ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

9 ਜਨਵਰੀ, 2023 ਨੂੰ ਦੇਸ਼ ਦੇ 242 ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲਾ ਆਯੋਜਿਤ ਕੀਤਾ ਜਾਵੇਗਾ

Posted On: 06 JAN 2023 2:14PM by PIB Chandigarh

ਮੁੱਖ ਗੱਲਾਂ:

  • ਕਈ ਸਥਾਨਕ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਮੇਲੇ ਦਾ ਹਿੱਸਾ ਬਣਨ ਅਤੇ ਭਾਰਤ ਦੇ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕਰਨ ਲਈ ਸੱਦਾ ਦਿੱਤਾ ਗਿਆ ਹੈ।

  • ਕੋਈ ਵੀ ਵਿਅਕਤੀ https://www.apprenticeshipindia.gov.in/ 'ਤੇ ਜਾ ਕੇ ਮੇਲੇ ਲਈ ਰਜਿਸਟਰ ਕਰ ਸਕਦਾ ਹੈ ਅਤੇ ਮੇਲੇ ਦੇ ਨਜ਼ਦੀਕੀ ਸਥਾਨ ਦਾ ਪਤਾ ਲਗਾ ਸਕਦਾ ਹੈ।

 

ਸਕਿੱਲ ਇੰਡੀਆ ਮਿਸ਼ਨ ਦੇ ਤਹਿਤ ਭਾਰਤ ਦੇ ਨੌਜਵਾਨਾਂ ਲਈ ਕਰੀਅਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਹਿੱਸੇ ਵਜੋਂ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) 9 ਜਨਵਰੀ, 2023 ਨੂੰ ਭਾਰਤ ਦੇ 28 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 242 ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲਾ (ਪੀਐੱਮਐੱਨਏਐੱਮ) ਆਯੋਜਿਤ ਕਰ ਰਿਹਾ ਹੈ।  ਹੇ।

 

ਕਈ ਸਥਾਨਕ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਇਸ ਅਪ੍ਰੈਂਟਿਸਸ਼ਿਪ ਮੇਲੇ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਹੈ ਤਾਂ ਜੋ ਸਥਾਨਕ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਰਾਹੀਂ ਆਪਣੇ ਕਰੀਅਰ ਨੂੰ ਰੂਪ ਦੇਣ ਲਈ ਢੁਕਵੇਂ ਮੌਕੇ ਪ੍ਰਦਾਨ ਕੀਤੇ ਜਾ ਸਕਣ। ਇਸ ਸਮਾਗਮ ਵਿੱਚ ਵਿਭਿੰਨ ਸੈਕਟਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਬਹੁਤ ਸਾਰੀਆਂ ਕੰਪਨੀਆਂ ਹਿੱਸਾ ਲੈਣਗੀਆਂ। ਭਾਗ ਲੈਣ ਵਾਲੀਆਂ ਸੰਸਥਾਵਾਂ ਨੂੰ ਇੱਕ ਪਲੈਟਫਾਰਮ 'ਤੇ ਸੰਭਾਵੀ ਅਪ੍ਰੈਂਟਿਸਾਂ ਨੂੰ ਮਿਲਣ ਅਤੇ ਮੌਕੇ 'ਤੇ ਬਿਨੈਕਾਰਾਂ ਦੀ ਚੋਣ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਆਪਣੀ ਆਜੀਵਕਾ ਨੂੰ ਮਜ਼ਬੂਤ ​​ਕਰਨ ਅਤੇ ਨਵੇਂ ਹੁਨਰ ਸਿੱਖਣ ਦਾ ਮੌਕਾ ਮਿਲੇਗਾ।

 

