ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 'ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ' ਵਿਸ਼ੇ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ


"ਇਹ ਵੈਬੀਨਾਰ ਬਜਟ ਦੌਰਾਨ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰਦੇ ਹਨ"

“ਸਾਨੂੰ ਟੂਰਿਜ਼ਮ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਕੁਝ ਵੱਖਰਾ ਸੋਚਣਾ ਹੋਵੇਗਾ ਅਤੇ ਅੱਗੇ ਦੀ ਯੋਜਨਾ ਬਣਾਉਣੀ ਪਵੇਗੀ”

"ਟੂਰਿਜ਼ਮ ਅਮੀਰਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਉੱਚ ਫੈਂਸੀ ਸ਼ਬਦ ਨਹੀਂ ਹੈ"

"ਇਸ ਸਾਲ ਦਾ ਬਜਟ ਟਿਕਾਣਿਆਂ ਦੇ ਸੰਪੂਰਨ ਵਿਕਾਸ 'ਤੇ ਕੇਂਦ੍ਰਿਤ ਹੈ"

"ਸਹੂਲਤਾਂ ਵਿੱਚ ਇਜ਼ਾਫ਼ੇ ਨਾਲ ਕਾਸ਼ੀ ਵਿਸ਼ਵਨਾਥ, ਕੇਦਾਰ ਧਾਮ, ਪਾਵਾਗੜ੍ਹ ਵਿਖੇ ਸ਼ਰਧਾਲੂਆਂ ਦੀ ਆਮਦ ਵਿੱਚ ਕਈ ਗੁਣਾ ਵਾਧਾ ਹੋਇਆ ਹੈ"

"ਹਰ ਟੂਰਿਜ਼ਮ ਡੈਸਟੀਨੇਸ਼ਨ ਆਪਣਾ ਰੈਵੇਨਿਊ ਮਾਡਲ ਵਿਕਸਿਤ ਕਰ ਸਕਦਾ ਹੈ"

"ਸਾਡੇ ਪਿੰਡ ਆਪਣੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਸੈਰ ਸਪਾਟੇ ਦੇ ਕੇਂਦਰ ਬਣ ਰਹੇ ਹਨ"

“ਇਸ ਸਾਲ ਜਨਵਰੀ ਵਿੱਚ 8 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ, ਜਦਕਿ ਪਿਛਲੇ ਸਾਲ ਜਨਵਰੀ ਵਿੱਚ ਇਹ ਗਿਣਤੀ ਸਿਰਫ਼ 2 ਲੱਖ ਸੀ”

"ਭਾਰਤ ਦੇ ਪਾਸ ਵਧੇਰੇ ਖਰਚ ਕਰਨ ਵਾਲੇ ਸੈਲਾਨੀਆਂ ਨੂੰ ਪੇਸ਼ਕਸ਼ ਕਰਨ ਲਈ ਵੀ ਬਹੁਤ ਕੁਝ ਹੈ"

"ਦੇਸ਼ ਵਿੱਚ ਟੂਰਿਜ਼ਮ ਵਿੱਚ ਸੰਭਾਵਨਾ ਖੇਤੀਬਾੜੀ, ਰੀਅਲ ਇਸਟੇਟ ਵਿਕਾਸ, ਬੁਨਿਆਦੀ ਢਾਂਚਾ ਅਤੇ ਟੈਕਸਟਾਈਲ ਦੀ ਤਰ੍ਹਾਂ ਹੀ ਹੈ"

