ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 108ਵੀਂ ਇੰਡੀਅਨ ਸਾਇੰਸ ਕਾਂਗਰਸ ਨੂੰ ਸੰਬੋਧਨ ਕੀਤਾ


"ਭਾਰਤ ਦਾ ਵਿਗਿਆਨਕ ਭਾਈਚਾਰਾ ਸਾਡੇ ਦੇਸ਼ ਲਈ ਇੱਕ ਯੋਗ ਸਥਾਨ ਨੂੰ ਯਕੀਨੀ ਬਣਾਏਗਾ"

"21ਵੀਂ ਸਦੀ ਦੇ ਭਾਰਤ ਵਿੱਚ ਡੇਟਾ ਅਤੇ ਟੈਕਨੋਲੋਜੀ ਦੀ ਭਰਪੂਰ ਉਪਲਬਧਤਾ ਵਿਗਿਆਨ ਦੀ ਮਦਦ ਕਰੇਗੀ"

"ਸਾਡੀ ਸੋਚ ਸਿਰਫ਼ ਇਹ ਨਹੀਂ ਕਿ ਅਸੀਂ ਵਿਗਿਆਨ ਰਾਹੀਂ ਮਹਿਲਾਵਾਂ ਨੂੰ ਸਸ਼ਕਤ ਕਰੀਏ, ਬਲਕਿ ਮਹਿਲਾਵਾਂ ਦੇ ਯੋਗਦਾਨ ਨਾਲ ਵਿਗਿਆਨ ਨੂੰ ਵੀ ਸਸ਼ਕਤ ਬਣਾਉਣਾ ਹੈ"

"ਮਹਿਲਾਵਾਂ ਦੀ ਵਧਦੀ ਭਾਗੀਦਾਰੀ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਵਿੱਚ ਮਹਿਲਾਵਾਂ ਅਤੇ ਵਿਗਿਆਨ ਦੋਵੇਂ ਪ੍ਰਗਤੀ ਕਰ ਰਹੇ ਹਨ"

"ਵਿਗਿਆਨ ਦੇ ਯਤਨ ਤਦ ਹੀ ਮਹਾਨ ਪ੍ਰਾਪਤੀਆਂ ਵਿੱਚ ਬਦਲ ਸਕਦੇ ਹਨ, ਜਦੋਂ ਉਹ ਪ੍ਰਯੋਗਸ਼ਾਲਾ ਤੋਂ ਬਾਹਰ ਆਉਂਦੇ ਹਨ ਅਤੇ ਜ਼ਮੀਨ ਤੱਕ ਪਹੁੰਚਦੇ ਹਨ ਅਤੇ ਜਦੋਂ ਇਸ ਦਾ ਘੇਰਾ ਜਰਨਲ ਤੋਂ ਜ਼ਮੀਨ ਤੱਕ ਫੈਲਦਾ ਹੈ ਅਤੇ ਜਦੋਂ ਖੋਜ ਲੈ ਕੇ ਤੋਂ ਅਸਲ ਜੀਵਨ ਵਿੱਚ ਤਬਦੀਲੀ ਦਿਖਾਈ ਦਿੰਦੀ ਹੈ ਤਾਂ ਉਨ੍ਹਾਂ ਦਾ ਪ੍ਰਭਾਵ ਵਿਸ਼ਵ ਪੱਧਰ ਤੋਂ ਜ਼ਮੀਨੀ ਪੱਧਰ ਤੱਕ ਪਹੁੰਚਦਾ ਹੈ"

"ਜੇਕਰ ਦੇਸ਼ ਭਵਿੱਖ ਦੇ ਖੇਤਰਾਂ ਵਿੱਚ ਪਹਿਲ ਕਰਦਾ ਹੈ ਤਾਂ ਅਸੀਂ ਇੰਡਸਟ੍ਰੀ 4.0 ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਹੋਵਾਂਗੇ"

