭ ਹੋ ਰਿਹਾ ਹੈ। ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਵੀਂ ਇੰਟੀਗਰੇਟਿਡ ਟਰਮੀਨਲ ਬਿਲਡਿੰਗ ਦਾ ਉਦਘਾਟਨ ਕੀਤਾ ਜਾ ਰਿਹਾ ਹੈ।  ਇਸ ਨਾਲ ਯਾਤਰੀਆਂ ਦੀ ਵਧਦੀ ਮੰਗ ਪੂਰੀ ਹੋਵੇਗੀ। ਇਹ ਨਵੀਂ ਟਰਮੀਨਲ ਇਮਾਰਤ ਤਮਿਲ ਸੱਭਿਆਚਾਰ ਦੀ ਸੁੰਦਰਤਾ ਨੂੰ ਦਰਸਾਉਣ ਲਈ ਡਿਜ਼ਾਈਨ ਕੀਤੀ ਗਈ ਹੈ। ਤੁਸੀਂ ਪਹਿਲਾਂ ਹੀ ਕੁਝ ਸ਼ਾਨਦਾਰ ਤਸਵੀਰਾਂ ਦੇਖੀਆਂ ਹੋਣਗੀਆਂ। ਭਾਵੇਂ ਇਹ ਛੱਤਾਂ, ਫਰਸ਼ਾਂ, ਸੀਲਿੰਗਾਂ ਜਾਂ ਕੰਧ-ਚਿੱਤਰਾਂ ਦਾ ਡਿਜ਼ਾਈਨ ਹੋਵੇ, ਉਨ੍ਹਾਂ ਵਿੱਚੋਂ ਹਰ ਇੱਕ ਤੁਹਾਨੂੰ ਤਮਿਲਨਾਡੂ ਦੇ ਕਿਸੇ ਨਾ ਕਿਸੇ ਪਹਿਲੂ ਦੀ ਯਾਦ ਦਿਵਾਉਂਦਾ ਹੈ। ਜਦੋਂ ਕਿ ਹਵਾਈ ਅੱਡੇ ਵਿੱਚ ਪਰੰਪਰਾ ਦੀ ਚਮਕ ਝਲਕਦੀ ਹੈ, ਇਹ ਸਥਿਰਤਾ ਦੀਆਂ ਆਧੁਨਿਕ ਲੋੜਾਂ ਲਈ ਵੀ ਤਿਆਰ ਕੀਤਾ ਗਿਆ ਹੈ। ਇਹ ਈਕੋ-ਅਨੁਕੂਲ ਸਮੱਗਰੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ਅਤੇ ਇਸ ਵਿੱਚ ਐੱਲਈਡੀ ਲਾਈਟਿੰਗ ਅਤੇ ਸੌਰ ਊਰਜਾ ਜਿਹੀਆਂ ਕਈ ਗ੍ਰੀਨ ਤਕਨੀਕਾਂ ਦੀ ਵੀ ਵਰਤੋਂ ਕੀਤੀ ਗਈ ਹੈ। 

 

ਮਿੱਤਰੋ,

 

ਚੇਨਈ ਨੂੰ ਇੱਕ ਹੋਰ ਵੰਦੇ ਭਾਰਤ ਟ੍ਰੇਨ ਵੀ ਮਿਲ ਰਹੀ ਹੈ, ਜੋ ਇਸਨੂੰ ਕੋਇੰਬਟੂਰ ਨਾਲ ਜੋੜਦੀ ਹੈ।  ਜਦੋਂ ਪਹਿਲੀ ਵੰਦੇ ਭਾਰਤ ਟ੍ਰੇਨ ਚੇਨਈ ਆਈ, ਮੈਨੂੰ ਯਾਦ ਹੈ ਕਿ ਤਮਿਲਨਾਡੂ ਤੋਂ ਮੇਰੇ ਨੌਜਵਾਨ ਮਿੱਤਰ ਖਾਸ ਤੌਰ 'ਤੇ ਬਹੁਤ ਉਤਸ਼ਾਹਿਤ ਸਨ। ਉਸ ਸਮੇਂ ਮੈਂ ਵੰਦੇ ਭਾਰਤ ਟ੍ਰੇਨ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਵੇਖੇ ਸਨ। ਮਹਾਨ ਵੀ ਓ ਚਿਦੰਬਰਮ ਪਿੱਲਈ ਦੀ ਧਰਤੀ 'ਤੇ  'ਮੇਡ ਇਨ ਇੰਡੀਆ' ਦਾ ਇਹ ਗੌਰਵ ਸੁਭਾਵਿਕ ਹੈ।

 

ਮਿੱਤਰੋ,

 