Posted On: 03 MAR 2023 11:52AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਸੱਤਵਾਂ ਵੈਬੀਨਾਰ ਹੈ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਦਾ ਨਿਊ ਇੰਡੀਆ ਇੱਕ ਨਵੀਂ ਕਾਰਜ ਸੰਸਕ੍ਰਿਤੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਭਾਰਤ ਦੇ ਲੋਕਾਂ ਵਲੋਂ ਇਸ ਸਾਲ ਦੇ ਬਜਟ ਦੀ ਕੀਤੀ ਗਈ ਪ੍ਰਸ਼ੰਸਾ 'ਤੇ ਖੁਸ਼ੀ ਜ਼ਾਹਰ ਕੀਤੀ। ਪਿਛਲੀ ਕਾਰਜ ਸੰਸਕ੍ਰਿਤੀ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਦੀ ਬਜਟ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਰੇ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰੇ ਦੀ ਭਾਵਨਾ ਨਾ ਹੁੰਦੀ ਤਾਂ ਪੋਸਟ-ਬਜਟ ਵੈਬੀਨਾਰਾਂ ਜਿੰਨੀ ਨਵੀਨ ਚੀਜ਼ ਮੌਜੂਦ ਨਾ ਹੁੰਦੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਨ੍ਹਾਂ ਵੈਬੀਨਾਰਾਂ ਦਾ ਮੁੱਖ ਉਦੇਸ਼ ਬਜਟ ਦੀ ਉਤਪਾਦਕਤਾ ਦੇ ਨਾਲ-ਨਾਲ ਇਸ ਨੂੰ ਸਮੇਂ ਸਿਰ ਲਾਗੂ ਕਰਨਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਵੈਬੀਨਾਰ ਬਜਟ ਦੌਰਾਨ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰਦੇ ਹਨ। 20 ਸਾਲਾਂ ਤੋਂ ਵੱਧ ਸਮੇਂ ਤੱਕ ਸਰਕਾਰ ਦੇ ਮੁਖੀ ਵਜੋਂ ਕੰਮ ਕਰਨ ਦੇ ਤਜ਼ਰਬੇ ਤੋਂ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋੜੀਂਦੇ ਨਤੀਜੇ ਨਿਰਧਾਰਿਤ ਸਮੇਂ ਦੇ ਅੰਦਰ ਤਦ ਪ੍ਰਾਪਤ ਹੁੰਦੇ ਹਨ, ਜਦੋਂ ਸਾਰੇ ਹਿੱਸੇਦਾਰ ਸਰਕਾਰ ਦੁਆਰਾ ਲਏ ਗਏ ਕਿਸੇ ਵੀ ਰਣਨੀਤਕ ਫੈਸਲਿਆਂ ਨਾਲ ਆਪਣੇ ਆਪ ਨੂੰ ਜੋੜਦੇ ਹਨ। ਉਨ੍ਹਾਂ ਨੇ ਹੁਣ ਤੱਕ ਕਰਵਾਏ ਗਏ ਪੋਸਟ-ਬਜਟ ਵੈਬੀਨਾਰਾਂ ਰਾਹੀਂ ਪ੍ਰਾਪਤ ਸੁਝਾਵਾਂ 'ਤੇ ਖੁਸ਼ੀ ਜ਼ਾਹਰ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਟੂਰਿਜ਼ਮ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਕੁਝ ਹਟਕੇ ਸੋਚਣ ਅਤੇ ਅੱਗੇ ਦੀ ਯੋਜਨਾ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਟੂਰਿਜ਼ਮ ਡੈਸਟੀਨੇਸ਼ਨ ਦੇ ਵਿਕਸਿਤ ਹੋਣ ਤੋਂ ਪਹਿਲਾਂ ਮਿਆਰਾਂ 'ਤੇ ਰੋਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਥਾਨ ਦੀ ਸੰਭਾਵਨਾ, ਮੰਜ਼ਿਲ ਤੱਕ ਯਾਤਰਾ ਕਰਨ ਦੀ ਸੌਖ ਅਤੇ ਮੰਜ਼ਿਲ ਨੂੰ ਉਤਸ਼ਾਹਿਤ ਕਰਨ ਦੇ ਨਵੇਂ ਤਰੀਕੇ ਦੱਸੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮਿਆਰਾਂ 'ਤੇ ਜ਼ੋਰ ਦੇਣ ਨਾਲ ਭਵਿੱਖ ਲਈ ਇੱਕ ਰੋਡਮੈਪ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਟੂਰਿਜ਼ਮ ਦੇ ਵਿਸ਼ਾਲ ਦਾਇਰੇ ਨੂੰ ਉਜਾਗਰ ਕੀਤਾ ਅਤੇ ਤੱਟਵਰਤੀ ਟੂਰਿਜ਼ਮ, ਬੀਚ ਟੂਰਿਜ਼ਮ, ਮੈਂਗਰੋਵ ਟੂਰਿਜ਼ਮ, ਹਿਮਾਲੀਅਨ ਟੂਰਿਜ਼ਮ, ਅਡਵੈਂਚਰ ਟੂਰਿਜ਼ਮ, ਵਾਇਲਡ ਲਾਈਫ ਟੂਰਿਜ਼ਮ, ਈਕੋ-ਟੂਰਿਜ਼ਮ, ਹੈਰੀਟੇਜ ਟੂਰਿਜ਼ਮ, ਸਪ੍ਰਿਚੁਅਲ ਟੂਰਿਜ਼ਮ, ਵੈਡਿੰਗ ਡੈਸਟੀਨੇਸ਼ਨਸ  ਟੂਰਿਜ਼ਮ ਕਾਇਆ ਕਾਨਫਰੰਸਿਜ਼ ਅਤੇ ਸਪੋਰਟ ਟੂਰਿਜ਼ਮ ਨੂੰ ਸੂਚੀਬੱਧ ਕੀਤਾ। ਉਨ੍ਹਾਂ ਰਾਮਾਇਣ ਸਰਕਟ, ਬੁੱਧ ਸਰਕਟ, ਕ੍ਰਿਸ਼ਨ ਸਰਕਟ, ਉੱਤਰ ਪੂਰਬ ਸਰਕਟ, ਗਾਂਧੀ ਸਰਕਟ ਅਤੇ ਸਾਰੇ ਸਾਧੂ-ਸੰਤਾਂ ਦੇ ਤੀਰਥ ਸਥਾਨਾਂ ਦੀ ਉਦਾਹਰਨ ਵੀ ਦਿੱਤੀ ਅਤੇ ਇਸ 'ਤੇ ਇੱਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਮੁਕਾਬਲੇ ਦੀ ਭਾਵਨਾ ਅਤੇ ਚੁਣੌਤੀ ਦੇ ਰਸਤੇ ਰਾਹੀਂ ਭਾਰਤ ਵਿੱਚ ਕਈ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਨਾਲ ਹੀ ਟਿਕਾਣਿਆਂ ਦੇ ਸਰਬਪੱਖੀ ਵਿਕਾਸ 'ਤੇ ਵੀ ਧਿਆਨ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਇਸ 'ਤੇ ਵਿਸਤ੍ਰਿਤ ਚਰਚਾ ਕਰਨ ਲਈ ਕਿਹਾ ਕਿ ਕਿਵੇਂ ਵੱਖ-ਵੱਖ ਹਿੱਸੇਦਾਰਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਮਿੱਥ ਨੂੰ ਵੀ ਤੋੜਿਆ ਕਿ ਟੂਰਿਜ਼ਮ ਸਿਰਫ਼ ਦੇਸ਼ ਦੇ ਉੱਚ-ਆਮਦਨ ਵਾਲੇ ਵਰਗਾਂ ਨਾਲ ਜੁੜਿਆ ਇੱਕ ਸ਼ਾਨਦਾਰ ਸ਼ਬਦ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਯਾਤਰਾਵਾਂ ਸਦੀਆਂ ਤੋਂ ਭਾਰਤ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਦਾ ਹਿੱਸਾ ਰਹੀਆਂ ਹਨ ਅਤੇ ਲੋਕ ਤੀਰਥ ਯਾਤਰਾਵਾਂ 'ਤੇ ਜਾਂਦੇ ਸਨ ਭਾਵੇਂ ਉਨ੍ਹਾਂ ਪਾਸ ਕੋਈ ਸਾਧਨ ਉਪਲਬਧ ਨਹੀਂ ਸਨ। ਉਨ੍ਹਾਂ ਚਾਰਧਾਮ ਯਾਤਰਾ, ਦਵਾਦਸ਼ ਜਯੋਤਿਰਲਿੰਗ ਯਾਤਰਾ, 51 ਸ਼ਕਤੀਪੀਠ ਯਾਤਰਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਹ ਸਾਡੇ ਧਾਰਮਿਕ ਸਥਾਨਾਂ ਨੂੰ ਜੋੜਨ ਦੇ ਨਾਲ-ਨਾਲ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇਹ ਦੇਖਦਿਆਂ ਕਿ ਦੇਸ਼ ਦੇ ਕਈ ਵੱਡੇ ਸ਼ਹਿਰਾਂ ਦੀ ਸਮੁੱਚੀ ਅਰਥਵਿਵਸਥਾ ਇਨ੍ਹਾਂ ਯਾਤਰਾਵਾਂ 'ਤੇ ਨਿਰਭਰ ਹੈ, ਪ੍ਰਧਾਨ ਮੰਤਰੀ ਨੇ ਯਾਤਰਾਵਾਂ ਦੀ ਸਦੀਆਂ ਪੁਰਾਣੀ ਪਰੰਪਰਾ ਦੇ ਬਾਵਜੂਦ ਸਮੇਂ ਦੇ ਅਨੁਕੂਲ ਸਹੂਲਤਾਂ ਨੂੰ ਵਧਾਉਣ ਲਈ ਵਿਕਾਸ ਦੀ ਘਾਟ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿੱਚ ਸੈਂਕੜੇ ਸਾਲਾਂ ਦੀ ਗ਼ੁਲਾਮੀ ਅਤੇ ਇਨ੍ਹਾਂ ਥਾਵਾਂ ਦੀ ਸਿਆਸੀ ਅਣਦੇਖੀ ਹੀ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਮੂਲ ਕਾਰਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਇਸ ਸਥਿਤੀ ਨੂੰ ਬਦਲ ਰਿਹਾ ਹੈ ਅਤੇ ਸਹੂਲਤਾਂ ਵਿੱਚ ਵਾਧਾ ਸੈਲਾਨੀਆਂ ਵਿੱਚ ਖਿੱਚ ਵਧਾ ਰਿਹਾ ਹੈ। ਉਨ੍ਹਾਂ ਨੇ ਵਾਰਾਣਸੀ ਸਥਿਤ ਕਾਸ਼ੀ ਵਿਸ਼ਵਨਾਥ ਧਾਮ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਮੰਦਿਰ ਦੇ ਮੁੜ ਨਿਰਮਾਣ ਤੋਂ ਪਹਿਲਾਂ ਇੱਕ ਸਾਲ ਵਿੱਚ ਲਗਭਗ 80 ਲੱਖ ਲੋਕ ਮੰਦਰ ਦੇ ਦਰਸ਼ਨ ਕਰਦੇ ਸਨ, ਪਰ ਮੁਰੰਮਤ ਤੋਂ ਬਾਅਦ ਪਿਛਲੇ ਸਾਲ ਸੈਲਾਨੀਆਂ ਦੀ ਗਿਣਤੀ 7 ਕਰੋੜ ਨੂੰ ਪਾਰ ਕਰ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਕੇਦਾਰ ਘਾਟੀ ਵਿੱਚ ਪੁਨਰ ਨਿਰਮਾਣ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਸਿਰਫ 4-5 ਲੱਖ ਦੇ ਮੁਕਾਬਲੇ 15 