Posted On: 03 JAN 2023 11:55AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 108ਵੀਂ ਇੰਡੀਅਨ ਸਾਇੰਸ ਕਾਂਗਰਸ (ਆਈਐੱਸਸੀ) ਨੂੰ ਸੰਬੋਧਨ ਕੀਤਾ। ਇਸ ਸਾਲ ਦੇ ਆਈਐੱਸਸੀ ਦਾ ਫੋਕਲ ਥੀਮ "ਮਹਿਲਾ ਸਸ਼ਕਤੀਕਰਣ ਦੇ ਨਾਲ ਟਿਕਾਊ ਵਿਕਾਸ ਲਈ ਵਿਗਿਆਨ ਅਤੇ ਟੈਕਨੋਲੋਜੀ" ਹੈ, ਜਿਸ ਵਿੱਚ ਟਿਕਾਊ ਵਿਕਾਸ, ਮਹਿਲਾ ਸਸ਼ਕਤੀਕਰਣ ਅਤੇ ਇਸ ਨੂੰ ਹਾਸਲ ਕਰਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਭੂਮਿਕਾ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਅਗਲੇ 25 ਸਾਲਾਂ ਵਿੱਚ ਭਾਰਤ ਦੇ ਵਿਕਾਸ ਦੀ ਕਹਾਣੀ ਵਿੱਚ ਭਾਰਤ ਦੀ ਵਿਗਿਆਨਕ ਤਾਕਤ ਦੀ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਜਦੋਂ ਵਿਗਿਆਨ ਵਿੱਚ ਜੋਸ਼ ਦੇ ਨਾਲ ਰਾਸ਼ਟਰੀ ਸੇਵਾ ਦੀ ਭਾਵਨਾ ਪ੍ਰਫੁੱਲਤ ਹੁੰਦੀ ਹੈ, ਨਤੀਜੇ ਬੇਮਿਸਾਲ ਹੁੰਦੇ ਹਨ। ਮੈਨੂੰ ਯਕੀਨ ਹੈ ਕਿ ਭਾਰਤ ਦਾ ਵਿਗਿਆਨਕ ਭਾਈਚਾਰਾ ਸਾਡੇ ਦੇਸ਼ ਲਈ ਅਜਿਹੀ ਥਾਂ ਯਕੀਨੀ ਬਣਾਏਗਾ, ਜਿਸ ਦਾ ਉਹ ਹਮੇਸ਼ਾ ਹੱਕਦਾਰ ਸੀ।"

ਇਹ ਚਿੰਨ੍ਹਤ ਕਰਦੇ ਹੋਏ ਕਿ ਨਿਰੀਖਣ ਵਿਗਿਆਨ ਦੀ ਜੜ੍ਹ ਹੈ ਅਤੇ ਅਜਿਹੇ ਨਿਰੀਖਣ ਦੁਆਰਾ ਵਿਗਿਆਨੀ ਪੈਟਰਨਾਂ ਦੀ ਪਾਲਣਾ ਕਰਦੇ ਹਨ ਅਤੇ ਲੋੜੀਂਦੇ ਨਤੀਜਿਆਂ 'ਤੇ ਪਹੁੰਚਦੇ ਹਨ, ਪ੍ਰਧਾਨ ਮੰਤਰੀ ਨੇ ਅੰਕੜੇ ਇਕੱਠੇ ਕਰਨ ਅਤੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਦੀ ਮਹੱਤਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 21ਵੀਂ ਸਦੀ ਦੇ ਭਾਰਤ ਵਿੱਚ ਡੇਟਾ ਅਤੇ ਟੈਕਨੋਲੋਜੀ ਦੀ ਭਰਪੂਰ ਉਪਲਬਧਤਾ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਵਿੱਚ ਭਾਰਤੀ ਵਿਗਿਆਨ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦੀ ਸਮਰੱਥਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੇਟਾ ਵਿਸ਼ਲੇਸ਼ਣ ਦਾ ਖੇਤਰ ਇੱਕ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ, ਜੋ ਜਾਣਕਾਰੀ ਨੂੰ ਸੂਝ-ਬੂਝ ਅਤੇ ਵਿਸ਼ਲੇਸ਼ਣ ਨੂੰ ਕਾਰਵਾਈਯੋਗ ਗਿਆਨ ਵਿੱਚ ਬਦਲਣ ਵਿੱਚ ਬਹੁਤ ਮਦਦਗਾਰ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਵੇਂ ਇਹ ਰਵਾਇਤੀ ਗਿਆਨ ਹੋਵੇ ਜਾਂ ਆਧੁਨਿਕ ਟੈਕਨੋਲੋਜੀ, ਦੋਵੇਂ ਹੀ ਵਿਗਿਆਨਕ ਖੋਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਖੋਜ ਦੀ ਅਗਵਾਈ ਵਾਲੇ ਵਿਕਾਸ ਦੀਆਂ ਵੱਖ-ਵੱਖ ਤਕਨੀਕਾਂ ਨੂੰ ਲਾਗੂ ਕਰਕੇ ਵਿਗਿਆਨਕ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਵਿਗਿਆਨਕ ਪਹੁੰਚ ਨਾਲ ਭਾਰਤ ਦੇ ਯਤਨਾਂ ਦੇ ਨਤੀਜੇ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਦੇ ਚੋਟੀ ਦੇ ਦੇਸ਼ਾਂ ਵਿੱਚ ਗਿਣਿਆ ਜਾ ਰਿਹਾ ਹੈ ਕਿਉਂਕਿ ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 2015 ਵਿੱਚ 81ਵੇਂ ਸਥਾਨ ਤੋਂ 2022 ਵਿੱਚ 40ਵੇਂ ਸਥਾਨ 'ਤੇ ਆ ਗਿਆ ਸੀ। ਪੀਐੱਚਡੀ ਅਤੇ ਸਟਾਰਟਅੱਪ ਈਕੋਸਿਸਟਮ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ ਵਿੱਚੋਂ ਇੱਕ ਹੈ।

