ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਦੂਨ ਯੂਨੀਵਰਸਿਟੀ ਦੇ ਤੀਸਰੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ

Posted On: 09 DEC 2022 4:35PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (9 ਦਸੰਬਰ, 2022) ਦੇਹਰਾਦੂਨ ਵਿੱਚ ਦੂਨ ਯੂਨੀਵਰਸਿਟੀ ਦੇ ਤੀਸਰੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ ਅਤੇ ਉਸ ਨੂੰ ਸੰਬੋਧਨ ਕੀਤਾ।

ਇਸ ਮੌਕੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇ ਮਨੁੱਖੀ ਸਰੋਤਾਂ ਦੇ ਮਿਆਰ 'ਤੇ ਨਿਰਭਰ ਕਰਦੀ ਹੈ ਅਤੇ ਮਨੁੱਖੀ ਸਰੋਤ ਦਾ ਮਿਆਰ ਸਿੱਖਿਆ ਦੇ ਮਿਆਰ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਦੂਨ ਯੂਨੀਵਰਸਿਟੀ ਨੂੰ ‘ਅੱਜ ਦਾ ਨੌਜਵਾਨ ਕੱਲ੍ਹ ਦਾ ਭਵਿੱਖ ਹੈ’ ਦੇ ਆਦਰਸ਼–ਵਾਕ ‘ਤੇ ਚਲਦਿਆਂ ਮਿਆਰੀ ਮਨੁੱਖੀ ਸਰੋਤ ਪੈਦਾ ਕਰਨ ਲਈ ਕੰਮ ਕਰਨ ਦੀ ਅਪੀਲ ਕੀਤੀ।

ਰਾਸ਼ਟਰਪਤੀ ਨੇ ਨੋਟ ਕੀਤਾ ਕਿ ਦੂਨ ਯੂਨੀਵਰਸਿਟੀ ਰਾਜ ਦੀ ਇਕਲੌਤੀ ਸੰਸਥਾ ਹੈ ਜਿੱਥੇ ਵਿਦਿਆਰਥੀਆਂ ਨੂੰ ਪੰਜ ਵਿਦੇਸ਼ੀ ਭਾਸ਼ਾਵਾਂ ਚੀਨੀ, ਸਪੈਨਿਸ਼, ਜਰਮਨ, ਜਪਾਨੀ ਅਤੇ ਫਰੈਂਚ ਸਿਖਾਈਆਂ ਜਾਂਦੀਆਂ ਹਨ। ਵਿਦਿਆਰਥੀ ਇੱਥੇ ਤਿੰਨ ਸਥਾਨਕ ਭਾਸ਼ਾਵਾਂ - ਗੜ੍ਹਵਾਲੀ, ਕੁਮਾਓਨੀ ਅਤੇ ਜੌਨਸਾਰੀ ਵੀ ਪੜ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਭਾਸ਼ਾਵਾਂ ਦੇ ਅਧਿਐਨ ਨੂੰ ਉਤਸ਼ਾਹਿਤ ਕਰਨਾ ਸਾਡੇ ਲੋਕ ਸੱਭਿਆਚਾਰ ਨੂੰ ਸੰਭਾਲਣ ਲਈ ਇੱਕ ਸ਼ਲਾਘਾਯੋਗ ਕਦਮ ਹੈ। ਲੋਕ ਬੋਲੀਆਂ ਸਾਡੇ ਸੱਭਿਆਚਾਰ ਦੀ ਅਟੁੱਟ ਵਿਰਾਸਤ ਹਨ। ਯੂਨੀਵਰਸਿਟੀ ਨੂੰ ਇਸ ਉਪਰਾਲੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਨੋਟ ਕੀਤਾ ਕਿ ਦੂਨ ਯੂਨੀਵਰਸਿਟੀ ਵਿੱਚ ਐੱਨਟੀਪੀਸੀ ਦੇ ਸਹਿਯੋਗ ਨਾਲ ਸੈਂਟਰ ਫਾਰ ਪਬਲਿਕ ਪਾਲਿਸੀ ਚੇਅਰ ਦੀ ਸਥਾਪਨਾ ਕੀਤੀ ਗਈ ਹੈ, ਜੋ ਰਾਜ ਦੇ ਵਿਕਾਸ ਲਈ ਨੀਤੀ ਬਣਾਉਣ ਅਤੇ ਸਮਰੱਥਾ ਨਿਰਮਾਣ ਨੂੰ ਸਮਰਪਿਤ ਹੈ। ਰਾਜ ਦੇ ਭੂਗੋਲਿਕ, ਵਾਤਾਵਰਣਕ, ਆਰਥਿਕ ਅਤੇ ਸਮਾਜਿਕ ਵਿਕਾਸ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਦੀ ਖੋਜ ਅਤੇ ਅਧਿਐਨ ਲਈ ਡਾ.  ਨਿਤਿਆਨੰਦ ਹਿਮਾਲਿਅਨ ਰਿਸਰਚ ਐਂਡ ਸਟਡੀਜ਼ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਇਨ੍ਹਾਂ ਪਹਿਲਾਂ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਵਿੱਚ ਖੋਜ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਲਈ ਰੋਜ਼ਗਾਰ ਦੀ ਮੰਗ ਕਰਨ ਦੀ ਬਜਾਏ ਹੋਰ ਤਕਨੀਕੀ ਹੁਨਰਾਂ ਨਾਲ ਲੈਸ ਹੋ ਸਕਣ ਅਤੇ ਹੋਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਸਕਣ।

