ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਪ੍ਰਧਾਨ ਮੰਤਰੀ ਨੇ ਕਰਨਾਟਕ ਵਿੱਚ ਸ਼ਿਵਮੋਗਾ ਹਵਾਈ ਅੱਡੇ ਦਾ ਉਦਘਾਟਨ ਕੀਤਾ


ਕਮਲ ਦੀ ਤਰ੍ਹਾਂ ਤਿਆਰ ਇਸ ਨਵੇਂ ਹਵਾਈ ਅੱਡੇ ਨੂੰ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ :ਸ਼੍ਰੀ ਸਿੰਧੀਆ

ਇਸ ਹਵਾਈ ਅੱਡੇ ਦਾ ਯਾਤਰੀ ਟਰਮੀਨਲ ਭਵਨ ਪ੍ਰਤੀ ਘੰਟੇ 300 ਯਾਤਰੀਆਂ ਨੂੰ ਸੰਭਾਲ਼ ਸਕਣ ਦੇ ਸਮਰੱਥ ਹੈ

ਇਸ ਹਵਾਈ ਅੱਡੇ ’ਤੇ ਨਾਈਟ ਲੈਂਡਿੰਗ ਦੀ ਸੁਵਿਧਾ ਵੀ ਉਪਲਬਧ ਹੈ,ਜੋ ਜਲਦੀ ਹੀ ਸ਼ੁਰੂ ਹੋ ਜਾਵੇਗੀ

Posted On: 27 FEB 2023 6:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਸ਼ਿਵਮੋਗਾ ਵਿੱਚ 3,600 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨਾਲ ਨਵੇਂ ਬਣੇ ਸ਼ਿਵਮੋਗਾ ਹਵਾਈ ਅੱਡੇ ਦਾ ਉਦਘਾਟਨ ਕੀਤਾ।

ਇਹ ਨਵਾਂ ਹਵਾਈ ਅੱਡਾ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਹਵਾਈ ਅੱਡੇ ਦਾ ਯਾਤਰੀ ਟਰਮੀਨਲ ਭਵਨ 4340 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਪ੍ਰਤੀ ਘੰਟੇ 300 ਯਾਤਰੀਆਂ ਨੂੰ ਸੰਭਾਲ਼ ਸਕਣ ਦੇ ਸਮਰੱਥ ਹੈ। ਸ਼ਿਵਮੋਗਾ ਹਵਾਈ ਅੱਡੇ ਦੇ ਖੁੱਲ੍ਹਣ ਦੇ ਨਾਲ ਦੇਸ਼ ਭਰ ਵਿੱਚ ਏਅਰ ਟ੍ਰਾਂਸਪੋਰਟੇਸ਼ਨ ਨੂੰ ਵਧਾਉਣ ’ਤੇ ਜ਼ੋਰ ਦੇਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤੀ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ, “ਨਵਾਂ ਹਵਾਈ ਅੱਡਾ ਪ੍ਰਕ੍ਰਿਤੀ, ਸੰਸਕ੍ਰਿਤੀ ਅਤੇ ਖੇਤੀਬਾੜੀ ਦੀ ਭੂਮੀ ਸ਼ਿਵਮੋਗਾ ਦੇ ਲਈ ਵਿਕਾਸ ਦੇ ਦੁਆਰ ਖੋਲ੍ਹਣ ਜਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਸਰਕਾਰ ਦੀ ਉਨ੍ਹਾਂ ਨੀਤੀਆਂ  ਬਾਰੇ ਵਿਸਤਾਰ ਨਾਲ ਚਰਚਾ ਕੀਤੀ ਜਿਨ੍ਹਾਂ ਦੇ ਕਾਰਨ ਹਵਾਬਾਜ਼ੀ ਖੇਤਰ ਦਾ ਅਭੂਤਪੂਰਵ ਵਿਸਤਾਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਹਵਾਈ ਚੱਪਲ ਪਹਿਨਣ ਵਾਲੇ ਆਮ ਨਾਗਰਿਕਾਂ ਨੂੰ ਹਵਾਈ ਜ਼ਹਾਜ਼ ਵਿੱਚ ਯਾਤਰਾ ਕਰਨ ਦੇ ਸਮਰੱਥ ਬਣਾਉਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਸਤੀ ਹਵਾਈ ਯਾਤਰਾ ਵਾਲੀ ਉਡਾਨ ਯੋਜਨਾ ਦਾ ਵੀ ਜ਼ਿਕਰ ਕੀਤਾ। 

 

