ਬਿਜਲੀ ਮੰਤਰਾਲਾ
ਬਿਜਲੀ ਮੰਤਰਾਲੇ ਨੇ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਸਮੁਚਿਤ ਉਪਲਬਧਤਾ ਨੂੰ ਸੁਨਿਸ਼ਚਿਤ ਕਰਨ ਲਈ ਬਹੁ-ਪੱਖੀ ਰਣਨੀਤੀ ਤਿਆਰ ਕੀਤੀ
ਕੇਂਦਰੀ ਬਿਜਲੀ ਮੰਤਰੀ ਸ਼੍ਰੀ ਆਰਕੇ ਸਿੰਘ ਨੇ ਆਉਣ ਵਾਲੇ ਗਰਮੀਆਂ ਦੇ ਮਹੀਨਿਆਂ ਦੇ ਦੌਰਾਨ ਬਿਜਲੀ ਦੀ ਸਥਿਤੀ ਦੀ ਸਮੀਖਿਆ ਕੀਤੀl ਬਿਜਲੀ ਸੈਕਟਰ ਕੰਪਨੀਆਂ ਨੂੰ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਲੋਡ-ਸ਼ੇਡਿੰਗ ਨਾ ਹੋਵੇ
ਰੇਲ, ਕੋਲਾ ਅਤੇ ਬਿਜਲੀ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਸਮੀਖਿਆ-ਮੀਟਿੰਗ ਵਿੱਚ ਸ਼ਾਮਿਲ ਹੋਏ
ਰੇਲ ਮੰਤਰਾਲੇ ਨੇ ਕੋਲੇ ਦੇ ਟ੍ਰਾਂਸਪੋਰਟ ਦੇ ਲਈ ਕਾਫ਼ੀ ਰੇਕ ਦੀ ਉਪਲਬਧਤਾ ਦਾ ਭਰੋਸਾ ਦਿੱਤਾ
प्रविष्टि तिथि:
09 MAR 2023 10:50AM by PIB Chandigarh
ਕੇਂਦਰੀ ਬਿਜਲੀ ਮੰਤਰਾਲੇ ਨੇ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਸਮੁਚਿਤ ਉਪਲਬਧਤਾ ਨੂੰ ਸੁਨਿਸ਼ਚਿਤ ਕਰਨ ਲਈ ਬਹੁ-ਪੱਖੀ ਰਣਨੀਤੀ ਤਿਆਰ ਕੀਤੀ ਹੈ। ਕੇਂਦਰੀ ਬਿਜਲੀ ਅਤੇ ਨਵੀਨ ਤੇ ਨਵੀਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਮੰਗਲਵਾਰ 7 ਮਾਰਚ, 2023 ਨੂੰ ਇੱਕ ਸਮੀਖਿਆ-ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਬਿਜਲੀ ਸੈਕਟਰ, ਕੋਲਾ ਅਤੇ ਰੇਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਮੀਟਿੰਗ ਵਿੱਚ ਆਉਣ ਵਾਲੇ ਮਹੀਨਿਆਂ, ਖਾਸ ਕਰਕੇ ਅਪ੍ਰੈਲ 2023 ਅਤੇ ਮਈ 2023 ਦੇ ਦੌਰਾਨ ਬਿਜਲੀ ਦੀ ਵਧਦੀ ਮੰਗ ਪੂਰੀ ਕਰਨ ਦੇ ਵਿਭਿੰਨ ਪੱਖਾਂ ‘ਤੇ ਚਰਚਾ ਕੀਤੀ। ਮੀਟਿੰਗ ਵਿੱਚ ਬਿਜਲੀ ਸਕੱਤਰ ਸ਼੍ਰੀ ਆਲੋਕ ਕੁਮਾਰ, ਸੈਂਟਰਲ ਪਾਵਰ ਅਥਾਰਿਟੀ ਦੇ ਚੇਅਰਪਰਸਨ ਸ਼੍ਰੀ ਘਣਸ਼ਯਾਮ ਪ੍ਰਸਾਦ, ਗਰਿੱਡ ਕੰਟਰੋਲਰ ਆਵ੍ਰ ਇੰਡੀਆ ਦੇ ਸੀਐੱਮਡੀ ਸ਼੍ਰੀ ਐੱਸ ਆਰ ਨਰਸਿਮ੍ਹਨ, ਰੇਲਵੇ ਬੋਰਡ ਦੇ ਮੈਂਬਰ ਸ਼੍ਰੀਮਤੀ ਜਯਾ ਵਰਮਾ ਸਿਨਹਾ, ਕੋਲਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸੰਜੀਵ ਕੁਮਾਰ ਕੱਸੀ, ਐੱਨਟੀਪੀਸੀ ਦੇ ਡਾਇਰੈਕਟਰ ਸੰਚਾਲਨ ਸ਼੍ਰੀ ਰਮੇਸ਼ ਬਾਬੂ ਅਤੇ ਉਕਤ ਤਿੰਨੋਂ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਰਣਨੀਤੀ ਦੇ ਅੰਗ ਦੇ ਰੂਪ ਵਿੱਚ ਬਿਜਲੀ ਸੰਸਥਾਵਾਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਕੋਲਾ ਅਧਾਰਿਤ ਪਾਵਰ ਪਲਾਂਟਾਂ ਦਾ ਰੱਖ-ਰਖਾਅ ਪਹਿਲਾਂ ਤੋਂ ਹੀ ਕਰ ਲਿਆ ਜਾਵੇ, ਤਾਕਿ ਬਿਜਲੀ ਦੇ ਤੰਗੀ ਵਾਲੇ ਸਮੇਂ ਵਿੱਚ ਰੱਖ-ਰਖਾਅ ਦੀ ਜ਼ਰੂਰਤ ਨਾ ਪਵੇ। ਸਾਰੇ ਆਯਾਤ ਕੋਲਾ ਅਧਾਰਿਤ ਪਲਾਂਟਾਂ ਨੂੰ ਧਾਰਾ-11 ਦੇ ਤਹਿਤ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਉਹ 16 ਮਾਰਚ, 2023 ਤੋਂ ਪੂਰੀ ਸਮੱਰਥਾ ਨਾਲ ਕੰਮ ਚਾਲੂ ਕਰ ਦੇਣ। ਕੋਲਾ ਅਧਾਰਿਤ ਪਲਾਂਟਾਂ ਵਿੱਚ ਕੋਲੇ ਦਾ ਸਮੁਚਿਤ ਭੰਡਾਰ ਉਪਲਬਧ ਕਰਾਇਆ ਜਾਵੇਗਾ। ਮੀਟਿੰਗ ਦੇ ਦੌਰਾਨ ਰੇਲਵੇ ਬੋਰਡ ਦੀ ਮੈਂਬਰ ਨੇ ਭਰੋਸਾ ਦਵਾਇਆ ਕਿ ਰੇਲ ਵਿਭਾਗ ਕੋਲੇ ਦੇ ਟ੍ਰਾਂਸਪੋਰਟ ਲਈ ਕਾਫ਼ੀ ਮਾਤਰਾ ਵਿੱਚ ਰੇਕ ਉਪਲਬਧ ਕਰਾਏਗਾ। ਰੇਲ ਮਤਰਾਲੇ ਨੇ ਸੀਆਈਐੱਲ, ਜੀਐੱਸਐੱਸ ਅਤੇ ਆਪਣੀ ਮਲਕੀਅਤ ਵਾਲੇ ਕੋਲਾ ਬਲਾਕਾਂ ਦੀ ਵਿਭਿੰਨ ਸਹਾਇਕ ਕੰਪਨੀਆਂ ਨੂੰ 418 ਰੇਕ ਉਪਲਬਧ ਕਰਾਉਣ ਦੀ ਮੰਜ਼ੂਰੀ ਦੇ ਦਿੱਤੀ। ਰੇਲ ਵਿਭਾਗ ਇਸ ਗੱਲ ਦੇ ਲਈ ਵੀ ਰਾਜ਼ੀ ਹੋ ਗਿਆ ਕਿ ਸਮਾਂ ਆਉਣ ‘ਤੇ ਉਹ ਰੇਕਾਂ ਦੀ ਸੰਖਿਆ ਵੀ ਵਧਾਏਗਾ, ਤਾਕਿ ਬਿਜਲੀ ਪਲਾਂਟਾਂ ਵਿੱਚ ਕੋਲੇ ਦਾ ਕਾਫ਼ੀ ਸਟਾਕ ਕਾਇਮ ਰੱਖਿਆ ਜਾ ਸਕੇ।
