ਉਪ ਰਾਸ਼ਟਰਪਤੀ ਸਕੱਤਰੇਤ

ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਨਵੀਂ ਸਿੱਖਿਆ ਨੀਤੀ ਸਵਾਮੀ ਦਯਾਨੰਦ ਸਰਸਵਤੀ ਦੀ ਸੋਚ ਨੂੰ ਦਰਸਾਉਂਦੀ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਸਵਾਮੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ 'ਤੇ ਯਾਦਗਾਰੀ ਡਾਕ ਟਿਕਟ ਰਿਲੀਜ਼ ਕੀਤੀ

Posted On: 07 APR 2023 3:26PM by PIB Chandigarh

 

ਸਮਾਜਿਕ ਬੁਰਾਈਆਂ ਨਾਲ ਨਜਿੱਠਣ ਲਈ ਸਵਾਮੀ ਦਯਾਨੰਦ ਸਰਸਵਤੀ ਦਾ ਵਿਜ਼ਨ ਅਤੇ ਕਾਰਵਾਈ ਅੱਜ ਵੀ ਪ੍ਰਸੰਗਿਕ ਬਣੀ ਹੋਈ ਹੈ, ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਨਵੀਂ ਸਿੱਖਿਆ ਨੀਤੀ ਜਿਹੀਆਂ ਸਰਕਾਰੀ ਪਹਿਲਾਂ ਵਿੱਚ ਇਸ ਦੀ ਝਲਕ ਮਿਲਦੀ ਹੈ। ਅੱਜ ਨਵੀਂ ਦਿੱਲੀ ਵਿੱਚ ਸਵਾਮੀ ਦਯਾਨੰਦ ਸਰਸਵਤੀ ਦੀ 200ਵੀਂ ਜਨਮ ਵਰ੍ਹੇਗੰਢ ਮੌਕੇ ਇੱਕ ਯਾਦਗਾਰੀ ਡਾਕ ਟਿਕਟ ਰਿਲੀਜ਼ ਕਰਨ ਮੌਕੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਇਹ ਗੱਲ ਕਹੀ। ਉਨ੍ਹਾਂ ਛੂਤ-ਛਾਤ ਜਿਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅਤੇ ਸਿੱਖਿਆ ਦੁਆਰਾ ਔਰਤਾਂ ਦੇ ਸਸ਼ਕਤੀਕਰਨ ਲਈ ਸਵਾਮੀ ਦਯਾਨੰਦ ਜੀ ਦੇ ਸਮਰਪਿਤ ਯਤਨਾਂ ਦਾ ਜ਼ਿਕਰ ਕੀਤਾ, ਜੋ ਆਜ਼ਾਦ ਭਾਰਤ ਵਿੱਚ ਸਮਾਜ ਭਲਾਈ ਦੀ ਨੀਂਹ ਬਣ ਰਹੀਆਂ ਹਨ।

 

 

ਉਪ ਰਾਸ਼ਟਰਪਤੀ ਨੇ ਆਧੁਨਿਕ ਭਾਰਤ ਦੇ ਚਿੰਤਕ-ਦਾਰਸ਼ਨਿਕ ਅਤੇ ਆਰੀਆ ਸਮਾਜ ਦੇ ਸੰਸਥਾਪਕ ਵਜੋਂ ਸਵਾਮੀ ਦਯਾਨੰਦ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਬਸਤੀਵਾਦੀ ਸ਼ਾਸਨ ਦੌਰਾਨ, ਜਦੋਂ ਭਾਰਤ ਆਪਣੇ ਅਧਿਆਤਮਿਕ ਅਤੇ ਸੱਭਿਆਚਾਰਕ ਬੰਧਨ ਨੂੰ ਗੁਆ ਚੁੱਕਾ ਸੀ, ਸਵਾਮੀ ਦਯਾਨੰਦ ਸਰਸਵਤੀ ਨੇ ਭਾਰਤ ਦੀ ਸਭਿਅਤਾ ਦੇ ਲੋਕਾਚਾਰ ਨੂੰ ਪੁਨਰ ਸੁਰਜੀਤ ਕਰਨ ਲਈ ਤਰਕਸ਼ੀਲ ਪਹੁੰਚ ਨਾਲ ਵੈਦਿਕ ਗਿਆਨ ਨੂੰ ਮੁੜ ਪ੍ਰਫੁੱਲਤ ਕੀਤਾ।

 