ਇਸ ਸਾਲ ਸਾਇੰਸ ਕਾਂਗਰਸ ਦੇ ਵਿਸ਼ੇ ਬਾਰੇ ਖੁਸ਼ੀ ਜ਼ਾਹਰ ਕਰਦੇ ਹੋਏ, ਜੋ ਕਿ ਮਹਿਲਾ ਸਸ਼ਕਤੀਕਰਣ ਦੇ ਨਾਲ ਟਿਕਾਊ ਵਿਕਾਸ ਨੂੰ ਜੋੜਦਾ ਹੈ, ਪ੍ਰਧਾਨ ਮੰਤਰੀ ਨੇ ਦੋਵਾਂ ਖੇਤਰਾਂ ਦਰਮਿਆਨ ਪੂਰਕਤਾ 'ਤੇ ਜ਼ੋਰ ਦਿੱਤਾ। ਹਾਲਾਂਕਿ, ਉਨ੍ਹਾਂ ਜ਼ੋਰ ਦੇ ਕੇ ਕਿਹਾ, "ਸਾਡੀ ਸੋਚ ਸਿਰਫ ਇਹ ਨਹੀਂ ਹੈ ਕਿ ਸਾਨੂੰ ਵਿਗਿਆਨ ਰਾਹੀਂ ਮਹਿਲਾਵਾਂ ਨੂੰ ਸਸ਼ਕਤ ਕਰਨਾ ਚਾਹੀਦਾ ਹੈ, ਬਲਕਿ ਮਹਿਲਾਵਾਂ ਦੇ ਯੋਗਦਾਨ ਨਾਲ ਵਿਗਿਆਨ ਨੂੰ ਵੀ ਸਸ਼ਕਤ ਕਰਨਾ ਚਾਹੀਦਾ ਹੈ।"