ਵਧਦੀ ਮੰਗ ਨੂੰ ਪੂਰਾ ਕਰਨ ਲਈ ਗੈਸ-ਅਧਾਰਿਤ ਪਾਵਰ ਪਲਾਂਟਾਂ ਦਾ ਇਸਤੇਮਾਲ ਕੀਤਾ ਜਾਵੇਗਾ। ਮੰਤਰਾਲੇ ਨੇ ਐੱਨਟੀਪੀਸੀ ਨੂੰ ਹੁਕਮ ਦਿੱਤਾ ਕਿ ਉਹ ਅਪ੍ਰੈਲ-ਮਈ ਦੇ ਤੰਗੀ ਵਾਲੇ ਸਮੇਂ ਵਿੱਚ ਆਪਣੇ 5,000 ਮੈਗਾਵਾਟ ਵਾਲੇ ਗੈਸ-ਅਧਾਰਿਤ ਪਾਵਰ ਪਲਾਂਟ ਚਾਲੂ ਕਰੇ। ਇਸ ਤੋਂ ਇਲਾਵਾ, ਹੋਰ ਸੰਸਥਾਵਾਂ ਵੀ 4,000 ਮੈਗਾਵਾਟ ਦੀ ਵਾਧੂ ਗੈਸ-ਅਧਾਰਿਤ ਬਿਜਲੀ ਸਮਰੱਥਾ ਦਾ ਇਸਤੇਮਾਨ ਕਰਨਗੀਆਂ, ਤਾਕਿ ਗਰਮੀਆਂ ਦੇ ਮੌਸਮ ਦੌਰਾਨ ਉਪਲਬਧਤਾ ਬਣੀ ਰਹੇ। ਗਰਮੀਆਂ ਦੇ ਮਹੀਨਿਆਂ ਦੌਰਾਨ ਗੈਸ ਦੀ ਜ਼ਰੂਰੀ ਪੂਰਤੀ ਦੇ ਲਈ ਗੇਲ ਨੇ ਪਹਿਲਾਂ ਹੀ ਬਿਜਲੀ ਮੰਤਰਾਲੇ ਨੂੰ ਭਰੋਸਾ ਦਿੱਤਾ ਹੈ। ਸਾਰੇ ਹਾਈਡ੍ਰੋ ਪਲਾਂਟਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਰਏਡੀਸੀ/ਐੱਸਐੱਲਡੀਸੀ (ਖ਼ੇਤਰੀ/ਰਾਜ ਲੋਡ ਡਿਸਪੈਚ ਕੇਂਦਰਾਂ) ਨਾਲ ਸਲਾਹ ਕਰਕੇ ਵਰਤਮਾਨ ਮਹੀਨਿਆਂ ਵਿੱਚ ਪਾਣੀ ਦੀ ਵਰਤੋ ਨੂੰ ਵਧ ਕਰ ਦਿਓ, ਤਾਕਿ ਅਗਲੇ ਮਹੀਨੇ ਦੇ ਦੌਰਾਨ ਬਿਹਤਰ ਉਪਲਬਧਤਾ ਨਿਸ਼ਚਿਤ ਹੋ ਸਕੇ। ਕੋਲਾ-ਅਧਾਰਿਤ ਨਵੇਂ ਪਲਾਂਟਾਂ ਦੇ ਜ਼ਰੀਏ 2,920 ਮੈਗਾਵਾਟ ਦੀ ਵਾਧੂ ਸਮਰੱਥਾ ਉਪਲਬਧ ਕਰਵਾਈ ਜਾਵੇਗੀ। ਇਨ੍ਹਾਂ ਪਲਾਂਟਾਂ ਨੂੰ ਇਸੇ ਮਹੀਨੇ ਚਾਲੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ, ਬਰੌਨੀ ਦੇ ਦੋ ਪਲਾਂਟਾਂ (2x10 ਮੈਗਾਵਾਟ) ਦੀ ਉਪਲਬਧਤਾ ਤੰਗੀ ਵਾਲੇ ਸਮੇਂ ਵਿੱਚ ਕਰ ਦਿੱਤੀ ਜਾਵੇਗੀ।