ਟਵੀਟਾਂ ਦੀ ਇੱਕ ਲੜੀ ਵਿੱਚ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਕਿਹਾ, “ਅੱਜ, ਸ਼੍ਰੀ ਨਰੇਂਦਰ ਮੋਦੀ ਜੀ ਨੇ ਸ਼ਿਵਮੋਗਾ ਹਵਾਈ ਅੱਡੇ ਦਾ ਉਦਘਾਟਨ ਕੀਤਾ ਹੈ ਅਤੇ ਦੇਸ਼ ਵਿੱਚ ਸ਼ਹਿਰੀ ਹਵਾਬਾਜ਼ੀ ਨੂੰ ਇੱਕ ਨਵੀਂ ਉਚਾਈ ਦਿੱਤੀ ਅਤੇ ਕਰਨਾਟਕ ਵਿੱਚ ਸਮ੍ਰਿੱਧੀ ਦੇ ਨਵੇਂ ਦੁਆਰ ਖੋਲ੍ਹ ਦਿੱਤੇ ਹਨ। ਰਾਜ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਬੀ.ਐੱਸ.ਯੇਦੀਯੁਰੱਪਾ ਜੀ ਦੇ ਜਨਮ ਦਿਨ ’ਤੇ ਸ਼ਿਵਮੋਗਾ ਅਤੇ ਪੂਰੇ ਖੇਤਰ ਦੇ ਲਈ ਇਹ ਇੱਕ ਵਿਲੱਖਣ ਤੋਹਫ਼ਾ ਹੈ। ਪੂਰੇ ਦੇਸ਼ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿੱਥੇ 2014 ਤੱਕ ਦੇਸ਼ ਵਿੱਚ ਸਿਰਫ਼ 74 ਹਵਾਈ ਅੱਡੇ ਸਨ, ਉੱਥੇ ਅੱਜ ਸ਼ਿਵਮੋਗਾ ਹਵਾਈ ਅੱਡੇ ਦੇ ਉਦਘਾਟਨ ਤੋਂ ਬਾਅਦ ਹਵਾਈ ਅੱਡਿਆਂ ਦੀ ਸੰਖਿਆ ਦੁੱਗਣੀ ਹੋ ਗਈ ਹੈ। ਹੁਣ ਕੁੱਲ੍ਹ ਸੰਖਿਆ 148 ਹੈ, ਯਾਨੀ ਪਿਛਲੇ 9 ਵਰ੍ਹਿਆਂ ਵਿੱਚ ਹਵਾਈ ਅੱਡਿਆਂ ਦੀ ਸੰਖਿਆ ਵਿੱਚ 100 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।”

ਕੇਂਦਰੀ ਮੰਤਰੀ ਨੇ ਕਿਹਾ, “ਸ਼ਿਵਮੋਗਾ ਹਵਾਈ ਅੱਡੇ ਨੂੰ ਕਮਲ ਦੇ ਫੁੱਲ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ 450 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ । ਇਹ ਏ-320 ਟਾਈਪ ਦੇ ਜਹਾਜ਼ਾਂ ਲਈ ਢੁਕਵਾਂ ਹੈ। ਇਹ ਹਵਾਈ ਅੱਡਾ 758 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਇਸ ਹਵਾਈ ਅੱਡੇ ’ਤੇ ਨਾਈਟ ਲੈਂਡਿੰਗ ਦੀ ਸੁਵਿਧਾ ਵੀ ਉਪਲਬਧ ਹੈ ਜੋ ਕੁਝ ਸਮਾਂ ਬਾਅਦ ਸ਼ੁਰੂ ਹੋ ਜਾਵੇਗੀ।”

ਪ੍ਰਧਾਨ ਮੰਤਰੀ ਨੇ ਦੋ ਰੇਲਵੇ ਪ੍ਰੋਜੈਕਟਾਂ, ਸ਼ਿਵਮੋਗਾ-ਸ਼ਿਕਾਰੀਪੁਰਾ-ਰਾਨੇਬੇਨੂਰ ਨਵੀਂ ਰੇਲਵੇ ਲਾਈਨ ਅਤੇ ਕੋਟੇਗੰਗੁਰੂ ਰੇਲਵੇ ਕੋਚਿੰਗ ਡਿਪੂ ਅਤੇ 215 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ 950 ਕਰੋੜ ਰੁਪਏ ਤੋਂ ਅਧਿਕ ਲਾਗਤ ਦੀਆਂ ਮਲਟੀ-ਵਿਲੇਜ਼ ਸਕੀਮਾਂ ਦਾ ਲੋਕਅਰਪਣ ਅਤੇ ਸ਼ਿਵਮੋਗਾ ਸ਼ਹਿਰ ਵਿੱਚ 895 ਕਰੋੜ ਰੁਪਏ ਤੋਂ ਅਧਿਕ ਦੀ 44 ਸਮਾਰਟ ਸਿਟੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ।

***

 

ਵਾਈਬੀ/ਡੀਐੱਨਐੱਸ



(Release ID: 1902997) Visitor Counter : 81