ਕੋਈ ਵੀ ਵਿਅਕਤੀ https://www.apprenticeshipindia.gov.in/ 'ਤੇ ਜਾ ਕੇ ਮੇਲੇ ਲਈ ਰਜਿਸਟਰ ਕਰ ਸਕਦਾ ਹੈ ਅਤੇ ਮੇਲੇ ਦੇ ਨਜ਼ਦੀਕੀ ਸਥਾਨ ਦਾ ਪਤਾ ਲਗਾ ਸਕਦਾ ਹੈ। ਉਹ ਉਮੀਦਵਾਰ ਜੋ ਕਲਾਸ 5 ਤੋਂ ਕਲਾਸ 12 ਪਾਸ ਆਊਟ ਹਨ ਅਤੇ ਜਿਨ੍ਹਾਂ ਕੋਲ ਸਕਿੱਲ ਟ੍ਰੇਨਿੰਗ ਸਰਟੀਫਿਕੇਟ ਹੈ, ਜਾਂ ਆਈਟੀਆਈ ਡਿਪਲੋਮਾ ਹੋਲਡਰ ਜਾਂ ਗ੍ਰੈਜੂਏਟ ਹਨ, ਇਸ ਅਪ੍ਰੈਂਟਿਸਸ਼ਿਪ ਮੇਲੇ ਵਿੱਚ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਆਪਣੇ ਰੈਜ਼ਿਊਮੇ ਦੀਆਂ ਤਿੰਨ ਕਾਪੀਆਂ, ਸਾਰੀਆਂ ਮਾਰਕਸ਼ੀਟਾਂ ਅਤੇ ਸਰਟੀਫਿਕੇਟਾਂ ਦੀਆਂ ਤਿੰਨ ਕਾਪੀਆਂ, ਫੋਟੋ ਆਈਡੀ (ਆਧਾਰ ਕਾਰਡ/ਡਰਾਈਵਿੰਗ ਲਾਇਸੰਸ ਆਦਿ) ਅਤੇ ਤਿੰਨ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਸਬੰਧਿਤ ਸਥਾਨਾਂ 'ਤੇ ਲੈ ਕੇ ਆਉਣੀਆਂ ਚਾਹੀਦੀਆਂ ਹਨ।  ਜਿਨ੍ਹਾਂ ਨੇ ਪਹਿਲਾਂ ਹੀ ਨਾਮ ਦਰਜ ਕਰਵਾਏ ਹਨ, ਉਨ੍ਹਾਂ ਨੂੰ ਸਾਰੇ ਸਬੰਧਿਤ ਦਸਤਾਵੇਜ਼ਾਂ ਨਾਲ ਘਟਨਾ ਸਥਾਨ 'ਤੇ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ।  ਇਸ ਮੇਲੇ ਰਾਹੀਂ, ਉਮੀਦਵਾਰ ਟ੍ਰੇਨਿੰਗ ਸੈਸ਼ਨਾਂ ਤੋਂ ਬਾਅਦ ਆਪਣੀ ਰੋਜ਼ਗਾਰ ਦਰ ਵਿੱਚ ਸੁਧਾਰ ਕਰਦੇ ਹੋਏ, ਨੈਸ਼ਨਲ ਕਾਉਂਸਿਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ (ਐੱਨਸੀਵੀਈਟੀ) ਦੁਆਰਾ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਹਾਸਲ ਕਰਨਗੇ।

 

ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲੇ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ, ਸ਼੍ਰੀ ਅਤੁਲ ਕੁਮਾਰ ਤਿਵਾੜੀ ਨੇ ਕਿਹਾ ਕਿ, ਕੌਸ਼ਲ ਅਤੇ ਗਿਆਨ ਕਿਸੇ ਦੇਸ਼ ਦੇ ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ਦੀ ਪ੍ਰੇਰਣਾ ਸ਼ਕਤੀ ਹਨ। ਇਹ ਸਥਾਪਿਤ ਕੀਤਾ ਗਿਆ ਹੈ ਕਿ ਕੌਸ਼ਲ ਦੇ ਉੱਚ ਅਤੇ ਬਿਹਤਰ ਪੱਧਰ ਵਾਲੇ ਦੇਸ਼ ਕੰਮ ਦੀ ਨਵੀਂ ਦੁਨੀਆਂ ਦੁਆਰਾ ਸਾਡੇ ਉੱਤੇ ਸੁੱਟੀਆਂ ਗਈਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਅਨੁਕੂਲ ਬਣਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਰਾਹੀਂ ਅਸੀਂ ਇੱਕ ਲਚੀਲੇ ਅਤੇ ਸਮਰੱਥ ਕਾਰਜਬਲ ਬਣਾਉਣ ਦਾ ਟੀਚਾ ਰੱਖ ਰਹੇ ਹਾਂ ਜਿਸ ਵਿੱਚ ਆਪਣੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਅਤੇ ਭਾਰਤ ਦੇ ਆਰਥਿਕ ਇੰਜਣ ਨੂੰ ਅੱਗੇ ਵਧਾਉਣ ਦੀ ਸਮਰੱਥਾ ਹੈ।

 

ਉਨ੍ਹਾਂ ਅੱਗੇ ਕਿਹਾ ਕਿ, ਪੀਐੱਮਐੱਨਏਐੱਮ ਇੱਕ ਅਜਿਹਾ ਪਲੈਟਫਾਰਮ ਹੈ ਜੋ ਅਪ੍ਰੈਂਟਿਸਸ਼ਿਪ ਦੇ ਚਾਹਵਾਨਾਂ ਅਤੇ ਰੋਜ਼ਗਾਰਦਾਤਾਵਾਂ ਦੀਆਂ ਮੀਟਿੰਗਾਂ ਦੀ ਫਾਸਟ-ਟ੍ਰੈਕਿੰਗ ਦੀ ਸੁਵਿਧਾ ਦਿੰਦਾ ਹੈ 