ਭਾਵੇਂ ਇਹ ਟੈਕਸਟਾਈਲ ਸੈਕਟਰ ਹੋਵੇ, ਐੱਮਐੱਸਐੱਮਈ ਜਾਂ ਉਦਯੋਗ, ਕੋਇੰਬਟੂਰ ਇੱਕ ਉਦਯੋਗਿਕ ਪਾਵਰਹਾਊਸ ਰਿਹਾ ਹੈ। ਆਧੁਨਿਕ ਕਨੈਕਟੀਵਿਟੀ ਹੀ ਇਥੋਂ ਦੇ ਲੋਕਾਂ ਦੀ ਉਤਪਾਦਕਤਾ ਨੂੰ ਵਧਾਏਗੀ। ਹੁਣ ਚੇਨਈ ਤੋਂ ਕੋਇੰਬਟੂਰ ਦਾ ਸਫਰ ਸਿਰਫ 6 ਘੰਟੇ ਦਾ ਹੋਵੇਗਾ!  ਸਲੇਮ, ਇਰੋਡ ਅਤੇ ਤਿਰੁਪੁਰ ਜਿਹੇ ਟੈਕਸਟਾਈਲ ਅਤੇ ਉਦਯੋਗਿਕ ਕੇਂਦਰਾਂ ਨੂੰ ਵੀ ਇਸ ਵੰਦੇ ਭਾਰਤ ਐਕਸਪ੍ਰੈਸ ਤੋਂ ਲਾਭ ਮਿਲੇਗਾ।

 

ਮਿੱਤਰੋ,

 

ਮਦੁਰਾਈ ਨੂੰ ਤਮਿਲਨਾਡੂ ਦੀ ਸੱਭਿਆਚਾਰਕ ਰਾਜਧਾਨੀ ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਅੱਜ ਦੇ ਪ੍ਰੋਜੈਕਟ ਇਸ ਪ੍ਰਾਚੀਨ ਸ਼ਹਿਰ ਦੇ ਆਧੁਨਿਕ ਬੁਨਿਆਦੀ ਢਾਂਚੇ ਨੂੰ ਵੀ ਹੁਲਾਰਾ ਦਿੰਦੇ ਹਨ। ਇਹ ਮਦੁਰਾਈ ਨੂੰ ਈਜ਼ ਆਵੑ ਲਿਵਿੰਗ ਅਤੇ ਯਾਤਰਾ ਦੀ ਅਸਾਨੀ ਪ੍ਰਦਾਨ ਕਰਦੇ ਹਨ। ਤਮਿਲਨਾਡੂ ਦੇ ਦੱਖਣ-ਪੱਛਮੀ ਅਤੇ ਤੱਟਵਰਤੀ ਹਿੱਸਿਆਂ ਦੇ ਕਈ ਜ਼ਿਲ੍ਹੇ ਵੀ ਅੱਜ ਸ਼ੁਰੂ ਕੀਤੇ ਜਾ ਰਹੇ ਬਹੁਤ ਸਾਰੇ ਪ੍ਰੋਜੈਕਟਾਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ।

 

ਮਿੱਤਰੋ,

 

ਤਮਿਲਨਾਡੂ ਭਾਰਤ ਦੇ ਵਿਕਾਸ ਇੰਜਣਾਂ ਵਿੱਚੋਂ ਇੱਕ ਹੈ। ਮੈਨੂੰ ਯਕੀਨ ਹੈ ਕਿ ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਨਾਲ ਤਮਿਲਨਾਡੂ ਦੇ ਲੋਕਾਂ ਦੀਆਂ ਉਮੀਦਾਂ ਨੂੰ ਵੱਡਾ ਹੁਲਾਰਾ ਮਿਲੇਗਾ। ਜਦੋਂ ਉੱਚ-ਗੁਣਵੱਤਾ ਵਾਲਾ ਬੁਨਿਆਦੀ ਢਾਂਚਾ ਇੱਥੇ ਰੋਜ਼ਗਾਰ ਪੈਦਾ ਕਰਦਾ ਹੈ, ਤਾਂ ਆਮਦਨ ਵਧਦੀ ਹੈ ਅਤੇ ਤਮਿਲਨਾਡੂ ਪ੍ਰਗਤੀ ਕਰਦਾ ਹੈ। ਜਦੋਂ ਤਮਿਲਨਾਡੂ ਪ੍ਰਗਤੀ ਕਰਦਾ ਹੈ, ਤਾਂ ਭਾਰਤ ਪ੍ਰਗਤੀ ਕਰਦਾ ਹੈ।  ਤੁਹਾਡੇ ਪਿਆਰ ਲਈ ਬਹੁਤ ਬਹੁਤ ਧੰਨਵਾਦ। ਵਣੱਕਮ!

 

 ********


ਡੀਐੱਸ/ਵੀਜੇ/ਏਕੇ


(Release ID: 1915363) Visitor Counter : 110