ਮੀਟਿੰਗ ਦੇ ਦੌਰਾਨ ਕੇਂਦਰੀ ਬਿਜਲੀ ਮੰਤਰੀ ਨੇ ਬਿਜਲੀ ਕੰਪਨੀਆਂ ਨੂੰ ਕਿਹਾ ਕਿ ਉਹ ਸੁਨਿਸ਼ਚਿਤ ਕਰਨ ਕਿ ਗਰਮੀਆਂ ਦੇ ਮਹੀਨਿਆਂ ਵਿੱਚ ਲੋਡ-ਸ਼ੇਡਿੰਗ ਨਾ ਹੋਵੇ। ਸ਼੍ਰੀ ਸਿੰਘ ਨੇ ਸਾਰੇ ਹਿਤਧਾਰਕਾਂ ਨੂੰ ਕਿਹਾ ਕਿ ਉਹ ਹਾਲਾਤ ‘ਤੇ ਨਜਰ ਰੱਖਣ ਅਤੇ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸਰਗਰਮ ਕਾਰਵਾਈ ਕਰਨ। ਮੰਤਰੀ ਮਹੋਦਯ ਨੇ ਸੀਈਏ ਨੂੰ ਵੀ ਕਿਹਾ ਕਿ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੁੰ ਕੋਲੇ ਦੀ ਵੰਡ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨ ਦਾ ਤਰੀਕਾ ਸੁਨਿਸ਼ਚਿਤ ਕੀਤਾ ਜਾਵੇ।
ਸੈਂਟਰਲ ਪਾਵਰ ਅਥਾਰਿਟੀ ਦੇ ਮੁਲਾਂਕਣ ਮੁਤਾਬਕ ਬਿਜਲੀ ਦੀ ਸਭ ਤੋਂ ਵਧ ਮੰਗ ਅਪ੍ਰੈਲ 2023 ਵਿੱਚ 229 ਗੇਗਾਵਾਟ ਤੱਕ ਪਹੁੰਚ ਜਾਵੇਗੀ। ਇਸ ਸਮੇਂ ਦੇਸ਼ ਵਿੱਚ ਬਿਜਲੀ ਦੀ ਸਭ ਤੋਂ ਵਧ ਮੰਗ ਹੁੰਦੀ ਹੈ। ਮੰਗ ਵਿੱਚ ਉਸ ਸਮੇਂ ਕਮੀ ਆ ਜਾਂਦੀ ਹੈ, ਜਦੋਂ ਦੇਸ਼ ਦੇ ਦੱਖਣੀ ਹਿੱਸੇ ਤੋਂ ਮੌਨਸੂਨ ਸ਼ੁਰੂ ਹੁੰਦਾ ਹੈ ਅਤੇ ਅਗਲੇ ਤਿੰਨ ਚਾਰ ਮਹੀਨਿਆਂ ਵਿੱਚ ਪੂਰੇ ਦੇਸ਼ ਵਿੱਚ ਛਾ ਜਾਂਦਾ ਹੈ। ਵਰਣਨਯੋਗ ਹੈ ਕਿ ਸਕਲ ਘਰੇਲੂ ਉਤਪਾਦ (ਜੀਡੀਪੀ) ਦੀ ਦਰ ਲਗਭਗ 7 ਪ੍ਰਤੀਸ਼ਤ ਦੇ ਹਿਸਾਬ ਨਾਲ ਵਧ ਰਹੀ ਹੈ, ਜਿਸ ਦੇ ਮੱਦੇਨਜਰ ਦੇਸ਼ ਵਿੱਚ ਬਿਜਲੀ ਦੀ ਮੰਗ 10 ਪ੍ਰਤੀਸ਼ਤ ਸਾਲਾਨਾ ਦੇ ਹਿਸਾਬ ਨਾਲ ਵਧ ਰਹੀ ਹੈ। ਅਨੁਮਾਨ ਮੁਤਾਬਕ, ਅਪ੍ਰੈਲ 2023 ਦੇ ਦੌਰਾਨ ਬਿਜਲੀ ਦੀ ਮੰਗ 1,42,097 ਐੱਮਯੂ ਹੋਣ ਦੀ ਆਸ ਹੈ, ਜੋ ਕਿ ਸਭ ਤੋਂ ਵਧ ਹੋਵੇਗੀ ਅਤੇ ਮਈ 2023 ਵਿੱਚ ਇਹ ਘਟ ਕੇ 1,41,464 ਐੱਮਯੂ ਹੋ ਜਾਣ ਦੀ ਸੰਭਾਵਨਾ ਹੈ। ਲਗਾਤਾਰ ਘਟਦੇ ਹੋਏ ਇਹ ਨਵੰਬਰ ਦੇ ਦੌਰਾਨ 1,17,049 ਐੱਮਯੂ ਤੱਕ ਪਹੁੰਚ ਜਾਵੇਗੀ।
*********
ਏਐੱਮ/ਐੱਚਐੱਨ
(रिलीज़ आईडी: 1905650)
आगंतुक पटल : 160