ਇਹ ਜਾਣਕਾਰੀ ਦਿੰਦੇ ਹੋਏ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ ਭਾਰਤ ਵਲੋਂ ਪ੍ਰਧਾਨਗੀ ਤਹਿਤ ਰੱਖੇ ਗਏ ਉੱਚ ਤਰਜੀਹੀ ਵਿਸ਼ਿਆਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਭਾਰਤ ਨੇ ਸ਼ਾਸਨ ਤੋਂ ਲੈ ਕੇ ਸਮਾਜ ਤੱਕ ਅਰਥਵਿਵਸਥਾ ਤੱਕ ਦੇ ਅਸਾਧਾਰਣ ਕੰਮ ਕੀਤੇ ਹਨ, ਜਿਨ੍ਹਾਂ ਦੀ ਅੱਜ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਵਿੱਚ ਸਾਂਝੇਦਾਰੀ ਵਿੱਚ ਹੋਵੇ ਜਾਂ ਸਟਾਰਟ-ਅੱਪ ਸੰਸਾਰ ਵਿੱਚ ਲੀਡਰਸ਼ਿਪ ਹੋਵੇ, ਦੁਨੀਆ ਦੇ ਸਾਹਮਣੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਵਾਲੀਆਂ ਉਨ੍ਹਾਂ ਮਹਿਲਾਵਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ ਦੀ ਉਦਾਹਰਣ ਦਿੱਤੀ ਜੋ ਭਾਰਤ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਬਾਹਰੀ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਦੁੱਗਣਾ ਕਰਨ ਨੂੰ ਵੀ ਚਿੰਨ੍ਹਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਮਹਿਲਾਵਾਂ ਦੀ ਵਧਦੀ ਭਾਗੀਦਾਰੀ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਵਿੱਚ ਮਹਿਲਾਵਾਂ ਅਤੇ ਵਿਗਿਆਨ ਦੋਵੇਂ ਹੀ ਪ੍ਰਗਤੀ ਕਰ ਰਹੇ ਹਨ।"

ਗਿਆਨ ਨੂੰ ਕਾਰਜਯੋਗ ਅਤੇ ਮਦਦਗਾਰ ਉਤਪਾਦਾਂ ਵਿੱਚ ਬਦਲਣ ਦੀ ਵਿਗਿਆਨੀਆਂ ਦੀ ਚੁਣੌਤੀ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਵਿਗਿਆਨ ਦੇ ਯਤਨ ਤਦ ਹੀ ਮਹਾਨ ਪ੍ਰਾਪਤੀਆਂ ਵਿੱਚ ਬਦਲ ਸਕਦੇ ਹਨ, ਜਦੋਂ ਉਹ ਪ੍ਰਯੋਗਸ਼ਾਲਾ ਤੋਂ ਬਾਹਰ ਆਉਂਦੇ ਹਨ ਅਤੇ ਜ਼ਮੀਨ ਤੱਕ ਪਹੁੰਚਦੇ ਹਨ ਅਤੇ ਜਦੋਂ ਇਸਦਾ ਘੇਰਾ ਜਰਨਲ ਤੋਂ ਜ਼ਮੀਨ ਤੱਕ ਫੈਲਦਾ ਹੈ ਅਤੇ ਜਦੋਂ ਖੋਜ ਲੈ ਕੇ ਤੋਂ ਅਸਲ ਜੀਵਨ ਵਿੱਚ ਤਬਦੀਲੀ ਦਿਖਾਈ ਦਿੰਦੀ ਹੈ ਤਾਂ ਉਨ੍ਹਾਂ ਦਾ ਪ੍ਰਭਾਵ ਵਿਸ਼ਵ ਪੱਧਰ ਤੋਂ ਜ਼ਮੀਨੀ ਪੱਧਰ ਤੱਕ ਪਹੁੰਚਦਾ ਹੈ।" ਉਨ੍ਹਾਂ ਕਿਹਾ ਕਿ ਜਦੋਂ ਵਿਗਿਆਨ ਦੀਆਂ ਪ੍ਰਾਪਤੀਆਂ ਤਜਰਬਿਆਂ ਅਤੇ ਲੋਕਾਂ ਦੇ ਤਜ਼ਰਬਿਆਂ ਦਰਮਿਆਨ ਦੂਰੀ ਨੂੰ ਮਿਟਾਉਂਦੀਆਂ ਹਨ, ਤਾਂ ਇਹ ਇੱਕ ਮਹੱਤਵਪੂਰਨ ਸੰਦੇਸ਼ ਦਿੰਦੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ ਵਿਗਿਆਨ ਦੀ ਭੂਮਿਕਾ ਬਾਰੇ ਕਾਇਲ ਹੋ ਜਾਂਦੇ ਹਨ। ਅਜਿਹੇ ਨੌਜਵਾਨਾਂ ਦੀ ਮਦਦ ਕਰਨ ਲਈ ਪ੍ਰਧਾਨ ਮੰਤਰੀ ਨੇ ਸੰਸਥਾਗਤ ਢਾਂਚੇ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਭਾ ਨੂੰ ਅਜਿਹੇ ਯੋਗ ਸੰਸਥਾਗਤ ਢਾਂਚੇ ਨੂੰ ਵਿਕਸਿਤ ਕਰਨ ਲਈ ਕੰਮ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ 'ਟੇਲੰਟ ਹੰਟ' ਅਤੇ 'ਹੈਕਾਥੌਨ' ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਰਾਹੀਂ ਵਿਗਿਆਨਕ ਰੁਚੀ ਵਾਲੇ ਬੱਚਿਆਂ ਦੀ ਭਾਲ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਖੇਡਾਂ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਬਾਰੇ ਗੱਲ ਕੀਤੀ ਅਤੇ ਇਸ ਸਫ਼ਲਤਾ ਦਾ ਸਿਹਰਾ ਉੱਭਰ ਰਹੇ ਮਜ਼ਬੂਤ ਸੰਸਥਾਗਤ ਤੰਤਰ ਅਤੇ ਗੁਰੂ-ਸ਼ਿਸ਼ ਪਰੰਪਰਾ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਇਹ ਪਰੰਪਰਾ ਵਿਗਿਆਨ ਦੇ ਖੇਤਰ ਵਿੱਚ ਸਫ਼ਲਤਾ ਦਾ ਮੰਤਰ ਹੋ ਸਕਦੀ ਹੈ।