ਅਤੇ ਚਾਹਵਾਨਾਂ ਨੂੰ ਰੋਜ਼ਗਾਰਦਾਤਾਵਾਂ ਨਾਲ ਇੱਕ ਦੂਜੇ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਉਸ ਉਦਯੋਗ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਉਹ ਟ੍ਰੇਨਿੰਗ ਲੈਣਾ ਅਤੇ ਇੱਕ ਕਰੀਅਰ ਬਣਾਉਣਾ ਚਾਹੁੰਦੇ ਹਨ। ਇਹ ਮੇਲੇ ਸਹੀ ਮੌਕਿਆਂ ਦੀ ਭਾਲ ਕਰਨ ਵਾਲੇ ਨਵੇਂ ਲੋਕਾਂ ਨੂੰ ਬਹੁਤ ਮਹੱਤਵ ਪ੍ਰਦਾਨ ਕਰਦੇ ਹਨ, ਅਤੇ ਕਾਰੋਬਾਰਾਂ, ਭਾਈਚਾਰਿਆਂ ਅਤੇ ਪਰਿਵਾਰਾਂ ਨੂੰ ਬੇਅੰਤ ਲਾਭ ਪ੍ਰਦਾਨ ਕਰਦੇ ਹਨ। ਅਸੀਂ ਸਾਰੇ ਪੇਸ਼ੇਵਰ ਅਤੇ ਅਕਾਦਮਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਇਸ ਮੇਲੇ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਦੇ ਹਾਂ ਜਿੱਥੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਇੱਕ ਸਕਾਰਾਤਮਕ ਤਬਦੀਲੀ ਲਿਆਉਂਦੇ ਹੋਏ ਇੱਕ ਰੋਮਾਂਚਕ ਕਰੀਅਰ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ। 

 

ਦੇਸ਼ ਵਿੱਚ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਅਪ੍ਰੈਂਟਿਸਸ਼ਿਪ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਚੁਣੇ ਗਏ ਵਿਅਕਤੀਆਂ ਨੂੰ ਨਵੇਂ ਕੌਸ਼ਲ ਹਾਸਲ ਕਰਨ ਲਈ ਸਰਕਾਰੀ ਮਾਪਦੰਡਾਂ ਦੇ ਅਨੁਸਾਰ ਮਹੀਨਾਵਾਰ ਵਜ਼ੀਫ਼ਾ ਪ੍ਰਾਪਤ ਹੁੰਦਾ ਹੈ। ਅਪ੍ਰੈਂਟਿਸਸ਼ਿਪ ਨੂੰ ਹੁਨਰ ਵਿਕਾਸ ਦਾ ਸਭ ਤੋਂ ਟਿਕਾਊ ਮਾਡਲ ਮੰਨਿਆ ਜਾਂਦਾ ਹੈ, ਅਤੇ ਇਸ ਨੂੰ ਸਕਿੱਲ ਇੰਡੀਆ ਮਿਸ਼ਨ ਤਹਿਤ ਵੱਡਾ ਹੁਲਾਰਾ ਮਿਲ ਰਿਹਾ ਹੈ।

 

ਸਰਕਾਰ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਰਾਹੀਂ 10 ਲੱਖ ਨੌਜਵਾਨਾਂ ਨੂੰ ਸਾਲਾਨਾ ਟ੍ਰੇਨਿੰਗ ਦੇਣ ਲਈ ਯਤਨਸ਼ੀਲ ਹੈ ਅਤੇ ਇਸ ਮਿਸ਼ਨ ਨੂੰ ਪੂਰਾ ਕਰਨ ਲਈ, ਪੀਐੱਮਐੱਨਏਐੱਮ ਨੂੰ ਸੰਸਥਾਵਾਂ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਪਲੈਟਫਾਰਮ ਵਜੋਂ ਵਰਤਿਆ ਜਾ ਰਿਹਾ ਹੈ। ਇਹ ਭਾਗ ਲੈਣ ਵਾਲੀਆਂ ਕੰਪਨੀਆਂ ਵਿੱਚ ਮੌਜੂਦ ਵੱਖ-ਵੱਖ ਮੌਕਿਆਂ ਬਾਰੇ ਨੌਜਵਾਨਾਂ ਨੂੰ ਜਾਗਰੂਕਤਾ ਵੀ ਪ੍ਰਦਾਨ ਕਰ ਰਿਹਾ ਹੈ।

 ਹੋਰ ਜਾਣਕਾਰੀ https://www.msde.gov.in/ ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

 *********

 

ਐੱਨਬੀ/ਏਕੇ(Release ID: 1889460) Visitor Counter : 156