ਲੱਖ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਗਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਗੁਜਰਾਤ ਦੇ ਪਾਵਾਗੜ੍ਹ ਵਿੱਚ  80 ਹਜ਼ਾਰ ਸ਼ਰਧਾਲੂ ਮਾਂ ਕਾਲਿਕਾ ਦੇ ਦਰਸ਼ਨਾਂ ਲਈ ਜਾਂਦੇ ਹਨ ਜਦਕਿ ਨਵੀਨੀਕਰਣ ਤੋਂ ਪਹਿਲਾਂ ਸਿਰਫ਼ 4 ਤੋਂ 5 ਹਜ਼ਾਰ ਲੋਕ ਜਾਂਦੇ ਸਨ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਸਹੂਲਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਸੈਲਾਨੀਆਂ ਦੀ ਗਿਣਤੀ 'ਤੇ ਪੈਂਦਾ ਹੈ ਅਤੇ ਵਧਦੀ ਗਿਣਤੀ ਦਾ ਮਤਲਬ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਵਧੇਰੇ ਮੌਕੇ ਹਨ। ਪ੍ਰਧਾਨ ਮੰਤਰੀ ਨੇ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਵ੍ ਯੂਨਿਟੀ' ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਸ ਦੇ ਮੁਕੰਮਲ ਹੋਣ ਦੇ ਇੱਕ ਸਾਲ ਦੇ ਅੰਦਰ 27 ਲੱਖ ਸੈਲਾਨੀਆਂ ਨੇ ਇਸ ਸਥਾਨ ਦੀ ਯਾਤਰਾ ਕੀਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਦਾ ਟੂਰਿਜ਼ਮ ਸੈਕਟਰ ਵਧ ਰਹੀਆਂ ਨਾਗਰਿਕ ਸਹੂਲਤਾਂ, ਚੰਗੀ ਡਿਜੀਟਲ ਕਨੈਕਟੀਵਿਟੀ, ਚੰਗੇ ਹੋਟਲ ਅਤੇ ਹਸਪਤਾਲ, ਸਾਫ-ਸਫਾਈ ਹੋਣ ਅਤੇ ਸ਼ਾਨਦਾਰ ਬੁਨਿਆਦੀ ਢਾਂਚੇ ਨਾਲ ਕਈ ਗੁਣਾ ਵਧ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ, ਗੁਜਰਾਤ ਵਿੱਚ ਕੰਕਰੀਆ ਝੀਲ ਪ੍ਰੋਜੈਕਟ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਝੀਲ ਦੇ ਪੁਨਰ ਵਿਕਾਸ ਤੋਂ ਇਲਾਵਾ ਫੂਡ ਸਟਾਲਾਂ ਵਿੱਚ ਕੰਮ ਕਰਨ ਵਾਲਿਆਂ ਲਈ ਹੁਨਰ ਵਿਕਾਸ ਕੀਤਾ ਗਿਆ ਸੀ। ਉਨ੍ਹਾਂ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਾਫ-ਸਫਾਈ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਦਾਖਲਾ ਫੀਸ ਦੇ ਬਾਵਜੂਦ ਲਗਭਗ 10,000 ਲੋਕ ਰੋਜ਼ਾਨਾ ਇਸ ਸਥਾਨ 'ਤੇ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਹਰ ਟੂਰਿਜ਼ਮ ਡੈਸਟੀਨੇਸ਼ਨ ਆਪਣਾ ਰੈਵੇਨਿਊ ਮਾਡਲ ਵੀ ਵਿਕਸਿਤ ਕਰ ਸਕਦਾ ਹੈ”।

ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਾਡੇ ਪਿੰਡ ਟੂਰਿਜ਼ਮ ਦੇ ਕੇਂਦਰ ਬਣ ਰਹੇ ਹਨ ਅਤੇ ਦੂਰ-ਦੁਰਾਡੇ ਦੇ ਪਿੰਡ ਹੁਣ ਆਪਣੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਟੂਰਿਜ਼ਮ ਦੇ ਨਕਸ਼ੇ 'ਤੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸਰਹੱਦ ਦੇ ਨਾਲ ਲਗਦੇ ਪਿੰਡਾਂ ਲਈ 'ਵਾਇਬ੍ਰੈਂਟ ਵਿਲੇਜ ਸਕੀਮ' ਸ਼ੁਰੂ ਕੀਤੀ ਹੈ ਅਤੇ ਹੋਮਸਟੇਅ, ਛੋਟੇ ਹੋਟਲ ਅਤੇ ਰੈਸਟੋਰੈਂਟ ਜਿਹੇ ਕਾਰੋਬਾਰਾਂ ਨੂੰ ਸਮਰਥਨ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।

ਭਾਰਤ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਵਧਦੀ ਗਿਣਤੀ 'ਤੇ ਰੋਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਪ੍ਰਤੀ ਵੱਧ ਰਹੇ ਆਕਰਸ਼ਣ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਪਿਛਲੇ ਸਾਲ ਜਨਵਰੀ ਵਿੱਚ ਸਿਰਫ 2 ਲੱਖ ਦੇ ਮੁਕਾਬਲੇ ਇਸ ਸਾਲ ਜਨਵਰੀ ਵਿੱਚ 8 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ ਹਨ। ਪ੍ਰਧਾਨ ਮੰਤਰੀ ਨੇ ਅਜਿਹੇ ਸੈਲਾਨੀਆਂ ਨੂੰ ਪ੍ਰੋਫਾਈਲ ਕਰਨ ਅਤੇ ਉਨ੍ਹਾਂ ਨੂੰ ਦੇਸ਼ ਵੱਲ ਆਕਰਸ਼ਿਤ ਕਰਨ ਲਈ ਇੱਕ ਵਿਸ਼ੇਸ਼ ਰਣਨੀਤੀ ਬਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ, ਜਿਨ੍ਹਾਂ ਕੋਲ ਵੱਧ ਤੋਂ ਵੱਧ ਖਰਚ ਕਰਨ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀ ਔਸਤਨ $1700 ਖਰਚ ਕਰਦੇ ਹਨ, ਜਦਕਿ ਅੰਤਰਰਾਸ਼ਟਰੀ ਯਾਤਰੀ ਅਮਰੀਕਾ ਵਿੱਚ ਔਸਤਨ $2500 ਅਤੇ ਆਸਟ੍ਰੇਲੀਆ ਵਿੱਚ $5000 ਖਰਚ ਕਰਦੇ ਹਨ। ਉਨ੍ਹਾਂ ਕਿਹਾ, "ਭਾਰਤ ਪਾਸ ਉੱਚ ਖਰਚ ਕਰਨ ਵਾਲੇ ਸੈਲਾਨੀਆਂ ਨੂੰ ਪੇਸ਼ਕਸ਼ ਕਰਨ ਲਈ ਬਹੁਤ ਕੁਝ ਹੈ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਰਾਜ ਨੂੰ ਇਸ ਸੋਚ ਨਾਲ ਤਾਲਮੇਲ ਬਣਾਉਣ ਲਈ ਆਪਣੀ ਟੂਰਿਜ਼ਮ ਪਾਲਿਸੀ ਨੂੰ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਪੰਛੀ ਦਰਸ਼ੀਆਂ ਦੀ ਉਦਾਹਰਣ ਦਿੱਤੀ, ਜੋ ਮਹੀਨਿਆਂ ਤੱਕ ਦੇਸ਼ ਵਿੱਚ ਕੈਂਪ ਕਰਦੇ ਹਨ ਅਤੇ ਰੇਖਾਂਕਿਤ ਕੀਤਾ ਕਿ ਅਜਿਹੇ ਸੰਭਾਵੀ ਸੈਲਾਨੀਆਂ ਲਈ ਨੀਤੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