ਰਾਸ਼ਟਰ ਵਿੱਚ ਵਿਗਿਆਨ ਦੇ ਵਿਕਾਸ ਲਈ ਰਾਹ ਪੱਧਰਾ ਕਰਨ ਵਾਲੇ ਮੁੱਦਿਆਂ ਨੂੰ ਚਿੰਨ੍ਹਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸਮੁੱਚੇ ਵਿਗਿਆਨਕ ਭਾਈਚਾਰੇ ਲਈ ਪ੍ਰੇਰਣਾ ਦਾ ਮੂਲ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਰਤ ਵਿੱਚ ਵਿਗਿਆਨ ਦੁਆਰਾ ਰਾਸ਼ਟਰ ਨੂੰ ਆਤਮਨਿਰਭਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਮਨੁੱਖੀ ਆਬਾਦੀ ਦਾ 17-18 ਪ੍ਰਤੀਸ਼ਤ ਭਾਰਤ ਵਿੱਚ ਰਹਿੰਦਾ ਹੈ ਅਤੇ ਅਜਿਹੇ ਵਿਗਿਆਨਕ ਵਿਕਾਸ ਦਾ ਪੂਰੀ ਆਬਾਦੀ ਨੂੰ ਲਾਭ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਮੁੱਚੀ ਮਨੁੱਖਤਾ ਲਈ ਮਹੱਤਵ ਵਾਲੇ ਵਿਸ਼ਿਆਂ 'ਤੇ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਦੇਸ਼ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਇੱਕ ਨੈਸ਼ਨਲ ਹਾਈਡ੍ਰੋਜਨ ਮਿਸ਼ਨ 'ਤੇ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਭਾਰਤ ਵਿੱਚ ਇਲੈਕਟ੍ਰੌਲਾਈਜ਼ਰ ਵਰਗੇ ਨਾਜ਼ੁਕ ਉਪਕਰਣਾ ਦਾ ਨਿਰਮਾਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਉੱਭਰ ਰਹੀਆਂ ਬਿਮਾਰੀਆਂ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ਨੂੰ ਵਿਕਸਿਤ ਕਰਨ ਵਿੱਚ ਵਿਗਿਆਨਕ ਭਾਈਚਾਰੇ ਦੀ ਭੂਮਿਕਾ ਅਤੇ ਨਵੇਂ ਟੀਕੇ (ਵੈਕਸੀਨ) ਵਿਕਸਿਤ ਕਰਨ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਬਿਮਾਰੀਆਂ ਦਾ ਸਮੇਂ ਸਿਰ ਪਤਾ ਲਗਾਉਣ ਲਈ ਏਕੀਕ੍ਰਿਤ ਰੋਗ ਨਿਗਰਾਨੀ ਬਾਰੇ ਗੱਲ ਕੀਤੀ। ਇਸ ਦੇ ਲਈ ਉਨ੍ਹਾਂ ਨੇ ਸਾਰੇ ਮੰਤਰਾਲਿਆਂ ਦੇ ਤਾਲਮੇਲ ਵਾਲੇ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ, ਲਾਈਫ (LiFE) ਭਾਵ 'ਵਾਤਾਵਰਣ ਲਈ ਜੀਵਨ ਸ਼ੈਲੀ' ਅੰਦੋਲਨ ਵਿੱਚ ਵਿਗਿਆਨੀਆਂ ਦੁਆਰਾ ਬਹੁਤ ਮਦਦ ਕੀਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਸੱਦੇ 'ਤੇ ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ ਮੋਟੇ ਅਨਾਜ (ਮਿਲਟਸ) ਦਾ ਅੰਤਰਰਾਸ਼ਟਰੀ ਸਾਲ ਐਲਾਨਿਆ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਭਾਰਤ ਦੇ ਮੋਟੇ ਅਨਾਜ ਅਤੇ ਇਸ ਦੀ ਵਰਤੋਂ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾ ਸਕਦਾ ਹੈ, ਜਦਕਿ ਵਿਗਿਆਨਕ ਭਾਈਚਾਰੇ ਦੁਆਰਾ ਬਾਇਓਟੈਕਨੋਲੋਜੀ ਦੀ ਮਦਦ ਨਾਲ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਕਦਮ ਉਠਾਏ ਜਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕੂੜਾ ਪ੍ਰਬੰਧਨ ਵਿੱਚ ਵਿਗਿਆਨ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਕਿਉਂਕਿ ਜਨਤਕ ਠੋਸ ਰਹਿੰਦ-ਖੂਹੰਦ, ਇਲੈਕਟ੍ਰਾਨਿਕ ਵੇਸਟ, ਬਾਇਓ-ਮੈਡੀਕਲ ਵੇਸਟ ਅਤੇ ਖੇਤੀਬਾੜੀ ਰਹਿੰਦ-ਖੂਹੰਦ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਰਕਾਰ ਇੱਕ ਸਰਕੂਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਪੁਲਾੜ ਖੇਤਰ ਵਿੱਚ ਘੱਟ ਕੀਮਤ ਵਾਲੇ ਸੈਟੇਲਾਈਟ ਲਾਂਚ ਵਾਹਨਾਂ ਦੀ ਭੂਮਿਕਾ ਨੂੰ ਪ੍ਰਮਾਣਿਤ ਕੀਤਾ ਅਤੇ ਜ਼ਿਕਰ ਕੀਤਾ ਕਿ ਵਿਸ਼ਵ ਸਾਡੀਆਂ ਸੇਵਾਵਾਂ ਲੈਣ ਲਈ ਅੱਗੇ ਆਵੇਗਾ। ਪ੍ਰਧਾਨ ਮੰਤਰੀ ਨੇ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਅਤੇ ਅਕਾਦਮਿਕ ਸੰਸਥਾਵਾਂ ਨਾਲ ਜੁੜ ਕੇ ਪ੍ਰਾਈਵੇਟ ਕੰਪਨੀਆਂ ਅਤੇ ਸਟਾਰਟਅੱਪਸ ਲਈ ਮੌਕਿਆਂ 'ਤੇ ਚਾਨਣਾ ਪਾਇਆ। ਉਨ੍ਹਾਂ ਕੁਆਂਟਮ ਕੰਪਿਊਟਿੰਗ ਨੂੰ ਵੀ ਚਿੰਨ੍ਹਤ ਕੀਤਾ ਅਤੇ ਦੱਸਿਆ ਕਿ ਕਿਵੇਂ ਭਾਰਤ ਇੱਕ ਕੁਆਂਟਮ ਫਰੰਟੀਅਰ ਵਜੋਂ ਦੁਨੀਆ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਕੁਆਂਟਮ ਕੰਪਿਊਟਰ, ਰਸਾਇਣ ਵਿਗਿਆਨ, ਸੰਚਾਰ, ਸੈਂਸਰ, ਕ੍ਰਿਪਟੋਗ੍ਰਾਫੀ ਅਤੇ ਨਵੀਂ ਸਮੱਗਰੀ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਨੌਜਵਾਨ ਖੋਜਾਰਥੀਆਂ ਅਤੇ ਵਿਗਿਆਨੀਆਂ ਨੂੰ ਕੁਆਂਟਮ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਅਤੇ ਨੇਤਾ ਬਣਨ ਦੀ ਅਪੀਲ ਕੀਤੀ।