ਸ੍ਰੀ ਧਨਖੜ ਨੇ ਯਾਦ ਕੀਤਾ ਕਿ ਸਵਾਮੀ ਦਯਾਨੰਦ ਸਰਸਵਤੀ ਸਵਰਾਜ ਦਾ ਜੋਸ਼ੀਲਾ ਸੱਦਾ ਦੇਣ ਵਾਲੇ ਪਹਿਲੇ ਵਿਅਕਤੀ ਸਨ, ਜਿਸ ਨੂੰ ਲੋਕਮਾਨਿਆ ਤਿਲਕ ਨੇ ਅੱਗੇ ਵਧਾਇਆ ਅਤੇ ਇੱਕ ਜਨ ਅੰਦੋਲਨ ਬਣ ਗਿਆ। ਸ੍ਰੀ ਧਨਖੜ ਨੇ ਉਜਾਗਰ ਕੀਤਾ, ਸਵਾਮੀ ਜੀ ਲਈ ਆਜ਼ਾਦੀ ਮਨ ਅਤੇ ਆਤਮਾ ਦੀ ਸੱਚੀ ਆਜ਼ਾਦੀ ਤੋਂ ਵੱਖਰੀ ਨਹੀਂ ਸੀ।

 

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਵਿਦੇਸ਼ ਜਾ ਕੇ ਅਤੇ ਉਥੋਂ ਆਪਣੇ ਹੀ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਦੇਖ ਕੇ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਭਾਰਤੀਅਤਾ ਵਿੱਚ ਸੱਚਾ ਵਿਸ਼ਵਾਸ ਰੱਖਣ ਵਾਲਾ ਹਮੇਸ਼ਾ ਆਪਣੇ ਦੇਸ਼ ਬਾਰੇ ਸੋਚੇਗਾ ਅਤੇ ਵਿਦੇਸ਼ੀ ਧਰਤੀ ਤੋਂ ਸਾਡੇ ਅਦਾਰਿਆਂ 'ਤੇ ਬੇਬੁਨਿਆਦ ਟਿੱਪਣੀਆਂ ਕਰਨ ਦੀ ਬਜਾਏ ਦੇਸ਼ ਦੇ ਸੁਧਾਰ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾਵੇਗਾ।

 

ਸ਼੍ਰੀ ਧਨਖੜ ਨੇ ਇਹ ਸੁਨਿਸ਼ਚਿਤ ਕਰਨ ਵਿੱਚ ਸਵਾਮੀ ਦਯਾਨਾਦ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਕਿ ਸੰਸਕ੍ਰਿਤ ਅਤੇ ਹਿੰਦੀ ਜਿਹੀਆਂ ਭਾਸ਼ਾਵਾਂ ਨੂੰ ਉਹ ਮਾਨਤਾ ਮਿਲੇ ਜਿਸ ਦੀਆਂ ਉਹ ਹੱਕਦਾਰ ਹਨ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਪਣੀਆਂ ਜੜ੍ਹਾਂ ਨੂੰ ਕਦੇ ਵੀ ਨਾ ਭੁੱਲਣ ਦਾ ਸੱਦਾ ਦਿੰਦਿਆਂ ਕਿਹਾ “ਦੁਨੀਆ ਵਿੱਚ ਅਜਿਹੀ ਕੋਈ ਭਾਸ਼ਾ ਜਾਂ ਵਿਆਕਰਣ ਨਹੀਂ ਹੈ ਜਿਸ ਵਿੱਚ ਸੰਸਕ੍ਰਿਤ ਜਿੰਨੀ ਗਹਿਰਾਈ ਹੋਵੇ। ਇਹ ਸਾਰੀਆਂ ਭਾਸ਼ਾਵਾਂ ਦੀ ਜਨਨੀ ਵਾਂਗ ਹੈ।”

 

 

ਡਾਕ ਟਿਕਟ ਰਿਲੀਜ਼ ਸਮਾਗਮ ਦਾ ਆਯੋਜਨ ਸੱਤਿਆ ਫਾਊਂਡੇਸ਼ਨ ਦੁਆਰਾ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

  

ਇਸ ਮੌਕੇ ਸ਼੍ਰੀ ਦੇਵੂਸਿੰਹ ਚੌਹਾਨ, ਸੰਚਾਰ ਰਾਜ ਮੰਤਰੀ, ਡਾ. ਸਤਿਆ ਪਾਲ ਸਿੰਘ, ਸੰਸਦ ਮੈਂਬਰ (ਲੋਕ ਸਭਾ), ਸਵਾਮੀ ਸੁਮੇਧਾਨੰਦ ਸਰਸਵਤੀ, ਸੰਸਦ ਮੈਂਬਰ (ਲੋਕ ਸਭਾ), ਸਵਾਮੀ ਰਾਮਦੇਵ, ਪਤੰਜਲੀ ਯੋਗਪੀਠ, ਹਰਿਦੁਆਰ, ਸਵਾਮੀ ਚਿਦਾਨੰਦ ਸਰਸਵਤੀ, ਪਰਮਾਰਥ ਨਿਕੇਤਨ, ਰਿਸ਼ੀਕੇਸ਼ ਅਤੇ ਸੰਚਾਰ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


 

 *********


ਐੱਮਐੱਸ/ਆਰਸੀ



(Release ID: 1914834) Visitor Counter : 134