ਟੂਰਿਜ਼ਮ ਸੈਕਟਰ ਦੀ ਬੁਨਿਆਦੀ ਚੁਣੌਤੀ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਥੇ ਪੇਸ਼ੇਵਰ ਟੂਰਿਸਟ ਗਾਈਡਾਂ ਦੀ ਘਾਟ ਨੂੰ ਜ਼ਿਕਰ ਕੀਤਾ ਅਤੇ ਗਾਈਡਾਂ ਲਈ ਸਥਾਨਕ ਕਾਲਜਾਂ ਵਿੱਚ ਸਰਟੀਫਿਕੇਟ ਕੋਰਸਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਕਿਸੇ ਖਾਸ ਟੂਰਿਜ਼ਮ ਡੈਸਟੀਨੇਸ਼ਨ 'ਤੇ ਕੰਮ ਕਰਨ ਵਾਲੇ ਗਾਈਡਾਂ ਦਾ ਵੀ ਖਾਸ ਪਹਿਰਾਵਾ ਜਾਂ ਵਰਦੀ ਹੋਣੀ ਚਾਹੀਦੀ ਹੈ ਤਾਂ ਜੋ ਸੈਲਾਨੀਆਂ ਨੂੰ ਪਹਿਲੀ ਨਜ਼ਰ ਵਿੱਚ ਪਤਾ ਲੱਗ ਸਕੇ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸੈਲਾਨੀਆਂ ਦਾ ਮਨ ਸਵਾਲਾਂ ਨਾਲ ਭਰਿਆ ਹੁੰਦਾ ਹੈ ਅਤੇ ਗਾਈਡ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਵਿੱਚ ਮਦਦ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਵੱਲ ਸਕੂਲ ਅਤੇ ਕਾਲਜ ਯਾਤਰਾਵਾਂ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ, ਤਾਂ ਜੋ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਸਕਣ ਅਤੇ ਸੈਲਾਨੀਆਂ ਲਈ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦਾ ਵਿਕਾਸ ਸ਼ੁਰੂ ਕਰ ਸਕਣ। ਉਨ੍ਹਾਂ ਨੇ ਵਿਆਹ ਲਈ ਸਥਾਨਾਂ ਦੇ ਨਾਲ-ਨਾਲ ਖੇਡ ਸਥਾਨਾਂ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ 50 ਅਜਿਹੇ ਟੂਰਿਜ਼ਮ ਡੈਸਟੀਨੇਸ਼ਨ ਨੂੰ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਦੁਨੀਆ ਦਾ ਹਰ ਸੈਲਾਨੀ ਭਾਰਤ ਦੀ ਯਾਤਰਾ ਦੌਰਾਨ ਦੇਖਣ ਦੀ ਇੱਛਾ ਰੱਖਦਾ ਹੋਵੇ। ਉਨ੍ਹਾਂ ਸੰਯੁਕਤ ਰਾਸ਼ਟਰ ਵਿੱਚ ਸੂਚੀਬੱਧ ਸਾਰੀਆਂ ਭਾਸ਼ਾਵਾਂ ਵਿੱਚ ਟੂਰਿਜ਼ਮ ਡੈਸਟੀਨੇਸ਼ਨਲ ਲਈ ਐਪਸ ਵਿਕਸਿਤ ਕਰਨ ਦਾ ਵੀ ਜ਼ਿਕਰ ਕੀਤਾ।

ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਵੈਬੀਨਾਰ ਟੂਰਿਜ਼ਮ ਨਾਲ ਜੁੜੇ ਹਰ ਪਹਿਲੂ 'ਤੇ ਗੰਭੀਰਤਾ ਨਾਲ ਵਿਚਾਰ ਕਰੇਗਾ ਅਤੇ ਬਿਹਤਰ ਹੱਲ ਕੱਢੇਗਾ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਦੇਸ਼ ਵਿੱਚ ਟੂਰਿਜ਼ਮ ਦੀ ਉਹੀ ਸੰਭਾਵਨਾ ਹੈ, ਜੋ ਖੇਤੀ, ਰੀਅਲ ਇਸਟੇਟ ਵਿਕਾਸ, ਬੁਨਿਆਦੀ ਢਾਂਚਾ ਅਤੇ ਟੈਕਸਟਾਈਲ ਦੀ ਹੈ।"

************

ਡੀਐੱਸ/ਟੀਐੱਸ



(Release ID: 1903958) Visitor Counter : 93