ਸ਼੍ਰੀ ਮੋਦੀ ਨੇ ਭਵਿੱਖਵਾਦੀ ਵਿਚਾਰਾਂ ਅਤੇ ਉਨ੍ਹਾਂ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿੱਥੇ ਕਿਤੇ ਵੀ ਕੋਈ ਕੰਮ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਏਆਈ, ਏਆਰ ਅਤੇ ਵੀਆਰ ਨੂੰ ਤਰਜੀਹਾਂ ਵਜੋਂ ਰੱਖਣ ਲਈ ਆਖਿਆ। ਪ੍ਰਧਾਨ ਮੰਤਰੀ ਏ ਵਿਗਿਆਨਕ ਭਾਈਚਾਰੇ ਨੂੰ ਸੈਮੀਕੰਡਕਟਰ ਚਿਪਸ ਵਿੱਚ ਇਨੋਵੇਸ਼ਨਾਂ ਲਿਆਉਣ ਲਈ ਕਿਹਾ ਅਤੇ ਉਨ੍ਹਾਂ ਨੂੰ 'ਸੈਮੀਕੰਡਕਟਰ ਪੁਸ਼' ਭਵਿੱਖ ਲਈ ਹੁਣ ਤੋਂ ਤਿਆਰ ਰਹਿਣ ਬਾਰੇ ਸੋਚਣ ਲਈ ਆਖਿਆ। ਉਨ੍ਹਾਂ ਕਿਹਾ, “ਜੇਕਰ ਦੇਸ਼ ਇਨ੍ਹਾਂ ਖੇਤਰਾਂ ਵਿੱਚ ਪਹਿਲ ਕਰਦਾ ਹੈ ਤਾਂ ਅਸੀਂ ਇੰਡਸਟ੍ਰੀ 4.0 ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਹੋਵਾਂਗੇ।"

ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇੰਡੀਅਨ ਸਾਇੰਸ ਕਾਂਗਰਸ ਦੇ ਇਸ ਸੈਸ਼ਨ ਦੌਰਾਨ ਵੱਖ-ਵੱਖ ਉਸਾਰੂ ਨੁਕਤਿਆਂ 'ਤੇ ਭਵਿੱਖ ਲਈ ਇੱਕ ਸਪੱਸ਼ਟ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਸ਼੍ਰੀ ਮੋਦੀ ਨੇ ਅੰਤ ਵਿੱਚ ਕਿਹਾ, "ਅੰਮ੍ਰਿਤ ਕਾਲ ਵਿੱਚ ਅਸੀਂ ਭਾਰਤ ਨੂੰ ਆਧੁਨਿਕ ਵਿਗਿਆਨ ਦੀ ਸਭ ਤੋਂ ਉੱਨਤ ਪ੍ਰਯੋਗਸ਼ਾਲਾ ਬਣਾਉਣਾ ਹੈ।"

ਪਿਛੋਕੜ

ਇਸ ਸਾਲ ਦੇ ਆਈਐੱਸਸੀ ਦਾ ਫੋਕਲ ਥੀਮ “ਮਹਿਲਾ ਸਸ਼ਕਤੀਕਰਣ ਦੇ ਨਾਲ ਟਿਕਾਊ ਵਿਕਾਸ ਲਈ ਵਿਗਿਆਨ ਅਤੇ ਟੈਕਨੋਲੋਜੀ” ਹੈ। ਇਸ ਦੌਰਾਨ ਟਿਕਾਊ ਵਿਕਾਸ, ਮਹਿਲਾ ਸਸ਼ਕਤੀਕਰਣ ਅਤੇ ਇਸ ਨੂੰ ਪ੍ਰਾਪਤ ਕਰਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਭੂਮਿਕਾ ਦੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਆਈਐੱਸਸੀ ਵਿੱਚ ਭਾਗੀਦਾਰ ਅਧਿਆਪਨ, ਖੋਜ ਅਤੇ ਉਦਯੋਗ ਦੇ ਉੱਚ ਪੱਧਰਾਂ ਵਿੱਚ ਮਹਿਲਾਵਾਂ ਦੀ ਗਿਣਤੀ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨਗੇ ਅਤੇ ਵਿਚਾਰ-ਵਟਾਂਦਰੇ ਦੇ ਨਾਲ-ਨਾਲ ਮਹਿਲਾਵਾਂ ਨੂੰ ਐੱਸਟੀਈਐੱਮ (STEM-ਸਟੈੱਮ) (ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਗਣਿਤ) ਸਿੱਖਿਆ, ਖੋਜ ਮੌਕੇ ਅਤੇ ਆਰਥਿਕ ਭਾਗੀਦਾਰੀ ਤੱਕ ਬਰਾਬਰ ਪਹੁੰਚ ਪ੍ਰਦਾਨ ਕਰਨ ਦੇ ਢੰਗ-ਤਰੀਕੇ ਲੱਭਣ ਦੀ ਕੋਸ਼ਿਸ਼ ਕਰਨਗੇ। ਵਿਗਿਆਨ ਅਤੇ ਟੈਕਨੋਲੋਜੀ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸਿੱਧ ਮਹਿਲਾ ਵਿਗਿਆਨੀਆਂ ਵਲੋਂ ਭਾਸ਼ਣ ਦਿੱਤੇ ਜਾਣਗੇ।

ਆਈਐੱਸਸੀ ਦੇ ਨਾਲ ਕਈ ਹੋਰ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਬੱਚਿਆਂ ਵਿੱਚ ਵਿਗਿਆਨਕ ਰੁਚੀ ਅਤੇ ਸੁਭਾਅ ਨੂੰ ਪੈਦਾ ਕਰਨ ਵਿੱਚ ਮਦਦ ਲਈ 'ਚਿਲਡਰਨਸ ਸਾਇੰਸ ਕਾਂਗਰਸ' ਦਾ ਆਯੋਜਨ ਵੀ ਕੀਤਾ ਜਾਵੇਗਾ। ਫਾਰਮਰਜ਼ ਸਾਇੰਸ ਕਾਂਗਰਸ ਬਾਇਓ-ਆਰਥਿਕਤਾ ਨੂੰ ਸੁਧਾਰਨ ਅਤੇ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਆਕਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗੀ। ਟ੍ਰਾਇਬਲ ਸਾਇੰਸ ਕਾਂਗਰਸ ਵੀ ਆਯੋਜਿਤ ਕੀਤੀ ਜਾਵੇਗੀ, ਜੋ ਆਦਿਵਾਸੀ ਮਹਿਲਾਵਾਂ ਦੇ ਸਸ਼ਕਤੀਕਰਣ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਸਵਦੇਸ਼ੀ ਪ੍ਰਾਚੀਨ ਗਿਆਨ ਪ੍ਰਣਾਲੀਆਂ ਅਤੇ ਪਿਰਤਾਂ ਦੇ ਵਿਗਿਆਨਕ ਪ੍ਰਦਰਸ਼ਨ ਲਈ ਇੱਕ ਪਲੈਟਫਾਰਮ ਹੋਵੇਗਾ।

ਇੰਡੀਅਨ ਸਾਇੰਸ ਕਾਂਗਰਸ ਦਾ ਪਹਿਲਾ ਸੈਸ਼ਨ 1914 ਵਿੱਚ ਆਯੋਜਿਤ ਕੀਤਾ ਗਿਆ ਸੀ। ਆਈਐੱਸਸੀ ਦਾ 108ਵਾਂ ਸਲਾਨਾ ਸੈਸ਼ਨ ਰਾਸ਼ਟਰਸੰਤ ਤੁਕਦੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ ਵਿੱਚ ਹੋਵੇਗਾ, ਜਿਸ ਦੀ ਇਸ ਸਾਲ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ।

*****

ਡੀਐੱਸ/ਟੀਐੱਸ (Release ID: 1888313) Visitor Counter : 133