ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਰਾਜਸਥਾਨ ਵਿੱਚ ਭਾਰਤ ਸਕਾਊਟਸ ਅਤੇ ਗਾਈਡਸ ਦੀ 18ਵੀਂ ਰਾਸ਼ਟਰੀ ਜੰਬੋਰੀ ਦੇ ਉਦਘਾਟਨ ਦੀ ਸ਼ੋਭਾ ਵਧਾਈ

Posted On: 04 JAN 2023 6:34PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਜਨਵਰੀ, 2023) ਰਾਜਸਥਾਨ ਦੇ ਪਾਲੀ ਵਿਖੇ ਭਾਰਤ ਸਕਾਊਟਸ ਅਤੇ ਗਾਈਡਸ ਦੀ 18ਵੀਂ ਰਾਸ਼ਟਰੀ ਜੰਬੋਰੀ ਦੇ ਉਦਘਾਟਨ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਮੌਕੇ ਬੋਲਦਿਆਂ, ਰਾਸ਼ਟਰਪਤੀ ਨੇ ਨੋਟ ਕੀਤਾ ਕਿ ਭਾਰਤ ਸਕਾਊਟਸ ਅਤੇ ਗਾਈਡਸ ਦੇਸ਼ ਦਾ ਸਭ ਤੋਂ ਵੱਡਾ ਸਵੈ-ਸੇਵੀ, ਗ਼ੈਰ-ਸਿਆਸੀ, ਵਰਦੀਧਾਰੀ ਨੌਜਵਾਨ ਸੰਗਠਨ ਅਤੇ ਵਿੱਦਿਅਕ ਅੰਦੋਲਨ ਹੈ। ਇਹ ਬਿਨਾਂ ਕਿਸੇ ਜਾਤੀ, ਨਸਲ ਜਾਂ ਲਿੰਗ ਦੇ ਭੇਦਭਾਵ ਦੇ ਲੜਕੇ ਅਤੇ ਲੜਕੀਆਂ ਦੇ ਚਰਿੱਤਰ ਨਿਰਮਾਣ ਲਈ ਕੰਮ ਕਰਦਾ ਹੈ।  63 ਲੱਖ ਤੋਂ ਵੱਧ ਸਕਾਊਟਸ ਅਤੇ ਗਾਈਡਾਂ ਦੀ ਮੈਂਬਰਸ਼ਿਪ ਨਾਲ, ਭਾਰਤ ਸਕਾਊਟਸ ਅਤੇ ਗਾਈਡਜ਼ ਦੁਨੀਆ ਦੇ ਸਭ ਤੋਂ ਵੱਡੇ ਸਕਾਊਟਸ ਅਤੇ ਗਾਈਡ ਸੰਗਠਨਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਦੇ ਮੈਂਬਰ ਸਮਰਪਣ ਅਤੇ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ, ਜੋ ਮਨੁੱਖਤਾ ਦੀ ਭਲਾਈ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਅਤੇ ਪਿਆਰ ਦੀ ਇਸ ਭਾਵਨਾ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ, ਸਕਾਊਟਸ ਅਤੇ ਗਾਈਡ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਮਜ਼ਬੂਤ, ਮਾਨਸਿਕ ਤੌਰ 'ਤੇ ਜਾਗਰੂਕ ਅਤੇ ਨੈਤਿਕ ਤੌਰ 'ਤੇ ਸਹੀ ਰੱਖਣ ਦਾ ਵਚਨ ਨਿਜੀ ਲਾਭ ਲਈ ਨਹੀਂ, ਸਗੋਂ ਸਮਾਜ ਦੀ ਸਮੂਹਿਕ ਭਲਾਈ ਲਈ ਕਰਦੇ ਹਨ। ਉੱਚ ਚੇਤਨਾ ਦੀਆਂ ਇਹ ਵਿਸ਼ੇਸ਼ਤਾਵਾਂ ਸੰਸਾਰ ਨੂੰ ਇੱਕ ਬਿਹਤਰ ਸਥਾਨ ਬਣਾਉਂਦੀਆਂ ਹਨ।