ਅੱਜ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਲੜਕੀਆਂ ਨੇ 36 ਵਿੱਚੋਂ 23 ਗੋਲਡ ਮੈਡਲ ਅਤੇ 16 ਵਿੱਚੋਂ 8 ਪੀ–ਐੱਚ.ਡੀ. ਦੀਆਂ ਡਿਗਰੀਆਂ ਹਾਸਲ ਕਰਨ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਦੂਨ ਯੂਨੀਵਰਸਿਟੀ ਵਿੱਚ ਔਰਤਾਂ ਦੀ ਸਿੱਖਿਆ ਦੇ ਢੁਕਵੇਂ ਮੌਕੇ ਹਨ ਅਤੇ ਇਹ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਜਦੋਂ ਲੜਕੀਆਂ ਸਾਇੰਸ, ਟੈਕਨੋਲੋਜੀ, ਇੰਜਨੀਅਰਿੰਗ ਅਤੇ ਗਣਿਤ (STEM) ਜਿਹੇ ਵਿਸ਼ਿਆਂ ਵਿੱਚ ਵਧੇਰੇ ਮੱਲਾਂ ਮਾਰਨਗੀਆਂ ਤਾਂ ਮਹਿਲਾ ਸਸ਼ਕਤੀਕਰਣ ਦੀ ਪ੍ਰਕਿਰਿਆ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕੋਲ STEM ਵਿੱਚ ਉੱਤਮਤਾ ਦੇ ਅਧਾਰ ਤੇ ਕਰੀਅਰ ਬਣਾਉਣ ਦੇ ਬਹੁਤ ਸਾਰੇ ਮੌਕੇ ਹੋਣਗੇ।

ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਡਿਗਰੀਆਂ ਮਿਲਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਖੇਤਰ ਵਿੱਚ ਇਮਾਨਦਾਰੀ ਅਤੇ ਆਪਣੀ ਯੋਗਤਾ ਅਨੁਸਾਰ ਕੰਮ ਕਰਨ। ਉਨ੍ਹਾਂ ਕਿਹਾ ਕਿ ਤਾਂ ਹੀ ਉਨ੍ਹਾਂ ਦੀ ਸਿੱਖਿਆ ਸਾਰਥਕ ਹੋਵੇਗੀ ਅਤੇ ਉਹ ਆਪਣੇ ਗਿਆਨ ਨਾਲ ਸਮਾਜ ਅਤੇ ਦੇਸ਼ ਦਾ ਭਲਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਲਗਾਤਾਰ ਅਤੇ ਤੇਜ਼ ਬਦਲਾਅ ਦੇ ਦੌਰ ਵਿੱਚ ਭਾਰਤ ਆਤਮਨਿਰਭਰ ਦੇ ਲਕਸ਼ ਵੱਲ ਵਧ ਰਿਹਾ ਹੈ ਅਤੇ ਇਸ ਲਈ ਦੇਸ਼ ਨੂੰ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਸਮਰਪਣ ਦੀ ਜ਼ਰੂਰਤ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਸ ਕੌਮੀ ਉਮੀਦ ਨੂੰ ਪੂਰੀ ਲਗਨ ਨਾਲ ਪੂਰਾ ਕਰਨਗੇ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

***************

ਡੀਐੱਸ/ਏਕੇ


(Release ID: 1882549)
Read this release in: English , Kannada , Urdu , Hindi