ਮਾਰਟਿਨ ਲੂਥਰ ਕਿੰਗ, ਜੂਨੀਅਰ ਅਤੇ ਬਿਲ ਗੇਟਸ ਜੋ ਸਕਾਊਟ ਸਨ, ਦੀ ਉਦਾਹਰਣ ਦਿੰਦਿਆਂ ਰਾਸ਼ਟਰਪਤੀ ਨੇ ਸਕਾਊਟਸ ਅਤੇ ਗਾਈਡਾਂ ਨੂੰ ਸਲਾਹ ਦਿੱਤੀ ਕਿ ਉਹ ਵਿਸ਼ਵਵਿਆਪੀ ਕਦਰਾਂ-ਕੀਮਤਾਂ ਅਤੇ ਲੋਕਾਚਾਰ ਨੂੰ ਅਪਣਾਉਣ ਜੋ ਭਵਿੱਖ ਵਿੱਚ ਤੁਹਾਡੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਸਕਾਊਟਸ ਅਤੇ ਗਾਈਡਾਂ ਵਜੋਂ ਉਹ ਜੋ ਸਬਕ ਸਿੱਖਦੇ ਹਨ, ਉਹ ਅਣਗਿਣਤ ਤਰੀਕਿਆਂ ਨਾਲ ਉਨ੍ਹਾਂ ਦੇ ਜੀਵਨ ਨੂੰ ਖੁਸ਼ਹਾਲ ਕਰਨਗੇ।

ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਸਕਾਊਟਸ ਅਤੇ ਗਾਈਡਾਂ ਨੇ ਸਮਾਜ ਦੀ ਸੇਵਾ ਕਰਨ ਲਈ ਮਿਸਾਲੀ ਹੌਸਲਾ ਦਿਖਾਇਆ ਹੈ। ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਧਦੇ ਤਾਪਮਾਨ, ਸਮੁੰਦਰੀ ਪੱਧਰ ਅਤੇ ਮੌਸਮ ਦੀ ਅਨਿਸ਼ਚਿਤਤਾ ਦਾ ਪ੍ਰਭਾਵ ਬਿਲਕੁਲ ਸਪਸ਼ਟ ਹੈ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਸਾਨੂੰ ਤੁਰੰਤ ਸੁਧਾਰਾਤਮਕ ਉਪਾਅ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਸਕਾਊਟਸ ਅਤੇ ਗਾਈਡ ਅਖੁੱਟ ਊਰਜਾ ਨੂੰ ਅਪਣਾ ਕੇ, ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਅਤੇ ਟਿਕਾਊ ਵਿਕਾਸ ਅਭਿਆਸਾਂ ਨੂੰ ਉਤਸ਼ਾਹਿਤ ਕਰਕੇ ਲੋਕਾਂ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕਾਊਟਸ ਅਤੇ ਗਾਈਡਾਂ ਵਜੋਂ, ਲੋਕਾਂ ਨੂੰ ਜੈਵ-ਵਿਵਿਧਤਾ ਦੀ ਰੱਖਿਆ, ਵਾਤਾਵਰਣ ਸੰਤੁਲਨ ਬਣਾਈ ਰੱਖਣ ਅਤੇ ਜ਼ਿੰਮੇਵਾਰ ਸੈਰ-ਸਪਾਟਾ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਉਨ੍ਹਾਂ ਦਾ ਫ਼ਰਜ਼ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਵਿੱਚ ਇੱਕ ਨੌਜਵਾਨ ਦੇਸ਼ ਮੰਨਿਆ ਜਾਂਦਾ ਹੈ। ਨੌਜਵਾਨ ਦੇਸ਼ ਦੇ ਭਵਿੱਖ ਦੇ ਨਿਰਮਾਤਾ ਹਨ। ਉਨ੍ਹਾਂ ਕਿਹਾ ਕਿ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉੱਚ ਲਕਸ਼ ਤੈਅ ਕਰਨੇ ਚਾਹੀਦੇ ਹਨ ਜਿਨ੍ਹਾਂ ਦਾ ਦੇਸ਼ ਅਤੇ ਸਮਾਜ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਸਕਾਊਟਸ ਅਤੇ ਗਾਈਡਾਂ ਨੂੰ ਆਪਣੇ ਅੰਦਰ ਪੂਰਨ ਵਿਸ਼ਵਾਸ ਨਾਲ ਅੱਗੇ ਵਧਣ ਦੀ ਅਪੀਲ ਕੀਤੀ ਤਾਂ ਹੀ ਸਫ਼ਲਤਾ ਮਿਲੇਗੀ।

ਹਿੰਦੀ ’ਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

*****

ਡੀਐੱਸ/ਬੀਐੱਮ



(Release ID: 1888791) Visitor Counter : 122